You’re viewing a text-only version of this website that uses less data. View the main version of the website including all images and videos.
ਭਾਰਤ 'ਚ ਦਿਲ ਦੇ ਦੌਰੇ ਪੈਣ ਦਾ ਕੀ ਕੋਵਿਡ ਜਾਂ ਵੈਕਸੀਨ ਨਾਲ ਕੋਈ ਸਬੰਧ ਹੈ, ਕੀ ਕਹਿੰਦੀ ਹੈ ਤਾਜ਼ਾ ਰਿਪੋਰਟ
- ਲੇਖਕ, ਸੁਸ਼ੀਲਾ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਆਈਸੀਐਮਆਰ ਦੁਆਰਾ ਕਰਵਾਏ ਗਏ ਅਧਿਐਨ ਦੇ ਅਨੁਸਾਰ, ਜਿਨ੍ਹਾਂ ਲੋਕਾਂ ਨੂੰ ਗੰਭੀਰ ਕੋਵਿਡ ਹੋਇਆ ਹੈ, ਉਨ੍ਹਾਂ ਨੂੰ ਸਖ਼ਤ ਮਿਹਨਤ, ਦੌੜਨ ਜਾਂ ਬਹੁਤ ਜ਼ਿਆਦਾ ਕਸਰਤ ਤੋਂ ਬਚਣਾ ਚਾਹੀਦਾ ਹੈ।
ਸਿਹਤ ਮੰਤਰੀ ਮਨਸੁਖ ਮੰਡਾਵੀਆ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਹਾਲ ਹੀ 'ਚ ਗੁਜਰਾਤ 'ਚ ਨਵਰਾਤਰਿਆਂ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਆਈ।
ਇਸ ਸਬੰਧੀ ਵੀਡੀਓਜ਼ ਵੀ ਵਾਇਰਲ ਹੋਈਆਂ ਸਨ। ਨਵਰਾਤਰੇ ਦੌਰਾਨ ਹੀ 12ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ, "ਆਈਸੀਐਮਆਰ ਨੇ ਹਾਲ ਹੀ ਵਿੱਚ ਇਸ ਬਾਰੇ ਇੱਕ ਵਿਆਪਕ ਅਧਿਐਨ ਕੀਤਾ ਹੈ।"
''ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੂੰ ਗੰਭੀਰ ਕੋਵਿਡ ਹੋਇਆ ਹੈ ਅਤੇ ਇਸ ਨੂੰ ਹੋਇਆਂ ਵਧੇਰੇ ਸਮਾਂ ਨਹੀਂ ਲੰਘਿਆ, ਉਨ੍ਹਾਂ ਨੂੰ ਦਿਲ ਦੇ ਦੌਰੇ ਤੋਂ ਬਚਣ ਲਈ ਘੱਟੋ-ਘੱਟ ਇੱਕ ਜਾਂ ਦੋ ਸਾਲਾਂ ਲਈ ਬਹੁਤ ਜ਼ਿਆਦਾ ਮਿਹਨਤ, ਓਵਰ ਵਰਕਆਊਟ, ਦੌੜਨਾ ਜਾਂ ਬਹੁਤ ਜ਼ਿਆਦਾ ਕਸਰਤ ਤੋਂ ਬਚਣਾ ਚਾਹੀਦਾ ਹੈ।''
ਇਸ ਤੋਂ ਪਹਿਲਾਂ ਵੀ ਕੇਂਦਰੀ ਸਿਹਤ ਮੰਤਰੀ ਨੇ ਇੱਕ ਪ੍ਰੋਗਰਾਮ ਦੌਰਾਨ ਇਸ ਬਾਰੇ ਚਰਚਾ ਕੀਤੀ ਸੀ।
ਉਸ ਵੇਲੇ ਉਨ੍ਹਾਂ ਕਿਹਾ ਸੀ, "ਕੋਵਿਡ ਤੋਂ ਬਾਅਦ, ਅਸੀਂ ਅਚਾਨਕ ਦਿਲ ਦੇ ਦੌਰੇ ਕਾਰਨ ਮੌਤ ਦੇ ਮਾਮਲੇ ਦੇਖ ਰਹੇ ਹਾਂ। ਆਈਸੀਐਮਆਰ ਨੇ ਅਧਿਐਨ ਸ਼ੁਰੂ ਕਰ ਦਿੱਤਾ ਹੈ। ਟੀਕਾਕਰਨ ਅਤੇ ਕੋ-ਮਾਰਬੀਡੀਟੀ ਦਾ ਡੇਟਾ ਸਾਡੇ ਕੋਲ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਰਿਪੋਰਟ ਵੀ ਆਵੇਗੀ।
ਆਈਸੀਐਮਆਰ ਵਿੱਚ ਡਾਕਟਰ ਐਨਾ ਡੋਗਰਾ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਆਈਸੀਐਮਆਰ ਨੇ ਆਪਣੀ ਅਧਿਐਨ ਰਿਪੋਰਟ ਪੀਅਰ ਸਮੀਖਿਆ ਭਾਵ ਸਮੀਖਿਆ ਲਈ ਮਾਹਰਾਂ ਨੂੰ ਦਿੱਤੀ ਹੈ। ਸਮੀਖਿਆ ਪੂਰੀ ਹੋਣ ਤੋਂ ਬਾਅਦ ਸਿਹਤ ਮੰਤਰਾਲਾ ਇਸ ਬਾਰੇ ਜਾਣਕਾਰੀ ਦੇਵੇਗਾ।''
ਕੀ ਕੋਵਿਡ ਅਤੇ ਦਿਲ ਦੇ ਦੌਰੇ ਨੂੰ ਆਪਸ 'ਚ ਜੋੜਨਾ ਸਹੀ ਹੈ?
ਆਈਸੀਐਮਆਰ ਦੀ ਰਿਪੋਰਟ ਅਜੇ ਸਾਹਮਣੇ ਨਹੀਂ ਆਈ ਹੈ ਪਰ ਇਸ ਤੋਂ ਪਹਿਲਾਂ ਦਿੱਲੀ ਦੇ ਜੀਬੀ ਪੰਤ ਹਸਪਤਾਲ 'ਚ ਕੋਰੋਨਾ ਅਤੇ ਸਰੀਰ 'ਤੇ ਇਸ ਦੇ ਪ੍ਰਭਾਵ ਨੂੰ ਲੈ ਕੇ ਖੋਜ ਕੀਤੀ ਗਈ ਸੀ।
ਸਾਲ 2020 ਤੋਂ 2021 ਤੱਕ 135 ਲੋਕਾਂ 'ਤੇ ਕੀਤੇ ਗਏ ਇਸ ਅਧਿਐਨ 'ਚ ਸਾਹਮਣੇ ਆਇਆ ਕਿ ਇਸ ਦਾ ਦਿਲ 'ਤੇ ਅਸਰ ਪਿਆ ਹੈ।
ਖੋਜ ਵਿਚ ਸ਼ਾਮਲ ਲੋਕਾਂ ਨੂੰ ਲਗਾਤਾਰ ਨਿਗਰਾਨੀ ਵਿਚ ਰੱਖਿਆ ਗਿਆ ਅਤੇ ਇਹ ਦੇਖਿਆ ਗਿਆ ਕਿ ਦਿਲ 'ਤੇ ਕੋਰੋਨਾ ਦਾ ਪ੍ਰਭਾਵ ਘੱਟ ਹੁੰਦਾ ਗਿਆ।
ਇਸੇ ਖੋਜ ਵਿੱਚ ਸ਼ਾਮਲ ਇੱਕ ਡਾਕਟਰ ਨੇ ਬੀਬੀਸੀ ਨੂੰ ਦੱਸਿਆ, "ਸਾਡੀ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਕੋਰੋਨਾ ਦਾ ਦਿਲ ਉੱਤੇ ਪ੍ਰਭਾਵ ਪੈਂਦਾ ਹੈ। ਕੋਵਿਡ ਇੱਕ ਵਿਅਕਤੀ ਦੇ ਦਿਲ ਦੀ ਇਲੈਕਟ੍ਰਿਕ ਪ੍ਰਣਾਲੀ, ਦਿਲ ਦੀਆਂ ਪੰਪਿੰਗ ਮਾਸਪੇਸ਼ੀਆਂ ਅਤੇ ਦਿਲ ਦੀਆਂ ਧਮਨੀਆਂ, ਜੋ ਖੂਨ ਦਾ ਸੰਚਾਰ ਕਰਦੀਆਂ ਹਨ, ਨੂੰ ਪ੍ਰਭਾਵਿਤ ਕਰਦਾ ਹੈ।''
ਉਹ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਗੰਭੀਰ ਕੋਵਿਡ ਹੋਇਆ, ਉਨ੍ਹਾਂ ਨੂੰ ਬਹੁਤ ਜ਼ਿਆਦਾ ਕਸਰਤ ਨਾ ਕਰਨ ਦੀ ਸਲਾਹ ਦਿੱਤੀ ਗਈ, ਕਿਉਂਕਿ ਇਸ ਦਾ ਅਸਰ ਉਨ੍ਹਾਂ ਦੇ ਦਿਲ 'ਤੇ ਹੋ ਸਕਦਾ ਸੀ। ਇਸ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਜਾਂ ਕਸਰਤ ਨਾ ਕਰਨ ਲਈ ਕਿਹਾ ਗਿਆ।
ਉਹ ਕਹਿੰਦੇ ਹਨ ਕਿ ਅਧਿਐਨ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਕੋਵਿਡ ਤੋਂ ਪੀੜਤ ਮਰੀਜ਼ਾਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਵਧ ਗਿਆ ਸੀ।
ਪਰ ਉਹ ਗੱਲ ਨੂੰ ਸਪਸ਼ਟ ਕਰਦੇ ਹੋਏ ਕਹਿੰਦੇ ਹਨ, "ਜਿਨ੍ਹਾਂ ਲੋਕਾਂ ਨੂੰ ਕੋਵਿਡ ਹੋਇਆ, ਉਨ੍ਹਾਂ ਨੂੰ ਯਕੀਨੀ ਤੌਰ 'ਤੇ ਹਾਰਟ ਅਟੈਕ ਹੋਵੇਗਾ, ਉਸ 'ਤੇ ਸਵਾਲ ਉਠਾਇਆ ਜਾ ਸਕਦਾ ਹੈ ਕਿਉਂਕਿ ਜਦੋਂ ਤੱਕ ਇਸ 'ਤੇ ਵੱਡੇ ਪੱਧਰ 'ਤੇ ਅਧਿਐਨ ਨਹੀਂ ਕੀਤਾ ਜਾਂਦਾ ਅਤੇ ਨਤੀਜੇ ਸਾਹਮਣੇ ਨਹੀਂ ਆਉਂਦੇ, ਉਦੋਂ ਤੱਕ ਕੁਝ ਵੀ ਸਪਸ਼ਟ ਤੌਰ 'ਤੇ ਨਹੀਂ ਕਿਹਾ ਜਾ ਸਕਦਾ।
ਇਹ ਵੀ ਪੜ੍ਹੋ:-
ਵੈਕਸੀਨ ਅਤੇ ਹਾਰਟ ਅਟੈਕ ਵਿਚਕਾਰ ਕਿੰਨੀ ਕੁ ਸੱਚਾਈ?
ਨਾਲ ਹੀ ਡਾਕਟਰ ਕੇਂਦਰੀ ਸਿਹਤ ਮੰਤਰੀ ਦੇ ਬਿਆਨ ਨੂੰ ਸੰਤੁਲਿਤ ਅਤੇ ਸਹੀ ਦੱਸਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਗੰਭੀਰ ਕੋਵਿਡ ਹੋਇਆ ਹੈ, ਉਹ ਬਹੁਤ ਜ਼ਿਆਦਾ ਜਾਂ ਸਖ਼ਤ ਮਿਹਨਤ ਕਰਦੇ ਹਨ ਤਾਂ ਇਹ ਦਿਲ 'ਤੇ ਜ਼ਿਆਦਾ ਦਬਾਅ ਪਾ ਸਕਦਾ ਹੈ। ਇਸ ਨਾਲ ਦਿਲ ਦੀ ਧੜਕਣ ਆਮ ਨਾਲੋਂ ਬਹੁਤ ਤੇਜ਼ ਹੋ ਸਕਦੀ ਹੈ।
ਉਨ੍ਹਾਂ ਅਨੁਸਾਰ, "ਜਿਨ੍ਹਾਂ ਮਰੀਜ਼ਾਂ ਨੂੰ ਗੰਭੀਰ ਕੋਵਿਡ ਤੋਂ ਠੀਕ ਹੋਏ ਬਹੁਤ ਸਮਾਂ ਨਹੀਂ ਹੋਇਆ ਹੈ, ਉਨ੍ਹਾਂ ਨੂੰ ਹੌਲੀ-ਹੌਲੀ ਕਸਰਤ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਅਚਾਨਕ ਤੇਜ਼ੀ ਨਾਲ ਕਸਰਤ ਕਰਨ ਦੀ ਸ਼ੁਰੂਆਤ ਬਿਲਕੁਲ ਨਹੀਂ ਕਰਨੀ ਚਾਹੀਦੀ।"
ਕੋਵਿਡ ਦੌਰਾਨ, ਲੋਕਾਂ ਨੂੰ ਵੈਕਸੀਨ ਲੈਣ ਦੀ ਸਲਾਹ ਦਿੱਤੀ ਗਈ ਸੀ।
ਪਰ ਬਾਅਦ ਵਿੱਚ ਇਹ ਖਦਸ਼ਾ ਵੀ ਜਤਾਇਆ ਗਿਆ ਕਿ ਕੋਵਿਸ਼ੀਲਡ ਅਤੇ ਕੋਵੈਕਸੀਨ ਲੈਣ ਤੋਂ ਬਾਅਦ ਦਿਲ ਦਾ ਦੌਰਾ ਪੈ ਸਕਦਾ ਹੈ। ਇਸ ਮੁੱਦੇ 'ਤੇ ਚਰਚਾ ਵੀ ਤੇਜ਼ ਹੋਣ ਲੱਗੀ ਸੀ।
ਪਰ ਜੀਬੀ ਪੰਤ ਦੇ ਅਧਿਐਨ ਤੋਂ ਇਹ ਗੱਲ ਵੀ ਸਾਹਮਣੇ ਆਈ ਕਿ ਵੈਕਸੀਨ ਲੈਣ ਵਾਲੇ ਲੋਕਾਂ ਵਿੱਚ ਦਿਲ ਦੇ ਦੌਰੇ ਦੇ ਜ਼ਿਆਦਾ ਕੇਸ ਸਾਹਮਣੇ ਨਹੀਂ ਆਏ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਕੋਵਿਡ ਵੈਕਸੀਨ ਲੈਣ ਤੋਂ ਬਾਅਦ ਦਿਲ ਦੇ ਦੌਰੇ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਕੀ ਪਹਿਲਾਂ ਵੀ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਸਾਹਮਣੇ ਆਉਂਦੇ ਸਨ?
ਨੈਸ਼ਨਲ ਹਾਰਟ ਇੰਸਟੀਚਿਊਟ ਦੇ ਡਾਇਰੈਕਟਰ ਡਾਕਟਰ ਓਪੀ ਯਾਦਵ ਕਹਿੰਦੇ ਹਨ, "ਜੇ ਅਸੀਂ ਪਿਛਲੇ ਦੋ-ਤਿੰਨ ਦਹਾਕੇ ਪਹਿਲਾਂ ਦੇਖੀਏ ਤਾਂ ਲਗਭਗ 10 ਫੀਸਦੀ ਦਿਲ ਦੇ ਦੌਰੇ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਹੁੰਦੇ ਸਨ।"
''ਇੰਨਾ ਹੀ ਨਹੀਂ, ਬਾਈਪਾਸ ਸਰਜਰੀ ਵੀ ਦਸ ਫੀਸਦੀ, 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੀ ਕੀਤੀ ਜਾ ਰਹੀ ਸੀ।
ਡਾਕਟਰ ਓਪੀ ਯਾਦਵ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਪਹਿਲਾਂ ਵੀ ਦਿਲ ਦੇ ਦੌਰੇ ਦੇ ਮਾਮਲੇ ਸਾਹਮਣੇ ਆ ਰਹੇ ਸਨ, ਪਰ ਕੁਝ ਮਸ਼ਹੂਰ ਹਸਤੀਆਂ ਦੀ ਹਾਰਟ ਅਟੈਕ ਕਾਰਨ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਇਹ ਚਰਚਾ ਹੋਣ ਲੱਗੀ ਹੈ ਕਿ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਵੱਧ ਰਹੇ ਹਨ।
ਉਹ ਸਵਾਲ ਉਠਾਉਂਦੇ ਹੋਏ ਕਹਿੰਦੇ ਹਨ, "ਕੀ ਅਸੀਂ ਦੇਖਿਆ ਹੈ ਕਿ ਜਿਸ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ, ਉਸ ਨੂੰ ਕੋ-ਮਾਰਬੀਡੀਟੀ ਜਿਵੇ- ਸ਼ੂਗਰ, ਹਾਈਪਰਟੈਨਸ਼ਨ, ਮੋਟਾਪਾ ਆਦਿ ਵਰਗੀ ਕੋਈ ਸਮੱਸਿਆ ਸੀ। ਉਸ ਦਾ ਲਿਪਿਡ ਪ੍ਰੋਫਾਈਲ ਕੀ ਸੀ?
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਅਜਿਹੀ ਮੌਤ ਹੁੰਦੀ ਹੈ ਤਾਂ ਇਸ ਦਾ ਮੁਲਾਂਕਣ ਵੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਦੇਖਿਆ ਗਿਆ ਹੈ ਕਿ ਹਾਰਟ ਅਟੈਕ ਦੇ ਮਾਮਲਿਆਂ ਵਿੱਚ ਪੋਸਟਮਾਰਟਮ ਵੀ ਨਹੀਂ ਕੀਤਾ ਜਾਂਦਾ।
ਡਾਕਟਰ ਕਰੋਨਾ ਤੋਂ ਬਾਅਦ ਸਖ਼ਤ ਕਸਰਤ ਨਾ ਕਰਨ ਦੀ ਸਲਾਹ ਕਿਉਂ ਦਿੰਦੇ ਹਨ?
ਦੋਵੇਂ ਡਾਕਟਰ ਸਲਾਹ ਦਿੰਦੇ ਹਨ ਕਿ ਜੇਕਰ ਕੋਈ ਵਿਅਕਤੀ ਗੰਭੀਰ ਕੋਵਿਡ ਤੋਂ ਠੀਕ ਹੋਇਆ ਹੈ, ਤਾਂ ਉਸ ਨੂੰ ਤੁਰੰਤ ਸਖ਼ਤ ਮਿਹਨਤ ਅਤੇ ਅਜਿਹੀ ਸਖ਼ਤ ਕਸਰਤ ਨਹੀਂ ਕਰਨੀ ਚਾਹੀਦੀ, ਜੋ ਉਨ੍ਹਾਂ ਨੇ ਪਹਿਲਾਂ ਨਹੀਂ ਕੀਤੀ ਸੀ।
ਡਾਕਟਰ ਓਪੀ ਯਾਦਵ ਕਹਿੰਦੇ ਹਨ, “ਕੋਵਿਡ ਦੇ ਕਾਰਨ, ਤੁਹਾਡਾ ਖੂਨ ਗਾੜ੍ਹਾ ਹੋ ਜਾਂਦਾ ਹੈ, ਜਿਸ ਦੇ ਕਲੌਟ ਜਾਂ ਥੱਕੇ ਬਣ ਜਾਂਦੇ ਹਨ।''
''ਦਿਲ ਦਾ ਦੌਰਾ ਕੋਲੈਸਟ੍ਰੋਲ ਦੇ ਜਮ੍ਹਾ ਹੋਣ ਨਾਲ ਨਹੀਂ ਪੈਂਦਾ ਕਿਉਂਕਿ ਇਹ ਕਈ ਸਾਲਾਂ 'ਚ ਹੌਲੀ-ਹੌਲੀ ਜੰਮਦਾ ਹੈ।''
''ਪਰ ਜਦੋਂ ਇਸ ਦੀ ਸਤ੍ਹਾ ਫਟ ਜਾਂਦੀ ਹੈ ਅਤੇ ਇਸ ਵਿੱਚੋਂ ਵਗਦਾ ਖੂਨ ਉੱਥੇ ਜੰਮਣਾ ਸ਼ੁਰੂ ਹੋ ਜਾਂਦਾ ਹੈ ਤਾਂ ਅਜਿਹਾ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ। ਜਿਸ ਕਾਰਨ ਥੱਕੇ ਬਣ ਜਾਂਦੇ ਹਨ ਅਤੇ ਇਸ ਕਾਰਨ ਦਿਲ ਦਾ ਦੌਰਾ ਪੈਂਦਾ ਹੈ।
ਇਸ ਲਈ ਕੋਵਿਡ ਦੌਰਾਨ ਵੀ ਖੂਨ ਨੂੰ ਪਤਲਾ ਕਰਨ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ।
ਜੇਕਰ ਦਿਲ ਵਿੱਚ ਥੱਕੇ ਬਣ ਜਾਣ, ਤਾਂ ਦਿਲ ਦਾ ਦੌਰਾ ਪੈ ਸਕਦਾ ਹੈ ਅਤੇ ਜੇ ਇਹ ਦਿਮਾਗ ਵਿੱਚ ਬਣ ਜਾਣ ਤਾਂ ਇਹ ਸਟ੍ਰੋਕ ਆ ਸਕਦਾ ਹੈ।
ਇਸੇ ਤਰ੍ਹਾਂ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਥੱਕੇ ਬਣਨ ਦਾ ਅਸਰ ਹੁੰਦਾ ਹੈ।
ਦੋਵਾਂ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਗੰਭੀਰ ਕੋਰੋਨਾ ਹੋਇਆ ਸੀ ਅਤੇ ਉਨ੍ਹਾਂ ਨੂੰ ਕੋਈ ਸਹਿ-ਰੋਗ ਵੀ ਹੈ, ਉਨ੍ਹਾਂ ਨੂੰ ਕੋਰੋਨਾ ਤੋਂ ਠੀਕ ਹੋਣ ਤੋਂ ਇੱਕ-ਡੇਢ ਸਾਲ ਪੂਰੇ ਹੋਣ ਤੋਂ ਬਾਅਦ ਹੀ ਹੌਲੀ-ਹੌਲੀ ਕਸਰਤ ਸ਼ੁਰੂ ਕਰਨੀ ਚਾਹੀਦੀ ਹੈ।
ਡਾਕਟਰ ਸਲਾਹ ਦਿੰਦੇ ਹਨ-
- ਜੇਕਰ ਤੁਸੀਂ ਪਹਿਲੇ ਦਿਨ 200 ਮੀਟਰ ਪੈਦਲ ਚੱਲ ਰਹੇ ਹੋ, ਤਾਂ ਕੁਝ ਦਿਨਾਂ ਬਾਅਦ 400 ਮੀਟਰ ਚੱਲੋ ਅਤੇ ਹੌਲੀ-ਹੌਲੀ ਆਪਣੀ ਸਪੀਡ ਵਧਾਓ।
- ਕਦੇ ਵੀ ਸਖ਼ਤ ਅਤੇ ਔਖੀ ਕਸਰਤ ਨਾ ਕਰੋ।
- ਜੇਕਰ ਤੁਹਾਨੂੰ ਲੱਗਦਾ ਹੈ ਕਿ ਪਹਿਲਾਂ ਕਿਸੇ ਕੰਮ ਜਾਂ ਕਸਰਤ ਨਾਲ ਤੁਹਾਨੂੰ ਸਾਹ ਦੀ ਤਕਲੀਫ਼ ਨਹੀਂ ਹੁੰਦੀ ਸੀ ਪਰ ਹੁਣ ਤੁਸੀਂ ਇਸ 'ਚ ਬਦਲਾਅ ਦੇਖ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਦੱਸੋ।
- ਅੱਖਾਂ ਅੱਗੇ ਹਨ੍ਹੇਰਾ ਆਉਣਾ
- ਚੱਕਰ ਆਉਣੇ
- ਸਾਹ ਲੈਣ ਵਿੱਚ ਮੁਸ਼ਕਲ
- ਛਾਤੀ ਵਿੱਚ ਦਰਦ
ਜੇਕਰ ਦਿਲ ਦੀ ਧੜਕਣ ਵਧ ਜਾਂਦੀ ਹੈ, ਜੋ ਆਮ ਤੌਰ 'ਤੇ ਨਹੀਂ ਹੁੰਦੀ ਸੀ, ਜੇਕਰ ਇਹ ਸਾਰੇ ਲੱਛਣ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਦਿਖਾਈ ਦਿੰਦੇ ਹਨ, ਤਾਂ ਯਕੀਨੀ ਤੌਰ 'ਤੇ ਡਾਕਟਰ ਦੀ ਸਲਾਹ ਲਓ।
ਡਾਕਟਰਾਂ ਦਾ ਕਹਿਣਾ ਹੈ ਕਿ ਜੋ ਵੀ ਮਰੀਜ਼ ਕੋਰੋਨਾ ਤੋਂ ਠੀਕ ਹੋਇਆ ਹੈ ਅਤੇ ਕਿਸੇ ਵੀ ਉਮਰ ਦਾ ਹੈ, ਉਸ ਨੂੰ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ ਪਰ ਹੌਲੀ-ਹੌਲੀ ਹੀ ਇਸ ਦੇ ਪੱਧਰ ਨੂੰ ਵਧਾਉਣਾ ਚਾਹੀਦਾ ਹੈ।