ਵਾਰ-ਵਾਰ ਫ਼ੋਨ ਵੇਖਣ ਦੀ ਆਦਤ ਛੱਡਣੀ ਹੈ ਤਾਂ ਤੁਹਾਡਾ ਫ਼ੋਨ ਹੀ ਕਿਵੇਂ ਮਦਦ ਕਰ ਸਕਦਾ ਹੈ

    • ਲੇਖਕ, ਰਾਜਵੀਰ ਕੌਰ ਗਿੱਲ
    • ਰੋਲ, ਬੀਬੀਸੀ ਪੱਤਰਕਾਰ

ਤੁਸੀਂ ਕਦੀ ਸੋਚਿਆ ਕਿ ਜੇ ਕੁਝ ਘੰਟੇ ਤੁਹਾਡਾ ਫ਼ੋਨ ਬਿਲਕੁਲ ਠੀਕ ਕੰਮ ਕਰ ਰਿਹਾ ਹੋਵੇ, ਤਹਾਨੂੰ ਫ਼ੁਰਸਤ ਵੀ ਹੋਵੇ ਪਰ ਤੁਸੀਂ ਫ਼ੋਨ ਚਲਾ ਨਾ ਰਹੇ ਹੋਵੋ ਤਾਂ ਕੀ ਹੋਵੇਗਾ।

ਸ਼ਾਇਦ ਤੁਹਾਨੂੰ ਕੁਝ ਸਮਾਂ ਸਮਝ ਨਾ ਆਵੇ ਕੀ ਕੀਤਾ ਜਾਵੇ, ਫ਼ਿਰ ਤੁਸੀਂ ਆਪਣੇ- ਆਪ ਨਾਲ ਸਮਾਂ ਬਿਤਾਓਂ ਅਤੇ ਲੰਬੇ ਸਮੇਂ ਤੋਂ ਲਟਕਾ ਕੇ ਰੱਖੇ ਕੁਝ ਕੰਮ ਕਰਨ ਲੱਗ ਜਾਓ।

ਚਾਹੇ ਉਹ ਕੋਈ ਕਿਤਾਬ ਪੜ੍ਹਨਾ ਹੋਵੇ , ਕੋਈ ਪੇਟਿੰਗ ਮੁਕੰਮਲ ਕਰਨਾ ਹੋਵੇ ਜਾਂ ਫ਼ਿਰ ਪਰਿਵਾਰ ਦੇ ਮੈਂਬਰਾਂ ਨਾਲ ਗੱਲਾਂ ਕਰਨਾ ਹੀ ਕਿਉਂ ਨਾ ਹੋਵੇ।

ਜੋ ਚੀਜ਼ਾਂ ਕਦੇ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਰਹੀਆਂ ਹਨ, ਉਨ੍ਹਾਂ ਦੀ ਮਨੁੱਖੀ ਵਿਕਾਸ ਵਿੱਚ ਸਕਾਰਾਤਮਕ ਅਹਿਮੀਅਤ ਨੂੰ ਸਮਝਣ ਲਈ ਹੀ ਅੱਜ-ਕੱਲ੍ਹ ਡਿਜੀਟਲ ਡਿਟਾਕਸ ਕੀਤਾ ਜਾਂਦਾ ਹੈ।

ਸਾਡੀ ਡਿਜੀਟਲ ਡਿਵਾਈਸਿਜ਼ ਉੱਤੇ ਨਿਰਭਰਤਾ ਇੰਨੀ ਵੱਧ ਗਈ ਹੈ ਕਿ ਸਾਨੂੰ ਇਨ੍ਹਾਂ ਨੂੰ ਦੂਰ ਰੱਖਣ ਲਈ ਵੀ ਐਪਸ ਦੀ ਲੋੜ ਪੈਣ ਲੱਗੀ ਹੈ। ਇਸੇ ਲਈ ਡਿਜੀਟਲ ਡਿਟਾਕਸ ਐਪਸ ਦੀ ਗੱਲ ਹੋ ਰਹੀ ਹੈ।

ਜਾਣਦੇ ਹਾਂ ਕਿ ਇਹ ਐਪਸ ਕਿਵੇਂ ਕੰਮ ਕਰਦੀਆਂ ਹਨ ਅਤੇ ਸਾਨੂੰ ਅਜਿਹਾ ਕਰਨ ਦੀ ਲੋੜ ਕੀ ਹੈ।

ਡਿਜੀਟਲ ਡਿਟਾਕਸ ਐਪਸ ਕੀ ਹਨ

ਦਰਜਨਾਂ ਡਿਜੀਟਲ ਡਿਟਾਕਸ ਐਪਸ ਮੌਜੂਦ ਹਨ ਜੋ ਆਈਫ਼ੋਨ ਅਤੇ ਐਨਰਾਇਡ 'ਤੇ ਕੰਮ ਕਰਦੀਆਂ ਹਨ।

ਇਹ ਇੱਕ ਅਜਿਹੀ ਸਾਫ਼ਟਵੇਅਰ ਬੇਸਡ ਐਪਲੀਕੇਸ਼ਨ ਹੈ ਜੋ ਤੁਹਾਨੂੰ ਸਕਰੀਨ ਟਾਈਮ ਘੱਟ ਕਰਨ ਵਿੱਚ ਅਤੇ ਤੁਹਾਡੀ ਡਿਜੀਟਲ ਡਿਵਾਈਸਿਜ਼ ਉੱਤੇ ਨਿਰਭਰਤਾ ਘੱਟ ਕਰਨ ਵਿੱਚ ਮਦਦ ਕਰਦੀ ਹੈ।

ਗੂਗਲ ਪਲੇਅ ਸਟੋਰ ਉੱਤੇ ਡਿਜੀਟਲ ਡਿਟਾਕਸ ਐਪ ਬਾਰੇ ਦਿੱਤੀ ਗਈ ਜਾਣਕਾਰੀ 'ਚ ਬਹੁਤ ਦਿਲਚਸਪ ਲਿਖਿਆ ਗਿਆ ਹੈ, "ਆਪਣੇ ਆਪ ਨਾਲ, ਦੂਜਿਆਂ ਨਾਲ ਅਤੇ ਦੁਨੀਆਂ ਨਾਲ ਮੁੜ ਜੁੜਨ ਲਈ ਆਪਣੇ ਫ਼ੋਨ ਨਾਲ ਦੋਸਤੀ ਕੁਝ ਘਟਾਓ।"

"ਕੀ ਤੁਸੀਂ ਹਮੇਸ਼ਾ ਆਪਣੇ ਫ਼ੋਨ 'ਤੇ ਰਹਿੰਦੇ ਹੋ? ਕੀ ਤੁਹਾਨੂੰ ਦੁਨੀਆਂ ਤੋਂ ਅਲੱਗ-ਥਲੱਗ ਹੋ ਜਾਣ ਦਾ ਡਰ ਲੱਗਿਆ ਰਹਿੰਦਾ ਹੈ? ਕੀ ਤੁਸੀਂ ਕੋਈ ਸਿਗਨਲ ਨਾ ਮਿਲਣ 'ਤੇ ਘਬਰਾ ਜਾਂਦੇ ਹੋ? ਇਹ ਡੀਟਾਕਸ ਦਾ ਸਮਾਂ ਹੈ।"

ਯਾਨੀ ਇਨ੍ਹਾਂ ਡਿਜੀਟਲ ਡਿਟਾਕਸ ਐਪਸ ਦਾ ਮਕਦਸ ਤੁਹਾਨੂੰ ਇੱਕ ਫ਼ੋਨ ਸਕਰੀਨ ਤੋਂ ਦੂਰ ਕਰਕੇ ਜਿਉਂਦੀ ਜਾਗਦੀ ਦੁਨੀਆਂ ਦੇ ਰੁਬਰੂ ਕਰਨਾ ਹੈ।

ਅਸਲ ਵਿੱਚ ਇਹ ਐਪਸ ਤੁਹਾਡੇ ਫ਼ੋਨ ਨੂੰ ਕੁਝ ਸਮੇਂ ਲਈ ਬੰਦ ਕਰਦੀਆਂ ਹਨ। ਇਹ ਸਮਾਂ 10 ਮਿੰਟ ਤੋਂ ਲੈ ਕੇ 10 ਦਿਨ ਜਾਂ ਫ਼ਿਰ ਇੱਕ ਮਹੀਨੇ ਜਾਂ ਉਸ ਤੋਂ ਵੀ ਵੱਧ ਦਾ ਹੋ ਸਕਦਾ ਹੈ।

ਤੁਸੀਂ ਕਿੰਨੀ ਦੇਰ ਫ਼ੋਨ ਬੰਦ ਕਰਨਾ ਹੈ ਇਹ ਚੋਣ ਤੁਹਾਡੀ ਆਪਣੀ ਹੋਵੇਗੀ।

ਇਸ ਸਮੇਂ ਦੌਰਾਨ ਸਾਰੀਆਂ ਸੋਸ਼ਲ ਮੀਡੀਆ ਐਪਸ ਬੰਦ ਰਹਿੰਦੀਆਂ ਹਨ ਅਤੇ ਡਿਟਾਕਸ ਟਾਈਮ ਵਿੱਚ ਤੁਸੀਂ ਐਮਰਜੈਂਸੀ ਸਥਿਤੀ ਵਿੱਚ ਕਾਲ ਕਰ ਸਕਦੇ ਹੋ।

ਕਈ ਐਪਸ ਫ਼ੋਨ ਸੁਣਨ ਦੀ ਸਹੂਲਤ ਦਿੰਦੀਆਂ ਹਨ ਪਰ ਕਈ ਉਸ ਦਾ ਵੀ ਵੱਧ ਤੋਂ ਵੱਧ ਸਮਾਂ ਵੀ ਨਿਰਧਾਰਿਤ ਕਰ ਦਿੰਦੀਆਂ ਹਨ।

ਹਲਾਂਕਿ ਡਿਜੀਟਲ ਡਿਟਾਕਸ ਐਪਸ ਦੀ ਚੋਣ ਕਰਨ ਵੇਲੇ ਸਾਵਧਾਨੀ ਜ਼ਰੂਰ ਵਰਤਣੀ ਚਾਹੀਦੀ ਹੈ।

ਡਿਜੀਟਲ ਡਿਟਾਕਸ ਐਪਸ ਕੰਮ ਕਿਵੇਂ ਕਰਦੀਆਂ ਹਨ

ਜਿਵੇਂ ਕੇ ਆਪਾਂ ਗੱਲ ਕੀਤੀ ਇਹ ਐਪਸ ਫ਼ੋਨ ਨੂੰ ਨਿਰਧਾਰਿਤ ਸਮੇਂ ਲਈ ਬੰਦ ਕਰ ਦਿੰਦੀਆਂ ਹਨ। ਪਰ ਕੁਝ ਐਪਸ ਤੁਹਾਨੂੰ ਚੋਣ ਕਰਨ ਦਿੰਦੀਆਂ ਹਨ ਕਿ ਕਿਹੜੀਆਂ ਸੋਸ਼ਲ ਮੀਡੀਆ ਐਪਸ ਬੰਦ ਹੋਣ ਅਤੇ ਕਿਹੜੀਆਂ ਸੇਵਾਵਾਂ ਚੱਲਦੀਆਂ ਰਹਿਣ।

ਮੈਂ ਖ਼ੁਦ ਵੀ ਇਹ ਤਜ਼ਰਬਾ ਕਰਕੇ ਦੇਖਿਆ। ਇੱਕ ਛੁੱਟੀ ਵਾਲੇ ਦਿਨ ਸੋਚਿਆ ਕਿਉਂ ਨਾ ਫ਼ੋਨ ਤੋਂ ਵੀ ਕੁਝ ਸਮੇਂ ਲਈ ਛੁੱਟੀ ਲਈ ਜਾਵੇ। ਕਰੀਬ 3 ਘੰਟੇ ਲਈ ਇੱਕ ਐਪ ਦੀ ਮਦਦ ਨਾਲ ਆਪਣੇ ਫ਼ੋਨ ਨੂੰ ਡਿਟਾਕਸ ਮੋਡ 'ਤੇ ਲਾਇਆ।

ਹਾਲਾਂਕਿ, ਇਸ ਦੌਰਾਨ ਆਦਤ ਤੋਂ ਮਜ਼ਬੂਰ ਹੋ ਮੈਂ ਇੱਕ ਦੋ ਵਾਰ ਫ਼ੋਨ ਚੁੱਕਿਆ ਵੀ।

ਮੈਨੂੰ ਸਕਰੀਨ ਉੱਤੇ ਕੁਝ ਦਿਲਚਸਪ ਮੈਸੇਜ ਇੱਕ ਸਲਾਹ ਵਜੋਂ ਮਿਲੇ। ਜਿਵੇਂ:

  • ਤੁਸੀਂ ਸੈਰ ਕਰਨ ਜਾ ਸਕਦੇ ਹੋ
  • ਆਪਣੀ ਪਸੰਦ ਦਾ ਖਾਣਾ ਬਣਾ ਸਕਦੇ ਹੋ
  • ਪਰਿਵਾਰ ਨਾਲ ਚਾਹ ਦੀ ਚੁਸਕੀ ਲੈਂਦਿਆਂ ਸਮਾਂ ਬਿਤਾ ਸਕਦੇ ਹੋ
  • ਬਾਗ਼ਬਾਨੀ ਕਰ ਸਕਦੇ ਹੋ

ਅਜਿਹੇ ਕਈ ਮੈਸੇਜ ਬੰਦ ਸਕਰੀਨ ਉੱਤੇ ਵਾਰ-ਵਾਰ ਆਏ ਤਾਂ ਮੈਂ ਫ਼ੋਨ ਰੱਖ ਦਿੱਤਾ। ਦਿਨ ਵਿੱਚ ਇਹ ਤਿੰਨ ਘੰਟੇ ਅਸਲ ਵਿੱਚ ਸਭ ਤੋਂ ਵੱਧ ਸਾਰਥਕ ਸਾਬਤ ਹੋਏ। ਦਿਲੋ-ਦਿਮਾਗ਼ ਨੂੰ ਕੁਝ ਬਰੇਕ ਜਿਹੀ ਮਿਲੀ ਅਤੇ ਸਕੂਨ ਮਹਿਸੂਸ ਹੋਇਆ।

ਅਸਲ ਵਿੱਚ ਇਹ ਐਪਸ ਤੁਹਾਨੂੰ ਫ਼ੋਨ ਨੂੰ ਸਿਰਫ਼ ਬੇਹੱਦ ਅਹਿਮ ਲੋੜ ਪੂਰੀ ਕਰਨ ਲਈ ਇਸਤੇਮਾਲ ਦੀ ਇਜ਼ਾਜਤ ਦਿੰਦੀਆਂ ਹਨ।

ਡਿਜੀਟਲ ਡਿਟਾਕਸ ਦੀ ਲੋੜ ਕੀ ਹੈ

ਦਿ ਹਿੰਦੂ ਦੀ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ 86 ਫ਼ੀਸਦ ਅਲੱੜ੍ਹਾਂ ਕੋਲ ਸਮਾਰਟ ਫ਼ੋਨ ਹਨ ਅਤੇ ਉਨ੍ਹਾਂ ਵਿੱਚੋਂ 30 ਫ਼ੀਸਦ ਰੋਜ਼ ਛੇ ਘੰਟੇ ਸਕਰੀਨ ਦੇਖਦੇ ਹਨ। ਫ਼ਿਰ ਚਾਹੇ ਉਹ ਦੋਸਤਾਂ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ ਹੋਵੇ ਤਾਂ ਮਨੋਰੰਜਨ ਲਈ ਯੂ-ਟਿਊਬ ਜਾਂ ਗੇਮ ਸਾਈਟਸ ਹੋਣ।

ਬਾਲਗ ਵੀ ਸਕਰੀਨ ਉੱਤੇ ਸਮਾਂ ਬਿਤਾਉਣ ਵਿੱਚ ਘੱਟ ਨਹੀਂ ਹਨ। ਰੈਡਸੀਰ ਸਟਰੈਟੇਜੀ ਦੀ 2024 ਦੀ ਰਿਪੋਰਟ ਮੁਤਾਬਕ ਵਿੱਚ ਭਾਰਤ ਵਿੱਚ ਔਸਤਨ ਲੋਕਾਂ ਦਾ ਸਕਰੀਨ ਟਾਈਮ 7.3 ਘੰਟੇ ਹੈ।

ਇੰਨੇ ਜ਼ਿਆਦਾ ਸਕਰੀਨ ਟਾਈਮ ਨੂੰ ਮਾਹਰ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਲਈ ਖ਼ਤਰਨਾਕ ਮੰਨਦੇ ਹਨ।

ਫ਼ੈਮਿਲੀ ਮਨੋਵਿਗਿਆਨੀ ਜਸਲੀਨ ਗਿੱਲ ਕਹਿੰਦੇ ਹਨ, "ਅਸੀਂ ਆਪਣੇ ਹੀ ਘਰਾਂ ਵਿੱਚ ਪਰਿਵਾਰਾਂ ਦੇ ਨਾਲ ਰਹਿ ਕੇ ਇਕੱਲਤਾ ਨੂੰ ਚੁਣ ਲਿਆ ਹੈ।"

ਉਹ ਕਹਿੰਦੇ ਹਨ,"ਮਨੁੱਖ ਦੀ ਫ਼ਿਤਰਤ ਇਕੱਲੇ ਰਹਿਣ ਦੀ ਨਹੀਂ ਬਲਕਿ ਸਮਾਜ ਵਿੱਚ ਰਹਿਣ ਦੀ ਹੈ ਅਤੇ ਸਮਾਜ ਦਾ ਮੁੱਢ ਵੀ ਮਨੁੱਖ ਦੀ ਇਕੱਠੇ ਰਹਿਣ ਦੀ ਪ੍ਰਵਿਰਤੀ ਨਾਲ ਹੀ ਬੱਝਾ ਸੀ।"

"ਬੇਲੋੜਾ ਸਕਰੀਨ ਟਾਈਮ ਸਾਨੂੰ ਸੀਮਤ ਕਰ ਰਿਹਾ ਹੈ। ਅਸੀਂ ਆਪਣਿਆਂ ਨਾਲ ਗੱਲਬਾਤ ਕਰਨ ਦੀ ਬਜਾਇ ਸਮਾਂ ਫ਼ੋਨ 'ਤੇ ਬਿਤਾਉਣ ਨੂੰ ਤਰਜ਼ੀਹ ਦਿੰਦੇ ਹਾਂ।"

ਜਸਲੀਨ ਕਹਿੰਦੇ ਹਨ, "ਬਹੁਤ ਸਾਰੀਆਂ ਮਾਨਸਿਕ ਪਰੇਸ਼ਾਨੀਆਂ ਤਾਂ ਇਕੱਲਤਾ ਨਾਲ ਹੀ ਜੁੜੀਆਂ ਹਨ। ਜਦੋਂ ਤੁਸੀਂ ਆਪਣੇ ਦੁੱਖ ਜਾਂ ਪਰੇਸ਼ਾਨੀਆਂ ਕਿਸੇ ਨਾਲ ਸਾਂਝੀਆਂ ਹੀ ਨਹੀਂ ਕਰਨੀਆਂ ਬਲਕਿ ਏਆਈ ਤੋਂ ਅਜਿਹੇ ਮਾਮਲਿਆਂ ਵਿੱਚ ਮਦਦ ਲੈਣ ਦੀ ਕੋਸ਼ਿਸ਼ ਕਰਨੀ ਤਾਂ ਸਥਿਤੀ ਮਾਨਸਿਕ ਰੋਗਾਂ ਵਿੱਚ ਬਦਲ ਜਾਂਦੀ ਹੈ।"

ਉਹ ਕਹਿੰਦੇ ਹਨ ਕਿ ਮਨੁੱਖ ਦਾ ਵਿਕਾਸ ਆਪਸੀ ਸੰਵਾਦ ਅਤੇ ਇੱਕ ਦੂਜੇ ਦੇ ਤਜ਼ਰਬਿਆਂ ਅਤੇ ਵਿਚਾਰ-ਵਟਾਂਦਰੇ ਨਾਲ ਵੀ ਜੁੜਿਆ ਹੋਇਆ ਹੈ ਜੋ ਕਿ ਹੁਣ ਬੇਹੱਦ ਘੱਟ ਰਿਹਾ ਹੈ।

ਜਸਲੀਨ ਤੰਦਰੁਸਤ ਮਨ ਅਤੇ ਤੰਦਰੁਸਤ ਕਾਇਆ ਦਾ ਹਵਾਲਾ ਦਿੰਦੇ ਹਨ।

ਉਹ ਕਹਿੰਦੇ ਹਨ ਕਿ ਮਨੁੱਖ ਦਾ ਮਨ ਇੰਨਾ ਤਾਕਤਵਰ ਹੈ ਕਿ ਕਿਸੇ ਤੰਦਰੁਸਤ ਵਿਅਕਤੀ ਨੂੰ ਬਿਮਾਰ ਕਰ ਸਕਦਾ ਹੈ ਅਤੇ ਜੇ ਕੋਈ ਬਿਮਾਰ ਹੈ ਤਾਂ ਉਹ ਆਪਣੀ ਸਵੈ-ਸ਼ਕਤੀ ਜ਼ਰੀਏ ਤੰਦਰੁਸਤ ਹੋ ਸਕਦਾ ਹੈ।

"ਪਰ ਇਹ ਇਕੱਲਤਾ ਜੇ ਲੰਬੀ ਚੱਲਦੀ ਹੈ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਮਾਨਸਿਕ ਰੋਗਾਂ ਦੇ ਨਾਲ-ਨਾਲ ਸਰੀਰਿਕ ਬਿਮਾਰੀਆਂ ਵੀ ਸਹੇੜ ਲਵਾਂਗੇ।"

ਡਿਜੀਟਲ ਡਿਟਾਕਸ ਕਰਨ ਵਾਲਿਆਂ ਦਾ ਤਜ਼ਰਬਾ

ਸਕੂਲ ਅਧਿਆਪਕਾ ਅਮਰਜੀਤ ਕੌਰ ਨੂੰ ਇਸ ਸਾਲ ਜੂਨ ਮਹੀਨੇ ਜਦੋਂ ਛੁੱਟੀਆਂ ਹੋਈਆਂ ਸਨ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਆਮ ਦਿਨਾਂ ਵਿੱਚ ਉਨ੍ਹਾਂ ਨੂੰ ਰੋਜ਼ਾਨਾਂ ਸਕੂਲ ਤੋਂ, ਬੱਚਿਆਂ ਦੇ, ਉਨ੍ਹਾਂ ਦੇ ਮਾਪਿਆਂ ਦੇ ਇੰਨੇ ਫ਼ੋਨ ਆਉਂਦੇ ਹਨ ਕਿ ਉਹ ਆਪਣੇ ਬੱਚਿਆਂ ਨੂੰ ਘੱਟ ਸਮਾਂ ਦੇ ਪਾਉਂਦੇ ਹਨ।

ਛੁੱਟੀਆਂ ਦੌਰਾਨ ਉਨ੍ਹਾਂ ਨੇ ਸੋਚਿਆ ਕਿ ਇਹ ਸਮਾਂ ਪੂਰੀ ਤਰ੍ਹਾਂ ਆਪਣੇ ਬੱਚਿਆਂ ਨਾਲ ਬਿਤਾਉਣਗੇ। ਬੱਚੇ ਜੋ ਇੱਕ ਛੇਵੀਂ ਕਲਾਸ ਵਿੱਚ ਹੈ ਅਤੇ ਇੱਕ ਦਸਵੀਂ ਵਿੱਚ।

ਪਰ ਪਹਿਲੇ ਦੋ ਹਫ਼ਤੇ ਬੀਤ ਗਏ ਪਰ ਉਹ ਉਨ੍ਹਾਂ ਨਾਲ ਸਮਾਂ ਨਹੀਂ ਬਿਤਾ ਸਕੇ, ਕਾਰਨ ਸੀ ਬੱਚੇ ਵੀ ਆਪੋ-ਆਪਣੇ ਫ਼ੋਨ ਉੱਤੇ ਰੁੱਝੇ ਰਹਿੰਦੇ ਸਨ ਅਤੇ ਅਮਰਜੀਤ ਖ਼ੁਦ ਵੀ ਦਿਨ ਦਾ ਬਹੁਤਾ ਸਮਾਂ ਕਦੇ ਸੋਸ਼ਲ ਮੀਡੀਆ ਉੱਤੇ ਅਤੇ ਕਦੀ ਆਪਣੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਨਾਲ ਫ਼ੋਨ 'ਤੇ ਗੱਲ ਕਰਦਿਆਂ ਬਿਤਾਉਂਦੇ।

ਫ਼ਿਰ ਉਨ੍ਹਾਂ ਨੇ ਆਪਣੀ ਫ਼ੋਨ ਦੀ ਆਦਤ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ। ਪਰਮਜੀਤ ਕਹਿੰਦੇ ਹਨ ਕਿ ਇਹ ਇੱਕ ਮੁਸ਼ਕਿਲ ਕੰਮ ਸੀ। ਕਿਉਂਕਿ ਵਾਰ-ਵਾਰ ਧਿਆਨ ਫ਼ੋਨ ਵੱਲ ਜਾਂਦਾ।

"ਮੈਂ ਹੋਰ ਕੁਝ ਨਾ ਵੀ ਦੇਖਦੀ ਤਾਂ ਪਲ-ਪਲ ਆਪਣਾ ਵਟਸਐਪ ਦੇਖਣ ਲੱਗਦੀ।"

ਉਨ੍ਹਾਂ ਨੇ ਇਸ ਦੇ ਹੱਲ ਵੱਜੋਂ ਆਪਣੀ ਇੱਕ ਦੋਸਤ ਦੀ ਸਲਾਹ ਉੱਤੇ ਡਿਜੀਟਲ ਡਿਟਾਕਸ ਐਪ ਦੀ ਮਦਦ ਲਈ।

ਅਮਰਜੀਤ ਕਹਿੰਦੇ ਹਨ, "ਮੈਂ ਤਾਂ ਕਦੇ ਇਸ ਬਾਰੇ ਸੁਣਿਆ ਵੀ ਨਹੀਂ ਸੀ। ਪਹਿਲੇ ਦਿਨ ਸਿਰਫ਼ ਦੋ ਘੰਟੇ ਲਈ ਫ਼ੋਨ ਬੰਦ ਕੀਤਾ।"

"ਕਿਉਂਕਿ ਮੈਂ ਖ਼ੁਦ ਫ਼ੋਨ ਬੰਦ ਕੀਤਾ ਇਸ ਕਰਕੇ ਬੱਚਿਆਂ ਨੂੰ ਵੀ ਅਜਿਹਾ ਕਰਨ ਲਈ ਕਿਹਾ। ਉਹ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਮਾਪਿਆਂ ਨੂੰ ਮਿਸਾਲ ਬਣਨਾ ਪੈਂਦਾ ਹੈ।"

"ਮੈਂ ਇਸ ਤੋਂ ਬਾਅਦ ਛੁੱਟੀਆਂ ਦੌਰਾਨ ਕਰੀਬ ਅੱਠ ਘੰਟੇ ਆਪਣਾ ਫ਼ੋਨ ਬੰਦ ਰੱਖਦੀ। ਇਸ ਨਾਲ ਮੇਰੇ ਕੋਲ ਸਮਾਂ ਵੀ ਵੱਧ ਗਿਆ ਅਤੇ ਮੇਰੇ ਮਨ ਨੂੰ ਵੀ ਸਕੂਨ ਮਹਿਸੂਸ ਹੋਇਆ। ਅਸੀਂ ਪਰਿਵਾਰ ਨੇ ਬਚੀਆਂ ਛੁੱਟੀਆਂ ਇੱਕ ਦੂਜੇ ਨਾਲ ਬਿਤਾਈਆਂ।"

"ਮੈਂ ਆਪਣੇ ਜਵਾਨ ਹੁੰਦੇ ਬੱਚਿਆਂ ਨਾਲ ਸਮਾਂ ਬਿਤਾਇਆ ਅਤੇ ਉਨ੍ਹਾਂ ਬਿਹਤਰ ਤਰੀਕੇ ਨਾਲ ਸਮਝ ਸਕੀ।"

ਹੁਣ ਡਿਜੀਟਲ ਡਿਟਾਕਸ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਹੈ।

ਜਸਲੀਨ ਗਿੱਲ ਇਸ ਮਾਮਲੇ ਉੱਤੇ ਕਹਿੰਦੇ ਹਨ ਕਿ ਸਕੂਲੀ ਅਤੇ ਮੁਕਾਬਲੇ ਦੀਆਂ ਪ੍ਰੀਖਿਆ ਦੇਣ ਵਾਲੇ ਬੱਚੇ ਜਿਨ੍ਹਾਂ ਉੱਤੇ ਪੜ੍ਹਾਈ ਦਾ ਕਾਫ਼ੀ ਬੋਝ ਰਹਿੰਦਾ ਹੈ ਲਈ ਡਿਜੀਟਲ ਡਿਟਾਕਸ ਦੀ ਹੋਰ ਵੀ ਅਹਿਮੀਅਤ ਹੋ ਜਾਂਦੀ ਹੈ।

"ਉਹ ਖ਼ੁਦ ਨੂੰ ਸਕਰੀਨ ਤੋਂ ਦੂਰ ਕਰਕੇ ਵਧੇਰੇ ਇਕਾਗਰਤਾ ਲਿਆ ਸਕਦੇ ਹਨ। ਕੰਮਾਂ ਵਿੱਚ ਡਿਲੇਅ ਤੋਂ ਵੀ ਬਚ ਸਕਦੇ ਹਨ ਜਿਸ ਨਾਲ ਮਾਨਸਿਕ ਤਣਾਅ ਘਟਾਇਆ ਜਾ ਸਕਦਾ ਹੈ।"

ਜਸਲੀਨ ਕਹਿੰਦੇ ਹਨ ਕਿ ਲਾਜ਼ਮੀ ਤੌਰ ਉੱਤੇ ਫ਼ੋਨ ਤੋਂ ਬਿਨ੍ਹਾਂ ਸਾਡੇ ਬਹੁਤ ਸਾਰੇ ਕੰਮ ਰੁਕ ਜਾਣਗੇ ਪਰ ਸਾਨੂੰ ਲਾਜ਼ਮੀ ਤੌਰ ਉੱਤੇ ਆਪਣੀਆਂ ਕੁਦਰਤੀ ਮਨੁੱਖੀ ਪ੍ਰਵਿਰਤੀਆਂ ਨੂੰ ਨਹੀਂ ਭੁੱਲਣਾ ਚਾਹੀਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)