47 ਦੀ ਵੰਡ: 36 ਸਾਲ ਪੁਰਾਣੀ ਚਿੱਠੀ ਨੇ ਕਿਵੇਂ ਬੇਬੇ ਦਾ ਵਿਛੜੇ ਪਰਿਵਾਰ ਨਾਲ ਮੱਕੇ ’ਚ ਮੇਲ ਕਰਵਾਇਆ

ਮੁਲਕ ਦੀ ਵੰਡ ਵੇਲੇ ਵਿਛੜੇ ਹਾਜਰਾ ਬੀਬੀ ਦੀ ਸੱਤ ਦਹਾਕੇ ਬਾਅਦ ਮੱਕੇ ਜਾ ਕੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਹੋਈ।

ਪਾਕਿਸਤਾਨ ਵਿਚਲੇ ਪੰਜਾਬ ਦੇ ਜਮਾਲਪੁਰ ਰਹਿਣ ਵਾਲੇ ਹਾਜਰਾ ਬੀਬੀ ਦੀ ਭੈਣ ਦਾ ਪਰਿਵਾਰ ਭਾਰਤ ਰਹਿ ਗਿਆ ਸੀ।

ਹਾਜਰਾ ਬੀਬੀ ਦੀ ਭੈਣ ਤਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ, ਪਰ ਉਹ ਭੈਣ ਦੇ ਪਰਿਵਾਰ ਨੂੰ ਮਿਲਣ ਦੀ ਆਪਣੀ ਸਾਲਾਂ ਦੀ ਉਡੀਕ ਜ਼ਰੂਰ ਪੂਰੀ ਕਰ ਸਕੇ।

20 ਨਵੰਬਰ ਨੂੰ ਹੋਈ ਮਾਸੀ-ਭਾਣਜੀ ਦੀ ਭਾਵਪੂਰਣ ਮਿਲਣੀ ਨਾ ਸਿਰਫ਼ ਵੰਡ ਦੇ ਸੰਤਾਪ ਨੂੰ ਯਾਦ ਕਰਵਾਉਂਦੀ ਹੈ, ਬਲਕਿ ਆਪਣਿਆਂ ਨੂੰ ਮਿਲਣ ਦੀ ਤੜਪ ਦੀ ਮੂੰਹ ਬੋਲਦੀ ਤਸਵੀਰ ਵੀ ਪੇਸ਼ ਕਰਦੀ ਹੈ।

ਸੱਤ ਦਹਾਕਿਆਂ ਤੋਂ ਵੀ ਵੱਧ ਸਮਾਂ ਬੀਤ ਚੁੱਕਿਆ ਹੈ ਪਰ ਲੋਕ ਆਪਣਿਆਂ ਦੀਆਂ ਯਾਦਾਂ ਦਿਲਾਂ ਵਿੱਚ ਸਮੋਈ ਬੈਠੇ ਹਨ। ਕਈ ਖੁਸ਼ਨਸੀਬ ਹਨ ਜਿਨ੍ਹਾਂ ਦੀਆਂ ਆਪਣੇ ਅਜ਼ੀਜ਼ਾਂ ਨੂੰ ਮਿਲਣ ਦੀਆਂ ਆਸਾਂ ਪੂਰੀਆਂ ਹੋ ਰਹੀਆਂ ਹਨ।

ਦੋਵਾਂ ਮੁਲਕਾਂ ਦੇ ਵਿਛੜਿਆਂ ਨੂੰ ਆਪਸ ਵਿੱਚ ਮਿਲਵਾਉਣ ਦੀ ਕੋਸ਼ਿਸ਼ ਵਿੱਚ ਲੱਗੇ ਪਾਕਿਸਤਾਨ ਦੇ ਫ਼ੈਸਲਾਬਾਦ ਕਸਬੇ ਦੇ ਰਹਿਣ ਵਾਲੇ ਨਾਸਿਰ ਢਿੱਲੋਂ ਨੇ ਇਸ ਪਰਿਵਾਰ ਦੀ ਮੁਲਾਕਾਤ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਜ਼ਿਕਰਯੋਗ ਹੈ ਕਿ ਨਾਸਿਰ ‘ਪੰਜਾਬੀ ਲਹਿਰ’ ਨਾਂ ਦਾ ਇੱਕ ਯੂਟਿਊਬ ਚੈਨਲ ਚਲਾਉਂਦੇ ਹਨ ਜਿੱਥੇ ਉਹ ਉਨ੍ਹਾਂ ਪਰਿਵਾਰਾਂ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਹਨ ਜੋ ਵੰਡ ਦੌਰਾਨ ਵਿਛੜ ਗਏ ਸਨ ਅਤੇ ਹੁਣ ਉਨ੍ਹਾਂ ਦੇ ਹੀਲਿਆਂ ਵਸੀਲਿਆਂ ਜ਼ਰੀਏ ਇੱਕ-ਦੂਜੇ ਨੂੰ ਮੁੜ ਮਿਲ ਸਕੇ ਹਨ।

1986 ’ਚ ਲਿਖੀ ਚਿੱਠੀ ਤੋਂ ਬੱਝੀ ਆਸ

ਨਾਸਿਰ ਮੁਤਾਬਕ ਸਦੀਓਂ ਲੰਬੀ ਉਮਰ ਬਿਤਾ ਚੁੱਕੇ ਹਾਜਰਾ ਬੀਬੀ ਦੇ ਭੈਣ-ਭਰਾ ਭਾਰਤ ਵਿੱਚਲੇ ਪੰਜਾਬ ਵਿੱਚ ਸਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਬੀਤੇ ਵਰ੍ਹੇ ਪਤਾ ਲੱਗਿਆ ਸੀ।

1986 ਵਿੱਚ ਹਾਜਰਾ ਦੀ ਭੈਣ ਮਜੀਦਾਨ ਨੇ ਪਾਕਿਸਤਾਨ ਨੂੰ ਇੱਕ ਚਿੱਠੀ ਪਾਈ ਤਾਂ ਜੋ ਹਾਜਰਾ ਨੂੰ ਉਨ੍ਹਾਂ ਦੇ ਜਿਉਂਦੇ ਹੋਣ ਦੀ ਇਤਲਾਹ ਪਹੁੰਚਾਈ ਜਾ ਸਕੇ। ਪਰ ਉਸ ਸਮੇਂ ਇਹ ਚਿੱਠੀ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਕੋਲ ਚਲੀ ਗਈ ਅਤੇ ਹਾਜਰਾ ਤੱਕ ਭੈਣ ਦੇ ਪਰਿਵਾਰ ਦਾ ਸੁੱਖ-ਸੁਨੇਹਾ ਨਾ ਪਹੁੰਚ ਸਕਿਆ।

ਸਾਲ 2022 ਵਿੱਚ ਜਦੋਂ ਹਾਜਰਾ ਨੂੰ ਚਿੱਠੀ ਮਿਲੀ ਤਾਂ ਉਨ੍ਹਾਂ ਦੀ ਭੈਣ ਦੇ ਪਰਿਵਾਰ ਨੂੰ ਮਿਲਣ ਦੀ ਤੜਫ਼ ਵੱਧ ਗਈ।

ਨਾਸਿਰ ਨੇ ਕੋਸ਼ਿਸ਼ ਕਰਕੇ ਭਾਰਤੀ ਪੰਜਾਬ ਵਿੱਚ ਰਹਿੰਦੇ ਮਦੀਜਾਨ ਦੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ।

11 ਜੂਨ, 2022 ਨੂੰ ਉਨ੍ਹਾਂ ਨੇ ਹਾਜਰਾ ਬੀਬੀ ਦੀ ਉਨ੍ਹਾਂ ਦੀ ਭਾਣਜੀ ਹਨੀਫਾਨ ਨਾਲ ਇੱਕ ਵੀਡੀਓ ਕਾਲ ਜ਼ਰੀਏ ਗੱਲ ਕਰਵਾਈ।

ਹਾਜਰਾ ਬੀਬੀ ਨੂੰ ਉਦੋਂ ਹੀ ਪਤਾ ਲੱਗਿਆ ਕਿ ਉਨ੍ਹਾਂ ਦੀ ਭੈਣ ਇਸ ਦੁਨੀਆਂ ਵਿੱਚ ਨਹੀਂ ਰਹੀ। ਇਸ ਗੱਲਬਾਤ ਦੌਰਾਨ ਹਾਜਰਾ ਬੀਬੀ ਨੂੰ ਆਪਣੇ ਪੇਕੇ ਪਰਿਵਾਰ ਦੀ ਜੀਆਂ ਦੀ ਸੁੱਖ-ਸਾਂਦ ਮਿਲੀ।

ਦੋਵਾਂ ਪਰਿਵਾਰਾਂ ਨੂੰ ਮਿਲਵਾਉਣ ਦੀ ਜੱਦੋ-ਜਹਿਦ

ਕਰਤਾਰਪੁਰ ਲਾਂਘੇ ਦਾ ਖੁੱਲ੍ਹਣਾ ਵੰਡ ਦੌਰਾਨ ਵਿਛੜੇ ਕਈ ਪਰਿਵਾਰਾਂ ਦੇ ਮੁੜ-ਮਿਲਣ ਦਾ ਸਬੱਬ ਵੀ ਸਾਬਤ ਹੋਇਆ ਸੀ।

ਪਰ ਹਾਜਰਾ ਬੀਬੀ ਦੇ ਮਾਮਲੇ ਵਿੱਚ ਅਜਿਹਾ ਨਾ ਹੋ ਸਕਿਆ।

ਨਾਸਿਰ ਦੱਸਦੇ ਹਨ, “ਦੋਵਾਂ ਦੀ ਗੱਲਬਾਤ ਕਰਵਾਉਣ ਤੋਂ ਬਾਅਦ ਸਾਡੀ ਦੌੜ ਸ਼ੁਰੂ ਹੋ ਗਈ ਹੈ ਕਿ ਉਹ ਇੱਕ ਦੂਜੇ ਨੂੰ ਮਿਲ ਲੈਣ।”

“ਹਨੀਫਾਨ ਨੇ ਦੋ ਵਾਰ ਕਰਤਾਰਪੁਰ ਸਾਹਿਬ ਆਉਣ ਲਈ ਦਰਖਾਸਤ ਦਿੱਤੀ, ਪਰ ਦੋਵੇਂ ਵਾਰ ਉਨ੍ਹਾਂ ਨੂੰ ਇਜਾਜ਼ਤ ਨਾ ਮਿਲੀ। ਫ਼ਿਰ ਉਨ੍ਹਾਂ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਤੋਂ ਪਾਕਿਸਤਾਨ ਦੇ ਵੀਜ਼ੇ ਲਈ ਅਪਲਾਈ ਕੀਤਾ ਪਰ ਉਹ ਵੀ ਰੱਦ ਹੋ ਗਿਆ।”

ਨਾਸਿਰ ਦੱਸਦੇ ਹਨ ਕਿ ਸਰਕਾਰੀ ਕਾਰਵਾਈਆਂ ਦੇ ਚਲਦਿਆਂ ਦੋਵਾਂ ਦਾ ਮਿਲਣਾ ਸੰਭਵ ਨਹੀਂ ਸੀ ਹੋ ਰਿਹਾ ਪਰ ਹਾਜਰਾ ਬੀਬੀ ਉਨ੍ਹਾਂ ਨੂੰ ਵਾਰ-ਵਾਰ ਫ਼ੋਨ ਕਰਦੇ ਅਤੇ ਕਹਿੰਦੇ, “ਬੇਟਾ, ਸਾਨੂੰ ਮਿਲਵਾ ਦੇ।”

ਉਹ ਕਹਿੰਦੇ ਹਨ, “ਮੈਂ ਵੀ ਬੇਵੱਸ ਸੀ। ਕੁਝ ਹੱਥ-ਪੱਲੇ ਨਹੀਂ ਸੀ ਪੈ ਰਿਹਾ।”

“ਫਿਰ ਇੱਕ ਦਿਨ ਮੈਨੂੰ ਅਮਰੀਕਾ ਵਸਦੇ ਇੱਕ ਅਜ਼ੀਜ਼ ਪਾਲ ਸਿੰਘ ਗਿੱਲ ਦਾ ਫੋਨ ਆਇਆ। ਉਨ੍ਹਾਂ ਕਿਹਾ ਕਿ ਦੋਵਾਂ ਪਰਿਵਾਰਾਂ ਨੂੰ ਮਿਲਵਾਉਣ ਵਿੱਚ ਜੋ ਵੀ ਖ਼ਰਚਾ ਆਵੇਗਾ ਉਹ ਹਰ ਸੰਭਵ ਮਦਦ ਕਰਨਗੇ।”

ਜਦੋਂ ਭਾਰਤ ਜਾਂ ਪਾਕਿਸਤਾਨ ਮਿਲਣੀ ਸੰਭਵ ਨਾ ਹੋਈ ਤਾਂ ਨਾਸਿਰ ਨੇ ਦੋਵਾਂ ਨੂੰ ਉਮਰਾਹ ਦੌਰਾਨ ਮੱਕੇ ਵਿੱਚ ਮਿਲਵਾਉਣ ਦੀ ਯੋਜਨਾ ਬਣਾਈ। ਹਾਲਾਂਕਿ ਇਸ ਵਿੱਚ ਉਡੀਕ ਕੁਝ ਹੋਰ ਲੰਬੀ ਸੀ।

ਉਹ ਦੱਸਦੇ ਹਨ, “ਹਾਜਰਾ ਬੀਬੀ ਦੇ ਉਮਰਾਹ ਜਾਣ ਲਈ ਪਾਕਿਸਤਾਨ ਵਿੱਚ ਦਰਖਾਸਤ ਦਿੱਤੀ ਗਈ ਅਤੇ ਇਸੇ ਤਰ੍ਹਾਂ ਹਨੀਫ਼ਾਨ ਦੇ ਭਾਰਤ ਤੋਂ ਮੱਕਾ ਜਾਣ ਲਈ ਅਪਲਾਈ ਕੀਤਾ।”

“ਇਸ ਸਭ ਦਾ ਅੱਧ ਤੋਂ ਵੱਧ ਖ਼ਰਚਾ ਪਾਲ ਸਿੰਘ ਗਿੱਲ ਨੇ ਚੁੱਕਿਆ। ਅਤੇ ਬਾਕੀ ਤਾਂ ਅਸੀਂ ਖ਼ੁਦ ਕੀਤਾ ਆਪਣੇ ਕੁਝ ਦੋਸਤਾਂ-ਸਨੇਹੀਆਂ ਤੋਂ ਮਦਦ ਲਈ।”

ਪਾਕਿਸਤਾਨ ਤੋਂ ਹਾਜਰਾ ਬੀਬੀ ਨਾਲ ਉਨ੍ਹਾਂ ਦੀ ਗੁਆਂਡੀ ਅਮੀਨਾ ਦਾ ਵੀ ਵੀਜ਼ਾ ਲਗਵਾਇਆ ਗਿਆ। ਨਾਸਿਰ ਦੱਸਦੇ ਹਨ ਕਿ ਹਾਜਰਾ ਬੀਬੀ ਨੂੰ ਸਹਾਰੇ ਦੀ ਲੋੜ ਰਹਿੰਦੀ ਹੈ ਅਤੇ ਅਮੀਨਾ ਉਨ੍ਹਾਂ ਦਾ ਬਹੁਤ ਧਿਆਨ ਰੱਖਦੇ ਹਨ।

ਉਨ੍ਹਾਂ ਮੁਤਾਬਕ ਦੋਵਾਂ ਪਰਿਵਾਰਾਂ ਨੂੰ ਮਿਲਵਾਉਣ ਦੇ ਇਸ ਪ੍ਰੋਜੈਕਟ ਦੌਰਾਨ ਅਮੀਨਾ ਨੇ ਅਹਿਮ ਭੂਮਿਕਾ ਨਿਭਾਈ।

ਹੰਝੂਆਂ ਭਰੀ ਮਿਲਣੀ

ਹਾਜਰਾ ਬੀਬੀ ਨੂੰ ਨਾਸਿਰ ਵੀਲ੍ਹ-ਚੇਅਰ ਉੱਤੇ ਬਿਠਾਕੇ ਉਨ੍ਹਾਂ ਦੀ ਭਾਣਜੀ ਵੱਲ ਲੈ ਜਾਂਦੇ ਹਨ। ਬੀਬੀ ਦੇ ਝੁਰੜੀਆਂ ਭਰੇ ਚਹਿਰੇ ਤੋਂ ਭਾਵੁਕਤਾਂ ਝਲਕ ਰਹੀ ਹੈ।

ਜਦੋਂ ਉਹ ਹਨੀਫ਼ਾਨ ਨੂੰ ਮਿਲੇ ਤਾਂ ਆਪਣੀ ਵੀਲ੍ਹ ਚੇਅਰ ਛੱਡ ਸਹਾਰੇ ਨਾਲ ਖੜੇ ਹੋ ਗਏ। ਹਨੀਫ਼ਾਨ ਦੇ ਗੱਲ਼ ਲੱਗ ਕੇ ਹਾਜਰਾ ਨੇ ਆਪਣੀ ਮੋਈ ਭੈਣ ਦਾ ਦੁੱਖ ਸਾਂਝਾ ਕੀਤਾ।

ਹਾਜਰਾ ਬੀਬੀ ਨੇ ਦੱਸਿਆ, “ਮੈਂ ਆਪਣੇ ਪਰਿਵਾਰ ਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ। ਬਹੁਤ ਦੁਆਵਾਂ ਕੀਤੀਆਂ ਕਿ ਮੇਰੀ ਮੁਲਾਕਾਤ ਹੋ ਜਾਵੇ।”

ਦੋਵਾਂ ਨੇ ਪਾਕਿਸਤਾਨ ਤੇ ਭਾਰਤ ਵਿਚਲੇ ਪਰਿਵਾਰ ਦੇ ਮੈਂਬਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਮੁੜ-ਮਿਲਣ ਦਾ ਵਾਅਦਾ

ਨਾਸਿਰ ਨੂੰ ਇਸ ਮੁਲਾਕਾਤ ਨੂੰ ਅੰਜਾਮ ਤੱਕ ਪਹੁੰਚਾਉਣ ਵਿੱਚ ਬਹੁਤ ਜੱਦੋ-ਜਹਿਦ ਕਰਨੀ ਪਈ। ਉਹ ਦੱਸਦੇ ਹਨ, “ਇਨ੍ਹੀਂ ਦਿਨੀਂ ਮੈਂ ਕਾਰੋਬਾਰ ਲਈ ਦੁਬਈ ਵਿੱਚ ਹਾਂ, ਇਸ ਲਈ ਜਿਸ ਦਿਨ ਉਨ੍ਹਾਂ ਨੇ ਆਉਣਾ ਸੀ ਮੈਂ ਮੱਕਾ ਲਈ ਰਵਾਨਾ ਹੋਇਆ।”

“ਦੋਵਾਂ ਨੂੰ ਵੱਖ-ਵੱਖ ਸਮੇਂ ਏਅਰਪੋਰਟ ਤੋਂ ਚੁੱਕਿਆ ਅਤੇ ਕਾਬਾ ਵਿਖੇ ਦੋਵਾਂ ਵਿਛੜੇ ਪਰਿਵਾਰਾਂ ਨੂੰ ਮਿਲਿਆ ਅਤੇ ਉਮਰਾਹ ਵੀ ਕੀਤਾ, ਅਸੀਂ ਰੱਬ ਦਾ ਸ਼ੁਕਰ ਵੀ ਕੀਤਾ ਕਿ ਕਿਸੇ ਦੇ ਕੰਮ ਆ ਸਕੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)