ਕੀ ਮੋਬਾਇਲ ਫ਼ੋਨ ਨੂੰ ਕਵਰ ਤੋਂ ਬਗੈਰ ਰੱਖਣਾ ਸੁਰੱਖਿਅਤ ਹੈ, ਜਦੋਂ ਫੋਨ ਨੂੰ ਸੁੱਟਣ ਦੇ ਤਜਰਬੇ ਕੀਤੇ ਗਏ ਤਾਂ ਇਹ ਨਤੀਜੇ ਨਿਕਲੇ

    • ਲੇਖਕ, ਥੋਮਸ ਜਰਮੇਨ
    • ਰੋਲ, ਬੀਬੀਸੀ ਪੱਤਰਕਾਰ

ਸਮਾਰਟਫ਼ੋਨ ਪਹਿਲਾਂ ਨਾਲੋਂ ਮਜ਼ਬੂਤ ਹੋਏ ਹਨ ਅਤੇ ਕਈਆਂ ਦਾ ਕਹਿਣਾ ਹੈ ਕਿ ਹੁਣ ਫ਼ੋਨ ਨੂੰ ਕੇਸ ਨਾਲ ਸੁਰੱਖਿਅਤ ਕਰਨ ਦੀ ਲੋੜ ਨਹੀਂ ਰਹੇਗੀ।

ਮੈਂ ਵੀ ਇਸ ਕੇਸ ਤੋਂ ਬਗ਼ੈਰ ਫ਼ੋਨ ਦੀ ਹਮਾਇਤ ਕਰਨ ਵਾਲਿਆਂ ਦੇ ਗਰੁੱਪ ਦਾ ਹਿੱਸਾ ਬਣ ਗਿਆ। ਮਾਹਰਾਂ ਦੇ ਬੁਲਾਉਣ ਉੱਤੇ ਤਿਆਰ ਹੋ ਗਿਆ ਕਿ ਜੇ ਫ਼ੋਨ ਦੀ ਸਕਰੀਨ ਟੁੱਟਦੀ ਹੈ ਤਾਂ ਟੁੱਟ ਜਾਵੇ।

ਕੁਝ ਮਹੀਨੇ ਪਹਿਲਾਂ ਮੈਂ ਇੱਕ ਨਵਾਂ ਆਈਫ਼ੋਨ ਖਰੀਦਣ ਲਈ ਇੱਕ ਐਪਲ ਸਟੋਰ ਵਿੱਚ ਗਿਆ ਸੀ। ਵੱਖ-ਵੱਖ ਮਾਡਲ ਦੇਖੇ ਜਾਣਿਆ ਕਿ ਕੀ ਕੁਝ ਅਪਗ੍ਰੇਡ ਹੋਇਆ ਹੈ ਅਤੇ ਇੱਕ ਖੁਸ਼ ਮਿਜ਼ਾਜ ਸੇਲਜ਼ਗਰਲ ਨੇ ਮੈਨੂੰ ਦੱਸਿਆ ਕਿ ਜਿਹੜਾ ਫ਼ੋਨ ਮੈਂ ਖ਼ਰੀਦਣਾ ਚਾਹੁੰਦਾ ਹਾਂ ਉਸ ਦੀ ਕੀਮਤ 1,199 ਡਾਲਰ ਹੋ ਗਈ ਹੈ।

ਜਦੋਂ ਮੈਂ ਦੱਸਿਆ ਕਿ ਇਹ ਮੇਰੇ ਇੱਕ ਮਹੀਨੇ ਦੇ ਕਿਰਾਏ ਦੇ ਬਰਾਬਰ ਹੈ ਤਾਂ ਉਹ ਹੱਸ ਪਈ।

ਉਸ ਨੇ ਕਿਹਾ, "ਪਾਗਲਪਨ ਹੈ, ਹੈ ਨਾ?"

ਫ਼ਿਰ ਉਹ ਬੋਲੀ,"ਹੁਣ ਆਓ ਕੁਝ ਫ਼ੋਨ ਕੇਸ ਵੇਖੀਏ।"

ਇਹ ਅਗਲਾ ਕਦਮ ਸਪੱਸ਼ਟ ਜਾਪਦਾ ਸੀ। ਪਰ ਜਦੋਂ ਮੋਬਾਈਲ ਫੋਨਾਂ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ, ਤਾਂ ਵੀ ਕੁਝ ਸਮਝਦਾਰ ਜਾਪਦੇ ਖਪਤਕਾਰ ਇੱਕ ਵੱਖਰੇ ਰਸਤੇ 'ਤੇ ਜਾ ਰਹੇ ਹਨ।

ਉਹ ਆਪਣੇ ਫੋਨਾਂ ਨੂੰ ਪੂਰੀ ਤਰ੍ਹਾਂ ਬਿਨ੍ਹਾਂ ਕਿਸੇ ਕਵਰ ਜਾਂ ਕੇਸ ਦੇ ਲੈ ਕੇ ਘੁੰਮ ਰਹੇ ਹਨ, ਕੰਕਰੀਟ, ਪਾਣੀ ਅਤੇ ਧੂੜ ਵਿੱਚੋਂ ਬਿਨਾਂ ਕਿਸੇ ਕਵਰ, ਕੋਈ ਸਕ੍ਰੀਨ ਪ੍ਰੋਟੈਕਟਰ, ਕੁਝ ਵੀ ਨਹੀਂ ਪਰ ਫ਼ੋਨ ਉਨ੍ਹਾਂ ਦੇ ਹੱਥ ਵਿੱਚ ਹਨ।

ਮੈਂ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਜਾਣਦਾ ਹਾਂ। ਉਨ੍ਹਾਂ ਦੇ ਫ਼ੋਨ ਚਮਕਦਾਰ ਹਨ, ਟਾਈਟੇਨੀਅਮ ਫਰੇਮਾਂ ਅਤੇ ਧਿਆਨ ਨਾਲ ਇੰਜੀਨੀਅਰ ਕੀਤੇ ਸ਼ੀਸ਼ੇ ਦੇ ਨਾਲ ਪੂਰੀ ਸੁਰੱਖਿਅਤ ਡਿਸਪਲੇਅ ਵਾਲੇ ਹਨ।

ਉਹ ਬਹੁਤ ਖੁਸ਼ ਅਤੇ ਬੇਫ਼ਿਕਰ ਜਾਪਦੇ ਹਨ। ਕੀ ਇਹ ਸਭ ਮੇਰੇ ਦਿਮਾਗ ਵਿੱਚ ਹੈ? ਕੀ ਡਰ ਹੀ ਇੱਕੋ ਇੱਕ ਚੀਜ਼ ਹੈ ਜੋ ਮੇਰੇ ਅਤੇ ਬਗ਼ੈਰ ਕਵਰ ਦੇ ਫ਼ੋਨ ਰੱਖਣ ਵਾਲੇ ਲੋਕਾਂ ਦੇ ਅਨੰਦ ਦੇ ਵਿਚਕਾਰ ਖੜ੍ਹੀ ਹੈ?

ਇੱਕ ਦੋਸਤ ਨੇ ਮੈਨੂੰ ਕੁਝ ਹਫ਼ਤਿਆਂ ਬਾਅਦ ਕਿਹਾ, "ਆ ਯਾਰ, ਜ਼ਰਾ ਲਓ ਕਿ ਇਹ ਕਿਵੇਂ ਮਹਿਸੂਸ ਹੁੰਦਾ ਹੈ।"

ਇੱਕ ਮਾਣਮੱਤੇ ਬਿਨਾਂ ਕਵਰ ਦੇ ਫ਼ੋਨ ਰੱਖਣ ਵਾਲੇ ਵਿਅਕਤੀ ਨੇ ਮੈਨੂੰ ਆਪਣਾ ਆਈਫੋਨ ਫੜਾ ਦਿੱਤਾ।

ਇਹ ਬਿਨਾਂ ਕਵਰ ਦੇ ਕਿਤੇ ਜ਼ਿਆਦਾ ਸੁੰਦਰ ਸੀ ਅਤੇ ਫੜਨ ਵਿੱਚ ਵੀ ਬਿਹਤਰ ਸੀ।

"ਉਹ ਹੁਣ ਫ਼ੋਨਾਂ ਨੂੰ ਹੋਰ ਵੀ ਮਜ਼ਬੂਤ ਬਣਾਉਂਦੇ ਹਨ। ਮੇਰੇ ਤੋਂ ਕਈ ਵਾਰ ਇਹ ਡਿੱਗ ਵੀ ਪੈਂਦਾ ਹੈ ਪਰ ਇਹ ਠੀਕ ਹੈ।"

ਉਦੋਂ ਤੋਂ ਲੈ ਕੇ ਹੁਣ ਤੱਕ ਮੇਰੀ ਜਿੰਨੇ ਕੱਚ ਬਣਾਉਣ ਵਾਲੇ ਨਿਰਮਾਤਾਵਾਂ, ਕਵਰ ਵਿਰੋਧੀ ਲੋਕਾਂ ਅਤੇ ਜਾਣਬੁੱਝ ਕੇ ਫ਼ੋਨਾਂ ਨੂੰ ਨੁਕਸਾਨ ਪਹੁੰਚਾ ਕੇ ਪੈਸੇ ਕਮਾਉਣ ਵਾਲੇ ਲੋਕਾਂ ਨਾਲ ਮੇਰੀ ਗੱਲਬਾਤ ਹੋਈ ਸਭ ਤੋਂ ਲੱਗਦਾ ਹੈ ਕਿ ਫ਼ੋਨ ਬਿਨ੍ਹਾਂ ਕਵਰ ਦੇ ਵੀ ਸਹੀ ਰਹਿ ਸਕਦਾ ਹੈ।

ਮਾਹਰ ਇਸ ਗੱਲ ਨਾਲ ਸਹਿਮਤ ਹਨ, ਆਧੁਨਿਕ ਸਮਾਰਟਫੋਨ ਪੁਰਾਣੇ ਜਾਂ ਸ਼ੁਰੂਆਤ ਵਿੱਚ ਬਣੇ ਫ਼ੋਨਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ। ਫਿਰ ਵੀ, ਜ਼ਿਆਦਾਤਰ ਲੋਕ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਸੁਰੱਖਿਆ ਲਈ ਕਵਰ ਦੀ ਵਰਤੋਂ ਕਰਦੇ ਹਨ। ਤਾਂ ਇੱਥੇ ਪਾਗਲ ਕੌਣ ਹੈ?

ਮੈਂ ਇਹ ਪਤਾ ਲਗਾਉਣ ਦਾ ਫ਼ੈਸਲਾ ਕੀਤਾ। ਜਦੋਂ ਮੈਂ ਘਰ ਪਹੁੰਚਿਆ, ਮੈਂ ਆਪਣੇ ਫ਼ੋਨ ਦਾ ਕਵਰ ਲਾਹ ਦਿੱਤਾ, ਇਸਨੂੰ ਦਰਾਜ਼ ਵਿੱਚ ਸੁੱਟ ਦਿੱਤਾ ਅਤੇ ਕਵਰ ਦੇ ਬਗ਼ੈਰ ਨਾਲ ਇੱਕ ਮਹੀਨਾ ਬੀਤਾਇਆ।

ਇਹ ਤਜ਼ਰਬਾ ਮੈਂ ਬੀਬੀਸੀ ਦੇ ਸੀਨੀਅਰ ਤਕਨੀਕੀ ਪੱਤਰਕਾਰ ਹੋਣ ਨਾਤੇ ਕਰ ਰਿਹਾ ਸੀ। ਬੀਬੀਸੀ ਨੂੰ ਇਹ ਵਿਚਾਰ ਪਸੰਦ ਆਇਆ ਪਰ ਮੈਨੂੰ ਨਾਲ ਹੀ ਕਿਹਾ ਗਿਆ ਕਿ ਜੇਕਰ ਮੇਰਾ ਪ੍ਰਯੋਗ ਖਰਾਬ ਹੋ ਗਿਆ ਤਾਂ ਬੀਬੀਸੀ ਮੁਰੰਮਤ ਦਾ ਭੁਗਤਾਨ ਨਹੀਂ ਕਰੇਗਾ। ਮੈਂ ਸੋਚਿਆ ਰੱਬਾ ਮੇਰੇ 'ਤੇ ਰਹਿਮ ਕਰ।

ਟੁੱਟਿਆ ਹੋਇਆ ਸ਼ੀਸ਼ਾ

ਇਸ ਬਾਰੇ ਬਹੁਤ ਚਰਚਾ ਹੋਈ ਹੈ ਕਿ ਕਿਵੇਂ ਕੇਸਲੈੱਸ ਹੋਣਾ ਕੁਝ ਲੋਕਾਂ ਲਈ ਇੱਕ ਸਟੇਟਸ ਸਿੰਬਲ ਬਣ ਗਿਆ ਹੈ ਜੋ ਕਲਾਸ ਅਤੇ ਆਤਮਵਿਸ਼ਵਾਸ ਦੀ ਭਾਵਨਾ ਦਿਖਾਉਣਾ ਚਾਹੁੰਦੇ ਹਨ।

ਜਦੋਂ ਮੈਂ ਤਕਨੀਕੀ ਕਾਰਜਕਾਰੀਆਂ ਅਤੇ ਉੱਦਮੀਆਂ ਦਾ ਇੰਟਰਵਿਊ ਲੈਂਦਾ ਹਾਂ, ਉਦਾਹਰਣ ਵਜੋਂ, ਫ਼ੋਨ ਕੇਸ ਇੱਕ ਦੁਰਲੱਭ ਜਿਹੀ ਚੀਜ਼ ਹੋ ਗਏ ਹਨ।

ਡੀਜੇ ਲਈ ਇੱਕ ਲਾਈਵ ਆਡੀਓ ਪਲੇਟਫਾਰਮ, ਬਲਾਸਟ ਰੇਡੀਓ ਦੇ ਮੁੱਖ ਕਾਰਜਕਾਰੀ ਅਫਸਰ ਯੂਸਫ਼ ਅਲੀ ਕਹਿੰਦੇ ਹਨ, "ਤੁਸੀਂ ਕਹਿ ਰਹੇ ਹੋ ਕਿ ਮੈਂ ਇਸਨੂੰ ਬਦਲਣ ਦਾ ਖਰਚਾ ਚੁੱਕ ਸਕਦਾ ਹਾਂ। ਪਰ ਇਹ ਮੇਰੇ ਲਈ ਮਾਇਨੇ ਨਹੀਂ ਰੱਖਦਾ ਕਿ ਫ਼ੋਨ ਕਿਸ ਤਰ੍ਹਾਂ ਦਾ ਦਿੱਖਦਾ ਹੈ। ਮੈਂ ਆਪਣੇ ਪਹਿਲੇ ਸਟਾਰਟਅੱਪ ਤੋਂ ਪਹਿਲਾਂ ਹੀ ਇੱਕ ਨੋ-ਕੇਸ ਮੁੰਡਾ ਸੀ।"

"ਮੈਨੂੰ ਇਹ ਸਿਰਫ਼ 1,000 ਡਾਲਰ ਦਾ ਇੱਕ ਲਗਜ਼ਰੀ ਡਿਵਾਈਸ ਹੋਣਾ ਮੂਰਖਤਾ ਭਰਿਆ ਲੱਗਦਾ ਹੈ ਜੇ ਮੈਂ ਇਸਦੇ ਮਟੀਰੀਅਲ ਡਿਜ਼ਾਈਨ ਜਿਸ ਲਈ ਇਸ ਨੂੰ ਜਾਣਿਆ ਜਾਂਦਾ ਹੈ, ਦੀ ਬਜਾਇ ਆਪਣਾ ਦਿਨ 30 ਡਾਲਰ ਦੇ ਪਲਾਸਟਿਕ ਕਵਰ ਨੂੰ ਹੱਥ ਲਈ ਵਿੱਚ ਲਈ ਬਿਤਾਵਾਂ।"

"ਇਹ ਕੱਪੜੇ ਨੂੰ ਬਚਾਉਣ ਲਈ ਆਪਣੇ ਸੋਫੇ 'ਤੇ ਪਾਲਸਟਿਕ ਦਾ ਕਵਰ ਲਗਾਉਣ ਵਰਗਾ ਹੈ। ਮੇਰੇ ਕੋਲ ਮਹਿੰਗੀਆਂ ਪੈਂਟਾਂ ਵੀ ਹਨ, ਕੀ ਮੈਨੂੰ ਉਨ੍ਹਾਂ ਦੀ ਰੱਖਿਆ ਲਈ ਪੈਂਟਾਂ ਦਾ ਇੱਕ ਵਾਧੂ ਜੋੜਾ ਪਹਿਨਣਾ ਚਾਹੀਦਾ ਹੈ? ਇਹ ਗ਼ਲਤ ਹੈ?"

ਮੈਂ ਐਵੇਂ ਹੀ ਨਹੀਂ ਕਹਾਂਗਾ ਕਿ ਫ਼ੋਨ ਕੇਸ ਤੋਂ ਬਿਨ੍ਹਾਂ ਪਹਿਲਾ ਹਫ਼ਤਾ ਮੈਨੂੰ ਕੁਝ ਠੰਡਾ ਮਹਿਸੂਸ ਨਹੀਂ ਕਰਵਾਉਂਦਾ।

ਜੇਕਰ ਤੁਸੀਂ ਇਹ ਮੋਬਾਈਲ ਫ਼ੋਨ 'ਤੇ ਪੜ੍ਹ ਰਹੇ ਹੋ, ਤਾਂ ਤੁਸੀਂ ਸ਼ਾਇਦ ਗੋਰੀਲਾ ਗਲਾਸ ਨੂੰ ਦੇਖ ਰਹੇ ਹੋ , ਜੋ ਕਿ ਕੌਰਨਿੰਗ ਨਾਮ ਦੀ ਕੰਪਨੀ ਬਣਾਉਂਦੀ ਹੈ। ਉਨ੍ਹਾਂ ਨੇ ਇਹ ਪੇਟੈਂਟ ਕਰਵਾਇਆ ਹੈ ਅਤੇ ਸਮੈਸ਼-ਰੋਧਕ ਤਕਨਾਲੋਜੀ ਹੈ।

ਸਾਰੇ ਵੱਡੇ-ਵੱਡੇ ਫੋਨ ਨਿਰਮਾਤਾ ਆਪਣੀਆਂ ਕੁਝ ਜਾਂ ਸਾਰੀਆਂ ਸਕ੍ਰੀਨਾਂ ਲਈ ਗੋਰੀਲਾ ਗਲਾਸ ਜਾਂ ਕਿਸੇ ਹੋਰ ਕਾਰਨਿੰਗ ਉਤਪਾਦ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚ ਐਪਲ, ਗੂਗਲ, ਹੁਆਵੇਈ ਅਤੇ ਸੈਮਸੰਗ ਸ਼ਾਮਲ ਹਨ।

ਪੁਰਾਣੇ ਫੋਨਾਂ ਅਤੇ ਬਜਟ ਬ੍ਰਾਂਡਾਂ ਲਈ ਕੁਝ ਅਪਵਾਦ ਹਨ, ਪਰ ਜ਼ਿਆਦਾਤਰ ਮਾਰਕੀਟ ਨੂੰ ਕੌਰਨਿੰਗ ਨੇ ਘੇਰਾ ਪਾਇਆ ਹੀ ਹੋਇਆ ਹੈ।

ਗੋਰੀਲਾ ਨੂੰ 400 ਸੀ (752ਐੱਫ਼) ਤੱਕ ਗਰਮ ਕੀਤੇ ਪਿਘਲੇ ਹੋਏ ਕੱਚ ਨੂੰ ਨਮਕ ਦੇ ਪਾਣੀ ਵਿੱਚ ਡੁਬੋ ਕੇ ਇਸ ਨੂੰ ਤਿਆਰ ਕੀਤਾ ਜਾਂਦਾ ਹੈ।

ਗੋਰੀਲਾ ਗਲਾਸ ਲਈ ਕਾਰਨਿੰਗ ਦੀ ਤਕਨਾਲੋਜੀ ਨਿਰਦੇਸ਼ਕ ਲੋਰੀ ਹੈਮਿਲਟਨ ਕਹਿੰਦੇ ਹਨ, "ਪਾਣੀ ਵਿੱਚ ਪਾ ਕੇ ਕੱਚ ਵਿੱਚੋਂ ਛੋਟੇ ਆਇਨਾਂ ਜਿਵੇਂ ਕਿ ਲਿਥੀਅਮ ਨੂੰ ਬਾਹਰ ਕੱਢਕੇ ਵੱਡੇ ਆਇਨਾਂ ਜਿਵੇਂ ਕਿ ਪੋਟਾਸ਼ੀਅਮ ਵਿੱਚ ਬਦਲਿਆ ਜਾਂਦਾ ਹੈ।" ।

"ਇਹ ਇੱਕ ਪਰਤ ਬਣਾਉਂਦਾ ਹੈ ਜੋ ਸ਼ੀਸ਼ੇ ਨੂੰ ਬਿਹਤਰ ਬਣਾਉਂਦੀ ਹੈ।"

ਦੂਜੇ ਸ਼ਬਦਾਂ ਵਿੱਚ, ਇਹ ਗਲਾਸ ਅਜਿਹਾ ਬਣਾ ਦਿੰਦਾ ਹੈ ਜਿਸ ਨਾਲ ਉਹ ਨੁਕਸਾਨ ਲਈ ਘੱਟ ਸੰਵੇਦਨਸ਼ੀਲ ਹੁੰਦਾ ਹੈ।

ਕਾਰਨਿੰਗ ਦੀ ਖੋਜ ਸੀ ਕਿ ਫ਼ੋਨਾਂ ਨੂੰ ਅਜਿਹੇ ਨੁਕਸਾਨ ਤੋਂ ਕਿਵੇਂ ਬਚਾਇਆ ਜਾਵੇ ਜੋ ਸਹਿਜ ਸੁਭਾਅ ਹੋ ਜਾਂਦੇ ਹਨ।

ਫੋਨਾਂ ਨੂੰ ਵਿਸ਼ੇਸ਼ ਸ਼ੀਸ਼ੇ ਦੀਆਂ ਖੁਰਚਣ ਵਾਲੀਆਂ ਮਸ਼ੀਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜੇਬਾਂ ਦੇ ਹਾਲਾਤ ਦਿਖਾਉਣ ਲਈ ਕਾਰ ਦੀਆਂ ਚਾਬੀਆਂ ਵਾਲੇ ਟੰਬਲਰਾਂ ਵਿੱਚ ਰੱਖਿਆ ਜਾਂਦਾ ਹੈ।

ਕਾਰਨਿੰਗ ਨੇ ਜੰਗਲ ਵਿੱਚ ਫ਼ੋਨ ਇਸਤੇਮਾਲ ਕਰਨ ਵਾਲੇ ਖਪਤਕਾਰਾਂ ਵਲੋਂ ਅਸਾਧਾਰਨ ਨੁਕਸਾਨ ਦਾ ਸਾਹਮਣਾ ਕਰਨ ਲਈ ਸੁਚੇਤ ਖੋਜ ਕੀਤੀ ਹੈ।

ਹੈਮਿਲਟਨ ਕਹਿੰਦੇ ਹਨ, "ਫਿਰ ਅਸੀਂ ਇੱਕ ਸੀਐੱਸਆਈ ਤਜ਼ਰਬਾ ਕਰਦੇ ਹਾਂ ਜਿਸ ਨੂੰ ਫ੍ਰੈਕਚਰ ਵਿਸ਼ਲੇਸ਼ਣ ਕਿਹਾ ਜਾਂਦਾ ਹੈ, ਜਿੱਥੇ ਅਸੀਂ ਅਸਲ ਫ੍ਰੈਕਚਰ ਦੇ ਸਰੋਤ ਨੂੰ ਸਮਝਣ ਲਈ ਕੱਚ ਦੇ ਛੋਟੇ-ਛੋਟੇ ਟੁਕੜਿਆਂ ਦਾ ਅਧਿਐਨ ਕਰਦੇ ਹਾਂ।"

ਜਦੋਂ ਤੁਹਾਡਾ ਫ਼ੋਨ ਟੁੱਟਦਾ ਹੈ, ਤਾਂ ਜ਼ਿਆਦਾਤਰ ਸਮਾਂ ਸਕਰੀਨ ਹੀ ਖ਼ਰਾਬ ਹੋ ਜਾਂਦੀ ਹੈ । ਪਰ ਹੈਮਿਲਟਨ ਦੇ ਮੁਤਾਬਕ, ਹਾਲ ਹੀ ਦੇ ਸਾਲਾਂ ਵਿੱਚ ਨਤੀਜਿਆਂ ਵਿੱਚ ਨਾਟਕੀ ਢੰਗ ਨਾਲ ਸੁਧਾਰ ਹੋਇਆ ਹੈ ਅਤੇ ਅੱਜ ਦੇ ਸਮਾਰਟਫ਼ੋਨ ਬਹੁਤ ਮਜ਼ਬੂਤ ਹਨ। 2016 ਵਿੱਚ, ਕਾਰਨਿੰਗ ਨੇ ਰਿਪੋਰਟ ਦਿੱਤੀ ਕਿ ਗੋਰੀਲਾ ਗਲਾਸ 5 ਪ੍ਰਯੋਗਸ਼ਾਲਾ ਵਿੱਚ 0.8 ਮੀਟਰ (2.6 ਫੁੱਟ) ਤੋਂ ਸੁਟਿਆ ਗਿਆ ਅਤੇ ਇਹ ਨੁਕਸਾਨ ਤੋਂ ਬਚ ਗਿਆ।

2020 ਵਿੱਚ ਗੋਰੀਲਾ ਗਲਾਸ ਵਿਕਟਸ ਨਾਲ 2 ਮੀਟਰ (6.6 ਫੁੱਟ) ਤੱਕ ਵਧ ਗਿਆ। ਗੋਰੀਲਾ ਆਰਮਰ 2 , ਜੋ ਕਿ ਕਾਰਨਿੰਗ ਦੇ ਨਵੀਨਤਮ ਉਤਪਾਦਾਂ ਵਿੱਚੋਂ ਇੱਕ ਹੈ ਜੋ ਸੈਮਸੰਗ ਅਲਟਰਾ ਐੱਸ25 'ਤੇ ਇਸਤੇਮਾਲ ਕੀਤਾ ਗਿਆ ਹੈ, ਨੂੰ ਕਥਿਤ ਤੌਰ 'ਤੇ 2.2 ਮੀਟਰ (7.2 ਫੁੱਟ) ਤੱਕ ਦੀ ਉਚਾਈ ਤੋਂ ਤਜ਼ਰਬੇ ਲਈ ਸੁੱਟਿਆ ਗਿਆ।

ਬਾਹਰੀ ਸਬੂਤ ਫ਼ੋਨ ਸਮੱਗਰੀ, ਤਿਆਰ ਕਰਨ ਦੀ ਤਕਨੀਕ ਅਤੇ ਡਿਜ਼ਾਈਨ ਵਿੱਚ ਇਨ੍ਹਾਂ ਸੁਧਾਰਾਂ ਦੇ ਅਸਰ ਦੀ ਹਾਮੀ ਭਰਦੇ ਨਜ਼ਰ ਆਉਂਦੇ ਹਨ।

2024 ਵਿੱਚ, ਬੀਮਾ ਕੰਪਨੀ ਆਲਸਟੇਟ, ਜੋ ਫ਼ੋਨ ਸੁਰੱਖਿਆ ਯੋਜਨਾਵਾਂ ਵੇਚਦੀ ਹੈ, ਨੇ ਪਾਇਆ ਕਿ 78 ਮਿਲੀਅਨ ਅਮਰੀਕੀਆਂ ਨੇ ਆਪਣੇ ਫ਼ੋਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਰਿਪੋਰਟ ਕੀਤੀ, ਜਦੋਂ ਕਿ 2020 ਵਿੱਚ ਇਹ ਗਿਣਤੀ 87 ਮਿਲੀਅਨ ਸੀ।

ਹੈਮਿਲਟਨ ਕਹਿੰਦੇ ਹਨ, "ਅਸੀਂ 'ਅਟੁੱਟ' ਸ਼ਬਦ ਦੀ ਵਰਤੋਂ ਨਹੀਂ ਕਰਦੇ।"

"ਹਮੇਸ਼ਾ ਅਸਫਲਤਾਵਾਂ ਹੋਣਗੀਆਂ। ਹਮੇਸ਼ਾ ਅਜਿਹੀਆਂ ਸਥਿਤੀਆਂ ਹੁੰਦੀਆਂ ਹਨ ਜਿੱਥੇ ਤੁਹਾਨੂੰ ਵੱਡੇ ਨੁਕਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"

ਪਰ ਹੈਮਿਲਟਨ ਕਹਿੰਦਾ ਹੈ ਕਿ ਕਵਰ ਦੀ ਵਰਤੋਂ ਛੱਡਣਾ ਵਾਜਬ ਹੈ ਅਤੇ ਇਸ ਸਮੇਂ ਇਹ ਸਿਰਫ਼ ਤਰਜੀਹ ਦਾ ਮਾਮਲਾ ਹੈ।

ਉਹ ਕਹਿੰਦੇ ਹਨ,"ਆਖ਼ਰਕਾਰ, ਫ਼ੋਨ ਇੱਕ ਨਿਵੇਸ਼ ਹਨ।"

"ਮੈਂ ਸਕਰੀਨ ਪ੍ਰੋਟੈਕਟਰ ਦੀ ਵਰਤੋਂ ਨਹੀਂ ਕਰਦੀ, ਪਰ ਮੈਂ ਅਸਲ ਵਿੱਚ ਇੱਕ ਕਵਰ ਦੀ ਵਰਤੋਂ ਕਰਦੀ ਹਾਂ।"

"ਹਾਲਾਂਕਿ, ਇਹ ਸੁਰੱਖਿਆ ਲਈ ਨਹੀਂ ਹੈ। ਇਹ ਇੱਕ ਬਟੂਏ ਦਾ ਕੰਮ ਦਿੰਦਾ ਕਵਰ ਹੈ। ਮੈਨੂੰ ਸਿਰਫ਼ ਕਾਰਡ ਅਤੇ ਪੈਸੇ ਰੱਖਣ ਦੀ ਇਹ ਪਸੰਦ ਹੈ।"

'ਇਸ ਨੇ ਮੈਨੂੰ ਵਧੇਰੇ ਸੁਚੇਤ ਕਰ ਦਿੱਤਾ ਹੈ'

ਗੋਰੀਲਾ ਗਲਾਸ ਦੀ ਖੋਜ ਆਈਫੋਨ ਲਈ ਕੀਤੀ ਗਈ ਸੀ, ਹਾਲਾਂਕਿ ਨਵੀਨਤਮ ਮਾਡਲ "ਨੈਨੋ-ਸਿਰੇਮਿਕ ਕ੍ਰਿਸਟਲ" ਨਾਲ ਬਣੀ "ਸਿਰੇਮਿਕ ਸ਼ੀਲਡ" ਨਾਮਕ ਇੱਕ ਸਮਾਨ ’ਤੇ ਅਪਗ੍ਰੇਡ ਕੀਤੀ ਕਾਰਨਿੰਗ ਗਲਾਸ ਤਕਨਾਲੋਜੀ ਦੀ ਵਰਤੋਂ ਕਰਦੇ ਹਨ।

ਐਪਲ ਦਾ ਦਾਅਵਾ ਹੈ ਕਿ ਆਈਫ਼ੋਨ 16 ਲਈ ਸਿਰੇਮਿਕ ਸ਼ੀਲਡ ਦੀ ਨਵੀਨਤਮ ਦੁਹਰਾਓ ਇਸਨੂੰ ਕਿਸੇ ਵੀ ਹੋਰ ਸਮਾਰਟਫੋਨ ਦੇ ਸ਼ੀਸ਼ੇ ਨਾਲੋਂ '2 ਗੁਣਾ ਮਜ਼ਬੂਤ' ਬਣਾਉਂਦੇ ਹਨ।

ਐਪਲ ਤੁਹਾਨੂੰ ਸਿਰੇਮਿਕਸ ਦੇ ਚਮਤਕਾਰਾਂ ਦਾ ਹਵਾਲਾ ਦੇ ਕੇ ਫੋ਼ਨ ਵੇਚੇਗਾ, ਪਰ ਕੀ ਤੁਹਾਨੂੰ ਐਪਲ ਲੋਗੋ ਵਾਲੀ ਮੋਹਰ ਵਾਲਾ ਕਵਰ ਵੇਚਣ ਵਿੱਚ ਵੀ ਖੁਸ਼ੀ ਮਹਿਸੂਸ ਕਰਦਾ ਹੈ।

ਮੇਰੇ ਆਈਫੋਨ ਸੇਲਜ਼ਪਰਸਨ ਨੇ ਸੁਝਾਅ ਦਿੱਤਾ ਕਿ ਮੈਨੂੰ 49 ਡਾਲਰ ਦਾ ਇੱਕ ਵਧੀਆ ਨੀਲਾ ਕਵਰ ਪਸੰਦ ਆ ਸਕਦਾ ਹੈ। ਤਾਂ, ਕੀ ਇੱਕ ਆਈਫੋਨ ਨੂੰ ਕਵਰ ਦੀ ਲੋੜ ਹੈ?

ਇੱਕ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਐਪਲ ਇਹ ਨਹੀਂ ਕਹੇਗਾ।

ਦੂਜੇ ਪਾਸੇ, ਫ਼ੋਨ ਕੇਸ ਨਿਰਮਾਤਾ ਸਪਾਈਗਨ ਦੇ ਅਧਿਕਾਰੀ ਗੱਲ ਕਰਕੇ ਖੁਸ਼ ਸੀ।

ਸਪਾਈਗਨ ਦੇ ਬੁਲਾਰੇ ਜਸਟਿਨ ਮਾ ਕਹਿੰਦੇ ਹਨ, "ਇਹ ਸੱਚ ਹੈ ਕਿ ਫੋਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਟਿਕਾਊ ਹਨ।"

"ਹਾਲਾਂਕਿ, ਇਨ੍ਹਾਂ ਤਰੱਕੀਆਂ ਦੇ ਬਾਵਜੂਦ, ਇਹ ਡਿਵਾਈਸ ਹਮੇਸ਼ਾ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।"

ਪਰ ਮਾ ਵੀ ਕਵਰ ਨੂੰ ਜ਼ਰੂਰੀ ਨਹੀਂ ਕਹਿੰਦੇ।

"ਤੁਸੀਂ ਸਾਡੇ ਤੋਂ ਇਹ ਉਮੀਦ ਕਰ ਸਕਦੇ ਹੋ ਕਿ ਅਸੀਂ ਕਹਾਂਗੇ ਕਿ ਹਰ ਕਿਸੇ ਨੂੰ ਫ਼ੋਨ ਕਵਰ ਕਰਨ ਦੀ ਲੋੜ ਹੁੰਦੀ ਹੈ। ਪਰ ਅਸਲੀਅਤ ਇਹ ਹੈ ਕਿ ਇਹ ਵਿਅਕਤੀ 'ਤੇ ਨਿਰਭਰ ਕਰਦਾ ਹੈ।"

ਕੁਝ ਲੋਕ ਬਗ਼ੈਰ ਕਵਰ ਦੇ ਫ਼ੋਨ ਦਾ ਅਹਿਸਾਸ ਪਸੰਦ ਕਰਦੇ ਹਨ, ਕੁਝ ਵੱਧ ਤੋਂ ਵੱਧ ਸੁਰੱਖਿਆ ਚਾਹੁੰਦੇ ਹਨ ਅਤੇ ਫਿਰ ਵੀ ਦੂਸਰੇ ਸੁਹਜ ਦਾ ਹਵਾਲਾ ਦੇ ਕੇ ਕਵਰ ਦੀ ਚੋਣ ਕਰਦੇ ਹਨ।

ਕਾਰਨ ਜੋ ਵੀ ਹੋਣ, ਕੇਸ ਯੂਜ਼ਰ ਦਾ ਬਾਜ਼ਾਰ ਇੱਕ ਵੱਡੀ ਸੰਭਾਵਨਾ ਵਾਲੇ ਹੈ।

ਮਾ ਦਾ ਕਹਿਣਾ ਹੈ ਕਿ ਇਕੱਲੇ ਸਪਾਈਗਨ ਕੇਸ 100 ਮਿਲੀਅਨ ਡਿਵਾਈਸਾਂ ਨੂੰ ਕਵਰ ਕਰਦੇ ਹਨ।

ਸਲਾਹਕਾਰ ਫਰਮ ਟੂਵਾਰਡਜ਼ ਪੈਕੇਜਿੰਗ ਨੇ 2024 ਵਿੱਚ ਗਲੋਬਲ ਫੋਨ ਕੇਸ ਮਾਰਕੀਟ ਤਕਰੀਬਨ 25 ਬਿਲੀਅਨ ਤੱਕ ਪਹੁੰਚ ਚੁੱਕੀ ਹੈ।

ਮੈਂ ਆਪਣੀ ਰਸੋਈ ਵਿੱਚ ਖੜ੍ਹਾ ਇੱਕ ਗਲਾਸ ਪਾਣੀ ਪੀ ਰਿਹਾ ਸੀ ਜਦੋਂ ਸੌਣ ਤੋਂ ਪਹਿਲਾਂ ਫ਼ੋਨ ਦੇਖਣ ਵਾਲਾ ਖਿਆਲ ਆਇਆ।

ਮੈਂ ਆਪਣੀ ਜੇਬ ਵਿੱਚੋਂ ਆਪਣਾ ਫ਼ੋਨ ਕੱਢਿਆ, ਮੇਰੀਆਂ ਉਂਗਲਾਂ ਫਿਸਲ ਗਈਆਂ। ਮੇਰਾ ਪੁਰਾਣਾ ਆਈਫੋਨ ਹਵਾ ਵਿੱਚ ਉੱਛਲਿਆ, ਮੇਰੇ ਫਰਿੱਜ ਦੇ ਇੱਕ ਪਾਸੇ ਅਤੇ ਮੇਰੇ ਪੈਰਾਂ ਕੋਲ, ਕੋਨੇ ਵਿੱਚ, ਜ਼ੋਰ ਨਾਲ ਡਿੱਗ ਪਿਆ।

ਪਰ ਜਦੋਂ ਮੈਂ ਚੈੱਕ ਕੀਤਾ, ਤਾਂ ਮੇਰਾ ਫ਼ੋਨ ਠੀਕ ਸੀ, ਸ਼ਾਇਦ ਸਖ਼ਤ ਸ਼ੀਸ਼ੇ, ਕਿਸਮਤ ਜਾਂ ਮੇਰੇ ਨਰਮ ਲਿਨੋਲੀਅਮ ਫਰਸ਼ ਨੇ ਮੈਨੂੰ ਬਚਾਇਆ।

ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿੱਚ ਰਹਿਣ ਵਾਲੇ ਇੱਕ ਫ਼ੋਨ ਦਾ ਕਵਰ ਨਾ ਇਸਤੇਮਾਲ ਕਰਨ ਵਾਲੇ ਜੋੜੇ ਵਿੱਚੋਂ ਇੱਕ, ਜੋਨਾ ਵੈਲੇਂਤੇ ਲਈ, ਬਿਨ੍ਹਾਂ ਕੇਸ ਦੇ ਰਹਿਣਾ ਵਿਗਿਆਨ ਜਾਂ ਸਥਿਤੀ ਬਾਰੇ ਨਹੀਂ ਸੀ।

ਉਹ ਕਹਿੰਦੀ ਹੈ, "ਜਦੋਂ ਮੈਨੂੰ ਆਪਣਾ ਆਖਰੀ ਫ਼ੋਨ ਮਿਲਿਆ, ਤਾਂ ਮੇਰੀ ਧੀ ਨੇ ਗੁਲਾਬੀ ਰੰਗ ਚੁਣਿਆ ਅਤੇ ਮੈਂ ਇਸ 'ਤੇ ਕੇਸ ਨਹੀਂ ਲਗਾਉਣਾ ਚਾਹੁੰਦੀ ਸੀ ਕਿਉਂਕਿ ਉਸਨੂੰ ਇਹ ਬਹੁਤ ਪਸੰਦ ਸੀ।"

ਵੈਲੇਂਤੇ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਉਸਨੂੰ ਅਹਿਸਾਸ ਹੋਇਆ ਕਿ ਬਿਨ੍ਹਾਂ ਕਵਰ ਦੇ ਰਹਿਣ ਨਾਲ ਉਸਦਾ ਫ਼ੋਨ ਨਾਲ ਰਿਸ਼ਤਾ ਬਦਲ ਗਿਆ।

ਉਹ ਕਹਿੰਦੀ ਹੈ, "ਕਿਉਂਕਿ ਮੇਰੀਆਂ ਉਂਗਲਾਂ ਇਸਨੂੰ ਚੰਗੀ ਤਰ੍ਹਾਂ ਨਹੀਂ ਫੜਦੀਆਂ, ਇਸ ਲਈ ਮੇਰੇ ਵਿੱਚ ਸਿਰਫ਼ ਜਾਗਰੂਕਤਾ ਜ਼ਿਆਦਾ ਹੈ।"

"ਇਸਨੇ ਮੈਨੂੰ ਇਸ ਚੀਜ਼ ਪ੍ਰਤੀ ਵਧੇਰੇ ਸੁਚੇਤ ਕਰ ਦਿੱਤਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਮੈਂ ਪਹਿਲਾਂ ਵਾਂਗ ਅੰਨ੍ਹੇਵਾਹ ਵਰਤੋਂ ਨਹੀਂ ਕਰਦੀ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਇਹ ਕਹਿ ਰਹੀ ਹਾਂ ਪਰ ਮੈਨੂੰ ਲੱਗਦਾ ਹੈ ਕਿ ਮੈਂ ਅਸਲ ਵਿੱਚ ਆਪਣੇ ਫ਼ੋਨ ਦੀ ਵਰਤੋਂ ਹੀ ਘੱਟ ਕਰ ਰਹੀ ਹਾਂ।"

ਵੈਲੇਂਤੇ ਨੂੰ ਇਹ ਸਭ ਜਿੰਨਾ ਰੋਮਾਂਚਿਕ ਲੱਗਦਾ ਹੈ, ਮੈਂ ਇਹ ਨਹੀਂ ਕਹਿ ਸਕਦਾ। ਮੈਂ ਪਹਿਲਾਂ ਵਾਂਗ ਹੀ ਬੇਫਿਕਰ ਹੋ ਕੇ ਇੰਟਰਨੈੱਟ ਨਾਲ ਜੁੜਿਆ ਰਹਿਣਾ ਹੈ।

ਡ੍ਰਾਪ ਟੈਸਟ

ਆਪਣੇ ਕਰੀਅਰ ਦੇ ਸ਼ੁਰੂ ਵਿੱਚ ਮੈਂ ਕੰਜ਼ਿਊਮਰ ਰਿਪੋਰਟਸ ਮੈਗਜ਼ੀਨ ਵਿੱਚ ਕੰਮ ਕੀਤਾ, ਜਿਸਦੀ ਇੱਕ ਪੂਰੀ-ਪ੍ਰਯੋਗਸ਼ਾਲਾ ਹੈ ਜਿੱਥੇ ਇੰਜੀਨੀਅਰਾਂ ਦੀਆਂ ਟੀਮਾਂ ਨੇ ਤਕਰੀਬਨ 90 ਸਾਲਾਂ ਤੋਂ ਉਤਪਾਦਾਂ ਨੂੰ ਦਰਜਾ ਦੇਣ ਅਤੇ ਸਮੀਖਿਆ ਕਰਨ ਲਈ ਵਿਗਿਆਨਕ ਟੈਸਟ ਤਿਆਰ ਕੀਤੇ ਹਨ।

ਮੇਰੇ ਦਫ਼ਤਰ ਤੋਂ ਬਿਲਕੁਲ ਹੇਠਾਂ ਹਾਲ ਵਿੱਚ ਇੱਕ ਟੀਮ ਸੀ ਜੋ ਦਹਾਕਿਆਂ ਤੋਂ ਫ਼ੋਨਾਂ ਲਈ ਕੰਮ ਕਰ ਰਹੀ ਹੈ। ਟਿਕਾਊਤਾ ਦੀ ਜਾਂਚ ਕਰਨ ਲਈ, ਕੰਜ਼ਿਊਮਰ ਰਿਪੋਰਟਸ ਹਿੰਸਾ ਦੀ ਵਰਤੋਂ ਕਰਦੀ ਹੈ। ਜੇਕਰ ਕੋਈ ਸੱਚਾਈ ਜਾਣਦਾ ਹੈ, ਤਾਂ ਇਹ ਮੇਰਾ ਪੁਰਾਣਾ ਸਾਥੀ ਰਿਚ ਫਿਸਕੋ ਹੋਵੇਗਾ।

ਕੰਜ਼ਿਊਮਰ ਰਿਪੋਰਟਸ ਦੇ ਇਲੈਕਟ੍ਰਾਨਿਕਸ ਟੈਸਟਿੰਗ ਦੇ ਮੁਖੀ ਫਿਸਕੋ ਕਹਿੰਦੇ ਹਨ, "ਅਸੀਂ ਇਸਨੂੰ ਡ੍ਰਾਪ ਟੈਸਟ ਕਹਿੰਦੇ ਹਾਂ।"

"ਫ਼ੋਨ ਤਿੰਨ ਫੁੱਟ ਲੰਬੇ ਧਾਤ ਦੇ ਡੱਬੇ ਵਿੱਚ ਜਾਂਦੇ ਹਨ ਜਿਸਦੇ ਦੋਵੇਂ ਸਿਰਿਆਂ 'ਤੇ ਕੰਕਰੀਟ ਪੈਨਲ ਹੁੰਦੇ ਹਨ। ਫਿਰ ਡੱਬਾ 50 ਵਾਰ ਘੁੰਮਦਾ ਹੈ, ਫ਼ੋਨ ਨੂੰ ਵਾਰ-ਵਾਰ ਕੰਕਰੀਟ ਨਾਲ ਟਕਰਾਉਂਦਾ ਹੈ। ਜਦੋਂ ਪ੍ਰਕਿਰਿਆ ਖ਼ਤਮ ਹੋ ਜਾਂਦੀ ਹੈ, ਤਾਂ ਇੱਕ ਇੰਜੀਨੀਅਰ ਡਿਵਾਈਸ ਦੀ ਜਾਂਚ ਕਰਦਾ ਹੈ।"

"ਜੇਕਰ ਇਹ ਬਚ ਜਾਂਦਾ ਹੈ, ਤਾਂ ਫਿਸਕੋ ਕਹਿੰਦਾ ਹੈ ਕਿ ਉਹ ਫ਼ੋਨ ਨੂੰ ਵਾਪਸ ਡੱਬੇ ਵਿੱਚ ਪਾ ਦਿੰਦੇ ਹਨ ਅਤੇ ਇਸਨੂੰ 50 ਹੋਰ ਵਾਰ ਡਿਗਾਇਆ ਜਾਂਦਾ ਹੈ।"

ਫਿਸਕੋ ਕਹਿੰਦੇ ਹਨ, "ਜਦੋਂ ਡ੍ਰਾਪ ਟੈਸਟ ਪਹਿਲੀ ਵਾਰ ਸ਼ੁਰੂ ਹੋਏ ਸਨ, ਤਾਂ ਲਗਭਗ ਇੱਕ ਤਿਹਾਈ ਫ਼ੋਨ ਫੇਲ੍ਹ ਹੋ ਜਾਂਦੇ ਸਨ।"

"ਹੁਣ ਅਸੀਂ ਲੰਬੇ ਸਮੇਂ ਤੋਂ ਕਿਸੇ ਫ਼ੋਨ ਨੂੰ ਡ੍ਰਾਪ ਟੈਸਟ ਵਿੱਚ ਫੇਲ੍ਹ ਹੁੰਦੇ ਨਹੀਂ ਦੇਖਿਆ। ਸ਼ੀਸ਼ੇ ਵਿੱਚ ਸੁਧਾਰ ਹੋਇਆ ਹੈ। ਅੱਜਕੱਲ੍ਹ ਉਹ ਬਹੁਤ ਵਧੀਆ ਕੰਮ ਕਰ ਰਹੇ ਹਨ।"

ਫਿਸਕੋ ਕਹਿੰਦੇ ਹਨ, "ਦੇਖੋ, ਮੈਂ ਇਹ ਨਹੀਂ ਕਹਿ ਰਿਹਾ ਕਿ ਕਿਸੇ ਸਮੇਂ ਸਕਰੀਨ 'ਤੇ ਖਰੋਚ ਨਹੀਂ ਆਵੇਗੀ ਅਤੇ ਜੇ ਤੁਸੀਂ ਇਸਨੂੰ ਪੂਰੀ ਤਰ੍ਹਾਂ ਹੇਠਾਂ ਸੁੱਟਦੇ ਹੋ, ਜਾਂ ਇਹ ਕਿਸੇ ਛੋਟੇ ਜਿਹੇ ਪੱਥਰ 'ਤੇ ਡਿੱਗਦਾ ਹੈ, ਤਾਂ ਆਪਣੇ ਫ਼ੋਨ ਨੂੰ ਅਲਵਿਦਾ ਕਹੋ। ਪਰ ਜੇ ਤੁਹਾਡਾ ਫ਼ੋਨ ਸੜਕ 'ਤੇ ਤੁਰਦੇ ਸਮੇਂ ਤੁਹਾਡੀ ਕਮਰ ਦੀ ਜੇਬ ਵਿੱਚੋਂ ਡਿੱਗ ਪੈਂਦਾ ਹੈ, ਤਾਂ ਅਸਲੀਅਤ ਇਹ ਹੈ ਕਿ ਇਹ ਸ਼ਾਇਦ ਨਹੀਂ ਟੁੱਟੇਗਾ।"

"ਇਹ ਸੱਚ ਹੈ, ਤੁਹਾਨੂੰ ਹੁਣ ਫ਼ੋਨ ਕਵਰ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ । ਪਰ ਅਸਲ ਸਵਾਲ ਇਹ ਹੈ ਕਿ ਕੀ ਤੁਸੀਂ ਜੋਖ਼ਮ ਚੁੱਕਣ ਨੂੰ ਤਿਆਰ ਹੋ?"

ਭਾਵੇਂ ਫਿਸਕੋ ਹਰ ਸਾਲ ਦਰਜਨਾਂ ਫੋਨਾਂ ਦੇ ਡ੍ਰਾਪ ਟੈਸਟ ਪਾਸ ਕਰਨ ਬਾਰੇ ਨਤੀਜੇ ਪ੍ਰਕਾਸ਼ਿਤ ਕਰਦੇ ਹਨ, ਫਿਰ ਵੀ ਉਹ ਆਪਣੀ ਡਿਵਾਈਸ ਨੂੰ ਇੱਕ ਕੇਸ ਵਿੱਚ ਲਪੇਟ ਕੇ ਰੱਖਦੇ ਹੈ।

"ਬੇਸ਼ੱਕ ਮੈਂ ਕਰਦਾ ਹਾਂ। ਮੈਂ ਪੈਸੇ ਬਚਾਉਣੇ ਹਨ।"

ਮੈਂ ਆਪਣੇ ਮਹੀਨੇ ਦੇ 26ਵੇਂ ਦਿਨ ਬਿਨ੍ਹਾਂ ਕਿਸੇ ਫੋ਼ਨ ਕਵਰ ਦੇ ਫ਼ੋਨ ਲਈ ਦਰਵਾਜ਼ੇ ਤੋਂ ਬਾਹਰ ਨਿਕਲ ਰਿਹਾ ਸੀ।

ਆਪਣੀ ਇਮਾਰਤ ਦੀਆਂ ਪੌੜੀਆਂ ਦੇ ਸਿਖਰ 'ਤੇ ਖੜ੍ਹਾ ਹੋ ਕੇ, ਮੈਂ ਕੰਮ 'ਤੇ ਜਾਣਾ ਹੈ ਅਤੇ ਕੈਬ ਬਾਰੇ ਜਾਣਨ ਲਈ ਫ਼ੋਨ ਦੇਖਿਆ।

ਅਗਲੇ ਹੀ ਪਲ, ਸ਼ਾਇਦ ਮੈਂ ਲਾਪਰਵਾਹੀ ਕਰ ਰਿਹਾ ਸੀ ਅਤੇ ਅਚਾਨਕ ਮੇਰਾ ਫ਼ੋਨ ਮੇਰੇ ਹੱਥੋਂ ਡਿੱਗ ਪਿਆ। ਜਦੋਂ ਇਹ ਇੱਕ-ਦੋ-ਤਿੰਨ ਪੌੜੀਆਂ ਤੋਂ ਹੇਠਾਂ ਡਿੱਗਦਾ ਗਿਆ ਮੈਂ ਘਬਰਾਇਆ।

ਮੈਂ ਇਸਨੂੰ ਬਚਾਉਣ ਲਈ ਭੱਜਿਆ ਅਤੇ ਹੁਣ ਮੇਰੇ ਆਈਫੋਨ ਦੇ ਐਲੂਮੀਨੀਅਮ ਸਾਈਡਿੰਗ ਦੇ ਕੋਨੇ ਵਿੱਚ ਇੱਕ ਛੋਟਾ ਜਿਹਾ ਨਿਸ਼ਾਨ ਸੀ। ਹਾਲਾਂਕਿ, ਸ਼ੀਸ਼ਾ ਚਮਤਕਾਰੀ ਢੰਗ ਨਾਲ ਸੁਰੱਖਿਅਤ ਬਚ ਗਿਆ ਸੀ।

ਮੈਂ ਆਪਣੇ ਪ੍ਰਯੋਗ ਦੇ ਬਾਕੀ ਦਿਨ ਇਸਨੂੰ ਸੁਰੱਖਿਅਤ ਢੰਗ ਨਾਲ ਖੇਡਦੇ ਹੋਏ ਬਿਤਾਏ, ਸਬਵੇਅ 'ਤੇ ਚਲਦਿਆਂ ਫ਼ੋਨ ਨੂੰ ਘੁੱਟ ਕੇ ਫੜਿਆ, ਜਦੋਂ ਵੀ ਮੈਂ ਇਸਨੂੰ ਚੁੱਕਦਾ ਜਾਂ ਰੱਖਦਾ ਤਾਂ ਸਾਵਧਾਨੀ ਦਾ ਅਭਿਆਸ ਕਰਦਾ ਰਿਹਾ ਅਤੇ ਕੁੱਲ ਮਿਲਾ ਕੇ ਇਸਨੂੰ ਥੋੜ੍ਹਾ ਘੱਟ ਵਰਤਦਾ ਰਿਹਾ।

ਦੂਜੇ ਪਾਸੇ, ਮੇਰਾ ਦੋਸਤ ਇੰਨਾ ਖੁਸ਼ਕਿਸਮਤ ਨਹੀਂ ਸੀ। ਅਗਲੀ ਵਾਰ ਜਦੋਂ ਅਸੀਂ ਪਾਰਕ ਵਿੱਚ ਮਿਲੇ, ਮੈਂ ਉਸਨੂੰ ਪੁੱਛਿਆ ਕਿ ਉਸਦਾ ਫ਼ੋਨ ਕਿਵੇਂ ਚੱਲ ਰਿਹਾ ਸੀ।

ਜਵਾਬ ਮਿਲਿਆ, "ਉਹ, ਮੈਂ ਇਸਨੂੰ ਸੁੱਟ ਦਿੱਤਾ। ਇਹ ਟੁੱਟ ਗਿਆ ਸੀ, ਸਾਹਮਣੇ ਵਾਲਾ ਹਿੱਸਾ ਅਤੇ ਕੈਮਰਾ ਲੈਂਜ਼ ਤਾਂ ਖ਼ਰਾਬ ਹੀ ਹੋ ਗਏ ਸਨ।"

ਉਸਨੇ ਇਸਨੂੰ ਵਿਅੰਗਾਤਮਕ ਤਰੀਕੇ ਨਾਲ ਪੁੱਛਿਆ ਫਿਰ, ਹੁਣ ਉਸ ਕੋਲ ਇੱਕ ਪੁਰਾਣਾ ਆਈਫ਼ੋਨ ਹੈ। ਹੋ ਸਕਦਾ ਹੈ ਕਿ ਨਵਾਂ ਸਿਰੇਮਿਕ ਗਲਾਸ ਉਸਨੂੰ ਬਚਾ ਲਵੇ, ਸ਼ਾਇਦ ਨਹੀਂ।

ਭਾਵੇਂ ਉਹ ਤੁਹਾਡੀ ਸਕਰੀਨ ਨੂੰ ਕਿੰਨੇ ਵੀ ਨਮਕੀਨ ਪਾਣੀ ਵਿੱਚ ਪਾਉਣ, ਸ਼ੀਸ਼ਾ ਟੁੱਟਣ ਵਾਲਾ ਹੈ। ਪਰ ਮੈਨੂੰ ਹੁਣ ਯਕੀਨ ਹੋ ਗਿਆ ਹੈ ਕਿ ਨਵੇਂ ਯੰਤਰਾਂ ਅਤੇ ਮੇਰੇ ਨਾਲੋਂ ਸਥਿਰ ਹੱਥਾਂ ਵਿੱਚ ਇਹ ਕਵਰ ਸੱਚਮੁੱਚ ਇੱਕ ਬਦਲ ਹੀ ਹਨ।

ਜੇਕਰ ਤੁਸੀਂ ਕੁਝ ਅਸਲ ਜੋਖਮਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੋ। ਹਾਲਾਂਕਿ, ਮਹੀਨੇ ਦੇ ਅੰਤ ਤੱਕ, ਮੈਂ ਕੁਝ ਪਰੇਸ਼ਾਨ ਵੀ ਹੋ ਗਿਆ ਸੀ।

ਮੈਨੂੰ ਲੱਗ ਰਿਹਾ ਸੀ ਕਿ ਮੈਂ ਇੱਕ ਰੱਸੀ 'ਤੇ ਚੱਲ ਰਿਹਾ ਸੀ।

ਅੰਤ ਵਿੱਚ, ਮੈਂ ਫ਼ੋਨ 'ਤੇ ਕਵਰ ਪਾ ਲਿਆ ਹੈ। ਪਰ ਕਦੇ-ਕਦੇ ਮੈਂ ਇਸਨੂੰ ਫਿਰ ਵੀ ਉਤਾਰ ਦਿੰਦਾ ਹਾਂ, ਸਿਰਫ਼ ਰੋਮਾਂਚ ਲਈ ਅਤੇ ਆਪਣੇ ਫ਼ੋਨ ਨੂੰ ਇਸਦੇ ਸ਼ੀਸ਼ੇ ਵਿੱਚ ਹਵਾ ਮਹਿਸੂਸ ਕਰਨ ਦਿੰਦਾ ਹਾਂ।

* ਥਾਮਸ ਜਰਮੇਨ ਬੀਬੀਸੀ ਲਈ ਕੰਮ ਕਰਦੇ ਇੱਕ ਸੀਨੀਅਰ ਤਕਨਾਲੋਜੀ ਪੱਤਰਕਾਰ ਹੈ। ਉਨ੍ਹਾਂ ਨੇ ਪਿਛਲੇ ਇੱਕ ਦਹਾਕੇ ਦੇ ਜ਼ਿਆਦਾਤਰ ਸਮੇਂ ਤੋਂ ਏਆਈ, ਗੋਪਨੀਯਤਾ ਅਤੇ ਇੰਟਰਨੈੱਟ ਸੱਭਿਆਚਾਰ ਦੇ ਮਾਮਲਿਆਂ ਉੱਤੇ ਖ਼ਬਰਾਂ ਨੂੰ ਕਵਰ ਕੀਤਾ ਹੈ। ਤੁਸੀਂ ਉਸਨੂੰ X @thomasgermain 'ਤੇ ਲੱਭ ਸਕਦੇ ਹੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)