ਗਰਭਵਤੀ ਔਰਤਾਂ ਨੂੰ ਹੋਣ ਵਾਲੀ ਇਹ ਗੰਭੀਰ ਬਿਮਾਰੀ, ਜਿਸਦਾ ਹੱਲ ਲੱਭਣ ਦੇ ਨੇੜੇ ਵਿਗਿਆਨੀ

    • ਲੇਖਕ, ਚਾਰਲੀ ਜੋਨਸ, ਲੌਰਾ ਫੋਸਟਰ
    • ਰੋਲ, ਬੀਬੀਸੀ ਪੱਤਰਕਾਰ

ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਗੱਲ ਦਾ ਪਤਾ ਕਰ ਲਿਆ ਹੈ ਕਿ ਗਰਭ ਦੇ ਦੌਰਾਨ ਕੁਝ ਔਰਤਾਂ ਬਹੁਤ ਜ਼ਿਆਦਾ ਬਿਮਾਰ ਕਿਉਂ ਹੋ ਜਾਂਦੀਆਂ ਹਨ ਅਤੇ ਅਜਿਹਾ ਕਿਉਂ ਹੁੰਦਾ ਹੈ।

ਇਸ ਨਾਲ ਹੁਣ ਉਹ ਇਸ ਬਿਮਾਰੀ ਦੇ ਹੱਲ ਦੇ ਹੋਰ ਨੇੜੇ ਹੋ ਗਏ ਹਨ।

ਅਧਿਐਨ ਦੇ ਮੁਤਾਬਕ, ਗਰਭ ਵਿੱਚ ਬੱਚੇ ਅਜਿਹਾ ਹਾਰਮੌਨ ਪੈਦਾ ਕਰਦੇ ਹਨ ਜਿਹੜਾ ਕਿ ਔਰਤਾਂ ਨੂੰ ਬਿਮਾਰ ਕਰ ਦਿੰਦਾ ਹੈ। ਇਸ ਦਾ ਨਾਂਅ ਹੈ ਹਾਈਪਰੇਮੈਸਿਸ ਗ੍ਰੈਵੀਡੈਰਮ(ਐੱਚਜੀ)।

ਇਸ ਤੋਂ ਬਚਾਅ ਲਈ ਔਰਤਾਂ ਦੇ ਗਰਭ ਧਾਰਨ ਕਰਨ ਤੋਂ ਪਹਿਲਾਂ ਜੀਡੀਐੱਫ 15 ਹਾਰਮੋਨ ਰਾਹੀਂ ਉਨ੍ਹਾਂ ਦਾ ਇਲਾਜ ਸੰਭਵ ਹੈ।

ਯੂਨੀਵਰਸਿਟੀ ਆਫ ਕੈਂਬਰਿਜ ਵਿੱਚ ਪ੍ਰੋਫ਼ੈਸਰ ਸਰ ਸਟੀਫਨ ਓ ਰਾਹਿਲੀ ਕਹਿੰਦੇ ਹਨ, “ਔਰਤ ਐੱਚਜੀ ਹਾਰਮੌਨ ਦੇ ਪ੍ਰਤੀ ਜਿੰਨੀ ਵੱਧ ਸੰਵੇਦਸ਼ੀਲ ਹੋਵੇਗੀ, ਇਹ ਉਸ ਦੇ ਬਿਮਾਰ ਹੋਣ ਦੀ ਸੰਭਾਵਨਾ ਵਧਾ ਦੇਵੇਗਾ।”

ਉਨ੍ਹਾਂ ਦੱਸਿਆ, “ਇਸ ਬਾਰੇ ਪਤਾ ਲੱਗਣ ਨਾਲ ਸਾਡੇ ਲਈ ਇਹ ਸੰਭਵ ਹੋਵੇਗਾ ਕਿ ਅਸੀਂ ਔਰਤਾਂ ਨੂੰ ਬਿਮਾਰ ਹੋਣ ਤੋਂ ਕਿਵੇਂ ਬਚਾਈਏ।”

ਕਿੰਨੀਆਂ ਔਰਤਾਂ ਆਉਂਦੀਆਂ ਹਨ ਅਸਰ ਹੇਠ

ਇਹ ਮੰਨਿਆ ਜਾਂਦਾ ਹੈ ਕਿ ਇੱਕ ਤੋਂ ਲੈ ਕੇ ਤਿੰਨ ਗਰਭਵਤੀ ਔਰਤਾਂ ਬੱਚਿਆਂ ਵਿੱਚੋਂ ਪੈਦਾ ਹੋਣ ਵਾਲੇ ਇਸ ਹਾਰਮੋਨ ਦੇ ਅਸਰ ਹੇਠ ਆਉਂਦੀਆਂ ਹਨ।

ਇਹ ਭਰੂਣ(ਬੱਚੇ) ਦੀ ਜਾਨ ਨੂੰ ਖ਼ਤਰਾ ਪਹੁੰਚਾ ਸਕਦਾ ਹੈ ਅਤੇ ਕਈ ਔਰਤਾਂ ਨੂੰ ਪਾਣੀ ਦੀ ਕਮੀ ਤੋਂ ਬਚਾਉਣ ਲਈ ਹਸਪਤਾਲ ਵਿੱਚ ਭਰਤੀ ਕਰਨਾ ਪੈਂਦਾ ਹੈ ਤਾਂ ਜੋ ਉਨ੍ਹਾਂ ਨੂੰ ਨਾੜਾਂ ਰਾਹੀਂ ਤਰਲ ਪਦਾਰਥ ਦਿੱਤਾ ਜਾ ਸਕੇ।

ਕਈ ਔਰਤਾਂ ਆਪਣੇ ਗਰਭ ਦੌਰਾਨ ਦਿਨ ਵਿੱਚ ਕਈ ਕਈ ਵਾਰ ਬਿਮਾਰ ਹੋਣ ਬਾਰੇ ਦੱਸਦੀਆਂ ਹਨ।

'ਮੈਂ ਆਪਣਾ ਗਰਭ ਅੰਤ ਕਰਨ ਬਾਰੇ ਸੋਚਿਆ'

35 ਸਾਲ ਦੀ ਸੁਸੀ ਵੇਰਿੱਲ ਓਲੰਪਿਕ ਖਿਡਾਰੀ ਗ੍ਰੈੱਗ ਰੁਦਰਫੋਰਡ ਨਾਲ ਵਿਆਹੇ ਹੋਏ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਐੱਚਜੀ ਹਾਰਮੋਨ ਨਾਲ ਤਜਰਬਾ ਇੰਨਾ ਤਣਾਅਪੂਰਨ ਸੀ ਕਿ ਇਸ ਨੇ ਉਨ੍ਹਾਂ ਨੂੰ ਆਪਣਾ ਗਰਭ ਅੰਤ ਕਰਨ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ।

ਉਹ ਬਕਿੰਘਮਸ਼ਾਇਰ ਦੇ ਵੌਬਰਨ ਸੈਂਡਸ ‘ਚ ਰਹਿੰਦੇ ਹਨ। ਉਹ ਤਿੰਨ ਬੱਚਿਆਂ ਦੀ ਮਾਂ ਹਨ।

ਉਨ੍ਹਾਂ ਨੂੰ ਆਪਣੇ ਦੋ ਬੱਚਿਆਂ ਨੂੰ ਪੈਦਾ ਕਰਨ ਵੇਲੇ ਗਰਭ ਕਾਲ ਦੌਰਾਨ ਐੱਚਜੀ ਹਾਰਮੋਨ ਕਾਰਨ ਹੋਣ ਵਾਲੀਆਂ ਸਿਹਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਨੂੰ ਹਰ ਦਿਨ ਕਈ ਅਜਿਹੀਆਂ ਔਰਤਾਂ ਸੰਪਰਕ ਕਰਦੀਆਂ ਹਨ ਜੋ ਇਸ ਹਾਰਮੋਨ ਕਾਰਨ ਬਿਮਾਰ ਹੁੰਦੀਆਂ ਹਨ।

ਉਨ੍ਹਾਂ ਦੱਸਿਆ, “ਮੇਰੇ ਲਈ ਜ਼ਿੰਦਾ ਰਹਿਣਾ ਬਹੁਤ ਔਖਾ ਹੋ ਗਿਆ ਸੀ, ਮੈਂ ਆਪਣੇ ਪਰਿਵਾਰ ਦੇ ਨਾਲ ਵੀ ਨਹੀਂ ਰਹਿ ਸਕਦੀ ਸੀ।”

“ਮੈਂ ਆਪਣਾ ਗਰਭ ਅੰਤ ਕਰਨ ਬਾਰੇ ਸੋਚਿਆ ਕਿਉਂਕਿ ਮੇਰਾ ਤਜਰਬਾ ਬਹੁਤ ਭਿਆਨਕ ਸੀ, ਜਦੋਂ ਤੁਹਾਨੂੰ ਐੱਚਜੀ ਹੋਵੇ ਤਾਂ ਅਜਿਹਾ ਬਹੁਤ ਆਮ ਹੈ।”

ਉਨ੍ਹਾਂ ਦੱਸਿਆ, “ਮੇਰੇ ਲਈ ਸਾਹ ਲੈਣਾ ਵੀ ਬਹੁਤ ਔਖਾ ਹੋ ਗਿਆ ਸੀ, ਮੈਂ ਦੋਵੇਂ ਵਾਰੀ ਪੰਜ ਮਹੀਨਿਆਂ ਲਈ ਆਪਣੇ ਕਮਰੇ ਵਿੱਚ ਹੀ ਬੰਦ ਰਹੀ ਸੀ।”

“ਤੁਹਾਨੂੰ ਇਸ ਦੌਰ ਵਿੱਚੋਂ ਲੰਘਣ ਲਈ ਬਹੁਤ ਕੁਝ ਛੱਡਣਾ ਪੈਂਦਾ ਹੈ, ਮੇਰੇ ਪਤੀ ਗ੍ਰੈੱਗ ਨੇ ਮੇਰਾ ਬਹੁਤ ਖਿਆਲ ਰੱਖਿਆ।”

“ਇਹ ਸਾਰੀਆਂ ਚੀਜ਼ਾਂ ’ਤੇ ਅਸਰ ਪਾਉਂਦਾ ਹੈ ਅਤੇ ਤੁਸੀਂ ਆਪਣੇ ਦਿਨ ਇੱਕ-ਇੱਕ ਕਰਕੇ ਲੰਘਾਉਂਦੇ ਹੋ ਜਦੋਂ ਤੱਕ ਤੁਸੀਂ ਬੱਚੇ ਨੂੰ ਜਨਮ ਨਹੀਂ ਦਿੰਦੇ।”

ਪ੍ਰਿੰਸਸ ਆਫ ਵੇਲਜ਼ ਵੀ ਐੱਚਜੀ ਦਾ ਸ਼ਿਕਾਰ ਹੋ ਗਏ ਸਨ। ਉਨ੍ਹਾਂ ਨੂੰ ਆਪਣੇ ਤਿੰਨੇ ਬੱਚਿਆਂ ਦੇ ਜਨਮ ਤੋਂ ਪਹਿਲਾਂ ਇਸ ਕਾਰਨ ਮੁਸ਼ਕਲ ਆਈ।

ਉਨ੍ਹਾਂ ਦੇ ਪਹਿਲੇ ਬੱਚੇ ਦੇ ਜਨਮ ਮੌਕੇ ਵੀ ਐੱਚਜੀ ਹਾਰਮੋਨ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ ਸੀ।

ਅਧਿਐਨ 'ਚ ਕੀ ਸਾਹਮਣੇ ਆਇਆ

ਪਹਿਲਾਂ ਹੋਏ ਅਧਿਐਨਾਂ ਵਿੱਚ ਇਹ ਸਾਹਮਣੇ ਆਇਆ ਸੀ ਕਿ ਗਰਭ ਦੌਰਾਨ ਸਿਹਤ ਖ਼ਰਾਬ ਹੋਣ ਦਾ ਸਬੰਧ ਜੀਡੀਐੱਫ 15 ਹਾਰਮੋਨ ਨਾਲ ਹੋ ਸਕਦਾ ਹੈ, ਪਰ ਅਧਿਐਨ ਕਰਨ ਵਾਲਿਆਂ ਨੇ ਦੱਸਿਆ ਹੈ ਕਿ ਇਹ ਅਧਿਐਨ ਅਧੂਰੇ ਸਨ।

‘ਨੇਚਰ’ ਵਿੱਚ ਛਪੇ ਇੱਕ ਨਵੇਂ ਅਧਿਐਨ ਵਿੱਚ ਇਸਦੇ ਕਾਰਨਾਂ ਬਾਰੇ ਨਵੇਂ ਨਤੀਜੇ ਸਾਹਮਣੇ ਆਏ ਹਨ।

ਇਸ ਅਧਿਐਨ ਵਿੱਚ ਯੂਨੀਵਰਸਿਟੀ ਆਫ ਕੈਂਬਰਿਜ ਦੇ ਵਿਗਿਆਨੀਆਂ ਦੇ ਨਾਲ-ਨਾਲ ਸਕਾਟਲੈਂਡ, ਅਮਰੀਕਾ ਅਤੇ ਸ਼੍ਰੀਲੰਕਾ ਦੇ ਖੋਜਾਰਥੀ ਵੀ ਸ਼ਾਮਲ ਸਨ।

ਇਸ ਅਧਿਐਨ ਵਿੱਚ ਇਹ ਸਾਹਮਣੇ ਆਇਆ ਕਿ ਔਰਤਾਂ ਵਿੱਚ ਬਿਮਾਰ ਹੋਣ ਦੀ ਗੰਭੀਰਤਾ ਗਰਭ ਵਿੱਚ ਪੈਦਾ ਹੋਏ ਹਾਰਮੋਨ ਨਾਲ ਜੁੜੀ ਹੋਈ ਹੈ।

ਇਸ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਦਾ ਸਬੰਧ ਇਸ ਗੱਲ ਨਾਲ ਵੀ ਹੈ ਕਿ ਔਰਤਾਂ ਪਹਿਲਾਂ ਇਸ ਹਾਰਮੋਨ ਦੇ ਸੰਪਰਕ ਵਿੱਚ ਆਈਆਂ ਹਨ ਜਾਂ ਨਹੀਂ।

ਇਸ ਅਧਿਐਨ ਲਈ ਕੈਂਬਰਿਜ ਦੇ ਰੋਜ਼ੀ ਮੈਟਰਨਿਟੀ ਹਸਪਤਾਲ ਵਿੱਚ ਭਰਤੀ ਔਰਤਾਂ ਸ਼ਾਮਲ ਸਨ।

ਉਨ੍ਹਾਂ ਦੇ ਸਾਹਮਣੇ ਆਇਆ ਕਿ ਜਿਹੜੀਆਂ ਔਰਤਾਂ ‘ਚ ਅਜਿਹੇ ‘ਜੈਨੇਟਿਕ ਵੇਰਿਅੰਟ’ ਸਨ ਜਿਹੜੇ ਉਨ੍ਹਾਂ ਲਈ ਐੱਚਜੀ ਦਾ ਖ਼ਤਰਾ ਵਧਾਉਂਦੇ ਹਨ, ਉਨ੍ਹਾਂ ਵਿੱਚ ਜੀਡੀਐੱਫ 15 ਹਾਰਮੋਨ ਦਾ ਪੱਧਰ ਬਹੁਤ ਘੱਟ ਸੀ।

ਜਦਕਿ ਜਿਨ੍ਹਾਂ ਔਰਤਾਂ ਨੂੰ ਖ਼ੂਨ ਨਾਲ ਸਬੰਧਤ ਜਿਨਸੀ ਰੋਗ ‘ਥੈਲੇਸੇਮੀਆ’ ਦੀ ਸ਼ਿਕਾਇਤ ਸੀ, ਜਿਸ ਕਾਰਨ ਗਰਭ ਤੋਂ ਪਹਿਲਾਂ ਜੀਡੀਐੱਪ ਹਾਰਮੋਨ ਦਾ ਪੱਧਰ ਬਹੁਤ ਵੱਧ ਜਾਂਦਾ ਹੈ, ਉਨ੍ਹਾਂ ਨੂੰ ਸਿਹਤ ਸਬੰਧੀ ਬਹੁਤ ਘੱਟ ਮੁਸ਼ਕਲਾਂ ਆਈਆਂ।

ਯੂਨੀਵਰਸਿਟੀ ਆਫ ਕੈਂਬਰਿਜ ਵਿੱਚ ਮੈਡੀਕਲ ਰਿਸਰਚ ਕੌਂਸਲ ਮੈਟਾਬੋਲਿਕ ਡਿਜ਼ੀਜ਼ਸ ਯੁਨਿਟ ਵਿੱਚ ਪ੍ਰੋਫ਼ੈਸਰ ਸਰ ਸਟੀਫਨ ਕਹਿੰਦੇ ਹਨ, “ਇਸ ਹਾਰਮੋਨ ਨੂੰ ਮਾਂ ਦੇ ਦਿਮਾਗ ਵਿਚਲੇ ਅਜਿਹੇ ਬਹੁਤ ਚੋਣਵੇਂ ਸੈੱਲ ਸਮੂਹ ‘ਰਿਸੈੱਪਟਰ’ ਦੇ ਸੰਪਰਕ ਵਿੱਚ ਆਉਣ ਤੋਂ ਰੋਕਣਾ ਹੀ ਇਸ ਦਾ ਸਭ ਤੋਂ ਵੱਧ ਅਸਰਦਾਰ ਅਤੇ ਸੁਰੱਖਿਅਤ ਇਲਾਜ ਹੋਵੇਗਾ।”

'ਇਹ ਤੁਹਾਨੂੰ ਤੋੜ ਦਿੰਦੀ ਹੈ'

ਬੈੱਡਫੋਰਡ ਦੇ ਰਹਿਣ ਵਾਲੇ ਦੋ ਬੱਚਿਆਂ ਦੀ ਮਾਂ ਵਿਵੀਏਨ ਕੁਮਾਰ ਕਹਿੰਦੇ ਹਨ ਕਿ ਬਿਮਾਰ ਹੋਣ ਕਾਰਨ ਉਨ੍ਹਾਂ ਨੂੰ ਗਰਭ ਦੇ ਦੌਰਾਨ ਬਹੁਤ ਮੁਸ਼ਕਲ ਸਹਾਰਨੀ ਪਈ ਸੀ।

ਉਹ ਇੰਨੇ ਬਿਮਾਰ ਹੋ ਗਏ ਸਨ ਕਿ ਉਨ੍ਹਾਂ ਨੂੰ ਸਾਰਾ ਦਿਨ ਉਲਟੀਆਂ ਆਉਂਦੀਆਂ ਰਹਿੰਦੀਆਂ ਸਨ।

“ਇਹ ਬੱਸ ਗਰਭ ਦੌਰਾਨ ਹੋਣ ਵਾਲੀ ਸਿਹਤ ਵਿਗੜਨ ‘ਮੌਰਨਿੰਗ ਸਿੱਕਨੈੱਸ’ ਨਹੀਂ ਸੀ, ਇਹ ਤੁਹਾਨੂੰ ਤੋੜ ਦਿੰਦੀ ਹੈ।”

ਉਨ੍ਹਾਂ ਦੱਸਿਆ ਕਿ ਠੀਕ ਹੋਣ ਤੋਂ ਬਾਅਦ ਵੀ ਤੁਸੀਂ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ, ਠੀਕ ਹੋਣ ਤੋਂ ਬਾਅਦ ਵੀ ਇਹ ਤੁਹਾਡੇ ਨਾਲ ਹੀ ਰਹਿੰਦੀ ਹੈ।

“ਮੈਨੂੰ ਅਜਿਹਾ ਲੱਗਦਾ ਸੀ ਕਿ ਜਿਵੇਂ ਮੈਂ ਦੁਨੀਆਂ ਤੋਂ ਟੁੱਟ ਗਈ ਹੋਵਾਂ, ਮੈਨੂੰ ਇਕੱਲਾਪਣ ਮਹਿਸੂਸ ਹੁੰਦਾ ਸੀ। ਮੈਨੂੰ ਨਹੀਂ ਪਤਾ ਲੱਗਦਾ ਸੀ ਕਿ ਇਹ ਕਦੋਂ ਖ਼ਤਮ ਹੋਵੇਗਾ, ਉਸ ਵੇਲੇ ਘਰੋਂ ਬਾਹਰ ਨਿਕਲਣਾ ਵੀ ਬਹੁਤ ਮੁਸ਼ਕਲ ਸੀ।”

“ਮੈਂ ਬਹੁਤ ਖੁਸ਼ਕਿਸਮਤ ਸੀ ਕਿ ਮੇਰੇ ਪਤੀ ਅਤੇ ਮੇਰੀ ਮਾਂ ਮੇਰੇ ਨਾਲ ਸਨ ਉਨ੍ਹਾਂ ਤੋਂ ਬਗੈਰ ਮੈਂ ਅੱਗੇ ਵਧਣ ਦੇ ਸਮਰੱਥ ਨਹੀਂ ਸੀ।”

ਜਦੋਂ ਉਹ ਤੀਜੀ ਵਾਰ ਗਰਭਵਤੀ ਹੋਏ ਤਾਂ ਉਨ੍ਹਾਂ ਨੂੰ ਅੱਠ ਦਿਨਾਂ ਲਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ।

ਉਨ੍ਹਾਂ ਦਾ ਬੱਚਾ ਬਚਾਇਆ ਨਹੀਂ ਜਾ ਸਕਿਆ ਸੀ।

“ਮੈਂ ਬਹੁਤ ਦਵਾਈਆਂ ਦੇ ਅਸਰ ਹੇਠ ਸੀ, ਮੈਨੂੰ ਸਟੀਰੋਇਡ ਦਿੱਤੇ ਗਏ ਸਨ ਜਿਨ੍ਹਾਂ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਸੀ, ਮੇਰਾ ਬੱਚਾ ਇਸ ਨੂੰ ਸਹਾਰ ਨਹੀਂ ਸਕਿਆਂ ਅਤੇ ਉਹ ਨਹੀਂ ਬਚ ਸਕਿਆ।”

ਚੈਰਿਟੀ ਪ੍ਰੈਗਨੈਂਸੀ ਸਿੱਕਨੈੱਸ ਸਪੋਰਟ ਦੀ ਚੀਫ਼ ਐਗਜ਼ੈਕਟਿਵ ਚਾਰਲਟ ਹਾਓਡਨ ਕਹਿੰਦੇ ਹਨ ਕਿ ਗਰਭਵਤੀ ਔਰਤਾਂ ਨੂੰ ਹੋਣ ਵਾਲੀ ਇਸ ਪ੍ਰੇਸ਼ਾਨੀ ਨੂੰ ਬਹੁਤ ਦੇਰ ਤੱਕ ਅੱਖੋਂ ਪਰੋਖੇ ਕੀਤਾ ਗਿਆ ਸੀ।

ਉਨ੍ਹਾਂ ਦੀ ਸੰਸਥਾ ਐੱਚਜੀ ਹਾਰਮੋਨ ਕਾਰਨ ਬਿਮਾਰ ਹੋਣ ਵਾਲੀਆਂ ਔਰਤਾਂ ਦੀ ਦੇਖ ਰੇਖ ਕਰਦੀ ਹੈ।

ਉਨ੍ਹਾਂ ਕਿਹਾ, “ਮੈਂ ਇਸ ਅਧਿਐਨ ਵਿੱਚ ਸ਼ਾਮਲ ਲੋਕਾਂ ਦੀ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਸ ਬਿਮਾਰੀ ਬਾਰੇ ਚਰਚਾ ਬਹੁਤ ਘੱਟ ਹੋਈ, ਜਦੋਂ ਵੇਲਜ਼ ਦੀ ਪ੍ਰਿੰਸਸ ਇਸ ਕਾਰਨ ਬਿਮਾਰ ਹੋਏ ਉਦੋਂ ਹੀ ਇਹ ਸੁਰਖੀਆਂ ਵਿੱਚ ਆਈ ਸੀ।”

ਉਨ੍ਹਾਂ ਕਿਹਾ, “ਲੋਕਾਂ ਨੂੰ ਇਸ ਵਿੱਚ ਕੋਈ ਦਿਲਚਸਪੀ ਨਹੀਂ ਸੀ, ਇਸ ਨੂੰ ਬੱਸ ਮਾਮਲੂੀ ‘ਮੌਰਨਿੰਗ ਸਿੱਕਨੈੱਸ’ ਹੀ ਕਿਹਾ ਜਾਂਦਾ ਸੀ, ਲੋਕ ਸੋਚਦੇ ਸਨ ਕਿ ਅਸੀਂ ਕਿਉਂ ਫਿਕਰ ਕਰੀਏ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)