ਸਵੇਰੇ ਨਹਾਉਣਾ ਬਿਹਤਰ ਹੈ ਜਾਂ ਰਾਤ ਨੂੰ? ਮਾਹਰ ਇਸ ਬਾਰੇ ਕੀ ਕਹਿੰਦੇ ਹਨ

    • ਲੇਖਕ, ਜੈਸਮੀਨ ਫੌਕਸ-ਸਕੈਲੀ

ਕੁਝ ਲੋਕ ਸਵੇਰੇ ਨਹਾਉਣਾ ਪਸੰਦ ਕਰਦੇ ਹਨ ਤੇ ਉੱਥੇ ਕੁਝ ਲੋਕ ਸ਼ਾਮ ਨੂੰ ਨਹਾਉਣਾ ਪਸੰਦ ਕਰਦੇ ਹਨ। ਪਰ ਤੁਹਾਡੀ ਚੰਗੀ ਸਿਹਤ ਲਈ ਕਿਹੜਾ ਸਮਾਂ ਬਿਹਤਰ ਹੈ?

ਇਸ ਬਾਰੇ ਲੋਕਾਂ ਦੇ ਵੱਖ-ਵੱਖ ਮਤ ਹਨ।

ਕੀ ਤੁਸੀਂ ਸਵੇਰੇ ਸਭ ਤੋਂ ਪਹਿਲਾਂ ਨਹਾਉਂਦੇ ਹੋ ਜਾਂ ਸੌਣ ਤੋਂ ਪਹਿਲਾਂ? ਜਾਂ ਫਿਰ ਤੁਸੀਂ ਉਨ੍ਹਾਂ 34 ਪ੍ਰਤੀਸ਼ਤ ਅਮਰੀਕੀਆਂ ਵਿੱਚੋਂ ਇੱਕ ਹੋ ਜੋ ਹਰ ਰੋਜ਼ ਨਹਾਉਂਦੇ ਹੀ ਨਹੀਂ ਹਨ?

ਇਹ ਰੁਝਾਨ ਲਾਜ਼ਮੀ ਤੌਰ 'ਤੇ ਇਹ ਸਵਾਲ ਉਠਾਉਂਦਾ ਹੈ ਕਿ ਸਵੇਰੇ ਜਾਂ ਸ਼ਾਮ ਨੂੰ ਨਹਾਉਣ ਨਾਲ ਤੁਹਾਡੀ ਸਿਹਤ 'ਤੇ ਕੀ ਪ੍ਰਭਾਵ ਪੈਂਦਾ ਹੈ।

ਬਹੁਤ ਸਾਰੇ ਲੋਕ ਸਵੇਰੇ ਉੱਠਦੇ ਹੀ ਨਹਾਉਂਦੇ ਹਨ। ਉਹ ਮੰਨਦੇ ਹਨ ਕਿ ਅਜਿਹਾ ਕਰਨਾ ਉਨ੍ਹਾਂ ਨੂੰ ਤਾਜ਼ਗੀ ਅਤੇ ਦਿਨ ਦੀ ਸ਼ੁਰੂਆਤ ਕਰਨ ਲਈ ਤਿਆਰ ਮਹਿਸੂਸ ਕਰਨ ਵਿੱਚ ਮਦਦ ਕਰਦਾ ਹੈ।

ਜੋ ਲੋਕ ਰਾਤ ਨੂੰ ਨਹਾਉਂਦੇ ਹਨ, ਉਹ ਕਹਿੰਦੇ ਹਨ ਕਿ ਦਿਨ ਦੀ ਮੈਲ ਧੋਣ ਤੋਂ ਬਾਅਦ ਸੌਣ ਜਾਣ ਨਾਲ ਉਨ੍ਹਾਂ ਨੂੰ ਡੂੰਘੀ ਅਤੇ ਆਰਾਮਦਾਇਕ ਨੀਂਦ ਆਉਂਦੀ ਹੈ।

ਵਿਗਿਆਨ ਨਹਾਉਣ ਦੇ ਸਮੇਂ ਬਾਰੇ ਕੀ ਕਹਿੰਦਾ ਹੈ? ਸਾਡੇ ਲਈ ਕਿਹੜੇ ਸਮੇਂ ਨਹਾਉਣਾ ਜ਼ਿਆਦਾ ਫਾਇਦੇਮੰਦ ਹੈ?

ਨਹਾਉਣਾ ਕਿਉਂ ਜ਼ਰੂਰੀ ਹੈ?

ਨਹਾਉਣਾ ਸਾਡੀ ਚਮੜੀ ਨੂੰ ਗੰਦਗੀ ਅਤੇ ਪਸੀਨੇ ਤੋਂ ਸਾਫ਼ ਕਰਨ ਵਿੱਚ ਮਦਦ ਕਰਦਾ ਹੈ।

ਦਿਨ ਭਰ ਸਾਡਾ ਸਰੀਰ ਧੂੜ ਸਮੇਤ ਕਈ ਤਰ੍ਹਾਂ ਦੀਆਂ ਅਸ਼ੁੱਧੀਆਂ ਦੇ ਸੰਪਰਕ ਵਿੱਚ ਆਉਂਦਾ ਹਨ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਨਹੀਂ ਨਹਾਉਂਦੇ ਹੋ ਤਾਂ ਇਹ ਅਸ਼ੁੱਧੀਆਂ ਤੁਹਾਡੀਆਂ ਚਾਦਰਾਂ ਅਤੇ ਸਿਰਹਾਣਿਆਂ 'ਤੇ ਇਕੱਠੀ ਹੋ ਜਾਂਦੀ ਹਨ।

ਸਿਰਫ਼ ਇਹ ਹੀ ਨਹੀਂ, ਸਾਡੀ ਚਮੜੀ ਕਈ ਸੂਖਮ ਜੀਵਾਂ ਦਾ ਘਰ ਵੀ ਹੁੰਦੀ ਹੈ। ਚਮੜੀ ਦੇ ਹਰ ਵਰਗ ਸੈਂਟੀਮੀਟਰ ਵਿੱਚ 10,000 ਤੋਂ 10 ਲੱਖ ਬੈਕਟੀਰੀਆ ਹੁੰਦੇ ਹਨ। ਇਹ ਬੈਕਟੀਰੀਆ ਪਸੀਨੇ ਦੀਆਂ ਗ੍ਰੰਥੀਆਂ ਦੁਆਰਾ ਛੱਡੇ ਜਾਣ ਵਾਲੇ ਤੇਲ 'ਤੇ ਜਿਉਂਦੇ ਹਨ।

ਪਸੀਨੇ ਦੀ ਆਪਣੇ ਆਪ ਵਿੱਚ ਕੋਈ ਗੰਧ ਨਹੀਂ ਹੁੰਦੀ, ਪਰ ਸਟੈਫ਼ੀਲੋਕੋਕਸ ਵਰਗੇ ਬੈਕਟੀਰੀਆ ਦੁਆਰਾ ਪੈਦਾ ਕੀਤੇ ਗਏ ਸਲਫ਼ਰ ਮਿਸ਼ਰਣਾਂ ਕਾਰਨ ਬਦਬੂ ਆਉਂਦੀ ਹੈ।

ਇਸ ਲਈ, ਸੌਣ ਤੋਂ ਪਹਿਲਾਂ ਨਹਾਉਣਾ ਇੱਕ ਵਧੇਰੇ ਸਫ਼ਾਈ ਵਾਲਾ ਵਿਕਲਪ ਜਾਪਦਾ ਹੈ। ਪਰ ਸੱਚਾਈ ਥੋੜ੍ਹੀ ਹੋਰ ਗੁੰਝਲਦਾਰ ਹੈ।

ਵਿਗਿਆਨੀਆਂ ਦੀ ਰਾਇ

ਲੈਸਟਰ ਯੂਨੀਵਰਸਿਟੀ ਦੇ ਇੱਕ ਸੂਖਮ ਜੀਵ ਵਿਗਿਆਨੀ, ਪ੍ਰਾਈਮਰੋਜ਼ ਫ੍ਰੀਸਟੋਨ ਕਹਿੰਦੇ ਹਨ "ਜੇ ਤੁਸੀਂ ਰਾਤ ਨੂੰ ਨਹਾਉਂਦੇ ਹੋ, ਤਾਂ ਤੁਸੀਂ ਸਾਫ਼ ਸੌਣ ਜਾਂਦੇ ਹੋ, ਪਰ ਫਿਰ ਵੀ ਤੁਹਾਨੂੰ ਰਾਤ ਭਰ ਪਸੀਨਾ ਆ ਜਾਂਦਾ ਹੈ।"

ਫ੍ਰੀਸਟੋਨ ਦੇ ਅਨੁਸਾਰ, ਠੰਡੇ ਮੌਸਮ ਵਿੱਚ ਵੀ, ਇੱਕ ਵਿਅਕਤੀ ਰਾਤ ਭਰ ਆਪਣੇ ਸਿਰਹਾਣਿਆਂ ਅਤੇ ਬਿਸਤਰੇ 'ਤੇ 230 ਮਿਲੀਲੀਟਰ ਤੱਕ ਪਸੀਨਾ ਛੱਡਦਾ ਹੈ।

ਇਹ ਧੂੜ ਦੇ ਕਣ ਲਈ ਇੱਕ ਦਾਅਵਤ ਵਰਗਾ ਮਾਹੌਲ ਬਣਾਉਂਦਾ ਹੈ। ਧੂੜ ਦੇ ਕਣ ਛੋਟੇ ਕੀੜੇ ਹੁੰਦੇ ਹਨ ਜੋ ਮਰੇ ਹੋਏ ਚਮੜੀ ਦੇ ਸੈੱਲਾਂ ਨੂੰ ਖਾਂਦੇ ਹਨ ਅਤੇ ਗਰਮ, ਨਮੀ ਵਾਲੇ ਵਾਤਾਵਰਣ ਵਿੱਚ ਵਧਦੇ-ਫੁੱਲਦੇ ਹਨ।

ਫ੍ਰੀਸਟੋਨ ਆਖਦੇ ਹਨ, "ਤੁਸੀਂ ਇੱਕ ਕਿਸਮ ਦਾ ਪਸੀਨੇ ਵਾਲਾ ਸੂਖਮ-ਵਾਤਾਵਰਣ ਬਣਾਉਂਦੇ ਹੋ, ਜਿਸ 'ਤੇ ਤੁਹਾਡੀ ਚਮੜੀ ਦੇ ਬੈਕਟੀਰੀਆ ਵਧਦੇ-ਫੁੱਲਦੇ ਹਨ ਅਤੇ ਥੋੜ੍ਹੀ ਜਿਹੀ ਬਦਬੂ ਪੈਦਾ ਕਰਦੇ ਹਨ। ਇਸ ਲਈ ਜੇਕਰ ਤੁਸੀਂ ਰਾਤ ਨੂੰ ਨਹਾ ਕੇ ਸੌਂਦੇ ਹੋ, ਤਾਂ ਵੀ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਤੁਹਾਡੇ ਸਰੀਰ ਵਿੱਚੋਂ ਥੋੜ੍ਹੀ ਜਿਹੀ ਬਦਬੂ ਆਵੇਗੀ।"

ਬੈੱਡ ਲਿਨਨ ਦਾ ਧਿਆਨ ਰੱਖੋ

ਰਾਤ ਨੂੰ ਨਹਾਉਣ ਦੇ ਫਾਇਦੇ ਤਦ ਹੀ ਮਹਿਸੂਸ ਹੁੰਦੇ ਹਨ ਜੇਕਰ ਤੁਸੀਂ ਆਪਣੇ ਬਿਸਤਰੇ ਦੇ ਲਿਨਨ ਯਾਨੀ ਚਾਦਰ ਨੂੰ ਨਿਯਮਿਤ ਤੌਰ 'ਤੇ ਧੋਂਦੇ ਤੇ ਬਦਲਦੇ ਹੋ।

ਬੈਕਟੀਰੀਆ ਰਜਾਈ, ਚਾਦਰਾਂ ਅਤੇ ਸਿਰਹਾਣਿਆਂ 'ਤੇ ਕਈ ਹਫ਼ਤਿਆਂ ਤੱਕ ਰਹਿ ਸਕਦੇ ਹਨ। ਧੂੜ ਦੇ ਕੀੜੇ ਵੀ ਸਮੇਂ ਦੇ ਨਾਲ ਵਧਦੇ ਹਨ ਅਤੇ ਸਿਰਹਾਣੇ ਵਰਗੇ ਨਮੀ ਵਾਲੇ ਖੇਤਰਾਂ ਵਿੱਚ ਫੰਗਸ ਵੀ ਵਧ ਸਕਦੀ ਹੈ।

ਮਜ਼ਬੂਤ ਇਮਿਊਨ ਸਿਸਟਮ ਵਾਲੇ ਲੋਕ ਇਸਦਾ ਸਾਹਮਣਾ ਕਰ ਸਕਦੇ ਹਨ, ਪਰ ਗੰਭੀਰ ਦਮੇ ਵਾਲੇ ਲਗਭਗ 76% ਲੋਕ ਘੱਟੋ-ਘੱਟ ਇੱਕ ਕਿਸਮ ਦੀ ਫੰਗਸ ਤੋਂ ਐਲਰਜੀ ਦਾ ਸ਼ਿਕਾਰ ਹੁੰਦੇ ਹਨ।

ਇਸ ਦੇ ਨਾਲ ਹੀ, ਏ. ਫ਼ੀਯੂਮਿਗਟੇਸ ਦੇ ਸੰਪਰਕ ਵਿੱਚ ਆਉਣ ਨਾਲ ਟੀਬੀ ਜਾਂ ਸਿਗਰਟਨੋਸ਼ੀ ਨਾਲ ਸਬੰਧਤ ਫੇਫੜਿਆਂ ਦੀ ਬਿਮਾਰੀ ਵਾਲੇ ਲੋਕਾਂ ਨੂੰ ਕ੍ਰੋਨਿਕ ਲੰਗ ਡਿਸਿਸ ਹੋ ਸਕਦੀ ਹੈ।

ਯੂਕੇ ਦੀ ਹਲ ਯੂਨੀਵਰਸਿਟੀ ਵਿੱਚ ਜ਼ਖ਼ਮ ਭਰਨ ਅਤੇ ਮਾਈਕ੍ਰੋਬਾਇਓਮ ਦੀ ਸੀਨੀਅਰ ਲੈਕਚਰਾਰ, ਹੋਲੀ ਵਿਲਕਿਨਸਨ ਕਹਿੰਦੇ ਹਨ, "ਆਪਣੀਆਂ ਚਾਦਰਾਂ ਨੂੰ ਸਾਫ਼ ਕਰਨਾ ਸ਼ਾਮ ਨੂੰ ਨਹਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ, ਕਿਉਂਕਿ ਜੇਕਰ ਤੁਸੀਂ ਨਹਾ ਕੇ ਸੌਂਦੇ ਹੋ ਅਤੇ ਇੱਕ ਮਹੀਨੇ ਲਈ ਬੈੱਡਸ਼ੀਟਾਂ ਨਹੀਂ ਧੋਂਦੇ, ਤਾਂ ਬੈਕਟੀਰੀਆ, ਗੰਦਗੀ ਅਤੇ ਧੂੜ ਦੇ ਕਣ ਉਨ੍ਹਾਂ 'ਤੇ ਇਕੱਠੇ ਹੋ ਜਾਣਗੇ।"

ਇਹ ਇੱਕ ਸਮੱਸਿਆ ਹੈ ਕਿਉਂਕਿ ਧੂੜ ਦੇ ਕਣਾਂ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਐਲਰਜੀ ਦਾ ਖ਼ਤਰਾ ਵੱਧ ਜਾਂਦਾ ਹੈ।

ਜੇਕਰ ਤੁਸੀਂ ਪਹਿਲਾਂ ਹੀ ਐਲਰਜਨ ਪ੍ਰਤੀ ਸੰਵੇਦਨਸ਼ੀਲ ਹੋ, ਤਾਂ ਆਪਣੀਆਂ ਚਾਦਰਾਂ ਨਾ ਧੋਣ ਨਾਲ ਤੁਹਾਡੇ ਲੱਛਣ ਹੋਰ ਵੀ ਵਿਗੜ ਸਕਦੇ ਹਨ।

ਇਹ ਵੀ ਸੰਭਵ ਹੈ ਕਿ ਗੰਦੀਆਂ ਚਾਦਰਾਂ 'ਤੇ ਨਿਯਮਿਤ ਤੌਰ 'ਤੇ ਸੌਣ ਨਾਲ ਚਮੜੀ ਦੀ ਲਾਗ ਦਾ ਖ਼ਤਰਾ ਵਧ ਸਕਦਾ ਹੈ, ਹਾਲਾਂਕਿ ਇਸਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਸੌਣ ਤੋਂ ਪਹਿਲਾਂ ਜਾਂ ਸਵੇਰੇ ਜਲਦੀ ਨਹਾਉਣ ਦੇ ਫਾਇਦੇ

ਕੁਝ ਲੋਕ ਜੋ ਰਾਤ ਨੂੰ ਨਹਾਉਣਾ ਪਸੰਦ ਕਰਦੇ ਹਨ, ਇਹ ਦਲੀਲ ਦਿੰਦੇ ਹਨ ਕਿ ਇਹ ਉਨ੍ਹਾਂ ਨੂੰ ਬਿਹਤਰ ਨੀਂਦ ਲੈਣ ਵਿੱਚ ਮਦਦ ਕਰਦਾ ਹੈ, ਅਤੇ ਇਸਦਾ ਸਮਰਥਨ ਕਰਨ ਲਈ ਸਬੂਤ ਹਨ।

ਉਦਾਹਰਣ ਵਜੋਂ, 13 ਅਧਿਐਨਾਂ ਦੇ ਨਤੀਜਿਆਂ ਦੀ ਤੁਲਨਾ ਕਰਨ ਵਾਲੇ ਇੱਕ ਮੈਟਾ-ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਸੌਣ ਤੋਂ ਇੱਕ ਜਾਂ ਦੋ ਘੰਟੇ ਪਹਿਲਾਂ 10 ਮਿੰਟ ਲਈ ਕੋਸੇ ਪਾਣੀ ਨਾਲ ਨਹਾਉਣ ਨਾਲ ਸੌਣ ਵਿੱਚ ਲੱਗਣ ਵਾਲੇ ਸਮੇਂ ਵਿੱਚ ਕਾਫ਼ੀ ਕਮੀ ਆਈ ਹੈ।

ਹੁਣ ਸਵਾਲ ਇਹ ਹੈ ਕਿ ਨਹਾਉਣ ਲਈ ਕਿਹੜਾ ਸਮਾਂ ਬਿਹਤਰ ਹੈ, ਸਵੇਰੇ ਜਾਂ ਸ਼ਾਮ ਨੂੰ?

ਫ੍ਰੀਸਟੋਨ ਸਵੇਰੇ ਨਹਾਉਣਾ ਪਸੰਦ ਕਰਦੇ ਹਨ ਕਿਉਂਕਿ ਇਹ ਜ਼ਿਆਦਾਤਰ ਪਸੀਨੇ ਅਤੇ ਕੀਟਾਣੂਆਂ ਨੂੰ ਦੂਰ ਕਰਦਾ ਹੈ ਜੋ ਰਾਤ ਭਰ ਬਿਸਤਰੇ 'ਤੇ ਇਕੱਠੇ ਹੋਏ ਹਨ। ਇਹ ਤੁਹਾਨੂੰ ਦਿਨ ਭਰ ਵਧੇਰੇ ਸਾਫ਼-ਸੁਥਰਾ ਰੱਖਣ ਵਿੱਚ ਮਦਦ ਕਰਦਾ ਹੈ।

ਹਾਲਾਂਕਿ, ਇਹ ਫੈਸਲਾ ਤੁਹਾਡੀ ਸਿਹਤ 'ਤੇ ਬਹੁਤ ਘੱਟ ਅਸਰ ਪਾਂਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਦਿਨ ਵੇਲੇ ਤਾਜ਼ਾ ਅਤੇ ਸਾਫ਼ ਰਹਿਣਾ ਪਸੰਦ ਕਰਦੇ ਹੋ ਜਾਂ ਰਾਤ ਨੂੰ।

ਵਿਲਕਿਨਸਨ ਕਹਿੰਦੇ ਹਨ "ਜੇ ਤੁਸੀਂ ਦਿਨ ਵਿੱਚ ਇੱਕ ਵਾਰ ਨਹਾਉਂਦੇ ਹੋ, ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਦਿਨ ਦੇ ਕਿਹੜੇ ਸਮੇਂ ਨਹਾਉਂਦੇ ਹੋ।"

ਅਸਲ ਵਿੱਚ, ਜਿੰਨਾ ਚਿਰ ਤੁਸੀਂ ਰੋਜ਼ਾਨਾ ਮਹੱਤਵਪੂਰਨ ਅੰਗਾਂ ਨੂੰ ਧੋਂਦੇ ਹੋ, ਹਫ਼ਤੇ ਵਿੱਚ ਦੋ ਵਾਰ ਨਹਾਉਣਾ ਸਿਹਤ ਅਤੇ ਸਫ਼ਾਈ ਬਣਾਈ ਰੱਖਣ ਲਈ ਕਾਫ਼ੀ ਹੈ।

ਉਹ ਅੱਗੇ ਕਹਿੰਦੇ ਹਨ,"ਹਾਲਾਂਕਿ, ਇਹ ਤੁਹਾਡੇ ਕੰਮ ਦੀ ਕਿਸਮ 'ਤੇ ਵੀ ਨਿਰਭਰ ਕਰਦਾ ਹੈ। ਜੇਕਰ ਤੁਸੀਂ ਕਿਸਾਨ ਹੋ, ਤਾਂ ਤੁਸੀਂ ਦਿਨ ਦੇ ਅੰਤ ਵਿੱਚ ਘਰ ਆ ਕੇ ਨਹਾਉਣਾ ਚਾਹੋਗੇ। ਪਰ ਮੈਨੂੰ ਲੱਗਦਾ ਹੈ ਕਿ ਕੁੱਲ ਮਿਲਾ ਕੇ, ਆਪਣੇ ਬਿਸਤਰੇ ਨੂੰ ਸਾਫ਼ ਰੱਖਣਾ ਵਧੇਰੇ ਮਹੱਤਵਪੂਰਨ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)