ਮੀਨੋਪੌਜ਼: ਕੁਝ ਔਰਤਾਂ 30-35 ਸਾਲ ਦੀ ਉਮਰ ’ਚ ਬੱਚਾ ਪੈਦਾ ਕਰਨ ਦੀ ਸਮਰੱਥਾ ਕਿਉਂ ਗੁਆ ਲੈਂਦੀਆਂ ਹਨ

ਮੀਨੋਪੌਜ਼ ਇੱਕ ਸਮੱਸਿਆ ਨਹੀਂ ਬਲਕਿ ਇੱਕ ਕੁਦਰਤੀ ਪ੍ਰਕਿਰਿਆ ਹੈ, ਜੋ ਕਿ ਹਰ ਔਰਤ ਦੀ ਜ਼ਿੰਦਗੀ ’ਚ ਆਉਂਦੀ ਹੈ।ਹਲਾਂਕਿ, ਕਿਸੇ ਖ਼ਾਸ ਮਾਮਲੇ ਵਿੱਚ ਸਥਿਤੀ ਅਲੱਗ ਵੀ ਹੋ ਸਕਦੀ ਹੈ।

ਮਾਹਵਾਰੀ ਦੇ ਬੰਦ ਹੋਣ ਦੀ ਸੂਰਤ ’ਚ ਇੱਕ ਔਰਤ ਦੇ ਸਰੀਰ ’ਚ ਬਹੁਤ ਸਾਰੇ ਹਾਰਮੋਨੋਲ ਬਦਲਾਵ ਵੇਖਣ ਨੂੰ ਮਿਲਦੇ ਹਨ।

ਅੱਜ ਅਸੀਂ ‘ਗੱਲ ਤੁਹਾਡੀ ਸਿਹਤ ਦੀ’, ਸੀਰੀਜ਼ ਵਿੱਚ ਮੀਨੋਪੌਜ਼ ਦੇ ਲੱਛਣਾਂ ਅਤੇ ਇਸ ਸਥਿਤੀ ਨੂੰ ਇਕ ਵਧੀਆ ਤਜ਼ਰਬੇ ’ਚ ਤਬਦੀਲ ਕਰਨ ਬਾਰੇ ਗੱਲ ਕਰਾਂਗੇ।

ਇਸਤਰੀ ਰੋਗਾਂ ਦੇ ਮਾਹਰ ਡਾਕਟਰ ਸ਼ਿਵਾਨੀ ਗਰਗ ਨੇ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ।

ਮੀਨੋਪੌਜ਼ ਕੀ ਹੁੰਦਾ ਹੈ?

ਮੀਨੋਪੌਜ਼ ਦੌਰਾਨ ਫੀਮੇਲ ਹਾਰਮੋਨ ਏਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਘੱਟ ਜਾਂਦੇ ਹਨ ਅਤੇ ਇੰਨ੍ਹਾਂ ਹਾਰਮੋਨਾਂ ਦੇ ਘੱਟਣ ਕਰਕੇ ਇੱਕ ਔਰਤ ਦੇ ਸਰੀਰ ’ਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ।

ਮੀਨੋਪੌਜ਼ ਦੇ ਹਾਰਮੋਨ ਕਦੇ ਵੀ ਇੱਕਦਮ ਨਹੀਂ ਘੱਟਦੇ ਹਨ। ਇਹ ਹੌਲੀ-ਹੌਲੀ ਘੱਟਦੇ ਹਨ ਅਤੇ ਇਸ ਨੂੰ 2 ਤੋਂ 5 ਸਾਲ ਦਾ ਸਮਾਂ ਲੱਗ ਸਕਦਾ ਹੈ। ਇਸ ਨੂੰ ਪਰੀ ਮੀਨੋਪੌਜ਼ ਕਿਹਾ ਜਾਂਦਾ ਹੈ।

ਇਸ ਦੌਰਾਨ ਸਰੀਰ ’ਚ ਕਈ ਲੱਛਣ ਵਿਖਾਈ ਦਿੰਦੇ ਹਨ ਅਤੇ ਕਈ ਬਦਲਾਅ ਆਉਂਦੇ ਹਨ। ਇੰਨ੍ਹਾਂ ਲੱਛਣਾਂ ਤੋਂ ਹੀ ਪਤਾ ਲੱਗਦਾ ਹੈ ਕਿ ਅਸੀਂ ਮੀਨੋਪੌਜ਼ ਵੱਲ ਵੱਧ ਰਹੇ ਹਾਂ।

ਮੀਨੋਪੌਜ਼ ਦੇ ਲੱਛਣ :-

ਸੁਭਾਅ ’ਚ ਝਿੜਝਿੜਾਪਨ

ਮੀਨੋਪੌਜ਼ ਦਾ ਸਭ ਤੋਂ ਪਹਿਲਾ ਅਤੇ ਅਹਿਮ ਲੱਛਣ ਇਹ ਹੈ ਕਿ ਜਿਸ ਔਰਤ ’ਚ ਇਹ ਸਥਿਤੀ ਆਉਣ ਲੱਗਦੀ ਹੈ ਉਸ ਦੇ ਸੁਭਾਅ ’ਚ ਝਿੜਝਿੜਾਪਨ ਆ ਜਾਂਦਾ ਹੈ ਅਤੇ ਮੂਡ ਵਿੱਚ ਬਦਲਾਅ ਬਹੁਤ ਤੇਜ਼ੀ ਨਾਲ ਆਉਂਦਾ ਹੈ।

ਤਣਾਅ

ਕਈ ਔਰਤਾਂ ’ਚ ਮੀਨੋਪੌਜ਼ ਦੇ ਸ਼ੁਰੂਆਤੀ ਸਮੇਂ ’ਚ ਤਣਾਅ ਵੱਧ ਜਾਂਦਾ ਹੈ। ਉਨ੍ਹਾਂ ਨੂੰ ਬੈਚੇਨੀ ਰਹਿੰਦੀ ਹੈ, ਜਿਸ ਕਰਕੇ ਉਨ੍ਹਾਂ ਦਾ ਰਵੱਈਆ ਬਦਲਦਾ ਰਹਿੰਦਾ ਹੈ।

ਹੌਟ ਫਲੈਸ਼ਿਜ਼

ਮੀਨੋਪੌਜ਼ ਦੇ ਲੱਛਣਾਂ ਦਾ ਇੱਕ ਹੋਰ ਲੱਛਣ ਹੈ- ਹੋਟ ਫਲੈਸ਼ਿਜ਼ ਭਾਵ ਇਕਦਮ ਮੂੰਹ ’ਚ ਗਰਮੀ ਦਾ ਪੱਧਰ ਵੱਧਣਾ ਜਾਂ ਪੂਰੇ ਸਰੀਰ ਨੂੰ ਗਰਮੀ ਲੱਗਣੀ। ਇਸ ’ਚ ਕਈ ਵਾਰ ਠੰਡੀਆਂ ਤਰੇਲੀਆਂ ਜਾਂ ਪਸੀਨਾ ਵੀ ਆ ਸਕਦਾ ਹੈ।

ਪੇਸ਼ਾਬ ਦੀ ਲਾਗ

ਇਸ ਸਥਿਤੀ ’ਚ ਵਾਰ-ਵਾਰ ਪੇਸ਼ਾਬ ਦੀ ਲਾਗ ਲੱਗ ਜਾਂਦੀ ਹੈ ਅਤੇ ਕਈ ਵਾਰ ਛਿੱਕ ਮਾਰਨ ਦੇ ਸਮੇਂ ਜਾਂ ਖੰਘਦਿਆਂ ਪੇਸ਼ਾਬ ਨਿਕਲ ਜਾਂਦਾ ਹੈ। ਇਹ ਆਮ ਲੱਛਣ ਹਨ, ਜਿੰਨਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

ਮਾਹਵਾਰੀ ਦਾ ਅਨਿਯਮਿਤ ਹੋਣਾ

ਮੀਨੋਪੌਜ਼ ਦੀ ਸਥਿਤੀ ’ਚ ਸਭ ਤੋਂ ਅਹਿਮ ਇਹ ਹੈ ਕਿ ਇਸ ਦੇ ਚੱਲਦਿਆਂ ਮਾਹਵਾਰੀ ਅਨਿਯਮਿਤ ਹੋ ਜਾਂਦੀ ਹੈ। ਕਈ ਵਾਰ ਮਾਹਵਾਰੀ ਦਾ ਚੱਕਰ ਲੰਬਾ ਹੋ ਜਾਂਦਾ ਹੈ ਯਾਨੀ ਮਾਹਵਾਰੀ 2 ਜਾਂ 3 ਮਹੀਨਿਆਂ ਬਾਅਦ ਆਉਂਦੀ ਹੈ ਅਤੇ ਜੇਕਰ ਸਮੇਂ ਸਿਰ ਆਉਂਦੀ ਵੀ ਹੈ ਤਾਂ ਉਸ ਦੀ ਮਿਆਦ ਘੱਟ ਜਾਂਦੀ ਹੈ।

ਕਈ ਵਾਰ ਮਾਹਵਾਰੀ ਦੌਰਾਨ ਖੂਨ ਦਾ ਵਹਾਅ ਜ਼ਿਆਦਾ ਹੋ ਜਾਂਦਾ ਹੈ ਅਤੇ ਚੱਕਰ ਦਾ ਸਮਾਂ ਘੱਟ ਵੀ ਸਕਦਾ ਹੈ।

ਸਾਵਧਾਨੀ

ਪਰ ਇੱਥੇ ਇਹ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਖੂਨ ਦਾ ਵਹਾਅ ਹੋ ਰਿਹਾ ਹੈ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਕਿਸੇ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ।

ਅਜਿਹੀ ਸਥਿਤੀ ’ਚ ਆਪਣੇ ਡਾਕਟਰ ਨਾਲ ਤੁਰੰਤ ਰਾਬਤਾ ਕਰਕੇ ਉਨ੍ਹਾਂ ਤੋਂ ਸਲਾਹ ਲੈਣੀ ਬਹੁਤ ਜ਼ਰੂਰੀ ਹੈ।

ਕੀ ਮਾਹਵਾਰੀ ਨਾਲ ਸਬੰਧਤ ਹਰ ਸਮੱਸਿਆ ਮੀਨੋਪੌਜ਼ ਹੈ ?

ਮਾਹਵਾਰੀ ਨਾਲ ਸਬੰਧਤ ਹਰ ਸਮੱਸਿਆ ਨੂੰ ਮੀਨੋਪੌਜ਼ ਨਹੀਂ ਕਿਹਾ ਜਾ ਸਕਦਾ ਹੈ।

ਜੇ ਛੋਟੀ ਉਮਰ ਵਿੱਚ ਤੁਹਾਨੂੰ ਮਾਹਵਾਰੀ ਨਾਲ ਸਬੰਧਿਤ ਕੋਈ ਸਮੱਸਿਆ ਆਉਂਦੀ ਹੈ ਤਾਂ ਡਾਕਟਰੀ ਜਾਂਚ ਕਰਵਾਉਣਾ ਬਹੁਤ ਲਾਜ਼ਮੀ ਹੈ।

ਅਜਿਹੀ ਸਥਿਤੀ ’ਚ ਯੋਨੀ ਦੀ ਖੁਸ਼ਕੀ ਹੋ ਸਕਦੀ ਹੈ ਅਤੇ ਯੋਨੀ ਦੀ ਲਾਗ ਦਾ ਖ਼ਤਰਾ ਵੀ ਵੱਧ ਸਕਦਾ ਹੈ।

ਮੀਨੋਪੌਜ਼ ਤੇ ਸਿਹਤ ਸੰਭਾਲ

ਮੀਨੋਪੌਜ਼ ਦੀ ਸ਼ੁਰੂਆਤ ਸਮੇਂ ਸਿਹਤ ਦੀ ਸੰਭਾਲ ਬਹੁਤ ਜਰੂਰੀ ਹੈ।

ਮੀਨੋਪੌਜ਼ ਦੇ ਸਮੇਂ ਬਹੁਤ ਸਾਰੇ ਲੱਛਣ ਵੇਖਣ ਨੂੰ ਮਿਲਦੇ ਹਨ ਅਤੇ ਇਨ੍ਹਾਂ ਕਰਕੇ ਸਰੀਰ ’ਚ ਬਦਲਾਅ ਵੀ ਹੁੰਦਾ ਹੈ।

ਇਸ ਲਈ ਔਰਤਾਂ ਨੂੰ ਮੀਨੋਪੌਜ਼ ਦੇ ਸਮੇਂ ਆਪਣੀ ਸਿਹਤ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਮੀਨੋਪੌਜ਼ ਆਪਣੇ ਨਾਲ ਹੋਰ ਕਈ ਮੁਸੀਬਤਾਂ ਨੂੰ ਸੱਦਾ ਦੇ ਸਕਦਾ ਹੈ।

ਜਿਵੇਂ ਕਿ ਹਾਈਪਰ ਟੈਨਸ਼ਨ ਦਾ ਖਤਰਾ ਵੱਧ ਸਕਦਾ ਹੈ, ਸ਼ੂਗਰ ਦਾ ਖਤਰਾ ਵੱਧ ਸਕਦਾ ਹੈ, ਕੋਲੇਸਟਰੋਲ ਦੀ ਸਮੱਸਿਆ ਹੋ ਸਕਦੀ ਹੈ ਅਤੇ ਸਭ ਤੋਂ ਅਹਿਮ ਕਿ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

ਇਸ ਤੋਂ ਇਲਾਵਾ ਤੁਹਾਡੇ ਸਰੀਰ ਦੀਆਂ ਹੱਡੀਆਂ ’ਚ ਕੈਲਸ਼ੀਅਮ ਦੀ ਕਮੀ ਆ ਸਕਦੀ ਹੈ। ਜਿਸ ਕਰਕੇ ਓਸਟੀਓਪੋਰੋਸਿਸ ਭਾਵ ਹੱਡੀਆਂ ਦੀ ਕਮਜ਼ੋਰੀ ਵੱਧ ਜਾਂਦੀ ਹੈ।

ਮੀਨੋਪੌਜ਼ ਕਰਕੇ ਪੈਦਾ ਸਮੱਸਿਆਵਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ?

ਮੀਨੋਪੌਜ਼ ਆਪਣੇ ਨਾਲ ਕਈ ਹੋਰ ਮੁਸੀਬਤਾਂ ਨੂੰ ਵੀ ਨਾਲ ਲੈ ਕੇ ਆਉਂਦਾ ਹੈ ਅਤੇ ਅਜਿਹੀ ਸਥਿਤੀ ’ਚ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਵੇਂ ਆਪਣੀ ਸਿਹਤ ਨੂੰ ਸੰਭਾਲ ਕੇ ਰੱਖਿਆ ਜਾ ਸਕਦਾ ਹੈ।

ਕਸਰਤ

ਸਭ ਤੋਂ ਅਹਿਮ ਹੈ ਕਿ ਤੁਸੀਂ ਨਿਯਮਿਤ ਤੌਰ ’ਤੇ ਕਸਰਤ ਕਰੋ। ਤੁਸੀਂ ਯੋਗਾ ਜਾਂ ਸਾਹ ਦੀ ਕਸਰਤ ਆਦਿ ਕਰ ਸਕਦੇ ਹੋ। ਇਸ ਦਾ ਮਕਸਦ ਇਹੀ ਹੈ ਕਿ ਤੁਹਾਡਾ ਸਰੀਰ ਚੁਸਤ-ਦਰੁਸਤ (ਐਕਟਿਵ) ਰਹੇ।

ਖਾਣ-ਪੀਣ ਦਾ ਧਿਆਨ ਰੱਖੋ

ਕਸਰਤ ਦੇ ਨਾਲ-ਨਾਲ ਤੁਹਾਨੂੰ ਆਪਣੇ ਖਾਣ-ਪੀਣ ਦੀਆਂ ਆਦਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

ਤਲੀਆਂ ਅਤੇ ਮਿੱਠੀਆਂ ਚੀਜ਼ਾਂ ਨੂੰ ਖਾਣ ਤੋਂ ਬਚੋ।

ਸੋਇਆਬੀਨ ਦੇ ਆਟੇ ਦੀ ਵਰਤੋਂ ਕਰੋ, ਕਿਉਂਕਿ ਇਸ ’ਚ ਕੁਦਰਤੀ ਹਾਰਮੋਨ ਮੌਜੂਦ ਹੁੰਦੇ ਹਨ ਅਤੇ ਇਹ ਮੀਨੋਪੌਜ਼ ਦੀ ਸਥਿਤੀ ’ਚ ਸਰੀਰ ’ਚ ਸੰਤੁਲਨ ਕਾਇਮ ਕਰ ਸਕਦੇ ਹਨ। ਇਹ ਆਟਾ ਬਹੁਤ ਹੀ ਆਸਾਨੀ ਨਾਲ ਬਾਜ਼ਾਰ ’ਚ ਮਿਲ ਜਾਂਦਾ ਹੈ।

ਇਸ ਤੋਂ ਇਲਾਵਾ ਰਾਗੀ ਦਾ ਆਟਾ ਵੀ ਬਹੁਤ ਫਾਇਦੇਮੰਦ ਹੈ, ਕਿਉਂਕਿ ਉਸ ’ਚ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ।

ਰਾਗੀ ਦਾ ਆਟਾ ਹੱਡੀਆਂ ਲਈ ਬਹੁਤ ਚੰਗਾ ਹੁੰਦਾ ਹੈ।

ਇੰਨ੍ਹਾਂ ਆਟਿਆਂ ਦੇ ਨਾਲ-ਨਾਲ ਅਲਸੀ ਦੇ ਬੀਜ, ਫਲ ਅਤੇ ਸਬਜ਼ੀਆਂ ਖਾਣੀਆਂ ਬਹੁਤ ਫਾਇਦੇਮੰਦ ਹੋ ਸਕਦੀਆਂ ਹਨ।

ਜੀਵਨ ਸ਼ੈਲੀ ’ਚ ਬਦਲਾਅ ਲਿਆਉਣਾ ਜਰੂਰੀ

ਮੀਨੋਪੌਜ਼ ਦਾ ਸਹੀ ਤਜ਼ਰਬਾ ਲੈਣ ਲਈ ਤੁਹਾਨੂੰ ਆਪਣੀ ਜੀਵਨ ਸ਼ੈਲੀ ’ਚ ਤਬਦੀਲੀ ਲਿਆਉਣੀ ਪਵੇਗੀ। ਭਾਵੇਂ ਕਿ ਉਹ ਖਾਣ-ਪੀਣ ਦੇ ਮਾਮਲੇ ’ਚ ਹੋਵੇ ਜਾਂ ਫਿਰ ਕੰਮਕਾਜ ਕਰਨ ਦੇ ਮਾਮਲੇ ਵਿੱਚ ਹੋਵੇ।

ਮੀਨੋਪੌਜ਼ ਕਿਸ ਉਮਰ ’ਚ ਹੁੰਦਾ ਹੈ?

ਅੱਜ ਕੱਲ੍ਹ ਮੀਨੋਪੌਜ਼ ਦੀ ਉਮਰ 30-35 ਸਾਲ ਹੋ ਗਈ ਹੈ। ਇਸ ਦਾ ਮਤਲਬ ਇਹ ਹੈ ਕਿ ਕਈ ਔਰਤਾਂ ’ਚ 30 ਤੋਂ 35 ਸਾਲ ਦੀ ਉਮਰ ’ਚ ਹੀ ਮਾਹਵਾਰੀ ਬੰਦ ਹੋ ਜਾਂਦੀ ਹੈ। ਜਦਕਿ ਭਾਰਤ ’ਚ ਮੀਨੋਪੌਜ਼ ਦੀ ਉਮਰ 45-50 ਸਾਲ ਦੀ ਹੈ।

ਜਲਦੀ ਮੀਨੋਪੌਜ਼ ਦੇ ਕੀ ਕਾਰਨ ਹਨ ?

ਜਲਦੀ ਮੀਨੋਪੌਜ਼ ਨੂੰ ਪ੍ਰੀਮਿਚਿਊਰ ਮੀਨੋਪੌਜ਼ ਕਿਹਾ ਜਾਂਦਾ ਹੈ।

ਜਲਦੀ ਮੀਨੋਪੌਜ਼ ਦਾ ਕਾਰਨ ਸਾਡੀ ਅਸੰਤੁਲਿਤ ਖੁਰਾਕ ਹੈ। ਸਾਡੀ ਖੁਰਾਕ ’ਚ ਤਲੀਆਂ ਅਤੇ ਰੀਫਾਇੰਡ ਵਾਲੀਆਂ ਚੀਜ਼ਾਂ ਦੀ ਮਾਤਰਾ ਜ਼ਿਆਦਾ ਹੈ।

ਕਾਰਬੋਹਾਈਡ੍ਰੇਟ ਦੀ ਮਾਤਰਾ ਜ਼ਿਆਦਾ ਹੈ ਅਤੇ ਇਸ ਦੇ ਨਾਲ ਹੀ ਜੰਕ ਫੂਡ ਵੀ ਮੀਨੋਪੌਜ਼ ਦੇ ਜਲਦੀ ਆਉਣ ਦਾ ਵੱਡਾ ਕਾਰਨ ਹੈ।

ਸਹੀ ਖੁਰਾਕ ਤੋਂ ਇਲਾਵਾ ਸਰੀਰਕ ਚੁਸਤੀ ਦਾ ਘੱਟ ਹੋਣਾ, ਮੋਬਾਇਲ, ਟੀਵੀ ਤੋਂ ਨਿਕਲਣ ਵਾਲੀ ਰਿਡੀਏਸ਼ਨ ਵੀ ਜਲਦੀ ਮੀਨੋਪੌਜ਼ ਦਾ ਕਾਰਨ ਹੈ।

ਇਸ ਲਈ ਸੰਤੁਲਿਤ ਖੁਰਾਕ ਅਤੇ ਕਸਰਤ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਸ਼ਰਾਬ ਜਾਂ ਇਸ ਵਰਗੀ ਕਿਸੇ ਹੋਰ ਅਲਕੋਹਲ ਵਾਲੀ ਚੀਜ਼ ਦਾ ਸੇਵਣ ਘੱਟ ਜਾਂ ਨਹੀਂ ਕਰਨਾ ਚਾਹੀਦਾ ਹੈ।

ਜੇਕਰ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਰੱਖਿਆ ਜਾਵੇ ਤਾਂ ਮੀਨੋਪੌਜ਼ ਆਪਣੇ ਸਹੀ ਸਮੇਂ ’ਤੇ ਹੋਵੇਗਾ ਅਤੇ ਔਰਤਾਂ ਨੂੰ ਇਸ ਨਾਲ ਹੋਣ ਵਾਲੀ ਕਿਸੇ ਹੋਰ ਬਿਮਾਰੀ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)