ਆਪ੍ਰੇਸ਼ਨ ਬਲੂ ਸਟਾਰ ਦੀ ਅਗਵਾਈ ਕਰਨ ਵਾਲਾ ਉਹ ਫੌਜੀ ਅਫਸਰ, ਜਿਸਦਾ ਇਸ ਕਾਰਵਾਈ ਤੋਂ ਬਾਅਦ ਹਮੇਸ਼ਾ ਲਈ ਹਾਸਾ ਗਾਇਬ ਹੋ ਗਿਆ

    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਸਹਿਯੋਗੀ

ਲੋਕ ਅਕਸਰ ਪੁੱਛਦੇ ਸਨ ਕਿ ਕੀ ਸੁੰਦਰਜੀ ਮੁਖਰਜੀ, ਬੈਨਰਜੀ ਜਾਂ ਚੈਟਰਜੀ ਵਾਂਗ ਬੰਗਾਲੀ ਹਨ ਜਾਂ ਫ੍ਰਾਂਜੀ ਜਾਂ ਜਮਸ਼ੇਦਜੀ ਵਾਂਗ ਪਾਰਸੀ ਸਨ। ਕੁਝ ਲੋਕ ਉਨ੍ਹਾਂ ਨੂੰ ਸਿੰਧੀ ਵੀ ਸਮਝਦੇ ਸਨ।

ਜਨਰਲ ਸੁੰਦਰਜੀ ਦੇ ਪਤਨੀ ਵਾਣੀ ਸੁੰਦਰਜੀ ਆਪਣੇ ਲੇਖ 'ਅ ਮੈਨ ਕਾਲਡ ਸੁੰਦਰਜੀ' ਵਿੱਚ ਲਿਖਦੇ ਹਨ, "ਸਾਡੇ ਵਿਆਹ ਦੇ ਸ਼ੁਰੂਆਤੀ ਦਿਨਾਂ ਵਿੱਚ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਸੁੰਦਰਜੀ ਨਾਮ ਕਿਵੇਂ ਮਿਲਿਆ ਜਦਕਿ ਤੁਹਾਡੇ ਮਾਤਾ-ਪਿਤਾ ਦੋਵੇਂ ਤਮਿਲ ਬ੍ਰਾਹਮਣ ਸਨ?''

ਉਨ੍ਹਾਂ ਦਾ ਜਵਾਬ ਸੀ, "ਜਦੋਂ ਮੈਂ ਤਿੰਨ ਸਾਲ ਦਾ ਸੀ, ਮੈਂ ਅਕਸਰ ਆਪਣੇ ਮਾਪਿਆਂ ਨੂੰ ਗਾਂਧੀ ਜੀ ਬਾਰੇ ਗੱਲਾਂ ਕਰਦੇ ਸੁਣਦਾ ਸੀ। ਇੱਕ ਦਿਨ ਮੈਂ ਆਪਣੇ ਪਿਤਾ ਨੂੰ ਪੁੱਛਿਆ, ਤੁਸੀਂ ਕਿਸ ਗਾਂਧੀ ਜੀ ਬਾਰੇ ਗੱਲ ਕਰ ਰਹੇ ਹੋ? ਮੇਰੇ ਪਿਤਾ ਨੇ ਜਵਾਬ ਦਿੱਤਾ ਕਿ ਮਹਾਤਮਾ ਗਾਂਧੀ ਇੱਕ ਬਹੁਤ ਮਹਾਨ ਵਿਅਕਤੀ ਹਨ। ਅਸੀਂ ਉਨ੍ਹਾਂ ਦੇ ਸਨਮਾਨ ਵਿੱਚ ਉਨ੍ਹਾਂ ਦੇ ਨਾਮ ਨਾਲ 'ਜੀ' ਜੋੜਦੇ ਹਾਂ। ਮੈਂ ਉਸੇ ਦਿਨ ਤੋਂ, ਜ਼ਿੱਦ ਕਰ ਲਈ ਕਿ ਮੈਨੂੰ ਵੀ ਸੁੰਦਰਜੀ ਕਿਹਾ ਜਾਵੇ। ਮੇਰੇ ਪਿਤਾ ਇਸ ਲਈ ਰਾਜ਼ੀ ਹੋ ਗਏ।"

ਇੱਥੋਂ ਤੱਕ ਕਿ ਮਦਰਾਸ ਦੇ ਹੋਲੀ ਏਂਜਲਸ ਕਾਨਵੈਂਟ ਵਿੱਚ ਵੀ ਉਨ੍ਹਾਂ ਦਾ ਨਾਮ ਕ੍ਰਿਸ਼ਣਾਸਵਾਮੀ ਸੁੰਦਰਜੀ ਲਿਖਵਾਇਆ ਗਿਆ। ਉਨ੍ਹਾਂ ਦੇ ਨੌਕਰ ਅਤੇ ਭਰਾ ਵੀ ਉਨ੍ਹਾਂ ਦੇ ਨਾਮ ਨਾਲ 'ਜੀ' ਲਗਾਉਣ ਲੱਗੇ ਅਤੇ ਸਾਰੀ ਉਮਰ ਉਨ੍ਹਾਂ ਨੂੰ ਇਸੇ ਨਾਮ ਨਾਲ ਬੁਲਾਉਂਦੇ ਰਹੇ।

ਜੰਗ ਦੇ ਮੈਦਾਨ ਵਿੱਚ ਥੱਕ ਕੇ ਸੌਂ ਗਏ ਸੁੰਦਰਜੀ

ਨਾਮ ਤੋਂ ਇਲਾਵਾ, ਸੁੰਦਰਜੀ ਹੋਰ ਮਾਮਲਿਆਂ ਵਿੱਚ ਵੀ ਹੋਰਾਂ ਨਾਲੋਂ ਵੱਖਰੇ ਸਨ। ਇੱਕ ਵਾਰ ਦੇਹਰਾਦੂਨ ਦੇ ਅਫਸਰਾਂ ਦੇ ਮੈੱਸ ਵਿੱਚ, ਫੌਜ ਦਾ ਇੱਕ ਕੈਪਟਨ ਭੱਜਦਾ ਹੋਇਆ ਉਨ੍ਹਾਂ ਕੋਲ ਆਇਆ ਅਤੇ ਕਿਹਾ, "ਸਰ, ਅਸੀਂ ਤੁਹਾਡੇ ਲਈ ਪੂਰੀ ਤਰ੍ਹਾਂ ਸ਼ਾਕਾਹਾਰੀ ਭੋਜਨ ਬਣਵਾਇਆ ਹੈ।"

ਸੁੰਦਰਜੀ ਨੇ ਜਵਾਬ ਦਿੱਤਾ, "ਮੇਰੇ ਨੌਜਵਾਨ ਦੋਸਤ, ਮੈਂ ਬੀਫ਼ ਖਾਣ ਵਾਲਾ ਬ੍ਰਾਹਮਣ ਹਾਂ। ਮੈਂ ਚੱਲਣ, ਤੈਰਨ ਅਤੇ ਰੇਂਗਣ ਵਾਲੀ ਹਰ ਚੀਜ਼ ਖਾਂਦਾ ਹਾਂ ਬਸ਼ਰਤੇ ਮੈਨੂੰ ਉਸਦਾ ਸੁਆਦ ਪਸੰਦ ਆਵੇ।"

ਆਪਣੇ ਪਿਤਾ ਦੇ ਜ਼ੋਰ ਦੇਣ 'ਤੇ, ਉਨ੍ਹਾਂ ਡਾਕਟਰ ਬਣਨ ਦੇ ਇਰਾਦੇ ਨਾਲ ਜੀਵ ਵਿਗਿਆਨ ਵਿੱਚ ਆਨਰਜ਼ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਆਪਣੀ ਪੜ੍ਹਾਈ ਦੇ ਵਿਚਕਾਰ ਹੀ ਉਨ੍ਹਾਂ ਨੇ ਫੌਜ ਵਿੱਚ ਭਰਤੀ ਹੋਣ ਦਾ ਫੈਸਲਾ ਕਰ ਲਿਆ। ਉਸ ਸਮੇਂ ਉਹ ਸਿਰਫ਼ 17 ਸਾਲ ਦੇ ਸਨ।

ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪੰਜ ਲੜਾਈਆਂ ਲੜੀਆਂ। ਜਦੋਂ ਉਹ ਮੇਜਰ ਸਨ, ਤਾਂ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਫੌਜਾਂ ਵੱਲੋਂ ਲੜਨ ਲਈ ਕਾਂਗੋ ਭੇਜਿਆ ਗਿਆ ਸੀ। ਉੱਥੇ ਕਈ ਭਿਆਨਕ ਲੜਾਈਆਂ ਹੋਈਆਂ।

ਇੱਕ ਵਾਰ, 72 ਘੰਟੇ ਲਗਾਤਾਰ ਗੋਲਾਬਾਰੀ ਕਰਨ ਤੋਂ ਬਾਅਦ, ਬਿਨ੍ਹਾਂ ਕੁਝ ਖਾਦੇ ਅਤੇ ਬਿਨ੍ਹਾਂ ਨੀਂਦ ਲਏ ਸੁੰਦਰਜੀ ਇੰਨੇ ਥੱਕ ਗਏ ਕਿ ਉਹ ਗੋਲਾਬਾਰੀ ਦੇ ਵਿਚਕਾਰ ਹੀ, ਜਿੱਥੇ ਸਨ, ਉੱਥੇ ਹੀ ਸੌਂ ਗਏ।

ਵਾਣੀ ਸੁੰਦਰਜੀ ਲਿਖਦੇ ਹਨ, "ਉਨ੍ਹਾਂ ਦੇ ਬਿਹਾਰੀ ਸਾਥੀ ਲਕਸ਼ਮਣ ਨੇ ਉਨ੍ਹਾਂ ਨੂੰ ਬੰਕਰ ਵਿੱਚ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਜ਼ੋਰ ਦੀ ਚੀਕੇ, ਫ਼... ਆਫ... ਜਦੋਂ 24 ਘੰਟਿਆਂ ਬਾਅਦ ਉਨ੍ਹਾਂ ਨੂੰ ਜਾਗ ਆਈ ਤਾਂ ਉਸਨੇ ਆਪਣੇ ਆਪ ਨੂੰ ਜੰਗ ਦੇ ਮੈਦਾਨ ਵਿੱਚ ਪਾਇਆ। ਉਨ੍ਹਾਂ ਦੇ ਆਲੇ-ਦੁਆਲੇ 36 ਮੋਰਟਾਰ ਗੋਲੇ ਪਏ ਸਨ। ਉਨ੍ਹਾਂ ਨੇ ਬਕਾਇਦਾ ਉਨ੍ਹਾਂ ਨੂੰ ਗਿਣਿਆ ਪਰ ਇੰਨੀ ਗੋਲੀਬਾਰੀ ਦੇ ਬਾਵਜੂਦ, ਉਨ੍ਹਾਂ ਨੂੰ ਜ਼ਰਾ ਕੂ ਸੱਟ ਵੀ ਨਹੀਂ ਲੱਗੀ ਸੀ।"

ਕਈ ਸਾਲਾਂ ਬਾਅਦ, ਜਦੋਂ ਉਹ ਫੌਜ ਮੁਖੀ ਬਣੇ, ਤਾਂ ਉਹੀ ਲਕਸ਼ਮਣ ਉਨ੍ਹਾਂ ਲਈ ਘਰ ਦਾ ਬਣਿਆ ਦੇਸੀ ਘਿਓ ਲੈ ਕੇ ਆਇਆ। ਆਪਣੇ ਕਾਂਗੋ ਦੇ ਦਿਨਾਂ ਨੂੰ ਯਾਦ ਕਰਦੇ ਹੋਏ, ਸੁੰਦਰਜੀ ਨੇ ਮਜ਼ਾਕ ਵਿੱਚ ਆਪਣੇ ਸਾਬਕਾ ਸਾਥੀ ਨੂੰ ਪੁੱਛਿਆ, "ਤੂੰ ਉਸ ਦਿਨ ਮੈਨੂੰ ਜੰਗ ਦੇ ਮੈਦਾਨ ਵਿੱਚ ਸੁੱਤਾ ਛੱਡ ਕੇ ਕਿਵੇਂ ਚਲਾ ਗਿਆ?"

ਲਕਸ਼ਮਣ ਦਾ ਜਵਾਬ ਸੀ, "ਤੁਸੀਂ ਮੈਨੂੰ 'ਪੁਕ ਆਫ਼' ਕਿਹਾ ਸੀ, ਮੈਨੂੰ ਬੁਰਾ ਲੱਗਿਆ ਅਤੇ ਮੈਂ ਚਲਾ ਗਿਆ।"

ਆਪ੍ਰੇਸ਼ਨ ਬਲੂ ਸਟਾਰ

1928 ਵਿੱਚ ਤਾਮਿਲਨਾਡੂ ਦੇ ਚੇਂਗਲਪੇਟ ਵਿੱਚ ਜੰਮੇ ਸੁੰਦਰਜੀ ਨੇ 1945 ਵਿੱਚ ਭਾਰਤੀ ਫੌਜ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਉੱਤਰ-ਪੱਛਮੀ ਸਰਹੱਦ ਵਿੱਚ ਫੌਜੀ ਕਾਰਵਾਈਆਂ ਵਿੱਚ ਹਿੱਸਾ ਲਿਆ ਸੀ।

1971 ਦੀ ਜੰਗ ਦੌਰਾਨ ਉਹ ਬੰਗਲਾਦੇਸ਼ ਦੇ ਮੋਰਚੇ 'ਤੇ ਸਨ। ਸਾਲ 1984 ਵਿੱਚ, ਸੁੰਦਰਜੀ ਨੇ ਇੰਦਰਾ ਗਾਂਧੀ ਦੇ ਹੁਕਮਾਂ 'ਤੇ ਦਰਬਾਰ ਸਾਹਿਬ ਤੋਂ ਕੱਟੜਪੰਥੀਆਂ ਨੂੰ ਬਾਹਰ ਕੱਢਣ ਲਈ ਸਿਆਸੀ ਤੌਰ 'ਤੇ ਸੰਵੇਦਨਸ਼ੀਲ ਆਪ੍ਰੇਸ਼ਨ ਬਲੂ ਸਟਾਰ ਦੀ ਅਗਵਾਈ ਕੀਤੀ ਸੀ।

ਆਪ੍ਰੇਸ਼ਨ ਬਲੂ ਸਟਾਰ ਦੌਰਾਨ ਜਨਰਲ ਸੁੰਦਰਜੀ ਪੱਛਮੀ ਕਮਾਂਡ ਦੇ ਮੁਖੀ ਸਨ। 3 ਜੂਨ, 1984 ਨੂੰ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਦਿੱਲੀ ਬੁਲਾਇਆ। ਉਸੇ ਰਾਤ ਉਨ੍ਹਾਂ ਨੇ ਇੰਦਰਾ ਗਾਂਧੀ ਨਾਲ ਇੱਕ ਘੰਟਾ ਇਕੱਲੇ ਵਿੱਚ ਗੱਲ ਕੀਤੀ। ਜਦੋਂ ਉਹ ਰਾਤ ਨੂੰ 2 ਵਜੇ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਕਿਹਾ ਸੀ, 'ਇਹ ਉਨ੍ਹਾਂ ਦੀ ਸਭ ਤੋਂ ਵੱਡੀ ਪ੍ਰੀਖਿਆ ਹੈ।'

ਆਪ੍ਰੇਸ਼ਨ ਬਲੂਸਟਾਰ ਤੋਂ ਬਾਅਦ ਉਹ ਪੂਰੀ ਤਰ੍ਹਾਂ ਬਦਲ ਗਏ ਸਨ। ਉਨ੍ਹਾਂ ਦਾ ਹਾਸਾ ਗਾਇਬ ਹੋ ਗਿਆ ਸੀ। ਜਦੋਂ ਉਨ੍ਹਾਂ ਦੀ ਪਤਨੀ ਨੇ ਇਸ ਬਾਰੇ ਆਪਣੀ ਚਿੰਤਾ ਪ੍ਰਗਟ ਕੀਤੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਜਲਦ ਹੀ ਇਸ ਤੋਂ ਬਾਹਰ ਆ ਜਾਵਾਂਗਾ। ਪਰ ਉਹ ਕਦੇ ਵੀ ਇਸ ਤੋਂ ਬਾਹਰ ਨਹੀਂ ਆ ਸਕੇ।

ਉਨ੍ਹਾਂ ਨੂੰ ਕਈ ਵਾਰ ਕਹਿੰਦਿਆਂ ਸੁਣਿਆ ਗਿਆ, "ਮੈਨੂੰ ਦੁਸ਼ਮਣ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਹੈ, ਆਪਣੇ ਲੋਕਾਂ ਨਾਲ ਲੜਨ ਦੀ ਨਹੀਂ।"

ਖੁਸ਼ਵੰਤ ਸਿੰਘ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਆਪ੍ਰੇਸ਼ਨ ਬਲੂ ਸਟਾਰ ਦੇ ਆਪਣੇ ਤਜਰਬਿਆਂ ਬਾਰੇ ਲਿਖਣ, ਤਾਂ ਜੋ ਲੋਕ ਸੱਚਾਈ ਜਾਣ ਸਕਣ। ਉਨ੍ਹਾਂ ਕਿਹਾ ਕਿ ਉਹ ਫੁਰਸਤ 'ਚ ਇਸ ਵਿਸ਼ੇ 'ਤੇ ਲਿਖਣਗੇ, ਪਰ ਉਹ ਸਮਾਂ ਕਦੇ ਨਹੀਂ ਆਇਆ।

ਲੈਫਟੀਨੈਂਟ ਜਨਰਲ ਕੇਐੱਸ ਬਰਾੜ ਨੇ ਆਪਣੀ ਕਿਤਾਬ 'ਆਪ੍ਰੇਸ਼ਨ ਬਲੂ ਸਟਾਰ ਦਿ ਟਰੂ ਸਟੋਰੀ' ਵਿੱਚ ਜਨਰਲ ਸੁੰਦਰਜੀ ਨੂੰ ਕਹਿੰਦਿਆਂ ਦੱਸਿਆ ਹੈ, "ਅਸੀਂ ਸਵਰਣ ਮੰਦਰ ਵਿੱਚ ਗੁੱਸੇ ਨਾਲ ਨਹੀਂ ਸਗੋਂ ਦੁਖੀ ਹੋ ਕੇ ਵੜੇ। ਦਾਖਲ ਹੁੰਦੇ ਸਮੇਂ, ਸਾਡੇ ਬੁੱਲ੍ਹਾਂ 'ਤੇ ਪ੍ਰਾਰਥਨਾ ਸੀ ਅਤੇ ਸਾਡੇ ਦਿਲਾਂ ਵਿੱਚ ਨਿਮਰਤਾ। ਉਸ ਸਮੇਂ, ਸਾਡੇ ਮਨ ਵਿੱਚ ਨਾ ਤਾਂ ਹਾਰ ਦਾ ਖਿਆਲ ਸੀ, ਨਾ ਜਿੱਤ ਦਾ ਅਤੇ ਨਾ ਹੀ ਕਿਸੇ ਇਨਾਮ ਦੀ ਇੱਛਾ। ਸਾਡੇ ਲਈ, ਉਹ ਇੱਕ ਫਰਜ਼ ਸੀ ਜਿਸ ਨੂੰ ਪੂਰਾ ਕੀਤਾ ਜਾਣਾ ਸੀ।"

ਆਪ੍ਰੇਸ਼ਨ ਬ੍ਰਾਸਟੈਕਸ ਦੀ ਕਹਾਣੀ

ਇੱਕ ਹੋਰ ਆਪ੍ਰੇਸ਼ਨ ਜਿਸ ਨਾਲ ਜਨਰਲ ਸੁੰਦਰਜੀ ਦਾ ਨਾਮ ਜੁੜਿਆ ਹੋਇਆ ਹੈ, ਉਹ ਹੈ 'ਓਪਰੇਸ਼ਨ ਬ੍ਰਾਸਟੈਕਸ'। ਇਹ ਆਪ੍ਰੇਸ਼ਨ ਭਾਰਤ ਦੀ ਜੰਗੀ ਤਿਆਰੀ ਦੀ ਪਰਖ ਕਰਨ ਲਈ ਫਰਵਰੀ-ਮਾਰਚ 1986 ਵਿੱਚ ਰਾਜਸਥਾਨ ਦੇ ਮਾਰੂਥਲ ਵਿੱਚ ਸ਼ੁਰੂ ਕੀਤਾ ਗਿਆ ਸੀ।

ਇਹ ਆਜ਼ਾਦੀ ਤੋਂ ਬਾਅਦ ਭਾਰਤੀ ਫੌਜ ਦਾ ਸਭ ਤੋਂ ਵੱਡਾ ਫੌਜੀ ਅਭਿਆਸ ਸੀ। ਏਸ਼ੀਆ ਵਿੱਚ ਇਸ ਪੱਧਰ ਦਾ ਫੌਜੀ ਅਭਿਆਸ ਪਹਿਲਾਂ ਕਦੇ ਨਹੀਂ ਕੀਤਾ ਗਿਆ ਸੀ। ਸੁੰਦਰਜੀ ਚਾਹੁੰਦੇ ਸਨ ਕਿ ਜੰਗ ਦੀ ਸਥਿਤੀ ਵਿੱਚ ਸਾਰੇ ਫੌਜੀ ਉਪਕਰਣਾਂ, ਵਾਹਨਾਂ ਅਤੇ ਟੈਂਕਾਂ ਦੀ ਜਾਂਚ ਕੀਤੀ ਜਾਵੇ।

ਇਸ ਅਭਿਆਸ ਵਿੱਚ ਫੌਜ ਦੇ ਇੱਕ ਵੱਡੇ ਹਿੱਸੇ ਨੂੰ ਸ਼ਾਮਲ ਕੀਤਾ ਗਿਆ ਸੀ। ਇਹ ਅਭਿਆਸ ਇੰਨਾ ਜ਼ੋਰਦਾਰ ਸੀ ਕਿ ਪਾਕਿਸਤਾਨ ਨੂੰ ਗਲਤਫਹਿਮੀ ਹੋ ਗਈ ਕਿ ਭਾਰਤ ਉਸ 'ਤੇ ਹਮਲਾ ਕਰਨਾ ਚਾਹੁੰਦਾ ਹੈ।

ਜਵਾਬ ਵਿੱਚ, ਪਾਕਿਸਤਾਨ ਨੇ ਆਪਣੇ ਸੈਨਿਕਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਡਿਊਟੀ 'ਤੇ ਵਾਪਸ ਬੁਲਾ ਲਿਆ। ਇਸ ਕਾਰਨ, ਰੱਖਿਆ ਰਾਜ ਮੰਤਰੀ ਅਰੁਣ ਸਿੰਘ ਦਾ ਵਿਭਾਗ ਬਦਲ ਦਿੱਤਾ ਗਿਆ।

ਨਟਵਰ ਸਿੰਘ ਆਪਣੀ ਆਤਮਕਥਾ 'ਵਨ ਲਾਈਫ ਇਜ਼ ਨਾਟ ਇਨਫ' ਵਿੱਚ ਲਿਖਦੇ ਹਨ, "ਇੱਕ ਵਾਰ ਜਦੋਂ ਅਸੀਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਨਜੀਬੁੱਲਾ ਨੂੰ ਲੈਣ ਲਈ ਹਵਾਈ ਅੱਡੇ ਜਾ ਰਹੇ ਸੀ, ਤਾਂ ਰਾਜੀਵ ਨੇ ਮੈਨੂੰ ਪੁੱਛਿਆ, ਨਟਵਰ, ਕੀ ਅਸੀਂ ਪਾਕਿਸਤਾਨ ਨਾਲ ਜੰਗ ਸ਼ੁਰੂ ਕਰਨ ਜਾ ਰਹੇ ਹਾਂ?"

ਇਸ ਅਭਿਆਸ ਦੀ ਆਗਿਆ ਰੱਖਿਆ ਰਾਜ ਮੰਤਰੀ ਅਰੁਣ ਸਿੰਘ ਨੇ ਆਪਣੇ ਪੱਧਰ 'ਤੇ ਦੇ ਦਿੱਤੀ ਸੀ, ਜਿਸ ਬਾਰੇ ਰਾਜੀਵ ਗਾਂਧੀ ਨੂੰ ਵੀ ਕੋਈ ਜਾਣਕਾਰੀ ਨਹੀਂ ਸੀ।

ਇੱਕ ਵਾਰ ਰਾਜੀਵ ਗਾਂਧੀ ਨੇ ਨਟਵਰ ਸਿੰਘ ਅਤੇ ਨਾਰਾਇਣ ਦੱਤ ਤਿਵਾਰੀ ਨੂੰ ਪੁੱਛਿਆ, ਕਿ ਮੈਂ ਰੱਖਿਆ ਰਾਜ ਮੰਤਰੀ ਦਾ ਕੀ ਕਰਾਂ?

ਨਟਵਰ ਸਿੰਘ ਲਿਖਦੇ ਹਨ, "ਮੈਂ ਉਨ੍ਹਾਂ ਨੂੰ ਸਾਫ਼ ਕਿਹਾ ਕਿ ਉਨ੍ਹਾਂ ਨੂੰ ਮੰਤਰੀ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਇਸ 'ਤੇ ਰਾਜੀਵ ਨੇ ਕਿਹਾ ਕਿ ਅਰੁਣ ਸਿੰਘ ਉਨ੍ਹਾਂ ਦੇ ਦੋਸਤ ਹਨ। ਇਸ 'ਤੇ ਮੈਂ ਕਿਹਾ, 'ਸਰ, ਤੁਸੀਂ ਦੂਨ ਸਕੂਲ ਦੀ ਓਲਡ ਬੁਆਏਜ਼ ਐਸੋਸੀਏਸ਼ਨ ਦੇ ਪ੍ਰਧਾਨ ਨਹੀਂ ਹੋ। ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਹੋ। ਪ੍ਰਧਾਨ ਮੰਤਰੀਆਂ ਦੇ ਕੋਈ ਦੋਸਤ ਨਹੀਂ ਹੁੰਦੇ।'"

ਕੁਝ ਦਿਨਾਂ ਬਾਅਦ, ਅਰੁਣ ਸਿੰਘ ਨੂੰ ਰੱਖਿਆ ਮੰਤਰਾਲੇ ਤੋਂ ਹਟਾ ਕੇ ਵਿੱਤ ਮੰਤਰਾਲੇ ਭੇਜ ਦਿੱਤਾ ਗਿਆ।

'ਸਕਾਲਰ ਜਨਰਲ' ਦਾ ਨਾਮ ਮਿਲਿਆ

ਇਸ ਕਾਰਵਾਈ ਦੌਰਾਨ ਇੱਕ ਚੀਜ਼ ਕਦੇ ਨਹੀਂ ਰੁਕੀ। ਉਹ ਸੀ ਜਨਰਲ ਜ਼ਿਆ ਵੱਲੋਂ ਜਨਰਲ ਸੁੰਦਰਜੀ ਨੂੰ ਭੇਜੀਆਂ ਗਈਆਂ ਅੰਬਾਂ ਅਤੇ ਕੀਨੂੰਆਂ ਦੀਆਂ ਵੱਡੀਆਂ ਟੋਕਰੀਆਂ।

ਵਾਣੀ ਸੁੰਦਰਜੀ ਲਿਖਦੇ ਹਨ, "ਉਨ੍ਹਾਂ ਫਲਾਂ ਦੀਆਂ ਟੋਕਰੀਆਂ 'ਤੇ ਜਨਰਲ ਜ਼ਿਆ ਦੇ ਹੱਥੀਂ ਲਿਖਿਆ ਹੁੰਦਾ ਸੀ, 'ਜਨਰਲ ਸੁੰਦਰਜੀ ਲਈ, ਸ਼ੁਭਕਾਮਨਾਵਾਂ ਦੇ ਨਾਲ। ਉਮੀਦ ਕਰਦਾ ਹਾਂ, ਤੁਸੀਂ ਇਨ੍ਹਾਂ ਦਾ ਆਨੰਦ ਮਾਣੋਗੇ। ਜ਼ਿਆ।"

ਜਨਰਲ ਜ਼ਿਆ ਦੀ ਹਵਾਈ ਹਾਦਸੇ 'ਚ ਮੌਤ ਤੱਕ ਫਲਾਂ ਦੀਆਂ ਇਹ ਟੋਕਰੀਆਂ ਸੁੰਦਰਜੀ ਤੱਕ ਪਹੁੰਚਦੀਆਂ ਰਹੀਆਂ।

ਜਨਰਲ ਸੁੰਦਰਜੀ ਨੂੰ ਭਾਰਤੀ ਫੌਜ ਲਈ ਬੋਫੋਰਸ ਤੋਪਾਂ ਦੀ ਖਰੀਦ ਦੀ ਸਿਫ਼ਾਰਸ਼ ਕਰਨ ਲਈ ਵੀ ਯਾਦ ਕੀਤਾ ਜਾਵੇਗਾ।

ਜਨਰਲ ਸੁੰਦਰਜੀ ਨੂੰ ਲੋਕ 'ਸਕਾਲਰ ਜਨਰਲ' ਵੀ ਕਹਿੰਦੇ ਸਨ। ਉਨ੍ਹਾਂ ਨੇ 'ਨਿਊਕਲੀਅਰ ਡਾਕਟ੍ਰਿਨ' ਵੀ ਬਣਾਈ ਸੀ, ਜਿਸ ਤੋਂ ਬਾਅਦ ਭਾਰਤ ਨੇ 1998 ਦੇ ਪ੍ਰਮਾਣੂ ਪ੍ਰੀਖਣ ਤੋਂ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਪਹਿਲਾਂ ਨਾ ਕਰਨ ਦਾ ਫੈਸਲਾ ਕੀਤਾ ਸੀ।

ਜਨਰਲ ਐੱਚਐੱਸ ਪਨਾਗ ਨੇ 'ਦਿ ਪ੍ਰਿੰਟ' ਵਿੱਚ ਪ੍ਰਕਾਸ਼ਿਤ ਆਪਣੇ ਲੇਖ 'ਜਨਰਲ ਸੁੰਦਰਜੀ ਗੇਵ ਚਾਇਨਾ ਸਟ੍ਰੇਟੇਜੀ ਫ਼ੋਰ ਡੀਕੇਡਸ ਅਗੋ' ਵਿੱਚ ਲਿਖਿਆ ਸੀ, "ਉਨ੍ਹਾਂ ਦੇ ਬੁਰੇ ਤੋਂ ਬੁਰੇ ਆਲੋਚਕ ਵੀ ਇਸ ਗੱਲ 'ਤੇ ਸਹਿਮਤ ਸਨ ਕਿ ਭਾਰਤੀ ਫੌਜ ਵਿੱਚ ਕਿਸੇ ਹੋਰ ਜਨਰਲ ਕੋਲ ਇੰਨੀ ਬੌਧਿਕ ਡੂੰਘਾਈ, ਰਣਨੀਤਕ ਦ੍ਰਿਸ਼ਟੀਕੋਣ ਅਤੇ ਸਿਸਟਮ ਬਦਲਣ ਦੀ ਸਮਰੱਥਾ ਨਹੀਂ ਸੀ। ਆਪਣੇ ਦੋ ਸਾਲ ਅਤੇ ਚਾਰ ਮਹੀਨਿਆਂ ਦੇ ਕਾਰਜਕਾਲ ਵਿੱਚ, ਉਨ੍ਹਾਂ ਨੇ ਭਾਰਤੀ ਫੌਜ ਨੂੰ 21ਵੀਂ ਸਦੀ ਵਿੱਚ ਪਹੁੰਚਾ ਦਿੱਤਾ ਸੀ।

'ਵਿਜ਼ਨ 2100' ਦਾ ਖਰੜਾ ਕੀਤਾ ਤਿਆਰ

ਜਨਰਲ ਸੁੰਦਰਜੀ ਦਾ ਅਕਸ ਇੱਕ ਤੜਕ-ਭੜਕ ਵਾਲੇ ਫੌਜੀ ਦਾ ਸੀ। ਪਰ ਉਨ੍ਹਾਂ ਦੀ ਪਤਨੀ ਦਾ ਮੰਨਣਾ ਸੀ ਕਿ ਉਨ੍ਹਾਂ ਬਾਰੇ ਇਹ ਧਾਰਨਾ ਨਿਆਂਸੰਗਤ ਨਹੀਂ ਸੀ। ਉਨ੍ਹਾਂ ਦੀਆਂ ਨਜ਼ਰਾਂ ਵਿੱਚ, ਉਸ ਅੰਦਰ ਬੱਚਿਆਂ ਵਰਗੀ ਸਾਦਗੀ ਅਤੇ ਇਮਾਨਦਾਰੀ ਸੀ।

ਵਾਣੀ ਸੁੰਦਰਜੀ ਕਹਿੰਦੇ ਹਨ, "ਉਹ ਸਟਾਈਲਿਸ਼ ਰਹਿਣਾ ਜ਼ਰੂਰ ਪਸੰਦ ਕਰਦੇ ਸਨ ਪਰ ਉਹ ਅਕਸਰ ਗੈਰ-ਰਸਮੀ ਕੱਪੜਿਆਂ ਵਿੱਚ ਦਿਖਾਈ ਦਿੰਦੇ ਸਨ। ਉਹ ਪਾਈਪ ਪੀਂਦੇ ਸਨ ਅਤੇ ਉਸ ਦੀ ਡੰਡੀ ਨਾਲ ਕੰਧ 'ਤੇ ਲੱਗੇ ਨਕਸ਼ਿਆਂ ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸਮਝਾਉਂਦੇ ਸਨ। ਵਿੱਚ-ਵਿੱਚ ਉਹ ਪਾਈਪ ਦੇ ਇੱਕ-ਦੋ ਕਸ਼ ਵੀ ਲੈ ਲਿਆ ਕਰਦੇ ਸਨ। ਉਨ੍ਹਾਂ ਦੇ ਦਿਮਾਗ 'ਚ ਹਮੇਸ਼ਾ ਨਵੇਂ ਵਿਚਾਰ ਪੈਦਾ ਹੁੰਦੇ ਰਹਿੰਦੇ ਸਨ।"

ਉਸ ਦੌਰਾਨ ਉਹ ਮਾਨਸਿਕ ਤੌਰ 'ਤੇ 21ਵੀਂ ਸਦੀ ਵਿੱਚ ਪਹੁੰਚ ਗਏ ਸਨ। ਉਨ੍ਹਾਂ ਨੇ ਕਾਗਜ਼ 'ਤੇ 'ਵਿਜ਼ਨ 2000' ਦਾ ਖਰੜਾ ਤਿਆਰ ਕੀਤਾ ਸੀ, ਜਿਸ ਵਿੱਚ 21ਵੀਂ ਸਦੀ ਵਿੱਚ ਭਾਰਤੀ ਫੌਜ ਦੀ ਰਣਨੀਤੀ ਨੂੰ ਬਹੁਤ ਵਿਸਥਾਰ ਨਾਲ ਸਮਝਾਇਆ ਗਿਆ ਸੀ।

ਪਰਮਾਣੂ ਮੁੱਦਿਆਂ ਬਾਰੇ ਉਨ੍ਹਾਂ ਦੀ ਸੋਚ ਜਗ-ਜਾਹਿਰ ਸੀ। ਉਨ੍ਹਾਂ ਨੇ ਉਸ ਬਾਰੇ ਬਹੁਤ ਕੁਝ ਲਿਖਿਆ ਵੀ ਸੀ। ਉਨ੍ਹਾਂ ਦੀ ਨਿੱਜੀ ਲਾਇਬ੍ਰੇਰੀ ਵਿੱਚ ਹਜ਼ਾਰਾਂ ਕਿਤਾਬਾਂ ਸਨ।

ਵਾਣੀ ਸੁੰਦਰਜੀ ਲਿਖਦੇ ਹਨ, "ਸੁੰਦਰਜੀ ਲਿਓਨਾਰਡੋ ਦਾ ਵਿੰਚੀ ਅਤੇ ਚੰਗੇਜ਼ ਖਾਂ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਦੀ ਸੰਗੀਤ ਪ੍ਰਤੀ ਵੀ ਬਹੁਤ ਦੀਵਾਨਗੀ ਸੀ। ਉਹ ਭਾਰਤੀ, ਪੱਛਮੀ, ਸ਼ਾਸਤਰੀ, ਹਲਕਾ ਅਤੇ ਲੋਕ ਸੰਗੀਤ, ਹਰ ਤਰ੍ਹਾਂ ਦਾ ਸੰਗੀਤ ਪਸੰਦ ਕਰਦੇ ਸਨ। ਅਸੀਂ ਰਾਤ ਤੋਂ ਤਸਕੇ ਪਹੁ ਫੁੱਟਣ ਤੱਕ ਰਵੀ ਸ਼ੰਕਰ ਦੇ ਸੰਗੀਤ ਸਮਾਰੋਹਾਂ ਵਿੱਚ ਬੈਠੇ ਹਾਂ। ਉਹ ਸਾਡੇ ਚਾਰ ਦਹਾਕਿਆਂ ਪੁਰਾਣੇ ਦੋਸਤ ਸਨ।"

ਸੁੰਦਰਜੀ ਦੇ ਕਹਿਣ 'ਤੇ ਰਵੀ ਸ਼ੰਕਰ ਨੇ ਮਕੈਨਾਇਜ਼ਡ ਇਨਫੈਂਟਰੀ ਰੈਜੀਮੈਂਟ ਲਈ ਧੁਨ ਤਿਆਰ ਕੀਤੀ ਸੀ। ਉਹ ਅਕਸਰ ਪ੍ਰਸਿੱਧ ਵਿਗਿਆਨੀ ਰਾਜਾ ਰਮੰਨਾ ਦੇ ਘਰ ਜਾ ਕੇ ਉਨ੍ਹਾਂ ਨੂੰ ਪਿਆਨੋ ਵਜਾਉਂਦੇ ਹੋਏ ਸੁਣਦੇ ਸਨ।

ਕੰਮ ਕਰਦੇ ਸਮੇਂ ਸੁੰਦਰਜੀ ਅਕਸਰ ਬਿਸਮਿੱਲਾ ਖਾਨ, ਯੇਹੂਦੀ ਮੇਨਯੂਹਿਨ ਜਾਂ ਐਮਐਸ ਸੁੱਬਾਲਕਸ਼ਮੀ ਦਾ ਸੰਗੀਤ ਸੁਣਦੇ ਸਨ।

ਖਗੋਲ ਵਿਗਿਆਨ ਅਤੇ ਪੰਛੀਆਂ ਵਿੱਚ ਦਿਲਚਸਪੀ

ਸੁੰਦਰਜੀ ਨੂੰ ਹਮੇਸ਼ਾ ਨਵੀਆਂ ਚੀਜ਼ਾਂ ਸਿੱਖਣ ਦਾ ਸ਼ੌਕ ਸੀ। ਹਰ ਵਿਸ਼ੇ ਬਾਰੇ ਉਨ੍ਹਾਂ ਦਾ ਗਿਆਨ ਬਹੁਤ ਡੂੰਘਾ ਹੁੰਦਾ ਸੀ।

ਇੱਕ ਵਾਰ ਜਦੋਂ ਉਹ ਰਿਟਾਇਰਮੈਂਟ ਤੋਂ ਬਾਅਦ ਚੀਨ ਜਾ ਰਹੇ ਸਨ ਤਾਂ ਉਸਨੇ ਚੀਨੀ ਭਾਸ਼ਾ ਸਿੱਖਣ ਲਈ ਦੋ ਕਿਤਾਬਾਂ ਖਰੀਦੀਆਂ। ਉੱਥੇ ਜਾਣ ਤੋਂ ਪਹਿਲਾਂ, ਉਨ੍ਹਾਂ ਨੇ ਮੈਂਡਰਿਨ ਕਾਫ਼ੀ ਚੰਗੀ ਤਰ੍ਹਾਂ ਬੋਲਣਾ ਸ਼ੁਰੂ ਕਰ ਦਿੱਤਾ ਸੀ। ਜਦਕਿ ਉਦੋਂ ਤੱਕ ਉਹ 60 ਸਾਲ ਤੋਂ ਵੱਧ ਉਮਰ ਦੇ ਹੋ ਚੁੱਕੇ ਸਨ।

ਵਾਣੀ ਸੁੰਦਰਜੀ ਲਿਖਦੇ ਹਨ, "ਦੋ ਚੀਜ਼ਾਂ ਉਨ੍ਹਾਂ ਨੇ ਮੇਰੇ ਤੋਂ ਸਿੱਖੀਆਂ। ਉਨ੍ਹਾਂ ਵਿੱਚੋਂ ਇੱਕ ਸੀ ਖਗੋਲ ਵਿਗਿਆਨ ਵਿੱਚ ਦਿਲਚਸਪੀ। ਮੇਰੇ ਪਿਤਾ ਜੀ ਛੇ ਸਾਲ ਦੀ ਉਮਰ ਤੋਂ ਹੀ ਮੈਨੂੰ ਗ੍ਰਹਿ ਅਤੇ ਤਾਰੇ ਦਿਖਾਉਣ ਲਈ ਵੇਧਸ਼ਾਲਾ ਲੈ ਜਾਂਦੇ ਸਨ। ਸੁੰਦਰਜੀ ਮੇਰੇ ਲਈ ਖਗੋਲ ਵਿਗਿਆਨ ਬਾਰੇ ਕੁਝ ਕਿਤਾਬਾਂ ਲੈ ਕੇ ਆਏ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਵੀ ਇਸ ਖੇਤਰ ਵਿੱਚ ਦਿਲਚਸਪੀ ਹੋ ਗਈ।"

ਉਹ ਅੱਗੇ ਲਿਖਦੇ ਹਨ, "ਦੂਜੀ ਚੀਜ਼ ਸੀ ਪੰਛੀਆਂ ਵਿੱਚ ਮੇਰੀ ਦਿਲਚਸਪੀ। ਮੇਰੇ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਸ ਵਿਸ਼ੇ 'ਤੇ ਸਾਲਿਮ ਅਲੀ ਅਤੇ ਡਿਲਨ ਰਿਪਲੇ ਦੀਆਂ ਕਈ ਕਿਤਾਬਾਂ ਖਰੀਦ ਲਈਆਂ। ਉਨ੍ਹਾਂ ਨੇ ਪੰਛੀਆਂ 'ਤੇ ਨਜ਼ਰ ਰੱਖਣ ਲਈ ਦੋ ਸ਼ਕਤੀਸ਼ਾਲੀ ਦੂਰਬੀਨਾਂ ਵੀ ਖਰੀਦੀਆਂ। ਉਨ੍ਹਾਂ ਨੂੰ ਮੱਛੀਆਂ ਫੜ੍ਹਨ ਅਤੇ ਸ਼ਿਕਾਰ ਕਰਨ ਦਾ ਵੀ ਸ਼ੌਕ ਸੀ। ਉਨ੍ਹਾਂ ਮੱਛੀਆਂ ਫੜ੍ਹਨ ਵਾਲੀ ਰਾਡ ਅਤੇ 12 ਬੋਰ ਦੀ ਬੰਦੂਕ ਮੇਰੇ ਕੋਲ ਅਜੇ ਵੀ ਹੈ।"

ਸੁੰਦਰਜੀ ਦੇ ਹਰ ਕੰਮ ਵਿੱਚ ਰਫ਼ਤਾਰ ਹੁੰਦੀ ਸੀ। ਉਹ ਇੰਨੀ ਤੇਜ਼ ਤੁਰਦੇ ਸਨ ਕਿ ਲੋਕਾਂ ਨੂੰ ਉਨ੍ਹਾਂ ਦੇ ਬਰਾਬਰ ਚੱਲਣ ਦੀ ਕੋਸ਼ਿਸ਼ ਵਿੱਚ ਸਾਹ ਚੜ੍ਹ ਜਾਂਦਾ ਸੀ। ਹਸਪਤਾਲ ਵਿੱਚ ਦਾਖਲ ਹੋਣ ਤੱਕ ਉਹ ਰੋਜ਼ਾਨਾ 18 ਤੋਂ 20 ਘੰਟੇ ਕੰਮ ਕਰਦੇ ਸਨ।

ਮੋਟਰਸਾਈਕਲ ਅਤੇ ਟੈਂਕ ਦੀ ਡਰਾਈਵਿੰਗ

ਸੁੰਦਰਜੀ ਨੂੰ ਡਰਾਈਵਿੰਗ ਦਾ ਵੀ ਬਹੁਤ ਸ਼ੌਕ ਸੀ। ਉਹ ਟੈਂਕਾਂ ਤੋਂ ਲੈ ਕੇ ਏਪੀਸੀ ਅਤੇ ਇੱਥੋਂ ਤੱਕ ਕਿ ਮੋਟਰਸਾਈਕਲਾਂ ਤੱਕ ਸਭ ਕੁਝ ਚਲਾ ਲੈਂਦੇ ਸਨ।

ਇੱਕ ਐਤਵਾਰ, ਜਦੋਂ ਉਹ ਪੱਛਮੀ ਕਮਾਂਡ ਦੇ ਮੁਖੀ ਹੁੰਦੇ ਸਨ, ਉਨ੍ਹਾਂ ਦੇ ਸਾਬਕਾ ਏਡੀਸੀ ਉਨ੍ਹਾਂ ਨੂੰ ਮੋਟਰਸਾਈਕਲ 'ਤੇ ਮਿਲਣ ਆਏ।

ਵਾਣੀ ਸੁੰਦਰਜੀ ਯਾਦ ਕਰਦੇ ਹਨ, "ਉਸ ਸਮੇਂ ਅਸੀਂ ਦਿੱਲੀ ਦੇ ਇੰਸਪੈਕਸ਼ਨ ਬੰਗਲੇ ਦੇ ਬਰਾਂਡੇ ਵਿੱਚ ਚਾਹ ਪੀ ਰਹੇ ਸੀ। ਜਿਵੇਂ ਹੀ ਸੁੰਦਰਜੀ ਨੇ ਮੋਟਰਸਾਈਕਲ ਦੇਖਿਆ, ਉਨ੍ਹਾਂ ਨੇ ਕਿਹਾ, ਮੇਰੇ ਨਾਲ ਆਓ। ਅਸੀਂ ਦੋਵੇਂ ਮੋਟਰਸਾਈਕਲ 'ਤੇ ਬੈਠੇ। ਉਸ ਸਮੇਂ ਸੁੰਦਰਜੀ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ ਅਤੇ ਮੈਂ ਨਾਈਟੀ ਵਿੱਚ ਸੀ। ਅਗਲੇ ਅੱਧੇ ਘੰਟੇ ਤੱਕ, ਉਹ ਮੈਨੂੰ ਮੋਟਰਸਾਈਕਲ 'ਤੇ ਪੂਰੀ ਛਾਉਣੀ ਵਿੱਚ ਘੁੰਮਾਉਂਦੇ ਰਹੇ।"

ਇੱਕ ਵਾਰ ਮਾਰੂਥਲ ਦੀ 44 ਡਿਗਰੀ ਦੀ ਤਪਦੀ ਗਰਮੀ ਵਿੱਚ ਉਨ੍ਹਾਂ ਨੇ ਇੱਕ ਏਪੀਸੀ (ਆਰਮਡ ਪਰਸਨਲ ਕੈਰੀਅਰ) ਚਲਾਇਆ ਸੀ। ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਨਾਲ ਚੱਲ ਰਹੇ ਕਿ ਲੋਕ ਗਰਮੀ ਤੋਂ ਪਰੇਸ਼ਾਨ ਹੋ ਗਏ ਸਨ, ਪਰ ਉਸ 51 ਸਾਲਾ ਲੈਫਟੀਨੈਂਟ ਜਨਰਲ ਨੇ ਅਗਲੇ ਤਿੰਨ ਘੰਟਿਆਂ ਤੱਕ ਗੱਡੀ ਚਲਾਈ ਸੀ।

ਵਾਣੀ ਯਾਦ ਕਰਦੇ ਹਨ, "ਕੁਝ ਸਾਲਾਂ ਬਾਅਦ, ਜਦੋਂ ਉਹ ਆਰਮੀ ਚੀਫ਼ ਬਣੇ ਤਾਂ ਅਸੀਂ ਇਕੱਠੇ ਬਬੀਨਾ ਗਏ। ਉੱਥੇ ਉਨ੍ਹਾਂ ਨੇ ਕਤਾਰ 'ਚ ਖੜ੍ਹੇ ਕਈ ਟੈਂਕ ਦੇਖੇ। ਉਹ ਤੁਰੰਤ ਨੇੜੇ ਦੇ ਇੱਕ ਟੈਂਕ ਦੀ ਡਰਾਈਵਿੰਗ ਸੀਟ 'ਤੇ ਜਾ ਬੈਠੇ ਅਤੇ ਮੈਨੂੰ ਵੀ ਆਪਣੇ ਕੋਲ ਬੁਲਾ ਲਿਆ। ਉਸ ਤੋਂ ਬਾਅਦ ਉਨ੍ਹਾਂ ਨੇ ਪੂਰੀ ਰਫ਼ਤਾਰ ਨਾਲ ਉਸ ਬੇਤਰਤੀਬੇ ਰਸਤੇ 'ਤੇ ਟੈਂਕ ਚਲਾਇਆ।

'ਮੋਟਰ ਨਿਊਰੋਨ ਬਿਮਾਰੀ' ਤੋਂ ਪੀੜਤ

ਜਦੋਂ ਉਹ ਪਾਕਿਸਤਾਨ ਗਏ ਸਨ, ਤਾਂ ਉਹ ਉਸ ਸਮੇਂ ਦੇ ਫੌਜ ਮੁਖੀ ਜਨਰਲ ਆਸਿਫ਼ ਨਵਾਜ਼ ਜੰਜੂਆ ਦੇ ਮਹਿਮਾਨ ਸਨ। ਉਹ ਇਸਲਾਮਾਬਾਦ, ਪੇਸ਼ਾਵਰ ਅਤੇ ਖੈਬਰ ਪਾਸ ਵੀ ਗਏ। ਪਾਕਿਸਤਾਨੀ ਫੌਜ ਮੁਖੀ ਦੇ ਕਹਿਣ 'ਤੇ, ਉਹ ਅਫਗਾਨਿਸਤਾਨ ਦੀ ਸਰਹੱਦ ਦੇ 50 ਮੀਟਰ ਅੰਦਰ ਚਲੇ ਗਏ ਸਨ।

ਇਸ ਤੋਂ ਬਾਅਦ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਤਕਸ਼ਸ਼ਿਲਾ, ਮੋਹਨਜੋਦੜੋ ਅਤੇ ਲਾਹੌਰ ਦਾ ਦੌਰਾ ਵੀ ਕੀਤਾ।

10 ਜਨਵਰੀ, 1998 ਨੂੰ ਡਾਕਟਰਾਂ ਨੂੰ ਪਤਾ ਲੱਗਾ ਕਿ ਜਨਰਲ ਸੁੰਦਰਜੀ 'ਮੋਟਰ ਨਿਊਰੋਨ ਬਿਮਾਰੀ' ਤੋਂ ਪੀੜਤ ਹਨ।

ਇਹ ਇੱਕ ਨਿਊਰੋਲੋਜੀਕਲ ਬਿਮਾਰੀ ਹੈ ਜੋ ਦਿਮਾਗ ਅਤੇ ਰੀੜ੍ਹ ਦੀ ਹੱਡੀ ਵਿੱਚ ਮੌਜੂਦ ਮੋਟਰ ਨਿਊਰੋਨਸ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਅੰਤ ਵਿੱਚ ਅਧਰੰਗ ਹੋ ਜਾਂਦਾ ਹੈ।

ਡਾਕਟਰ, ਜਨਰਲ ਸੁੰਦਰਜੀ ਨੂੰ ਇਸ ਬਿਮਾਰੀ ਬਾਰੇ ਦੱਸਣ ਵਿੱਚ ਥੋੜ੍ਹਾ ਝਿਜਕ ਰਹੇ ਸਨ, ਪਰ ਜਲਦ ਹੀ ਉਨ੍ਹਾਂ ਨੇ ਇੰਟਰਨੈੱਟ ਰਾਹੀਂ ਇਸ ਬਿਮਾਰੀ ਬਾਰੇ ਸਭ ਕੁਝ ਪਤਾ ਲਗਾ ਲਿਆ।

ਉਹ ਲਾਈਫ ਸਪੋਰਟ ਸਿਸਟਮ ਦੇ ਸਹਾਰੇ ਜ਼ਿੰਦਾ ਨਹੀਂ ਰਹਿਣਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੇ ਡਾਕਟਰਾਂ ਤੋਂ ਆਪਣੀ ਇੱਛਾ ਨਾਲ ਮੌਤ ਬਾਰੇ ਸਵਾਲ ਪੁੱਛੇ ਸਨ।

28 ਮਾਰਚ ਆਉਂਦੇ-ਆਉਂਦੇ ਉਹ ਪੂਰੀ ਤਰ੍ਹਾਂ ਨਾਲ ਲਾਈਫ ਸਪੋਰਟ ਸਿਸਟਮ 'ਤੇ ਚਲੇ ਗਏ ਸਨ।

ਉਸ ਹਾਲਤ ਵਿੱਚ ਵੀ ਉਨ੍ਹਾਂ ਨੇ ਆਪਣੀ ਪਤਨੀ ਲਈ ਚਾਰ ਸ਼ਬਦਾਂ ਦਾ ਇੱਕ ਨੋਟ ਲਿਖਿਆ ਸੀ, 'ਪਲੀਜ਼ ਲੇਟ ਮੀ ਗੋ', ਮਤਲਬ - ਕਿਰਪਾ ਕਰਕੇ ਮੈਨੂੰ ਜਾਣ ਦਿਓ।

ਵਾਣੀ ਸੁੰਦਰਜੀ ਲਿਖਦੇ ਹਨ, "ਆਪਣੀ ਜ਼ਿੰਦਗੀ ਦੇ ਆਖਰੀ ਪਲ ਤੱਕ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਸਨ ਅਤੇ ਆਪਣੀਆਂ ਅੱਖਾਂ ਰਾਹੀਂ ਆਪਣੇ ਡਾਕਟਰਾਂ ਅਤੇ ਮੇਰੇ ਨਾਲ ਗੱਲਾਂ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਪੋਖਰਣ ਪ੍ਰਮਾਣੂ ਪ੍ਰੀਖਣ ਬਾਰੇ ਦੱਸਿਆ ਸੀ। ਉਸ ਹਾਲਤ ਵਿੱਚ ਵੀ ਉਹ ਰੋਜ਼ਾਨਾ ਤਿੰਨ ਅਖ਼ਬਾਰ ਪੜ੍ਹਦੇ ਸਨ ਅਤੇ ਵੱਡੀ ਟੀਵੀ ਸਕ੍ਰੀਨ 'ਤੇ ਕ੍ਰਿਕਟ ਦੇਖਦੇ ਸਨ।"

ਬਿਮਾਰੀ ਦਾ ਪਤਾ ਲੱਗਣ ਤੋਂ ਬਾਅਦ ਉਹ ਇੱਕ ਸਾਲ ਅਤੇ ਇੱਕ ਹਫ਼ਤੇ ਤੱਕ ਜ਼ਿੰਦਾ ਰਹੇ ਅਤੇ 8 ਫਰਵਰੀ 1999 ਨੂੰ ਉਨ੍ਹਾਂ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)