You’re viewing a text-only version of this website that uses less data. View the main version of the website including all images and videos.
ਚੀਨ ਇੰਨਾ ਸੋਨਾ ਕਿਉਂ ਖਰੀਦ ਰਿਹਾ ਹੈ? ਦੁਨੀਆ ਦੀ ਅਰਥਵਿਵਸਥਾ 'ਤੇ ਇਸ ਦਾ ਕੀ ਅਸਰ ਹੋਵੇਗਾ?
- ਲੇਖਕ, ਸਿਧਾਰਥ ਰਾਏ
- ਰੋਲ, ਚੀਨ ਮਾਮਲਿਆਂ ਦੇ ਮਾਹਰ
ਕਰੀਬ ਤਿੰਨ ਦਹਾਕਿਆਂ ਬਾਅਦ, ਸਾਲ 2025 ਵਿੱਚ ਪਹਿਲੀ ਵਾਰ ਵਿਸ਼ਵਵਿਆਪੀ ਕੇਂਦਰੀ ਬੈਂਕਾਂ ਕੋਲ ਮੌਜੂਦ ਸੋਨੇ ਦੀ ਕੁੱਲ ਕੀਮਤ, ਅਮਰੀਕੀ ਟ੍ਰੇਜ਼ਰੀ ਬਾਂਡਾਂ ਦੇ ਵਿੱਚ ਕੀਤੇ ਨਿਵੇਸ਼ ਤੋਂ ਵੱਧ ਹੋ ਗਈI
ਕੇਂਦਰੀ ਬੈਂਕਾਂ ਕੋਲ ਸੋਨੇ ਦਾ ਭੰਡਾਰ ਕਰੀਬ 4 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ, ਜਦਕਿ ਅਮਰੀਕੀ ਟ੍ਰੇਜ਼ਰੀ ਵਿੱਚ ਨਿਵੇਸ਼ 3.5 ਟ੍ਰਿਲੀਅਨ ਡਾਲਰ ਹੈI
ਸੋਨਾ ਯੂਰੋ ਨੂੰ ਪਿੱਛੇ ਛੱਡਦਿਆਂ, ਅਮਰੀਕੀ ਡਾਲਰ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਅੰਤਰਰਾਸ਼ਟਰੀ ਰਿਜ਼ਰਵ ਸੰਪਤੀ ਬਣ ਗਿਆI
ਇਹ ਬਦਲਾਅ 2022 ਵਿੱਚ ਅਮਰੀਕਾ ਵੱਲੋਂ ਰੂਸ ਦੀਆਂ ਸੰਪਤੀਆਂ ਨੂੰ ਫ੍ਰੀਜ਼ ਕਰਨ ਤੋਂ ਬਾਅਦ ਕੇਂਦਰੀ ਬੈਂਕਾਂ ਵੱਲੋਂ ਸੋਨੇ ਦੀ ਖਰੀਦ ਤੇਜ਼ ਕਰਨ ਤੋਂ ਬਾਅਦ ਸਾਹਮਣੇ ਆਇਆI
ਲਗਾਤਾਰ 3 ਸਾਲਾਂ ਤੱਕ ਕੇਂਦਰੀ ਬੈਂਕਾਂ ਨੇ ਹਰ ਸਾਲ 1000 ਟਨ ਤੋਂ ਵੱਧ ਸੋਨਾ ਖਰੀਦਿਆI ਜ਼ਿਆਦਾ ਕੀਮਤਾਂ ਦੇ ਬਾਵਜੂਦ ਸਤੰਬਰ 2025 ਤੱਕ ਇਹ 634 ਟਨ ਹੋਰ ਹੋ ਗਿਆI
ਚੀਨੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੋਨੇ ਦਾ ਭੰਡਾਰ ਵਧਾਉਣ ਨਾਲ ਕੇਂਦਰੀ ਬੈਂਕਾਂ ਨੂੰ ਡਾਲਰ 'ਤੇ ਨਿਰਭਰਤਾ ਘਟਾਉਣ ਅਤੇ ਡਾਲਰ ਆਧਾਰਿਤ ਸੰਪਤੀਆਂ ਨਾਲ ਜੁੜੇ ਜੋਖਮਾਂ ਨੂੰ ਸੰਭਾਲਣ ਵਿੱਚ ਮਦਦ ਮਿਲਦੀ ਹੈI
ਡਾਲਰ ਪ੍ਰਤੀ ਭਰੋਸੇਯੋਗਤਾ ਕਮਜ਼ੋਰ ਹੋਣ ਦੀ ਹਾਲਤ ਵਿਚ, ਜ਼ਿਆਦਾ ਸੋਨਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ ਨੂੰ ਸਥਿਰ ਕਰਨ ਵਿਚ ਵੀ ਮਦਦਗਾਰ ਹੁੰਦਾ ਹੈI
ਸਤੰਬਰ 2025 ਤੱਕ, ਚੀਨ ਦੇ ਕੁੱਲ ਅੰਤਰਰਾਸ਼ਟਰੀ ਰਿਜ਼ਰਵ ਵਿੱਚ ਸੋਨੇ ਦੀ ਹਿੱਸੇਦਾਰੀ 7.6 ਫ਼ੀਸਦੀ ਰਹੀI
ਰੂਸ ਦੇ ਕੁੱਝ ਅੰਤਰਰਾਸ਼ਟਰੀ ਰਿਜ਼ਰਵ ਵਿੱਚ ਸੋਨੇ ਦਾ ਹਿੱਸਾ 41.3 ਫ਼ੀਸਦੀ ਰਿਹਾ ਜਦਕਿ ਭਾਰਤ ਦਾ 13.57 ਫ਼ੀਸਦੀ ਸੀI
ਨੀਤਿਗਤ ਅਨਿਸ਼ਚਿਤਤਾ, ਅਮਰੀਕਾ ਦੇ ਵੱਧਦੇ ਕਰਜ਼ੇ ਅਤੇ ਭੂ ਰਾਜਨੀਤਿਕ ਤਣਾਅ ਵਿਚਕਾਰ ਵਿਸ਼ੇਸ਼ਕਾਂ ਦਾ ਮੰਨਣਾ ਹੈ ਕਿ ਕੇਂਦਰੀ ਬੈਂਕ ਹੌਲੀ-ਹੌਲੀ ਡਾਲਰ 'ਤੇ ਆਪਣੀ ਨਿਰਭਰਤਾ ਘਟਾ ਰਹੇ ਹਨ ਅਤੇ ਸੋਨੇ ਦੀ ਹਿੱਸੇਦਾਰੀ ਵਧਾ ਰਹੇ ਹਨI
ਇਸ ਨਾਲ ਵਿਸ਼ਵ ਮੁਦਰਾ ਪ੍ਰਣਾਲੀ ਵਿੱਚ ਵਧੇਰੇ ਵਿਭਿੰਨਤਾ ਆ ਸਕਦੀ ਹੈI
ਸਾਲ 2024 ਵਿੱਚ ਬ੍ਰਿਕਸ ਦੀ ਪ੍ਰਧਾਨਗੀ ਦੌਰਾਨ ਰੂਸ ਨੇ ਬ੍ਰਿਕਸ ਕ੍ਰਾਸ-ਬਾਰਡਰ ਪੇਮੈਂਟਸ ਇਨੀਸ਼ੀਏਟਿਵ (ਬੀਸੀਬੀਪੀਆਈ) ਦਾ ਪ੍ਰਸਤਾਵ ਰੱਖਿਆ ਸੀI
ਇਹ ਪ੍ਰਬੰਧ ਦਾ ਉਦੇਸ਼ ਮੈਂਬਰ ਦੇਸ਼ਾਂ ਵਿਚਕਾਰ ਉਨ੍ਹਾਂ ਦੀਆਂ ਰਾਸ਼ਟਰੀ ਮੁਦਰਾਵਾਂ ਵਿੱਚ ਵਪਾਰ ਨੂੰ ਸੁਵਿਧਾਜਨਕ ਬਣਾਉਣਾ ਅਤੇ ਅਮਰੀਕੀ ਡਾਲਰ-ਅਧਾਰਤ ਵਿੱਤੀ ਪ੍ਰਣਾਲੀ 'ਤੇ ਉਨ੍ਹਾਂ ਦੀ ਨਿਰਭਰਤਾ ਨੂੰ ਘਟਾਉਣਾ ਹੈ।
ਵਿਸ਼ੇਸ਼ਕਾਂ ਦਾ ਮੰਨਣਾ ਹੈ ਕਿ ਇਹ ਰੁਝਾਨ ਚੀਨੀ ਰੇਨਮਿਨਬੀ (ਚੀਨੀ ਮੁਦਰਾ) ਦੇ ਵਿਆਪਕ ਅੰਤਰਰਾਸ਼ਟਰੀ ਵਰਤੋਂ ਲਈ ਨਵੇਂ ਮੌਕੇ ਵੀ ਪੈਦਾ ਕਰਦਾ ਹੈI
ਚੀਨ ਦੇ ਵੱਧਦੇ ਸੋਨੇ ਦੇ ਭੰਡਾਰ ਨੂੰ ਵਿਸ਼ਵ ਵਿੱਤੀ ਪ੍ਰਣਾਲੀ ਵਿੱਚ ਰੇਨਮਿਨਬੀ ਦੀ ਵੱਧਦੀ ਭੂਮਿਕਾ ਪ੍ਰਤੀ ਭਰੋਸਾ ਮਜ਼ਬੂਤ ਕਰਦੇ ਦੇਖਿਆ ਜਾ ਰਿਹਾ ਹੈI
ਇਹ ਵਿਸ਼ਲੇਸ਼ਣ ਵਰਲਡ ਗੋਲਡ ਕੌਂਸਲ, ਆਈਐਮਐਫ ਅਤੇ ਪੀਪਲਜ਼ ਬੈਂਕ ਆਫ ਚਾਈਨਾ ਦੇ ਅੰਕੜਿਆਂ 'ਤੇ ਅਧਾਰਿਤ ਹੈ ਅਤੇ ਇਸ ਵਿੱਚ ਬ੍ਰਿਕਸ ਦੇਸ਼ਾਂ ਖ਼ਾਸ ਤੌਰ 'ਤੇ ਚੀਨ ਦੇ ਸੋਨਾ ਇਕੱਠਾ ਕਰਨ ਦੇ ਪੈਟਰਨ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈI
ਇਸ ਵਿੱਚ ਇਹ ਵਿਸ਼ਲੇਸ਼ਣ ਵੀ ਕੀਤਾ ਗਿਆ ਹੈ ਕਿ ਕਿਵੇਂ ਸੋਨੇ ਦੇ ਭੰਡਾਰ ਨੇ ਰੇਨਮਿਨਬੀ ਦੀ ਵਿਆਪਕ ਅੰਤਰਰਾਸ਼ਟਰੀ ਵਰਤੋਂ ਲਈ ਮੌਕੇ ਪੈਦਾ ਕੀਤੇ ਹਨI
ਹਾਲਾਂਕਿ ਮੌਜੂਦਾ ਪੱਧਰ ਅਜੇ ਵੀ ਇਸ ਮੁਦਰਾ ਦੇ ਪੂਰੇ ਅੰਤਰਰਾਸ਼ਟਰੀਕਰਨ ਲਈ ਕਾਫ਼ੀ ਨਹੀਂ ਹੈ।
ਬ੍ਰਿਕਸ ਦੇਸ਼ਾਂ 'ਚ ਸੋਨੇ ਦੇ ਭੰਡਾਰ ਦਾ ਪੈਟਰਨ
ਬ੍ਰਿਕਸ ਦੇਸ਼ਾਂ ਖ਼ਾਸਕਰ ਦੁਨੀਆ ਦੇ ਦੋ ਸਭ ਤੋਂ ਵੱਡੇ ਉਤਪਾਦਕ ਚੀਨ ਅਤੇ ਰੂਸ ਦਾ ਸੋਨੇ ਦਾ ਭੰਡਾਰ ਵਧਾਉਣਾ ਕੋਈ ਨਵੀਂ ਗੱਲ ਨਹੀਂ ਹੈI
ਦੋਵਾਂ ਦੇਸ਼ਾਂ ਨੇ ਸਾਲ 2008 ਦੇ ਵਿਸ਼ਵ ਵਿੱਤੀ ਸੰਕਟ ਤੋਂ ਬਾਅਦ ਆਪਣੇ ਸੋਨੇ ਦੇ ਭੰਡਾਰ ਵਧਾਉਣੇ ਸ਼ੁਰੂ ਕਰ ਦਿੱਤੇI
ਉਸ ਸੰਕਟ ਨੇ ਅਮਰੀਕੀ ਬੈਕਿੰਗ ਪ੍ਰਣਾਲੀ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਅਤੇ ਉੱਭਰ ਰਹੀਆਂ ਅਰਥਵਿਵਸਥਾਵਾਂ ਨੂੰ ਡਾਲਰ-ਅਧਾਰਤ ਸੰਪਤੀਆਂ ਵਿੱਚ ਨਿਵੇਸ਼ ਨਾਲ ਜੁੜੇ ਜੋਖਮਾਂ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾI
ਹਾਲਾਂਕਿ, ਦੋਵਾਂ ਦੇਸ਼ਾਂ ਦੇ ਤਰੀਕੇ ਅਲੱਗ ਅਲੱਗ ਰਹੇ ਹਨI ਰੂਸ ਨੇ ਵੱਡੇ ਪੱਧਰ 'ਤੇ ਅਤੇ ਨਿਰੰਤਰ ਖਰੀਦਦਾਰੀ ਦੀ ਨੀਤੀ ਅਪਣਾਈ ਹੈ।
2022 ਵਿੱਚ ਯੂਕਰੇਨ 'ਤੇ ਹਮਲੇ ਅਤੇ ਵਿਆਪਕ ਪੱਛਮੀ ਪਾਬੰਦੀਆਂ ਦੇ ਵਿਚਕਾਰ, ਰੂਸ ਦੇ ਸੋਨੇ ਦੇ ਭੰਡਾਰ ਆਪਣੇ ਸਿਖਰ 'ਤੇ ਪਹੁੰਚ ਗਏ।
ਇਸ ਤੋਂ ਬਾਅਦ ਰੂਸ ਦੇ ਭੰਡਾਰ ਵਿੱਚ ਲਗਭਗ ਸਥਿਰਤਾ ਆ ਗਈI ਸਾਲ 2025 ਵਿੱਚ ਰੂਸ ਨੇ ਘਰੇਲੂ ਬਜਟ ਦਾ ਘਾਟਾ ਪੂਰਾ ਕਰਨ ਲਈ ਆਪਣੇ ਸੋਨੇ ਦੇ ਭੰਡਾਰ ਦਾ ਇੱਕ ਹਿੱਸਾ ਵੇਚ ਦਿੱਤਾ ਸੀ।
ਚੀਨ ਦਾ ਰੁਖ਼ ਰਣਨੀਤਕ ਅਤੇ ਕੀਮਤਾਂ-ਅਧਾਰਤ ਸੀ। ਪੀਪਲਜ਼ ਬੈਂਕ ਆਫ਼ ਚਾਈਨਾ ਆਮ ਤੌਰ 'ਤੇ ਸੋਨੇ ਦੀ ਖਰੀਦ ਨੂੰ ਵਧਾਉਂਦਾ ਰਿਹਾ ਹੈ, ਜਦੋਂ ਅੰਤਰਰਾਸ਼ਟਰੀ ਸੋਨੇ ਦੀਆਂ ਕੀਮਤਾਂ ਘਟਦੀਆਂ ਹਨ।
ਚੀਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਸਲਾਨਾ ਖ਼ਰੀਦ 2015 ਵਿੱਚ 708.22 ਟਨ ਰਹੀI
ਇਹ ਖਰੀਦ ਅਮਰੀਕੀ ਫੈਡਰਲ ਰਿਜ਼ਰਵ ਦੇ 2013 ਵਿੱਚ ਬਾਂਡ ਖ਼ਰੀਦ ਪ੍ਰੋਗਰਾਮ, ਜਿਸ ਨੂੰ ਆਮ ਤੌਰ 'ਤੇ ਟੈਪਰ ਟੈਂਟਰਮ ਕਿਹਾ ਜਾਂਦਾ ਹੈ, ਉਸ ਨੂੰ ਹੌਲੀ-ਹੌਲੀ ਘਟਾਉਣ ਦੇ ਐਲਾਨ ਤੋਂ ਬਾਅਦ ਹੋਈ।
ਸਾਲ 2023 ਤੋਂ ਬਾਅਦ ਚੀਨ ਨੇ ਸੋਨਾ ਜਮ੍ਹਾ ਕਰਨ ਦੀ ਰਫ਼ਤਾਰ ਹੌਲੀ ਕੀਤੀ, ਪਰ ਛੋਟੀ ਮਾਤਰਾ 'ਚ ਖਰੀਦ ਜਾਰੀ ਰੱਖੀI
ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਚੀਨ ਲੰਬੇ ਸਮੇਂ ਤੱਕ ਸੋਨੇ ਦਾ ਭੰਡਾਰ ਵਧਾਉਣ ਦੀ ਰਣਨੀਤੀ 'ਤੇ ਕਾਇਮ ਹੈI
ਭਾਰਤ ਨੇ ਸਾਲ 2018 ਤੋਂ ਹੌਲੀ-ਹੌਲੀ ਆਪਣੇ ਸੋਨੇ ਦੇ ਭੰਡਾਰ ਵਿੱਚ ਵਾਧਾ ਕਰਨਾ ਸ਼ੁਰੂ ਕੀਤਾ।
ਰੂਸ ਅਤੇ ਚੀਨ ਦੇ ਉਲਟ (ਜਿਨ੍ਹਾਂ ਨੇ ਡੀ-ਡਾਲਰਾਈਜ਼ੇਸ਼ਨ ਦੀ ਨੀਤੀ ਤਹਿਤ ਅਮਰੀਕੀ ਕਰਜ਼ੇ ਵਿੱਚ ਆਪਣੀ ਹਿੱਸੇਦਾਰੀ ਤੇਜ਼ੀ ਨਾਲ ਘਟਾਈ), ਭਾਰਤ ਨੇ 2024 ਤੱਕ ਅਮਰੀਕੀ ਟ੍ਰੇਜ਼ਰੀ ਵਿੱਚ ਭਾਰੀ ਨਿਵੇਸ਼ ਜਾਰੀ ਰੱਖਿਆ।
ਇਸ ਦਾ ਮਕਸਦ ਵਿਕਾਸਸ਼ੀਲ ਅਰਥਵਿਵਸਥਾ ਵਿੱਚ ਆ ਰਹੀ ਵਾਧੂ ਵਿਦੇਸ਼ੀ ਪੂੰਜੀ ਨੂੰ ਲਗਾਉਣਾ ਸੀ।
ਹਾਲਾਂਕਿ ਸਾਲ 2026 ਦੀ ਸ਼ੁਰੂਆਤ ਤੱਕ ਭਾਰਤ ਨੇ ਆਪਣਾ ਰੁਖ਼ ਬਦਲ ਲਿਆ। ਹੁਣ ਅਮਰੀਕੀ ਟ੍ਰੇਜ਼ਰੀ ਵਿੱਚ ਭਾਰਤ ਦੀ ਹਿੱਸੇਦਾਰੀ 21 ਫ਼ੀਸਦੀ ਰਹਿ ਗਈ ਹੈ।
ਭਾਰਤ ਨੇ ਹੁਣ ਵਿਸ਼ਵ ਵਿੱਤੀ ਖ਼ਤਰੇ ਤੋਂ ਬਚਾਅ ਲਈ ਸੋਨੇ ਅਤੇ ਹੋਰ ਗੈਰ-ਡਾਲਰ ਸੰਪਤੀਆਂ ਵਿੱਚ ਨਿਵੇਸ਼ ਵਧਾ ਦਿੱਤਾ ਹੈ।
ਬ੍ਰਿਕਸ ਦਾ ਬਦਲਵਾਂ ਭੁਗਤਾਨ ਸਿਸਟਮ
ਡੀ-ਡਾਲਰਾਈਜ਼ੇਸ਼ਨ ਦੇ ਦੌਰਾਨ, ਜਦੋਂ ਵਿਸ਼ਵ ਪੱਧਰੀ ਰਿਜ਼ਰਵ ਦਾ ਰੁਝਾਨ ਸੋਨੇ ਵੱਲ ਵਧ ਰਿਹਾ ਹੈ, ਰੂਸ ਨੇ ਲੰਡਨ ਮੈਟਲ ਐਕਸਚੇਂਜ ਵਰਗੇ ਪੱਛਮੀ ਪਲੇਟਫ਼ਾਰਮਾਂ ਦੇ ਵਿਕਲਪ ਵਜੋਂ ਇੱਕ ਬ੍ਰਿਕਸ ਪ੍ਰੀਸ਼ੀਅਸ ਮੈਟਲ ਐਕਸਚੇਂਜ ਬਣਾਉਣ ਦਾ ਪ੍ਰਸਤਾਵ ਰੱਖਿਆ ਹੈ।
ਇਸ ਦਾ ਉਦੇਸ਼ ਵਪਾਰ ਨੂੰ ਪਾਬੰਦੀਆਂ ਦੇ ਅਸਰ ਤੋਂ ਸੁਰੱਖਿਅਤ ਰੱਖਣਾ ਹੈ।
ਹਾਲਾਂਕਿ ਸਾਲ 2025 ਵਿੱਚ ਬ੍ਰਾਜ਼ੀਲ ਵਿੱਚ ਹੋਈ ਬ੍ਰਿਕਸ ਸ਼ਿਖਰ ਬੈਠਕ ਤੱਕ ਇਸ ਪ੍ਰਸਤਾਵ 'ਤੇ ਕੋਈ ਠੋਸ ਤਰੱਕੀ ਸਾਹਮਣੇ ਨਹੀਂ ਆਈ।
ਇਸ ਦਾ ਇੱਕ ਕਾਰਨ ਚੀਨ ਦੀ ਮੌਜੂਦਾ ਗੋਲਡ ਮਾਰਕੀਟ ਪ੍ਰਣਾਲੀ ਮੰਨੀ ਜਾ ਰਹੀ ਹੈ।
ਚੀਨ ਪਹਿਲਾਂ ਤੋਂ ਹੀ ਰੇਨਮਿਨਬੀ ਆਧਾਰਿਤ ਸ਼ੰਘਾਈ ਗੋਲਡ ਐਕਸਚੇਂਜ ਚਲਾ ਰਿਹਾ ਹੈ ਅਤੇ ਹਾਂਗਕਾਂਗ ਵਿੱਚ ਇੱਕ ਪ੍ਰਮਾਣਿਤ ਬੁਲਿਅਨ ਵੌਲਟ ਵੀ ਮੌਜੂਦ ਹੈ।
ਹਾਂਗਕਾਂਗ ਵਿੱਚ ਇੱਕ ਅੰਤਰਰਾਸ਼ਟਰੀ ਸੋਨੇ ਦਾ ਵਪਾਰ ਕੇਂਦਰ ਸਥਾਪਤ ਕਰਨ ਦੀ ਯੋਜਨਾ ਵੀ ਹੈ।
ਇਸ ਲਈ, ਚੀਨ ਲਈ ਇੱਕ ਨਵਾਂ ਬ੍ਰਿਕਸ ਐਕਸਚੇਂਜ ਬਣਾਉਣ ਦੀ ਥਾਂ ਵਿਸ਼ਵ ਸਰਾਫਾ ਬਾਜ਼ਾਰ ਵਿੱਚ ਆਪਣੀ ਸਥਾਪਿਤ ਭੂਮਿਕਾ ਦੀ ਵਰਤੋਂ ਕਰਨਾ ਵਧੇਰੇ ਵਿਹਾਰਕ ਮੰਨਿਆ ਜਾਂਦਾ ਹੈ।
ਸਾਲ 2022 ਤੋਂ ਬਾਅਦ ਰੂਸ ਬ੍ਰਿਕਸ ਬਾਸਕਿਟ ਆਧਾਰਿਤ ਰਿਜ਼ਰਵ ਮੁਦਰਾ ਦਾ ਸਭ ਤੋਂ ਜ਼ੋਰਦਾਰ ਸਮਰਥਕ ਰਿਹਾ ਹੈ।
ਇਸ ਵਿੱਚ ਸੋਨੇ ਜਾਂ ਹੋਰ ਚੀਜ਼ਾਂ ਨਾਲ ਜੁੜੀ ਮੁਦਰਾ ਦੇ ਸੁਝਾਅ ਵੀ ਸ਼ਾਮਲ ਹਨ। ਹਾਲਾਂਕਿ ਇਹ ਸਾਰੇ ਪ੍ਰਸਤਾਵ ਫਿਲਹਾਲ ਚਰਚਾ ਦੇ ਪੱਧਰ 'ਤੇ ਹੀ ਹਨ।
ਵਿਆਪਕ ਤੌਰ 'ਤੇ ਵੇਖਿਆ ਜਾਵੇ ਤਾਂ ਆਰਥਿਕ ਵਿਕਾਸ ਦੇ ਪੱਧਰ, ਨੀਤਿਗਤ ਤਰਜੀਹਾਂ ਅਤੇ ਵਿਦੇਸ਼ ਨੀਤੀ ਦੇ ਅੰਤਰਾਂ ਕਾਰਨ ਬ੍ਰਿਕਸ ਅੰਦਰ ਤਾਲਮੇਲ ਸੀਮਿਤ ਰਹਿੰਦਾ ਹੈ।
ਇਹ ਸਥਾਨਕ ਮੁਦਰਾਵਾਂ ਵਿੱਚ ਵਪਾਰ ਵਧਾਉਣ ਦੇ ਯਤਨਾਂ ਨੂੰ ਪ੍ਰਭਾਵਿਤ ਕਰਦਾ ਹੈ, ਜੋ ਕਿ ਵੱਡੇ ਪੱਧਰ 'ਤੇ ਵਪਾਰ ਸੰਤੁਲਨ ਅਤੇ ਨਕਦੀ ਦੀ ਉਪਲਬਧਤਾ 'ਤੇ ਨਿਰਭਰ ਕਰਦੇ ਹਨ।
ਭਾਰਤ ਅਤੇ ਚੀਨ ਵਿਚਕਾਰ 102.5 ਅਰਬ ਡਾਲਰ ਦਾ ਵਪਾਰ ਘਾਟਾ ਇਸ ਚੁਣੌਤੀ ਨੂੰ ਸਾਫ਼ ਤੌਰ 'ਤੇ ਦਰਸਾਉਂਦਾ ਹੈ।
ਜੇਕਰ ਦੁਵੱਲਾ ਵਪਾਰ ਰੁਪਏ ਵਿੱਚ ਹੁੰਦਾ, ਤਾਂ ਚੀਨ ਕੋਲ ਵੱਡੀ ਮਾਤਰਾ ਵਿੱਚ ਅਜਿਹੀ ਮੁਦਰਾ ਇਕੱਠੀ ਹੋ ਜਾਵੇਗੀ, ਜਿਸ ਦੀ ਅੰਤਰਰਾਸ਼ਟਰੀ ਵਰਤੋਂ ਸੀਮਿਤ ਹੈ।
ਇਸੇ ਕਾਰਨ ਅਜਿਹੇ ਸਮਝੌਤੇ ਚੀਨ ਲਈ ਆਕਰਸ਼ਕ ਨਹੀਂ ਮੰਨੇ ਜਾਂਦੇ।
ਬ੍ਰਿਕਸ ਤੋਂ ਅਲੱਗ ਰੇਨਮਿਨਬੀ ਦਾ ਅੰਤਰਰਾਸ਼ਟਰੀਕਰਨ
ਬ੍ਰਿਕਸ ਤੋਂ ਬਾਹਰ ਵੀ ਚੀਨ ਰੇਨਮਿਨਬੀ ਦੀ ਸਰਹੱਦ ਪਾਰ ਵਰਤੋਂ ਨੂੰ ਵਧਾਉਣ ਲਈ ਆਪਣੀ ਵਿੱਤੀ ਪ੍ਰਣਾਲੀ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ।
ਚੀਨ ਦੀ ਇੱਕ ਮੁੱਖ ਪਹਿਲ ਵਿੱਚ ਐਮਬ੍ਰਿਜ ਸ਼ਾਮਿਲ ਹੈ। ਇਹ ਇੱਕ ਬਲੌਕਚੇਨ ਆਧਾਰਿਤ ਹੋਲਸੇਲ ਸੈਂਟ੍ਰਲ ਬੈਂਕ ਡਿਜ਼ੀਟਲ ਕਰੰਸੀ ਪਲੇਟਫ਼ਾਰਮ ਹੈ, ਜਿਸਨੂੰ ਹਾਂਗਕਾਂਗ, ਥਾਈਲੈਂਡ, ਯੂਏਈ ਅਤੇ ਸਾਊਦੀ ਅਰਬ ਦੇ ਕੇਂਦਰੀ ਬੈਂਕਾਂ ਨਾਲ ਮਿਲ ਕੇ ਬਣਾਇਆ ਗਿਆ ਹੈ।
ਇਹ ਪ੍ਰੋਜੈਕਟ 2024 ਦੇ ਮੱਧ ਤੱਕ ਆਪਣੇ 'ਮਿਨੀਮਮ ਵਾਇਬਲ ਪ੍ਰੋਡਕਟ' ਪੜਾਅ ਤੱਕ ਪਹੁੰਚ ਚੁੱਕਾ ਹੈ।
ਚੀਨ ਦੇ ਵੱਧਦੇ ਸੋਨੇ ਦੇ ਭੰਡਾਰ ਨੇ ਰੇਨਮਿਨਬੀ ਦੀ ਸਥਿਰਤਾ ਅਤੇ ਭਰੋਸੇ ਦੀ ਧਾਰਣਾ ਨੂੰ ਮਜ਼ਬੂਤ ਕੀਤਾ ਹੈ।
ਸਾਲ 2009 ਵਿੱਚ ਚੀਨ ਨੇ ਰੇਨਮਿਨਬੀ ਨੂੰ ਅੰਤਰਰਾਸ਼ਟਰੀਕਰਨ ਦਾ ਪ੍ਰੋਗਰਾਮ ਸ਼ੁਰੂ ਕੀਤਾ ਸੀ, ਓਦੋਂ ਤੋਂ ਪੀਪਲਜ਼ ਬੈਂਕ ਆਫ਼ ਚਾਈਨਾ ਨੇ 32 ਦੁਵੱਲੇ ਸਥਾਨਕ ਮੁਦਰਾ ਸਵੈਪ ਸਮਝੌਤੇ ਕੀਤੇ ਹਨ।
ਇਨ੍ਹਾਂ ਸਮਝੌਤਿਆਂ ਦੀ ਕੁੱਲ ਕੀਮਤ ਕਰੀਬ 4.5 ਟ੍ਰਿਲੀਅਨ ਯੁਆਨ ਹੈ, ਜਿਸ ਵਿੱਚੋਂ ਲਗਭਗ ਅੱਧੇ ਸਮਝੌਤੇ ਏਸ਼ੀਆਈ ਅਰਥਵਿਵਸਥਾਵਾਂ ਨਾਲ ਹਨ।
ਇਨ੍ਹਾਂ ਸਾਂਝੇਦਾਰ ਦੇਸ਼ਾਂ ਵਿੱਚੋਂ 15 ਦੇਸ਼ ਚੀਨ ਨਾਲ ਮੁੱਖ ਤੌਰ 'ਤੇ ਵਸਤੂਆਂ ਵਪਾਰ ਕਰਦੇ ਹਨ, ਜਦਕਿ ਅੱਠ ਦੇਸ਼ ਚੀਨ ਕੇਂਦਰਿਤ ਨਿਰਮਾਣ ਸਪਲਾਈ ਚੇਨ ਨਾਲ ਜੁੜੇ ਹੋਏ ਹਨ।
ਵਿਸ਼ਵ ਰਿਜ਼ਰਵ ਮੁਦਰਾ ਵਜੋਂ ਅਮਰੀਕੀ ਡਾਲਰ ਦੀ ਪਕੜ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਅਤੇ ਵਿਸ਼ਵ ਪੱਧਰੀ ਵਸਤੁਆਂ ਲਈ ਦੇਸ਼ਾਂ ਵਿੱਚ ਮੁਕਾਬਲਾ ਵਧ ਰਿਹਾ ਹੈ, ਇਸ ਲਈ ਚੀਨ ਯੂਆਨ ਵਿੱਚ ਵਸਤੂਆਂ ਦਾ ਵਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਚੀਨ ਨੇ ਰੇਨਮਿਨਬੀ ਦੇ ਆਫ਼ਸ਼ੋਰ ਬੁਨਿਆਦੀ ਢਾਂਚੇ ਦਾ ਵੀ ਵਿਸਥਾਰ ਕੀਤਾ ਹੈ। ਅਗਸਤ 2025 ਤੱਕ ਪੀਪਲਜ਼ ਬੈਂਕ ਆਫ਼ ਚਾਈਨਾ ਨੇ 33 ਦੇਸ਼ਾਂ ਵਿੱਚ 35 ਵਿਦੇਸ਼ੀ ਰੇਨਮਿਨਬੀ ਕਲੀਅਰਿੰਗ ਬੈਂਕਾਂ ਨੂੰ ਅਧਿਕਾਰਿਤ ਕੀਤਾ ਸੀ, ਜੋ ਚੀਨ ਦੇ ਜ਼ਿਆਦਾਤਰ ਮੁੱਖ ਵਪਾਰਕ ਸਾਂਝੇਦਾਰਾਂ ਨੂੰ ਕਵਰ ਕਰਦੇ ਹਨ।
ਸਿਰਫ਼ 2024 ਵਿੱਚ ਹੀ ਇਨ੍ਹਾਂ ਕਲੀਅਰਿੰਗ ਬੈਂਕਾਂ ਰਾਹੀਂ 937.6 ਟ੍ਰਿਲੀਅਨ ਯੁਆਨ ਦੇ ਲੈਣ-ਦੇਣ ਹੋਏ, ਜੋ ਸਾਲਾਨਾ ਅਧਾਰ 'ਤੇ 47.3 ਫ਼ੀਸਦੀ ਵਾਧਾ ਦਰਸਾਉਂਦੇ ਹਨ।
ਇਸ ਸਮੇਂ ਦੌਰਾਨ ਸਰਹੱਦ ਪਾਰ ਰੇਨਮਿਨਬੀ ਪ੍ਰਾਪਤੀਆਂ ਅਤੇ ਭੁਗਤਾਨ 64.1 ਟ੍ਰਿਲੀਅਨ ਯੁਆਨ ਤੱਕ ਪਹੁੰਚ ਗਏ, ਜੋ 23 ਫ਼ੀਸਦੀ ਸਾਲਾਨਾ ਵਾਧੇ ਨੂੰ ਦਰਸਾਉਂਦੇ ਹਨ।
ਖੇਤਰੀ ਪੱਧਰ 'ਤੇ, 2024 ਵਿੱਚ ਆਸੀਆਨ ਅਤੇ ਯੂਰਪ ਦੋਵਾਂ ਨਾਲ ਚੀਨ ਦਾ ਰੇਨਮਿਨਬੀ ਸਮਝੌਤਾ 8.9 ਟ੍ਰਿਲੀਅਨ ਯੁਆਨ ਰਿਹਾ।
ਹਾਲਾਂਕਿ ਆਸੀਆਨ ਵਿੱਚ ਇਸ ਦੀ ਵਾਧਾ ਦਰ 50.7 ਫ਼ੀਸਦੀ ਰਹੀ, ਜਦਕਿ ਯੂਰਪ ਵਿੱਚ ਇਹ 13.1 ਫ਼ੀਸਦੀ ਤੱਕ ਸੀਮਿਤ ਰਹੀ।
ਸਾਲ 2015 ਵਿੱਚ ਸ਼ੁਰੂ ਕੀਤਾ ਗਿਆ ਚੀਨ ਦਾ ਕ੍ਰਾਸ-ਬਾਰਡਰ ਇੰਟਰਬੈਂਕ ਪੇਮੈਂਟ ਸਿਸਟਮ 2024 ਦੇ ਅੰਤ ਤੱਕ ਕੁੱਲ ਮਿਲਾ ਕੇ ਕਰੀਬ 600 ਟ੍ਰਿਲੀਅਨ ਯੁਆਨ ਦੇ ਭੁਗਤਾਨਾਂ ਦਾ ਲੈਣ-ਦੇਣ ਕਰ ਚੁੱਕਾ ਹੈ।
ਇਨ੍ਹਾਂ ਉਪਲਬਧੀਆਂ ਦੇ ਬਾਵਜੂਦ, ਵਿਸ਼ਵ ਪੱਧਰ 'ਤੇ ਰੇਨਮਿਨਬੀ ਦੀ ਭੂਮਿਕਾ ਅਜੇ ਵੀ ਸੀਮਿਤ ਹੈ। 2024 ਵਿੱਚ ਵਿਸ਼ਵ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਇਸ ਦੀ ਹਿੱਸੇਦਾਰੀ ਸਿਰਫ਼ 2.06 ਫ਼ੀਸਦੀ ਰਹੀ।
ਨਵੰਬਰ 2025 ਤੱਕ ਵਿਸ਼ਵ ਭੁਗਤਾਨਾਂ ਵਿੱਚ ਆਰਐਮਬੀ ਦੀ ਹਿੱਸੇਦਾਰੀ 2.94 ਫ਼ੀਸਦੀ ਸੀ।
ਕਿਸੇ ਮੁਦਰਾ ਦੇ ਅੰਤਰਰਾਸ਼ਟਰੀਕਰਨ ਨੂੰ ਆਮ ਤੌਰ 'ਤੇ ਵਪਾਰ ਵਿੱਚ ਇਸ ਦੀ ਵਰਤੋਂ, ਰਿਜ਼ਰਵ ਸਥਿਤੀ, ਕੀਮਤ-ਨਿਰਧਾਰਨ ਭੂਮਿਕਾ ਅਤੇ ਨਿਵੇਸ਼ ਅਤੇ ਫੰਡਿੰਗ ਲਈ ਸਵੀਕ੍ਰਿਤੀ ਦੁਆਰਾ ਮਾਪਿਆ ਜਾਂਦਾ ਹੈ।
ਹਾਲਾਂਕਿ ਚੀਨ ਦੀ ਆਰਥਿਕ ਸਮਰੱਥਾ ਅਤੇ ਵਪਾਰਕ ਦਬਦਬਾ ਉਸ ਨੂੰ ਮਜ਼ਬੂਤ ਆਧਾਰ ਦਿੰਦੇ ਹਨ, ਪਰ ਵਿੱਤੀ ਬਾਜ਼ਾਰਾਂ ਦੀ ਖੁੱਲ੍ਹੀ ਪ੍ਰਣਾਲੀ, ਗਹਿਰਾਈ ਅਤੇ ਨੀਤਿਗਤ ਪੂਰਵ ਅਨੁਮਾਨ ਦੇ ਮਾਮਲੇ ਵਿੱਚ ਰੇਨਮਿਨਬੀ ਅਜੇ ਵੀ ਮੁੱਖ ਅੰਤਰਰਾਸ਼ਟਰੀ ਮੁਦਰਾਵਾਂ ਤੋਂ ਪਿੱਛੇ ਹੈ।
ਚੀਨ ਦੇ ਵੱਧਦੇ ਸੋਨੇ ਦੇ ਭੰਡਾਰ ਨੇ ਰੇਨਮਿਨਬੀ ਪ੍ਰਤੀ ਭਰੋਸੇ ਨੂੰ ਮਜ਼ਬੂਤ ਕੀਤਾ ਹੈ ਅਤੇ ਇਸ ਦੇ ਅੰਤਰਰਾਸ਼ਟਰੀਕਰਨ ਲਈ ਵਧੀਆ ਹਾਲਾਤ ਬਣਾਏ ਹਨ।
ਪਰ ਇੱਕ ਅਸਲੀ ਅੰਤਰਰਾਸ਼ਟਰੀ ਮੁਦਰਾ ਬਣਨ ਲਈ ਪੂੰਜੀ ਖਾਤੇ ਦਾ ਉਦਾਰੀਕਰਨ ਲਾਜ਼ਮੀ ਹੈ।
ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦੇ ਨਾਤੇ, ਚੀਨ ਵਿੱਤੀ ਖੁੱਲ੍ਹੇਪਣ ਦਾ ਵਿਸਤਾਰ ਕਰ ਰਿਹਾ ਹੈI
ਹਾਲਾਂਕਿ ਇਸ ਦੀ ਤਰਜੀਹ ਵਿਸ਼ਵ ਵਿਦੇਸ਼ੀ ਮੁਦਰਾ ਭੰਡਾਰ ਵਿੱਚ ਹਿੱਸੇਦਾਰੀ ਨੂੰ ਤੇਜ਼ੀ ਨਾਲ ਵਧਾਉਣ ਦੀ ਥਾਂ, ਵਪਾਰ ਨਿਪਟਾਰੇ ਅਤੇ ਸਰਹੱਦ ਪਾਰ ਭੁਗਤਾਨਾਂ ਵਿੱਚ ਰੇਨਮਿਨਬੀ ਦੇ ਇਸਤੇਮਾਲ ਨੂੰ ਵਧਾਉਣ 'ਤੇ ਹੈ।
ਇਸ ਲਈ ਪੂੰਜੀ ਖਾਤੇ ਦਾ ਪੂਰਾ ਉਦਾਰੀਕਰਨ ਅਤੇ ਮੁਦਰਾ ਦਾ ਪੂਰੀ ਤਰ੍ਹਾਂ ਪਰਿਵਰਤਨਸ਼ੀਲਤਾ ਦੀ ਲੋੜ ਹੋਵੇਗੀ, ਜਿਸ ਤੋਂ ਬੀਜਿੰਗ ਬਚਣਾ ਚਾਹੁੰਦਾ ਹੈ।
ਚੀਨ ਦਾ ਮੰਨਣਾ ਹੈ ਕਿ ਉਸਦੇ ਵਿੱਤੀ ਬਾਜ਼ਾਰ ਅਜੇ ਇੰਨੇ ਡੂੰਘੇ ਨਹੀਂ ਹਨ ਅਤੇ ਸਮੇਂ ਤੋਂ ਪਹਿਲਾਂ ਖੁੱਲ੍ਹਾਪਣ ਬੇਕਾਬੂ ਪੂੰਜੀ ਨਿਕਾਸ ਜਾਂ ਅਸਥਿਰਤਾ ਪੈਦਾ ਕਰ ਸਕਦਾ ਹੈ।
ਇਹ ਅਧਿਐਨ ਕਿਵੇਂ ਕੀਤਾ ਗਿਆ?
ਇਸ ਲੇਖ ਦੇ ਅਧਿਐਨ ਲਈ ਅੰਕੜੇ ਵਰਲਡ ਗੋਲਡ ਕੌਂਸਲ, ਇੰਟਰਨੈਸ਼ਨਲ ਮੋਨੇਟਰੀ ਫੰਡ, ਸੋਸਾਇਟੀ ਫਾਰ ਵਰਲਡਵਾਈਡ ਇੰਟਰਬੈਂਕ ਫਾਈਨੈਂਸ਼ੀਅਲ ਟੈਲੀਕਮਿਊਨੀਕੇਸ਼ਨ, ਅਤੇ ਪੀਪਲਜ਼ ਬੈਂਕ ਆਫ਼ ਚਾਈਨਾ ਦੁਆਰਾ ਪ੍ਰਕਾਸ਼ਿਤ ਰੇਨਮਿਨਬੀ ਇੰਟਰਨੈਸ਼ਨਲਾਈਜ਼ੇਸ਼ਨ ਰਿਪੋਰਟਾਂ ਤੋਂ ਲਿਆ ਗਿਆ ਹੈ।
ਇਹ ਖੋਜ 2007 ਤੋਂ 2025 ਤੱਕ ਦੇ ਜ਼ਿਆਦਾਤਰ ਸਮੇਂ ਨੂੰ ਕਵਰ ਕਰਦੀ ਹੈ। 2007 ਵਿਸ਼ਵ ਵਿੱਤੀ ਸੰਕਟ ਤੋਂ ਪਹਿਲਾਂ ਦਾ ਸਾਲ ਹੈ।
ਅਧਿਐਨ ਵਿੱਚ ਪ੍ਰਮੁੱਖ ਬ੍ਰਿਕਸ ਦੇਸ਼ਾਂ ਵਿੱਚ ਸੋਨੇ ਦੇ ਭੰਡਾਰ ਦੇ ਪੈਟਰਨਾਂ ਦੀ ਜਾਂਚ ਕਰਨ ਲਈ ਗੁਣਾਤਮਕ ਵਿਸ਼ਲੇਸ਼ਣ ਦੀ ਵਰਤੋਂ ਕੀਤੀ ਗਈ।
ਇਸ ਵਿੱਚ ਖਾਸ ਤੌਰ 'ਤੇ ਚੀਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ, ਤਾਂ ਜੋ ਇਹ ਮੁਲਾਂਕਣ ਕੀਤਾ ਜਾ ਸਕੇ ਕਿ ਸੋਨੇ ਦੇ ਭੰਡਾਰ ਚੀਨ ਦੇ ਰੇਨਮਿਨਬੀ ਅੰਤਰਰਾਸ਼ਟਰੀਕਰਨ ਮੁਹਿੰਮ ਦਾ ਸਮਰਥਨ ਕਿਵੇਂ ਕਰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ