ਕੀ ਵਾਈ-ਫਾਈ ਅਤੇ ਮੋਬਾਈਲ ਇੰਟਰਨੈੱਟ ਰਾਤ ਨੂੰ ਬੰਦ ਕਰਕੇ ਸੌਣਾ ਚਾਹੀਦਾ ਹੈ, ਜਾਣੋ ਮਾਹਿਰ ਕੀ ਕਹਿੰਦੇ ਹਨ

    • ਲੇਖਕ, ਭਰਤ ਸ਼ਰਮਾ
    • ਰੋਲ, ਬੀਬੀਸੀ ਪੱਤਰਕਾਰ

'ਸੌਂ ਜਾ ਬੇਟਾ ਰਾਤ ਦੇ 12 ਵੱਜ ਗਏ ਹਨ, ਕਦੋਂ ਤੱਕ ਮੋਬਾਈਲ ਵੇਖਦੇ ਰਹੋਗੇ?'

'ਬੱਸ ਮੰਮੀ ਇੱਕ ਫ਼ਿਲਮ ਖ਼ਤਮ ਕਰ ਰਿਹਾ ਹਾਂ, ਦਿਨੇ ਵਾਈਫਾਈ ਨਹੀਂ ਮਿਲਦਾ ਨਾ।'

'ਇਸ ਵਾਈਫਾਈ ਦਾ ਕੁਝ ਕਰਨਾ ਪਵੇਗਾ।'

ਨੋਇਡਾ ਵਿੱਚ ਰਹਿਣ ਵਾਲੇ ਸਰਿਤਾ ਅਤੇ ਅੱਠਵੀਂ ਕਲਾਸ ਵਿੱਚ ਪੜ੍ਹਨ ਵਾਲੇ ਉਨ੍ਹਾਂ ਦੇ ਪੁੱਤਰ ਅਕਸ਼ਰ ਦੇ ਵਿਚਾਲੇ ਇਹ ਗੱਲਬਾਤ ਇੱਕ ਰੂਟੀਨ ਦੇ ਵਾਂਗ ਹੈ, ਹਫ਼ਤੇ ਵਿੱਚ ਤਿੰਨ-ਚਾਰ ਰਾਤਾਂ ਵਿੱਚ ਅਜਿਹੀ ਗੱਲ ਹੋ ਹੀ ਜਾਂਦੀ ਹੈ।

ਕੁਝ ਲੋਕ ਕਹਿੰਦੇ ਹਨ ਕਿ ਵਾਈ-ਫਾਈ ਦਾ ਮਤਲਬ 'ਵਾਇਰਲੈੱਸ ਫਿਡੈਲਿਟੀ ਹੈ, ਜਿਵੇਂ ਹਾਈ-ਫਾਈ ਦਾ ਮਤਲਬ

ਹਾਈ ਫਿਡੈਲਿਟੀ ਹੁੰਦਾ ਹੈ।

ਪਰ ਇੰਡਸਟ੍ਰੀ ਸੰਗਠਨ ਵਾਈ-ਫ਼ਾਈ ਅਲਾਇੰਸ ਦਾ ਕਹਿਣਾ ਹੈ ਕਿ ਵਾਈ-ਫ਼ਾਈ ਦਾ ਕੋਈ ਪੂਰਾ ਨਾਮ ਨਹੀਂ ਹੈ।

ਸਿੱਧੀ ਭਾਸ਼ਾ ਵਿੱਚ ਕਹੀਏ ਤਾਂ ਵਾਈ-ਫ਼ਾਈ ਉਹ ਤਕਨੀਕ ਹੈ ਜੋ ਸਾਨੂੰ ਤਾਰਾਂ ਅਤੇ ਕਨੈਕਟਰਾਂ ਦੇ ਜਾਲ ਵਿੱਚ ਫਸੇ ਬਿਨਾ ਇੰਟਰਨੈੱਟ ਨਾਲ ਜੋੜਦੀ ਹੈ।

ਇਸ ਦੇ ਰਾਹੀਂ ਅਸੀਂ ਇੰਟਰਨੈੱਟ ਤੋਂ ਜਾਣਕਾਰੀ ਹਾਸਲ ਕਰ ਸਕਦੇ ਹਾਂ ਅਤੇ ਆਪਸ ਵਿੱਚ ਸੰਪਰਕ ਕਰ ਸਕਦੇ ਹਾਂ।

ਕੀ ਵਾਈ-ਫਾਈ ਚੱਲਦਾ ਰੱਖਣ ਨਾਲ ਸਿਹਤ ਉੱਤੇ ਕੁਝ ਅਸਰ ਪੈਂਦਾ ਹੈ?

ਵਾਈ ਫਾਈ ਕੰਪਿਊਟਰ ਅਤੇ ਸਮਾਰਟਫ਼ੋਨ ਜਿਹੇ ਡਿਵਾਇਸ ਨੂੰ ਬਿਨਾ ਕੇਬਲ ਦੋ ਨੈੱਟਵਰਕ ਤੋਂ ਕਨੈਕਟ ਕਰ ਦਿੰਦਾ ਹੈ। ਇਹ ਇੱਕ ਵਾਇਰਲੈੱਸ ਰਾਊਟਰ ਦੀ ਵਰਤੋਂ ਕਰਕੇ ਲੋਕਲ ਏਰੀਆ ਨੈੱਟਵਰਕ (ਡਬਲਯੂਐੱਲਐੱਨਐੱਨ) ਬਣਾਉਂਦਾ ਹੈ।

ਮੋਬਾਈਲ ਫੋਨ ਦੀ ਆਦਤ ਤੋਂ ਅਸੀਂ ਸਾਰੇ ਵਾਕਿਫ਼ ਹਾਂ ਅਤੇ ਹੁਣ ਵਾਈ-ਫਾਈ ਇੱਕ ਨਵੀਂ ਆਦਤ ਬਣ ਕੇ ਉੱਭਰ ਰਿਹਾ ਹੈ.. ਪਰ ਇਸ ਦਾ ਇੱਕ ਪਹਿਲੂ ਅਜਿਹਾ ਵੀ ਹੈ ਜਿਸ ਦੀ ਚਰਚਾ ਘੱਟ ਹੁੰਦੀ ਹੈ ਪਰ ਹੁਣ ਜ਼ੋਰ ਫੜਨ ਲੱਗੀ ਹੈ।

ਜੇਕਰ ਕੋਈ ਦੇਰ ਰਾਤ ਤੱਕ ਮੋਬਾਈਲ ਫ਼ੋਨ, ਟੈਬਲਟ, ਕੰਪਿਊਟਰ ਜਾਂ ਲੈਪਟਾਪ ਉੱਤੇ ਮਨੋਰੰਜਨ ਜਾਂ ਕੰਮ ਦੇ ਕਰਕੇ ਐਕਟਿਵ ਹੋ ਤਾਂ ਇਸ ਦੀ ਸੰਭਾਵਨਾ ਵੱਧ ਜਾਂਦੀ ਹੈ ਕਿ ਵਾਈਫਾਈ ਰਾਊਟਰ ਰਾਤ ਨੂੰ ਵੀ ਚੱਲਦਾ ਰਹਿ ਜਾਵੇ।

ਤਾਂ ਕੀ ਵਾਈ-ਫ਼ਾਈ ਓਨ ਰੱਖਣ ਨਾਲ ਸਾਡੀ ਸਿਹਤ ਉੱਤੇ ਕੁਝ ਅਸਰ ਹੁੰਦਾ ਹੈ ਤਾਂ ਇਸ ਨੂੰ ਬੰਦ ਕਰਨ ਨਾਲ ਸਿਹਤ ਦੇ ਲਈ ਕੁਝ ਫਾਇਦੇ ਹੋ ਸਕਦੇ ਹਨ?

ਇਸ ਸਵਾਲ ਨੂੰ ਹੋਰ ਤਿੱਖਾ ਕਰੀਏ ਤਾਂ ਕੀ ਵਾਈ-ਫਾਈ ਰਾਤ ਨੂੰ ਚੱਲਦਾ ਰਹਿ ਜਾਣ ਨਾਲ ਮਨੁੱਖੀ ਸਰੀਰ ਦੇ ਨਿਉਰੋਲੋਜਿਕ ਪੱਖਾਂ ਜਾਂ ਦਿਮਾਗ਼ ਨੂੰ ਨੁਕਸਾਨ ਪਹੁੰਚ ਸਕਦਾ ਹੈ?

ਦਿੱਲੀ ਐੱਨਸੀਆਰ ਦੀ ਯਸ਼ੋਦਾ ਮੈਡੀਸਿਟੀ ਵਿੱਚ ਕੰਸਲਟੈਂਟ (ਮਿਨੀਮਲੀ ਇਨਵੇਜ਼ਿਵ ਨਿਊਰੋ ਸਰਜਰੀ) ਡਾਕਟਰ ਦਿਵਿਆ ਜਯੋਤੀ ਤੋਂ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਿੱਧੇ ਤੌਰ ਉੱਤੇ ਅਜਿਹਾ ਨਹੀਂ ਕਹਿ ਸਕਦੇ ਕਿਉਂਕਿ ਵਿਗਿਆਨਿਕ ਤੌਰ ਉੱਤੇ ਹਾਲੇ ਤੱਕ ਅਜਿਹਾ ਕੁਝ ਸਾਬਿਤ ਨਹੀਂ ਹੋਇਆ ਹੈ।

ਡਾਕਟਰ ਨੇ ਕਿਹਾ ਕਿ ਤਾਰਕਿਕ ਤੌਰ ਉੱਤੇ ਦੇਖੀਏ ਤਾਂ ਅਜਿਹਾ ਸੋਚਿਆ ਜਾ ਸਕਦਾ ਹੈ ਕਿਉਂਕਿ ਦਿਮਾਗ਼ ਦੇ ਇੰਪਲਸਸ, ਇਲੈਕਟ੍ਰਿਕਲ ਇੰਪਲਸਸ ਹੁੰਦੇ ਹਨ ਅਤੇ ਵਾਈ-ਫ਼ਾਈ ਜਾਂ ਹੋਰ ਯੰਤਰ ਇਲੈਕਟ੍ਰੋਮੈਗਨੈਟਿਕ ਫੀਲਡ(ਈਐੱਮਐੱਫ਼) ਉੱਤੇ ਨਿਰਭਰ ਕਰਦੇ ਹਨ।

ਤਾਂ ਕੀ ਇਹ ਮੁਮਕਿਨ ਹੈ ਕਿ ਇਹ ਦਿਮਾਗ਼ ਦੇ ਇੰਪਲਸਸ ਨਾਲ ਦਖ਼ਲਅੰਦਾਜ਼ੀ ਕਰੇ ਪਰ ਹੁਣ ਤੱਕ ਸਾਡੇ ਕੋਲ ਇਹ ਸੋਚਣ ਦਾ ਕੋਈ ਵਿਗਿਆਨਿਕ ਕਾਰਨ, ਸਪਸ਼ਟੀਕਰਨ ਜਾਂ ਨਤੀਜਾ ਨਹੀਂ ਹੈ ਪਰ ਤਰਕ ਤਾਂ ਇਹੀ ਕਹਿੰਦਾ ਹੈ ਕਿ ਸਾਨੂੰ ਇਸ ਤੋਂ ਜਿੰਨਾ ਮੁਮਕਿਨ ਹੋਵੇ ਬਚਣਾ ਚਾਹੀਦਾ ਹੈ।

ਬ੍ਰੇਨ ਇੰਪਲਸਸ ਕੀ ਹੁੰਦੇ ਹਨ?

ਬ੍ਰੇਨ ਇੰਪਲਸਸ ਉਹ ਇਲੈਕਟ੍ਰੋਕੈਮਿਕਲ ਸਿਗਨਲ ਹੁੰਦੇ ਹਨ ਜਿਨ੍ਹਾਂ ਦੀ ਮਦਦ ਨਾਲ ਨਿਊਰੋਨ ਕਮਿਊਨੀਕੇਟ ਕਰਦੇ ਹਨ ਅਤੇ ਸੂਚਨਾ ਨੂੰ ਪ੍ਰੋਸੈੱਸ ਕਰਦੇ ਹਨ, ਇਨ੍ਹਾਂ ਨਰਵ ਇੰਪਲਸਸ ਨੂੰ ਐਕਸ਼ਨ ਪੋਟੈਂਸ਼ੀਅਲ ਵੀ ਕਿਹਾ ਜਾਂਦਾ ਹੈ।

ਜਿਹੜੀ ਨਰਵ ਇਨ੍ਹਾਂ ਇੰਪਲਸਸ ਨੂੰ ਦਿਮਾਗ਼ ਤੱਕ ਲੈ ਕੇ ਜਾਂਦੀ ਹੈ ਉਹ ਹੈ ਸੈਂਸਰੀ ਨਰਵ। ਇਹ ਦਿਮਾਗ਼ ਤੱਕ ਮੈਸਜ ਲੈ ਕੇ ਜਾਂਦੀ ਹੈ। ਤਾਂ ਹੀ ਅਸੀਂ ਅਤੇ ਤੁਸੀਂ ਛੋਹ, ਸਵਾਦ ਅਤੇ ਮਹਿਕ ਮਹਿਸੂਸ ਕਰਦੇ ਹਾਂ ਅਤੇ ਦੇਖ ਸਕਦੇ ਹਾਂ।

ਵਾਈ-ਫ਼ਾਈ ਰਾਊਟਰ ਦਾ ਰਾਤ ਅਤੇ ਦਿਨ ਵਿੱਚ ਅਸਰ ਕਿਉਂ ਨਹੀਂ?

ਇਸ ਉੱਤੇ ਡਾਕਟਰ ਦਿਵਿਆ ਜਯੋਤੀ ਨੇ ਬੀਬੀਸੀ ਨੂੰ ਦੱਸਿਆ, “ਦਿਨ ਅਤੇ ਰਾਤ ਵਿੱਚ ਸਰੀਰ ਅਤੇ ਇਸਦੀਆਂ ਗਤੀਵਿਧੀਆਂ ਵਿੱਚ ਫ਼ਰਕ ਹੁੰਦਾ ਹੈ। ਰਾਤ ਦੇ ਸਮੇਂ ਸਰੀਰ ਦੀਆਂ ਵੇਵਜ਼ ਵੱਖ ਤਰ੍ਹਾਂ ਦੀਆਂ ਹੁੰਦੀਆਂ ਹਨ। ਇਹ ਸਲੀਪ ਵੇਵਜ਼ ਹੁੰਦੀਆਂ ਹਨ। ਰਾਤ ਨੂੰ ਸਭ ਤੋਂ ਜ਼ਰੂਰੀ ਹੈ ਚੰਗੀ ਨੀਂਦ ਮਿਲਣਾ ਅਤੇ ਉਹ ਸਲੀਪ ਸਾਈਕਲ ਨਾਲ ਤੈਅ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਇਸ ਲਈ ਕਿਹਾ ਜਾਂਦਾ ਹੈ ਕਿ ਰਾਤ ਨੂੰ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਦਿਮਾਗ਼ ਨੂੰ ਆਰਾਮ ਮਿਲੇ, ਚੰਗੀ ਨੀਂਦ ਮਿਲੇ, ਪੂਰੀ ਤਰ੍ਹਾਂ ਰੈਸਟ ਮਿਲੇ ਪਰ ਦਿਨ ਵੇਲੇ ਅਸੀਂ ਕੰਮ ਕਰਨਾ ਹੁੰਦਾ ਹੈ ਤਾਂ ਨੀਂਦ ਵਿੱਚ ਦਖ਼ਲ ਨਹੀਂ ਹੁੰਦੀ ਪਰ ਲੌਜਿਕ ਇਹੀ ਹੈ ਕਿ ਐਕਸਪੋਜ਼ਰ ਜਿੰਨਾ ਘੱਟ ਹੋਵੇ ਉੱਨਾ ਚੰਗਾ ਹੈ।

ਪਰ ਜੇਕਰ ਰਾਤ ਨੂੰ ਵਾਈ-ਫਾਈ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਮੋਬਾਈਲ ਫ਼ੋਨ ਦਾ ਕੀ ਜੋ ਅਸੀ ਅਕਸਰ ਆਪਣੇ ਸਿਰਹਾਣੇ ਰੱਖ ਕੇ ਸੌਂਦੇ ਹਾਂ

ਇਸ ਉੱਤੇ ਡਾਕਟਰਾਂ ਦਾ ਕਹਿਣਾ ਹੈ ਕਿ ਮੋਬਾਈਲ ਫੋਨ ਵਿੱਚ ਵੀ ਇਲੈਕਟ੍ਰੋਮੈਗਨੈਟਿਕ ਤਰੰਗਾਂ ਮੌਜੂਦ ਹੁੰਦੀਆਂ ਹਨ।

ਡਾ ਦਿਵਿਆ ਜਯੋਤੀ ਨੇ ਕਿਹਾ, "ਜੇਕਰ ਅਸੀਂ ਬੈਕਗਰਾਉਂਡ ਰੇਡੀਏਸ਼ਨ ਬਾਰੇ ਗੱਲ ਕਰੀਏ ਤਾਂ ਮੋਬਾਈਲ ਫੋਨਾਂ ਅਤੇ ਵਾਈ-ਫਾਈ ਤੋਂ ਨਿਕਲਣ ਵਾਲੀ ਰੇਡੀਏਸ਼ਨ ਇਸ ਦੇ ਮੁਕਾਬਲੇ ਘੱਟ ਹੈ, ਕੀ ਇਹ ਦੋਵੇਂ ਐਕਸਪੋਜ਼ਰ ਨੂੰ ਕਾਫ਼ੀ ਵਧਾਉਂਦੇ ਹਨ? ਜਵਾਬ ਹੈ ਨਹੀਂ। ਇਸ ਦੇ ਮੁਕਾਬਲੇ ਵਿੱਚ ਬੈਕਗਰਾਉਂਡ ਰੇਡੀਏਸ਼ਨ ਦਾ ਸਾਡਾ ਐਕਸਪੋਜ਼ਰ ਬਹੁਤ ਜ਼ਿਆਦਾ ਹੈ।"

ਕੁਝ ਮਾਹਰ ਸਲਾਹ ਦਿੰਦੇ ਹਨ ਕਿ ਜੇਕਰ ਤੁਸੀਂ ਈਐੱਮਐਫ ਓਵਰਐਕਸਪੋਜ਼ਰ ਬਾਰੇ ਚਿੰਤਤ ਹੋ ਤਾਂ ਉਸ ਕਮਰੇ ਵਿੱਚ ਰਾਉਟਰ ਲਾਉਣ ਤੋਂ ਪਰਹੇਜ਼ ਕਰੋ ਜਿੱਥੇ ਤੁਸੀਂ ਸੌਂਦੇ ਹੋ।

ਜਾਂ ਜੇਕਰ ਇਹ ਸੰਭਵ ਨਹੀਂ ਹੈ ਤਾਂ ਤੁਸੀਂ ਰਾਊਟਰ ਨੂੰ ਬਿਸਤਰੇ ਤੋਂ ਸੁਰੱਖਿਅਤ ਦੂਰੀ ਉੱਤੇ ਰੱਖ ਸਕਦੇ ਹੋ।

ਮਾਹਰ ਕੀ ਕਹਿੰਦੇ ਹਨ

ਮੈਡੀਕਲ ਲਾਈਨ ਤੋਂ ਇਲਾਵਾ ਅਸੀਂ ਤਕਨਾਲੋਜੀ ਨਾਲ ਜੁੜੇ ਮਾਹਿਰਾਂ ਨਾਲ ਵੀ ਇਸ ਵਿਸ਼ੇ 'ਤੇ ਗੱਲ ਕੀਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਰੇ ਕੋਈ ਸਹੀ ਜਾਣਕਾਰੀ ਉਪਲਬਧ ਨਹੀਂ ਹੈ, ਜਿਸ ਕਰਕੇ ਹੋਰ ਉਲਝਣ ਹੈ।

ਅਜਿਹੀ ਸਥਿਤੀ ਵਿੱਚ ਇਹ ਪਤਾ ਲਗਾਉਣ ਲਈ ਇੱਕ ਅਧਿਐਨ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਤਰੰਗਾਂ ਜਾਂ ਈਐੱਮਐੱਫ ਅਸਲ ਵਿੱਚ ਕਿੰਨਾ ਨੁਕਸਾਨ ਪਹੁੰਚਾ ਸਕਦੇ ਹਨ, ਅਤੇ ਇਸ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ।

ਤਕਨੀਕੀ ਮਾਹਿਰ ਮੁਹੰਮਦ ਫੈਜ਼ਲ ਅਲੀ ਦਾ ਕਹਿਣਾ ਹੈ ਕਿ ਅਜਿਹਾ ਕੋਈ ਅਧਿਐਨ ਨਹੀਂ ਹੈ ਜੋ ਇਹ ਸਾਬਤ ਕਰ ਸਕੇ ਕਿ ਸਾਨੂੰ ਰਾਤ ਨੂੰ ਵਾਈ-ਫਾਈ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਅਸੀਂ ਚੰਗੀ ਨੀਂਦ ਲੈ ਸਕੀਏ।

"ਜਾਂ ਹੋ ਸਕਦਾ ਹੈ ਕਿ ਵਾਈ-ਫਾਈ ਚਾਲੂ ਰੱਖਣ ਨਾਲ ਸਾਡੇ ਨਿਊਰੋਲੋਜੀਕਲ ਜਾਂ ਹੋਰ ਪ੍ਰਣਾਲੀਆਂ 'ਤੇ ਅਸਰ ਪੈਂਦਾ ਹੈ। ਪਰ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਕਿਸਮ ਦੀ ਰੇਡੀਓ ਤਰੰਗ ਦੇ ਜ਼ਿਆਦਾ ਸੰਪਰਕ ਦੇ ਲੰਬੇ ਸਮੇਂ ਦੇ ਪ੍ਰਭਾਵ ਪੈ ਸਕਦੇ ਹਨ। ਇਹ ਇੱਕ ਆਮ ਗੱਲ ਹੈ।"

ਅਲੀ ਨੇ ਬੀਬੀਸੀ ਨੂੰ ਦੱਸਿਆ, "ਜੇਕਰ ਅਸੀਂ 1995-96 ਤੋਂ ਮੋਬਾਈਲ ਦੀ ਸ਼ੁਰੂਆਤ 'ਤੇ ਵਿਚਾਰ ਕਰੀਏ, ਤਾਂ ਇਸਦਾ ਕੁੱਲ ਸਫ਼ਰ 30 ਸਾਲਾਂ ਦਾ ਹੈ ਅਤੇ ਪਿਛਲੇ 10 ਸਾਲਾਂ ਵਿੱਚ, ਭਾਰਤ ਵਿੱਚ ਮੋਬਾਈਲ ਅਤੇ ਵਾਈ-ਫਾਈ ਦਾ ਵਾਧਾ ਬਹੁਤ ਜ਼ਿਆਦਾ ਹੋਇਆ ਹੈ।"

"ਇਸ ਲਈ ਇਹ ਸੰਭਵ ਹੈ ਕਿ ਭਵਿੱਖ ਵਿੱਚ ਕੋਈ ਅਜਿਹਾ ਅਧਿਐਨ ਹੋਵੇਗਾ ਜਿਸ ਵਿੱਚ ਇਹ ਸਿੱਟਾ ਕੱਢਿਆ ਜਾ ਸਕੇ ਕਿ ਇਹ ਚੀਜ਼ਾਂ ਇਨ੍ਹਾਂ ਨੁਕਸਾਨਾਂ ਦਾ ਕਾਰਨ ਬਣ ਸਕਦੀਆਂ ਹਨ, ਇਸ ਲਈ ਇਨ੍ਹਾਂ ਦੀ ਵਰਤੋਂ ਸੀਮਤ ਤੌਰ ਉੱਤੇ ਹੀ ਕੀਤੀ ਜਾਣੀ ਚਾਹੀਦੀ ਹੈ। ਪਰ ਹੁਣ ਤੱਕ ਅਜਿਹਾ ਕੁਝ ਨਹੀਂ ਹੈ।"

ਮੋਬਾਈਲ ਫੋਨਜ਼ ਵਿੱਚ ਕੀ ਇੰਟਰਨੈਟ ਹੁੰਦਾ ਹੈ ਤਾਂ ਕੀ ਇਹ ਤਰਕ ਉਨ੍ਹਾਂ 'ਤੇ ਵੀ ਲਾਗੂ ਹੁੰਦਾ ਹੈ?

ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ, "ਚਾਹੇ ਇਹ ਇਲੈਕਟ੍ਰੋਮੈਗਨੈਟਿਕ ਫੀਲਡ ਹੋਣ ਜਾਂ ਰੇਡੀਓ ਵੇਵ, ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਓਵਰਐਕਸਪੋਜ਼ਰ ਮਾੜਾ ਹੈ।”

“ਹੁਣ ਜਦੋਂ ਸਾਡੇ ਕੋਲ ਬਿਹਤਰ ਡੇਟਾ ਹੈ, ਤਾਂ ਇਸ 'ਤੇ ਅਧਿਐਨ ਜ਼ਰੂਰ ਕੀਤੇ ਜਾਣੇ ਚਾਹੀਦੇ ਹਨ। ਜਿੱਥੋਂ ਤੱਕ ਮੈਂ ਜਾਣਦਾ ਹਾਂ ਅਤੇ ਸਮਝਦਾ ਹਾਂ, ਇਹ ਓਨਾ ਨੁਕਸਾਨ ਨਹੀਂ ਪਹੁੰਚਾਉਂਦੇ ਜਿੰਨਾ ਕਈ ਵਾਰ ਡਰ ਜਤਾਇਆ ਜਾਂਦਾ ਹੈ।"

ਜਦੋਂ ਮਾਹਿਰਾਂ ਤੋਂ ਪੁੱਛਿਆ ਗਿਆ ਕਿ ਕੀ ਰੇਡੀਏਸ਼ਨ, ਤਰੰਗਾਂ ਜਾਂ ਈਐੱਮਐੱਫ ਦੇ ਸਰੀਰ 'ਤੇ ਕੀ ਮਾੜੇ ਪ੍ਰਭਾਵ ਪੈ ਸਕਦੇ ਹਨ?

ਡਾ. ਦਿਵਿਆ ਜਯੋਤੀ ਨੇ ਕਿਹਾ, "ਸਿਧਾਂਤਕ ਤੌਰ 'ਤੇ, ਇਹ ਚੰਗੀ ਨੀਂਦ ਵਿੱਚ ਵਿਘਨ ਪਾ ਸਕਦਾ ਹੈ, ਅਤੇ ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਦਿਨ ਦੌਰਾਨ ਸਾਡੇ ਕੰਮ ਨੂੰ ਪ੍ਰਭਾਵਿਤ ਕਰੇਗਾ।”

“ਇਕਾਗਰਤਾ ਅਤੇ ਧਿਆਨ ਕੇਂਦਰਿਤ ਕਰਨ ਦਾ ਪੱਧਰ ਘੱਟ ਜਾਵੇਗਾ। ਇਸ ਤੋਂ ਇਲਾਵਾ, ਰੇਡੀਏਸ਼ਨ ਸਰੀਰ ਵਿੱਚ ਟਿਊਮਰ ਦੇ ਬਣਨ ਅਤੇ ਵਧਣ ਨਾਲ ਵੀ ਜੁੜਿਆ ਹੋਇਆ ਹੈ।"

"ਵਾਈ-ਫਾਈ ਦੇ ਨਾਲ-ਨਾਲ, ਮੋਬਾਈਲ ਫੋਨਾਂ ਤੋਂ ਨਿਕਲਣ ਵਾਲੇ ਰੇਡੀਏਸ਼ਨ ਬਾਰੇ ਵੀ ਚਰਚਾ ਹੋ ਰਹੀ ਹੈ। ਭਾਰਤ ਵਿੱਚ ਹੁਣ ਬਹੁਤ ਸਾਰੇ ਮੋਬਾਈਲ ਫੋਨ 5G ਨੈੱਟਵਰਕ 'ਤੇ ਚੱਲਦੇ ਹਨ।"

"ਜਦੋਂ ਇਸਨੂੰ ਲਗਭਗ ਛੇ ਸਾਲ ਪਹਿਲਾਂ ਯੂਰਪ ਵਿੱਚ ਪੇਸ਼ ਕੀਤਾ ਗਿਆ ਸੀ, ਤਾਂ ਨਵੀਂ ਤਕਨਾਲੋਜੀ ਨਾਲ ਜੁੜੇ ਸਿਹਤ ਜੋਖਮਾਂ ਬਾਰੇ ਸਵਾਲ ਚੁੱਕੇ ਗਏ ਸਨ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)