You’re viewing a text-only version of this website that uses less data. View the main version of the website including all images and videos.
ਭਾਜਪਾ ਨੂੰ 2024-25 ਵਿੱਚ ਕਿਹੜੇ ਲੋਕਾਂ ਨੇ ਨਿੱਜੀ ਤੌਰ 'ਤੇ ਸਭ ਤੋਂ ਵੱਧ ਚੰਦਾ ਦਿੱਤਾ?
- ਲੇਖਕ, ਰਾਘਵੇਂਦਰ ਰਾਓ ਅਤੇ ਜੈਸਮੀਨ ਨੇਹਲਾਨੀ
- ਰੋਲ, ਬੀਬੀਸੀ ਪੱਤਰਕਾਰ
ਫਰਵਰੀ 2024 ਵਿੱਚ ਸੁਪਰੀਮ ਕੋਰਟ ਨੇ ਚੋਣ ਬਾਂਡ ਸਕੀਮ ਨੂੰ ਖ਼ਤਮ ਕਰ ਦਿੱਤਾ ਸੀ।
ਇਸ ਤੋਂ ਬਾਅਦ ਵਿੱਤੀ ਸਾਲ 2024-25 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਲਗਭਗ 6,000 ਕਰੋੜ ਰੁਪਏ ਦਾਨ ਵਿੱਚ ਮਿਲੇ ਹਨ।
ਇਸ 6,000 ਕਰੋੜ ਰੁਪਏ ਦੇ ਦਾਨ ਵਿੱਚ ਭਾਜਪਾ ਨੂੰ 3,689 ਕਰੋੜ ਰੁਪਏ ਚੋਣ ਟਰੱਸਟ ਤੋਂ ਮਿਲੇI ਇਹ ਕੁੱਲ ਰਕਮ ਦਾ ਲਗਭਗ 62 ਫ਼ੀਸਦੀ ਹੈI
ਭਾਰਤ ਵਿੱਚ ਕੰਪਨੀ ਐਕਟ ਦੇ ਤਹਿਤ ਰਜਿਸਟਰ ਕੋਈ ਵੀ ਕੰਪਨੀ ਇੱਕ ਚੋਣ ਟਰੱਸਟ ਬਣਾ ਸਕਦੀ ਹੈI
ਭਾਰਤ ਦਾ ਕੋਈ ਵੀ ਨਾਗਰਿਕ, ਭਾਰਤ ਵਿੱਚ ਰਜਿਸਟਰ ਕੰਪਨੀ, ਕੋਈ ਫਰਮ, ਹਿੰਦੂ ਅਣਵੰਡਿਆ ਪਰਿਵਾਰ ਜਾਂ ਭਾਰਤ ਵਿੱਚ ਰਹਿਣ ਵਾਲੇ ਲੋਕਾਂ ਦਾ ਸਮੂਹ ਇਨ੍ਹਾਂ ਚੋਣ ਟਰੱਸਟਾਂ ਨੂੰ ਦਾਨ ਕਰ ਸਕਦਾ ਹੈI
ਬਾਅਦ ਵਿੱਚ ਚੋਣ ਟਰੱਸਟ ਇਹ ਪੈਸਾ ਰਾਜਨੀਤਿਕ ਦਲਾਂ ਨੂੰ ਦਿੰਦੇ ਹਨI
ਇਸ ਤੋਂ ਇਲਾਵਾ, ਚੋਣ ਟਰੱਸਟ ਨੂੰ ਦਾਨ ਦੇਣ ਦੀ ਬਜਾਏ, ਕੋਈ ਵੀ ਨਾਗਰਿਕ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਨਿੱਜੀ ਤੌਰ 'ਤੇ ਦਾਨ ਕਰ ਸਕਦਾ ਹੈI
ਜੇਕਰ ਇਹ ਦਾਨ 20 ਹਜ਼ਾਰ ਰੁਪਏ ਤੋਂ ਜ਼ਿਆਦਾ ਹੈ ਤਾਂ ਰਾਜਨੀਤਿਕ ਦਲਾਂ ਨੂੰ ਇਸ ਦੀ ਜਾਣਕਾਰੀ ਹਰ ਸਾਲ ਚੋਣ ਕਮਿਸ਼ਨ ਨੂੰ ਦੇਣੀ ਪਵੇਗੀI
ਦੂਜੇ ਪਾਸੇ ਇੱਕ ਖ਼ਬਰ ਦੇ ਮੁਤਾਬਿਕ, ਕਾਂਗਰਸ ਪਾਰਟੀ ਨੂੰ ਸਾਲ 2024-25 ਵਿੱਚ 517 ਕਰੋੜ ਰੁਪਏ ਤੋਂ ਵੱਧ ਦਾਨ ਮਿਲਿਆI
ਇਸ ਵਿੱਚੋਂ 313 ਕਰੋੜ ਰੁਪਏ ਚੋਣ ਟਰੱਸਟਾਂ ਤੋਂ ਆਏ ਸਨ। ਇੱਕ ਹੋਰ ਰਿਪੋਰਟ ਮੁਤਾਬਿਕ ਕਾਂਗਰਸ ਨੂੰ 522 ਕਰੋੜ ਰੁਪਏ ਤੋਂ ਵੱਧ ਪ੍ਰਾਪਤ ਹੋਏ। ਹਾਲਾਂਕਿ, ਬੀਬੀਸੀ ਸੁਤੰਤਰ ਤੌਰ 'ਤੇ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਨਹੀਂ ਕਰ ਸਕਦਾ।
ਇਸ ਦੌਰਾਨ, ਪੱਛਮੀ ਬੰਗਾਲ ਵਿੱਚ ਸਰਕਾਰ ਚਲਾਉਣ ਵਾਲੀ ਤ੍ਰਿਣਮੂਲ ਕਾਂਗਰਸ ਨੂੰ ਇਸ ਸਾਲ 184.5 ਕਰੋੜ ਰੁਪਏ ਪ੍ਰਾਪਤ ਹੋਏ, ਜਿਸ ਵਿੱਚੋਂ 153.5 ਕਰੋੜ ਰੁਪਏ ਚੋਣ ਟਰੱਸਟਾਂ ਤੋਂ ਆਏ।
ਕਿਉਂਕਿ ਭਾਜਪਾ ਨੂੰ 2024-25 ਵਿੱਚ ਚੋਣ ਟਰੱਸਟਾਂ ਤੋਂ ਸਭ ਤੋਂ ਵੱਧ ਦਾਨ ਮਿਲਿਆ ਹੈ, ਇਹ ਦੇਖਣਾ ਦਿਲਚਸਪ ਹੈ ਕਿ ਪਾਰਟੀ ਨੂੰ ਸਭ ਤੋਂ ਵੱਧ ਵਿਅਕਤੀਗਤ ਦਾਨ ਕਿਸ ਨੇ ਦਿੱਤਾ।
ਅਸੀਂ ਕੀ ਤਰੀਕਾ ਅਪਣਾਇਆ
ਇਹ ਵਿਸ਼ਲੇਸ਼ਣ ਭਾਜਪਾ ਵਲੋਂ ਵਿੱਤੀ ਸਾਲ 2024-25 ਲਈ ਭਾਰਤੀ ਚੋਣ ਕਮਿਸ਼ਨ ਨੂੰ ਦਿੱਤੀ ਗਈ ਰਿਪੋਰਟ 'ਤੇ ਆਧਾਰਿਤ ਹੈI
ਇਸ ਰਿਪੋਰਟ ਵਿੱਚ ਪਾਰਟੀ ਨੂੰ ਦਿੱਤੇ ਗਏ 20 ਹਜ਼ਾਰ ਰੁਪਏ ਤੋਂ ਵੱਧ ਦੇ ਦਾਨ ਸ਼ਾਮਿਲ ਹਨI
ਜੇਕਰ ਕਿਸੇ ਵਿਅਕਤੀ ਜਾਂ ਕੰਪਨੀ ਨੇ ਕਈ ਵਾਰ ਦਾਨ ਦਿੱਤਾ ਹੈ ਤਾਂ ਉਨ੍ਹਾਂ ਸਾਰੀਆਂ ਰਕਮਾਂ ਨੂੰ ਜੋੜ ਕੇ ਉਸ ਵਿੱਤੀ ਸਾਲ ਵਿੱਚ ਪਾਰਟੀ ਨੂੰ ਦਿੱਤੇ ਗਏ ਕੁੱਲ ਦਾਨ ਦੀ ਗਣਨਾ ਕੀਤੀ ਗਈ ਹੈ।
ਪਾਰਟੀ ਯੋਗਦਾਨ ਰਿਪੋਰਟਾਂ ਪੀਡੀਐਫ ਫਾਰਮੈਟ ਵਿੱਚ ਪ੍ਰਕਾਸ਼ਿਤ ਕੀਤੀਆਂ ਹੋਈਆਂ ਸਨ।
ਇਨ੍ਹਾਂ ਵਿੱਚ ਟੈਕਸਟ ਚੁਣਨਯੋਗ ਸੀ, ਪਰ ਨਾਵਾਂ ਅਤੇ ਦਾਨ ਦੀ ਰਕਮ ਵਿੱਚ ਬਹੁਤ ਸਾਰੀਆਂ ਗਲਤੀਆਂ ਅਤੇ ਅਸੰਗਤੀਆਂ ਸਨ।
ਇਸ ਕਾਰਨ, 'ਆਟੋਮੇਟਿਡ ਟੈਕਸਟ ਐਕਸਟਰੈਕਸ਼ਨ ਟੂਲਜ਼' ਸਹੀ ਨਤੀਜੇ ਨਹੀਂ ਦੇ ਸਕੇ। ਇਸ ਲਈ, ਸਾਰੇ ਅੰਕੜਿਆਂ ਨੂੰ ਅਸਲ ਦਸਤਾਵੇਜ਼ ਦੇ ਪੰਨਿਆਂ ਤੋਂ ਦੇਖ-ਦੇਖਕੇ ਪ੍ਰਮਾਣਿਤ ਕੀਤਾ ਗਿਆ ਹੈ।
ਸਭ ਤੋਂ ਵੱਧ ਨਿੱਜੀ ਤੌਰ 'ਤੇ ਦਾਨ ਦੇਣ ਵਾਲੇ
1. ਸੁਰੇਸ਼ ਅੰਮ੍ਰਿਤਲਾਲ ਕੋਟਕ
ਭਾਰਤੀ ਜਨਤਾ ਪਾਰਟੀ ਨੂੰ ਵਿਅਕਤੀਗਤ ਤੌਰ 'ਤੇ ਸਭ ਤੋਂ ਵੱਧ ਦਾਨ ਸੁਰੇਸ਼ ਅੰਮ੍ਰਿਤਲਾਲ ਕੋਟਕ ਨੇ ਦਿੱਤਾ ਹੈI
ਸਾਲ 2024-25 ਵਿੱਚ ਅੰਮ੍ਰਿਤਲਾਲ ਕੋਟਕ ਨੇ ਭਾਜਪਾ ਨੂੰ 30 ਕਰੋੜ ਰੁਪਏ ਦਾ ਦਾਨ ਦਿੱਤਾI ਨਾਲ ਹੀ ਉਨ੍ਹਾਂ ਨੇ ਕਾਂਗਰਸ ਨੂੰ ਵੀ ਸਾਢੇ ਸੱਤ ਕਰੋੜ ਰੁਪਏ ਦਾ ਦਾਨ ਦਿੱਤਾI
ਕੋਟਕ ਇੱਕ ਕਾਰੋਬਾਰੀ ਹਨ ਅਤੇ ਭਾਰਤ ਦੀ ਕਪਾਹ ਉਦਯੋਗ ਵਿੱਚ ਇੱਕ ਜਾਣੀ-ਪਛਾਣੀ ਹਸਤੀ ਹੈ।
ਉਨ੍ਹਾਂ ਨੂੰ ਅਕਸਰ "ਕਾਟਨ ਮੈਨ ਆਫ਼ ਇੰਡੀਆ" ਕਿਹਾ ਜਾਂਦਾ ਹੈ। ਉਹ ਭਾਰਤੀ ਕਪਾਹ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਹਨ।
ਸਾਲ 2022 ਵਿੱਚ, ਕੇਂਦਰ ਸਰਕਾਰ ਨੇ ਕੋਟਕ ਦੀ ਪ੍ਰਧਾਨਗੀ ਹੇਠ 'ਕਾਟਨ ਕਾਊਂਸਿਲ ਆਫ਼ ਇੰਡੀਆ' ਦੇ ਗਠਨ ਦਾ ਐਲਾਨ ਕੀਤਾ ਸੀ।
2. ਅੱਲਾ ਦਕਸ਼ਾਯਨੀ
ਦੂਜੇ ਨੰਬਰ 'ਤੇ ਅੱਲਾ ਦਕਸ਼ਾਯਨੀ ਹਨI ਉਨ੍ਹਾਂ ਨੇ ਸਾਲ 2024-25 ਵਿੱਚ ਭਾਜਪਾ ਨੂੰ 25 ਕਰੋੜ ਰੁਪਏ ਦਾ ਦਾਨ ਦਿੱਤਾI
ਅੱਲਾ ਦਕਸ਼ਾਯਨੀ ਰਾਮਕੀ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਮੈਨੇਜਿੰਗ ਟਰੱਸਟੀ ਹਨI
ਰਾਮਕੀ ਫਾਊਂਡੇਸ਼ਨ, ਰਾਮਕੀ ਗਰੁੱਪ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਸ਼ਾਖਾ ਹੈ। ਇਸ ਦੀ ਸਥਾਪਨਾ 2006 ਵਿੱਚ ਕੀਤੀ ਗਈ ਸੀ ਅਤੇ ਇਹ ਮੁੱਖ ਤੌਰ 'ਤੇ ਸਮਾਜਿਕ ਭਲਾਈ ਲਈ ਕੰਮ ਕਰਦੀ ਹੈ।
ਰਾਮਕੀ ਗਰੁੱਪ ਦੀ ਵੈੱਬਸਾਈਟ (https://ramky.com) ਦੇ ਅਨੁਸਾਰ ਇਸ ਕੰਪਨੀ ਦਾ ਸਾਲਾਨਾ ਕਾਰੋਬਾਰ ਸਾਢੇ ਚਾਰ ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈI
ਇਹ ਕੰਪਨੀ ਸੜਕਾਂ, ਵਾਤਾਵਰਨ ਅਤੇ ਕੂੜਾ ਪ੍ਰਬੰਧਨ ਨਾਲ ਸੰਬੰਧਤ ਪ੍ਰੋਜੈਕਟਾਂ 'ਤੇ ਕੰਮ ਕਰਦੀ ਹੈI
ਇਹ ਸਰਕਾਰ ਅਤੇ ਨਿੱਜੀ ਕੰਪਨੀਆਂ ਦੇ ਸਹਿਯੋਗ ਨਾਲ ਜਨਤਕ-ਨਿੱਜੀ ਭਾਈਵਾਲੀ ਪ੍ਰੋਜੈਕਟਾਂ 'ਤੇ ਵੀ ਕੰਮ ਕਰਦੀ ਹੈ।
ਭਾਰਤ ਦੇ 55 ਸ਼ਹਿਰਾਂ ਵਿੱਚ ਇਸ ਦੇ ਦਫ਼ਤਰ ਹਨI ਇਸ ਦੇ ਦਫ਼ਤਰ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਸਿੰਗਾਪੁਰ ਵਿੱਚ ਵੀ ਹਨ।
ਅੱਲਾ ਦਕਸ਼ਯਾਨੀ ਦੇ ਪਤੀ ਅੱਲਾ ਅਯੋਧਿਆ ਰਾਮੀ ਰੈਡੀ ਹਨ। ਉਹ ਇੱਕ ਉਦਯੋਗਪਤੀ ਹਨ ਅਤੇ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਹਨ ਜੋ ਵਾਈਐਸਆਰ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਹਨ।
ਐਸੋਸੀਏਸ਼ਨ ਆਫ ਡੈਮੋਕ੍ਰੇਟਿਕ ਰਿਫਾਰਮਜ਼ (ਏਡੀਆਰ) ਦੀ 2023 ਦੀ ਰਿਪੋਰਟ ਅਨੁਸਾਰ, ਅੱਲਾ ਅਯੋਧਿਆ ਰਾਮੀ ਰੈਡੀ ਰਾਜ ਸਭਾ ਦੇ ਸਭ ਤੋਂ ਅਮੀਰ ਸੰਸਦ ਮੈਂਬਰਾਂ ਦੀ ਸੂਚੀ ਵਿੱਚ ਦੂਜੇ ਸਥਾਨ 'ਤੇ ਹਨ ।
ਏਡੀਆਰ ਰਿਪੋਰਟ ਅਨੁਸਾਰ, ਉਸ ਸਮੇਂ ਉਨ੍ਹਾਂ ਕੋਲ 2,577 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਸੀ।
ਭਾਰਤੀ ਰਾਜਨੀਤੀ ਵਿੱਚ, ਭਾਜਪਾ ਅਤੇ ਵਾਈਐਸਆਰ ਕਾਂਗਰਸ ਪਾਰਟੀ ਵਿਚਕਾਰ ਸਬੰਧ ਦੋ ਪੱਧਰਾਂ 'ਤੇ ਨਜ਼ਰ ਆਉਂਦਾ ਹੈ।
ਰਾਸ਼ਟਰੀ ਪੱਧਰ 'ਤੇ, ਵਾਈਐਸਆਰ ਕਾਂਗਰਸ ਨੇ ਸੰਸਦ ਵਿੱਚ ਕਈ ਕੇਂਦਰ ਸਰਕਾਰ ਦੇ ਬਿੱਲਾਂ ਦਾ ਵਾਰ-ਵਾਰ ਸਮਰਥਨ ਕੀਤਾ ਹੈ, ਜੋ ਦੋਵਾਂ ਪਾਰਟੀਆਂ ਵਿਚਕਾਰ ਸਹਿਯੋਗ ਨੂੰ ਦਰਸਾਉਂਦਾ ਹੈ।
ਹਾਲਾਂਕਿ ਆਂਧਰਾ ਪ੍ਰਦੇਸ਼ ਦੀ ਰਾਜਨੀਤੀ ਵਿੱਚ ਤਸਵੀਰ ਬਿਲਕੁਲ ਵੱਖਰੀ ਹੈ। ਰਾਜ ਵਿੱਚ ਭਾਜਪਾ ਨੇ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਅਤੇ ਜਨ ਸੇਨਾ ਪਾਰਟੀ ਨਾਲ ਗਠਜੋੜ ਕਰਕੇ ਵਾਈਐੱਸਆਰ ਕਾਂਗਰਸ ਨੂੰ ਚੁਣੌਤੀ ਦਿੱਤੀ ਸੀ।
ਇਹ ਗੱਠਜੋੜ ਪਿਛਲੀਆਂ ਆਂਧਰਾ ਪ੍ਰਦੇਸ਼ ਚੋਣਾਂ ਵਿੱਚ ਵਾਈਐਸਆਰ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰਨ ਵਿੱਚ ਕਾਮਯਾਬ ਰਿਹਾ।
ਇਸ ਦਾ ਮਤਲਬ ਹੈ ਕਿ ਦਿੱਲੀ ਵਿੱਚ ਰਣਨੀਤਿਕ ਗੱਠਜੋੜ ਹੈ ਪਰ ਆਂਧਰਾ ਪ੍ਰਦੇਸ਼ ਵਿੱਚ ਸਖ਼ਤ ਟੱਕਰ ਹੈ।
3. ਦਿਨੇਸ਼ ਚੰਦਰ ਅਗਰਵਾਲ
ਦਿਨੇਸ਼ ਚੰਦਰ ਅਗਰਵਾਲ ਨੇ ਸਾਲ 2024-25 ਵਿੱਚ ਭਾਜਪਾ ਨੂੰ 21 ਕਰੋੜ ਰੁਪਏ ਦਾਨ ਦਿੱਤਾ ਸੀI
ਦਿਨੇਸ਼ ਚੰਦਰ ਅਗਰਵਾਲ, ਡੀਆਰਏ ਇੰਫ੍ਰਾਕੌਨ ਦੇ ਸੰਸਥਾਪਕ, ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ ਹਨ। ਇਹ ਕੰਪਨੀ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਜੁੜੇ ਪ੍ਰੋਜੈਕਟਾਂ 'ਤੇ ਕੰਮ ਕਰਦੀ ਹੈ।
ਸਾਲ 2024-25 ਵਿੱਚ ਹੀ ਡੀਆਰਏ ਇੰਫ੍ਰਾਕੌਨ ਨੇ ਵੀ ਭਾਜਪਾ ਨੂੰ 61.78 ਲੱਖ ਰੁਪਏ ਦਾ ਦਾਨ ਦਿੱਤਾ।
ਇਸ ਸਾਲ 3 ਅਪ੍ਰੈਲ ਨੂੰ ਪ੍ਰੈਸ ਸੂਚਨਾ ਬਿਊਰੋ ਵੱਲੋਂ ਜਾਰੀ ਕੀਤੀ ਗਈ ਇੱਕ ਪ੍ਰੈਸ ਰਿਲੀਜ਼ ਵਿੱਚ ਦੱਸਿਆ ਗਿਆ ਸੀ ਕਿ ਦਿਨੇਸ਼ਚੰਦਰ ਆਰ ਅਗਰਵਾਲ ਦੀ ਕੰਪਨੀ ਇੰਫ੍ਰਾਕੌਨ ਪ੍ਰਾਈਵੇਟ ਲਿਮਿਟਡ ਨੂੰ 121 ਕਿਲੋਮੀਟਰ ਲੰਬਾ ਗੁਵਾਹਾਟੀ ਰਿੰਗ ਰੋਡ ਪ੍ਰੋਜੈਕਟ ਬਣਾਉਣ ਦਾ ਠੇਕਾ ਦਿੱਤਾ ਗਿਆ ਹੈ।
ਇਸ ਪ੍ਰੋਜੈਕਟ ਦੀ ਲਾਗਤ 5,729 ਕਰੋੜ ਰੁਪਏ ਹੈ।
4. ਹਾਰਦਿਕ ਅਗਰਵਾਲ
ਹਾਰਦਿਕ ਅਗਰਵਾਲ ਨੇ ਸਾਲ 2024-25 ਵਿੱਚ ਭਾਜਪਾ ਨੂੰ 20 ਕਰੋੜ ਰੁਪਏ ਦਾ ਦਾਨ ਦਿੱਤਾ।
ਹਾਰਦਿਕ ਅਗਰਵਾਲ, ਦਿਨੇਸ਼ਚੰਦਰ ਅਗਰਵਾਲ ਦੇ ਪੁੱਤਰ ਹਨ ਅਤੇ ਡੀਆਰਏ ਇੰਫ੍ਰਾਕੌਨ ਪ੍ਰਾਈਵੇਟ ਲਿਮਿਟਡ ਵਿੱਚ ਡਾਇਰੈਕਟਰ ਹਨ।
5. ਰਮੇਸ਼ ਕੁੰਹੀਕਨਨ
ਰਮੇਸ਼ ਕੁੰਹੀਕਨਨ ਨੇ ਸਾਲ 2024-25 ਵਿੱਚ ਭਾਜਪਾ ਨੂੰ 17 ਕਰੋੜ ਰੁਪਏ ਦਾਨ ਕੀਤੇ ਸਨ।
ਰਮੇਸ਼ ਕੁੰਹੀਕਨਨ ਇੱਕ ਪ੍ਰਸਿੱਧ ਭਾਰਤੀ ਉਦਯੋਗਪਤੀ ਅਤੇ ਅਰਬਪਤੀ ਹਨ। ਉਹ ਮੈਸੂਰ ਸਥਿਤ ਕੇਨਜ਼ ਟੈਕਨੋਲੋਜੀ ਇੰਡੀਆ ਲਿਮਿਟਡ ਦੇ ਸੰਸਥਾਪਕ ਹਨ।
ਸਾਲ 2024-25 ਵਿੱਚ ਹੀ ਕੇਨਜ਼ ਟੈਕਨੋਲੋਜੀ ਨੇ ਭਾਜਪਾ ਨੂੰ 11 ਕਰੋੜ ਰੁਪਏ ਦਾ ਦਾਨ ਦਿੱਤਾ।
ਪ੍ਰੈਸ ਸੂਚਨਾ ਬਿਊਰੋ (ਪੀਆਈਬੀ) ਵੱਲੋਂ 2 ਸਤੰਬਰ 2024 ਨੂੰ ਜਾਰੀ ਕੀਤੀ ਗਈ ਇੱਕ ਪ੍ਰੈਸ ਰਿਲੀਜ਼ ਮੁਤਾਬਕ, ਕੇਂਦਰ ਸਰਕਾਰ ਨੇ ਗੁਜਰਾਤ ਦੇ ਸਾਨੰਦ ਵਿੱਚ ਸੈਮੀਕੰਡਕਟਰ ਇਕਾਈ ਸਥਾਪਿਤ ਕਰਨ ਲਈ ਕੇਨਜ਼ ਸੈਮੀਕੌਨ ਪ੍ਰਾਈਵੇਟ ਲਿਮਿਟਡ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ।
ਇਹ ਕੇਨਜ਼ ਟੈਕਨੋਲੋਜੀ ਦੀ ਇੱਕ ਸਹਾਇਕ ਕੰਪਨੀ ਹੈ।
ਪੀਆਈਬੀ ਦੇ ਅਨੁਸਾਰ, ਇਹ ਪ੍ਰਸਤਾਵਿਤ ਇਕਾਈ 3,300 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ ਕੀਤੀ ਜਾ ਰਹੀ ਹੈ। ਇਸ ਇਕਾਈ ਦੀ ਸਮਰੱਥਾ ਹਰ ਦਿਨ 60 ਲੱਖ ਚਿਪ ਤਿਆਰ ਕਰਨ ਦੀ ਹੋਵੇਗੀ।
ਖ਼ਬਰਾਂ ਮੁਤਾਬਕ, ਸਾਨੰਦ ਇਕਾਈ ਦੀ ਕੁੱਲ ਲਾਗਤ 3,307 ਕਰੋੜ ਰੁਪਏ ਹੈ।
ਇਸ ਵਿੱਚੋਂ ਇੰਡੀਆ ਸੈਮੀਕੰਡਕਟਰ ਮਿਸ਼ਨ ਦੇ ਤਹਿਤ ਕੇਂਦਰ ਸਰਕਾਰ 1,653.5 ਕਰੋੜ ਰੁਪਏ ਦੀ ਮਦਦ ਦੇ ਰਹੀ ਹੈ ਅਤੇ ਗੁਜਰਾਤ ਸਰਕਾਰ ਨੇ ਇਸ ਪ੍ਰੋਜੈਕਟ ਵਿੱਚ 661.4 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ।
ਇਸ ਪ੍ਰੋਜੈਕਟ ਵਿੱਚ ਕੇਨਜ਼ ਦਾ ਨਿਵੇਸ਼ 992.1 ਕਰੋੜ ਰੁਪਏ ਹੈ।
ਕਈ ਭਾਜਪਾ ਆਗੂਆਂ ਨੇ ਦਾਨ ਦਿੱਤਾ
ਜਿਹੜੇ ਲੋਕਾਂ ਨੇ ਸਾਲ 2024-25 ਵਿੱਚ ਨਿੱਜੀ ਤੌਰ 'ਤੇ ਭਾਜਪਾ ਨੂੰ ਦਾਨ ਦਿੱਤਾ ਉਸ ਵਿੱਚ ਪਾਰਟੀ ਦੇ ਕਈ ਆਗੂ ਅਤੇ ਜਾਣੇ-ਪਛਾਣੇ ਚੇਹਰੇ ਸ਼ਾਮਿਲ ਹਨI
ਕੁੱਲ ਮਿਲਾ ਕੇ ਭਾਜਪਾ ਆਗੂਆਂ ਨੇ ਆਪਣੀ ਪਾਰਟੀ ਨੂੰ ਲਗਭਗ 1 ਕਰੋੜ ਰੁਪਏ ਦਾਨ ਕੀਤੇ ਹਨ।
ਉਤਰਾਖੰਡ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਅਤੇ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਪਾਰਟੀ ਨੂੰ 11 ਲੱਖ 51 ਹਜ਼ਾਰ 113 ਰੁਪਏ ਦਾ ਦਾਨ ਦਿੱਤਾI
ਓਡੀਸ਼ਾ ਤੋਂ ਭਾਜਪਾ ਲੋਕ ਸਭਾ ਮੈਂਬਰ ਬੈਜਯੰਤ ਜੈ ਪਾਂਡਾ ਨੇ ਪਾਰਟੀ ਨੂੰ 6 ਲੱਖ ਰੁਪਏ ਦਾਨ ਕੀਤੇ, ਜਦਕਿ ਕੇਂਦਰੀ ਮੰਤਰੀ ਜੁਆਲ ਓਰਾਮ ਨੇ 5 ਲੱਖ ਰੁਪਏ ਦਾਨ ਕੀਤੇ।
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪਾਰਟੀ ਨੂੰ 3 ਲੱਖ ਰੁਪਏ ਦਾਨ ਕੀਤੇI ਇਹ ਦਾਨ 25,000 ਰੁਪਏ ਦੀਆਂ ਕਈ ਕਿਸ਼ਤਾਂ ਵਿੱਚ ਦਿੱਤਾ ਗਿਆI
ਅਸਾਮ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਪਰਿਮਲ ਸ਼ੁਕਲਾ ਬੈਦਿਆ ਨੇ ਪਾਰਟੀ ਨੂੰ 3 ਲੱਖ ਰੁਪਏ ਦਾਨ ਕੀਤੇI ਜਦਕਿ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ 1 ਲੱਖ ਰੁਪਏ ਦਾ ਦਾਨ ਕੀਤਾ।
ਓਡੀਸ਼ਾ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਨਬਾ ਚਰਨ ਮਾਝੀ ਨੇ ਪਾਰਟੀ ਨੂੰ 2 ਲੱਖ ਰੁਪਏ ਦਾਨ ਦਿੱਤੇ।
ਅਰੁਣਾਚਲ ਪ੍ਰਦੇਸ਼ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ, ਤਾਪੀਰ ਗਾਓ ਨੇ ਪਾਰਟੀ ਨੂੰ 1,59,817 ਰੁਪਏ ਦਾਨ ਕੀਤੇ।
ਦਿਲਚਸਪ ਇਹ ਹੈ ਕਿ ਇੰਨੀ ਹੀ ਰਕਮ (1,59,817 ਰੁਪਏ) ਦਾ ਦਾਨ ਅਰੁਣਾਚਲ ਪ੍ਰਦੇਸ਼ ਤੋਂ ਭਾਜਪਾ ਵਿਧਾਇਕ ਮਹੇਸ਼ ਚੋਈ ਨੇ ਵੀ ਪਾਰਟੀ ਨੂੰ ਦਾਨ ਕੀਤੀ ਹੈI
ਨਾਲ ਹੀ ਅਸਾਮ ਤੋਂ ਭਾਜਪਾ ਦੇ ਨੌਂ ਵਿਧਾਇਕਾਂ ਨੇ ਪਾਰਟੀ ਨੂੰ ਕੁੱਲ 27.25 ਲੱਖ ਰੁਪਏ ਦਾਨ ਕੀਤੇ ਹਨ। ਇਨ੍ਹਾਂ ਵਿੱਚੋਂ ਸੱਤ ਅਸਾਮ ਸਰਕਾਰ ਵਿੱਚ ਮੰਤਰੀ ਹਨ।
ਓਡੀਸ਼ਾ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਸੰਬਿਤ ਪਾਤਰਾ ਅਤੇ ਪ੍ਰਤਾਪ ਚੰਦਰ ਸਾਰੰਗੀ ਨੇ ਪਾਰਟੀ ਨੂੰ 2-2 ਲੱਖ ਰੁਪਏ ਦਾਨ ਦਿੱਤੇ ਹਨ।
ਇਸ ਤੋਂ ਇਲਾਵਾ, ਓਡੀਸ਼ਾ ਵਿਧਾਨ ਸਭਾ ਵਿੱਚ ਭਾਜਪਾ ਦੇ 49 ਵਿਧਾਇਕਾਂ ਨੇ ਪਾਰਟੀ ਨੂੰ ਲਗਭਗ 55 ਲੱਖ ਰੁਪਏ ਦਾ ਦਾਨ ਦਿੱਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ