You’re viewing a text-only version of this website that uses less data. View the main version of the website including all images and videos.
ਕੀ ਮੀਨੋਪੌਜ਼ ਤੁਹਾਡੀ ਜਿਣਸੀ ਇੱਛਾਵਾਂ ਨੂੰ ਖ਼ਤਮ ਕਰ ਦਿੰਦਾ ਹੈ, ਜਾਣੋ ਮੀਨੋਪੌਜ਼ ਨਾਲ ਜੁੜੀਆਂ 7 ਮਿੱਥਾਂ
ਵਿਸ਼ਵ ਮੀਨੋਪੌਜ਼ ਦਿਵਸ ਹਰ ਸਾਲ 18 ਅਕਤੂਬਰ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਮੀਨੋਪੌਜ਼ ਸਬੰਧੀ ਜਾਗਰੂਕਤਾ ਵਧਾਉਣ ਦੇ ਨਾਲ-ਨਾਲ ਲੱਖਾਂ ਔਰਤਾਂ ਨੂੰ ਲੈ ਕੇ ਸੋਚ ਨੂੰ ਨੂੰ ਵੀ ਤੋੜਨਾ ਹੈ, ਜਿਸ ਵਿੱਚ ਇਸ ਨੂੰ ਕਿਸੇ ਕਲੰਕ ਵਾਂਗ ਦੇਖਿਆ ਜਾਂਦਾ ਹੈ।
ਵਿਸ਼ਵ ਪੱਧਰ 'ਤੇ, ਪੋਸਟਮੈਨੋਪੌਜ਼ਲ ਔਰਤਾਂ (ਉਹ ਔਰਤਾਂ ਜਿਨ੍ਹਾਂ ਨੂੰ ਪੀਰੀਅਡ ਆਉਣੇ ਬੰਦ ਹੋ ਚੁੱਕੇ ਹਨ) ਦੀ ਆਬਾਦੀ ਵਧ ਰਹੀ ਹੈ ਕਿਉਂਕਿ ਔਰਤਾਂ ਲੰਬੇ ਸਮੇਂ ਤੱਕ ਜੀ ਰਹੀਆਂ ਹਨ।
ਆਮ ਸ਼ਬਦਾਂ ਵਿੱਚ ਸਮਝੀਏ ਤਾਂ ਜਦੋਂ ਕਿਸੇ ਮਹਿਲਾ ਨੂੰ ਪੀਰੀਅਡ ਆਉਣੇ ਜਾਂ ਮਹਾਵਾਰੀ ਬੰਦ ਹੋ ਜਾਂਦੀ ਹੈ (ਜਾਂ ਇਸ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ) ਤਾਂ ਉਸ ਨੂੰ ਮੀਨੋਪੌਜ਼ ਕਹਿੰਦੇ ਹਨ।
2021 ਵਿੱਚ, ਵਿਸ਼ਵ ਭਰ ਦੀਆਂ ਸਾਰੀਆਂ ਔਰਤਾਂ ਅਤੇ ਕੁੜੀਆਂ ਵਿੱਚੋਂ 26 ਫੀਸਦੀ ਉਹ ਸਨ ਜਿਨ੍ਹਾਂ ਦੀ ਉਮਰ 50 ਸਾਲ ਅਤੇ ਇਸ ਤੋਂ ਵੱਧ ਸੀ।
ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ, ਇਹ 10 ਸਾਲ ਪਹਿਲਾਂ ਦੇ ਮੁਕਾਬਲੇ 22 ਫੀਸਦੀ ਵੱਧ ਸੀ।
ਮੀਨੋਪੌਜ਼, ਇੱਕ ਮਹਿਲਾ ਦੇ ਜੀਵਨ ਵਿੱਚ ਇੱਕ ਆਮ ਪੜਾਅ ਹੈ, ਇੱਕ ਆਮ ਕੁਦਰਤੀ ਬਦਲਾਅ ਪਰ ਫਿਰ ਵੀ ਇਸ ਨੂੰ ਅਕਸਰ ਗਲਤ ਤਰੀਕੇ ਨਾਲ ਸਮਝਿਆ ਜਾਂਦਾ ਹੈ।
ਦੁਨੀਆਂ ਭਰ ਵਿੱਚ ਮੀਨੋਪੌਜ਼ ਬਾਰੇ ਬਹੁਤ ਸਾਰੇ ਮਿੱਥਕ ਹਨ। ਇਸ ਰਿਪੋਰਟ ਵਿੱਚ ਅਸੀਂ ਅਜਿਹੇ ਹੀ 7 ਆਮ ਮਿੱਥਕਾਂ ਅਤੇ ਉਨ੍ਹਾਂ ਨਾਲ ਜੁੜੇ ਤੱਥਾਂ ਬਾਰੇ ਗੱਲ ਕਰਾਂਗੇ...
1. ਮੀਨੋਪੌਜ਼ ਸਾਰੀਆਂ ਔਰਤਾਂ ਲਈ ਇੱਕੋ-ਜਿਹਾ ਹੁੰਦਾ ਹੈ
ਸਰੀਰ ਅਤੇ ਜੀਵਨਸ਼ੈਲੀ ਅਨੁਸਾਰ ਹਾਰਮੋਨਲ ਤਬਦੀਲੀਆਂ ਦਾ ਅਨੁਭਵ ਹਰੇਕ ਮਹਿਲਾ ਲਈ ਵੱਖਰਾ ਹੁੰਦਾ ਹੈ।
ਇੱਥੋਂ ਤੱਕ ਕਿ ਇਹ ਤਬਦੀਲੀਆਂ ਕਿਹੋ-ਜਿਹੀਆਂ ਹੋਣਗੀਆਂ ਅਤੇ ਕਿਸ ਵੇਲੇ ਹੋਣਗੀਆਂ, ਇਹ ਵੀ ਉਨ੍ਹਾਂ ਦੀ ਜੀਵਨ ਸ਼ੈਲੀ ਦੇ ਅਨੁਸਾਰ ਵੱਖ-ਵੱਖ ਹੋ ਸਕਦਾ ਹੈ।
2. ਮੀਨੋਪੌਜ਼ ਤੁਹਾਡੇ ਪੰਜਾਹਵਿਆਂ ਵਿੱਚ ਹੁੰਦਾ ਹੈ
ਹਾਲਾਂਕਿ ਮੀਨੋਪੌਜ਼ ਦੀ ਔਸਤ ਉਮਰ 51 ਸਾਲ ਦੀ ਹੈ, ਪਰ ਇਹ 40 ਅਤੇ 60 ਸਾਲ ਦੀ ਉਮਰ ਦੇ ਵਿਚਕਾਰ ਕਿਤੇ ਵੀ ਸ਼ੁਰੂ ਹੋ ਸਕਦਾ ਹੈ। ਇਹ ਵੱਖ-ਵੱਖ ਖੇਤਰਾਂ ਅਤੇ ਨਸਲੀ ਸਮੂਹਾਂ ਦੀਆਂ ਮਹਿਲਾਵਾਂ ਵਿੱਚ ਵੱਖ-ਵੱਖ ਸਮੇਂ 'ਤੇ ਹੋ ਸਕਦਾ ਹੈ।
3. ਮੀਨੋਪੌਜ਼ ਦੌਰਾਨ ਭਾਰ ਪੱਕਾ ਹੀ ਵਧਦਾ ਹੈ
ਮੀਨੋਪੌਜ਼ ਦੇ ਪ੍ਰਭਾਵਾਂ ਦੇ ਬਾਵਜੂਦ, ਉਮਰ ਦੇ ਨਾਲ-ਨਾਲ ਸਰੀਰ ਦੀ ਪਾਚਕ ਕਿਰਿਆ ਹੌਲੀ ਹੋ ਜਾਂਦੀ ਹੈ।
ਸਿਹਤਮੰਦ ਵਜ਼ਨ ਬਣਾਈ ਰੱਖਣ ਲਈ ਡਾਕਟਰ ਨਿਯਮਤ ਕਸਰਤ ਅਤੇ ਸੰਤੁਲਿਤ ਖੁਰਾਕ ਖਾਣ ਦੀ ਸਲਾਹ ਦਿੰਦੇ ਹਨ।
4. ਹੌਟ ਫਲੈਸ਼ ਮੀਨੋਪੌਜ਼ ਦੇ ਆਮ ਜਾਂ ਲਾਜ਼ਮੀ ਲੱਛਣ ਹਨ
ਹੌਟ ਫਲੈਸ਼, ਭਾਵ ਅਚਾਨਕ ਚਿਹਰੇ ਅਤੇ ਹੱਥਾਂ-ਪੈਰਾਂ 'ਚ ਜਲਨ ਮਹਿਸੂਸ ਹੋਣਾ ਆਮ ਹੈ ਪਰ ਇਹ ਸਾਰੀਆਂ ਔਰਤਾਂ ਨੂੰ ਪ੍ਰਭਾਵਿਤ ਕਰੇ, ਅਜਿਹਾ ਜ਼ਰੂਰੀ ਨਹੀਂ।
ਇਹ ਮੀਨੋਪੌਜ਼ ਦੇ ਪਹਿਲੇ ਦੋ ਸਾਲਾਂ ਵਿੱਚ ਸਭ ਤੋਂ ਵੱਧ ਮਹਿਸੂਸ ਹੁੰਦੇ ਹਨ ਅਤੇ ਆਮ ਤੌਰ 'ਤੇ 60 ਫੀਸਦੀ ਮੀਨੋਪੌਜ਼ਲ ਔਰਤਾਂ ਵਿੱਚ ਸੱਤ ਸਾਲਾਂ ਬਾਅਦ ਅਲੋਪ ਹੋ ਜਾਂਦੇ ਹਨ।
5. ਮੀਨੋਪੌਜ਼ ਤੁਹਾਡੀ ਸੈਕਸ ਡਰਾਈਵ ਨੂੰ ਖ਼ਤਮ ਕਰ ਦਿੰਦਾ ਹੈ
ਯੋਨੀ ਦੀ ਖੁਸ਼ਕੀ, ਘੱਟ ਜਿਨਸੀ ਇੱਛਾ ਅਤੇ ਤਣਾਅ, ਤੁਹਾਡੀ ਸੈਕਸ ਡਰਾਈਵ ਨੂੰ ਪ੍ਰਭਾਵਿਤ ਕਰਦੇ ਹਨ।
ਹਾਲਾਂਕਿ, ਇੱਕ ਸਿਹਤ ਸਲਾਹਕਾਰ ਅਤੇ ਸਹਾਇਕ ਸਾਥੀ ਦੀ ਮਦਦ ਨਾਲ ਔਰਤਾਂ ਆਪਣੀ ਸੈਕਸ ਲਾਈਫ਼ ਨੂੰ ਬਿਹਤਰ ਬਣਾ ਕੇ ਰੱਖ ਸਕਦੀਆਂ ਹਨ।
ਇਹ ਵੀ ਪੜ੍ਹੋ:-
6. ਮੀਨੋਪੌਜ਼ ਕਾਰਨ ਤਣਾਅ, ਚਿੰਤਾ ਅਤੇ ਮੂਡ ਸਵਿੰਗ ਹੁੰਦੇ ਹਨ
ਮੀਨੋਪੌਜ਼ ਕਾਰਨ ਤਣਾਅ ਨਹੀਂ ਹੁੰਦਾ ਪਰ ਨੀਂਦ ਵਿੱਚ ਦਿੱਕਤ ਅਤੇ ਹੌਟ ਫਲੈਸ਼ ਜੋ ਮੀਨੋਪੌਜ਼ਲ ਔਰਤਾਂ ਵਿੱਚ ਆਮ ਹਨ, ਉਨ੍ਹਾਂ ਨੂੰ ਕੁਝ ਚਿੜਚਿੜੀਆਂ ਅਤੇ ਮੂਡੀ ਬਣਾ ਸਕਦੇ ਹਨ।
7. ਹਾਰਮੋਨ ਥੈਰੇਪੀ ਦੇ ਬਹੁਤ ਸਾਰੇ ਸਿਹਤ ਜੋਖਮ ਹੁੰਦੇ ਹਨ
ਹਾਲਾਂਕਿ ਹਾਰਮੋਨਸ ਦੀ ਵਰਤੋਂ ਛਾਤੀ ਦੇ ਕੈਂਸਰ ਦੇ ਜੋਖਮ ਨੂੰ ਵਧਾ ਸਕਦੀ ਹੈ, ਪਰ ਇਹ ਕਾਰਡੀਓਵੈਸਕੁਲਰ ਬਿਮਾਰੀ (ਦਿਲ ਅਤੇ ਧਮਣੀਆਂ ਸਬੰਧੀ ਵਿਕਾਰ) ਦੇ ਜੋਖਮ ਨੂੰ ਵੀ ਘਟਾ ਸਕਦੀ ਹੈ।
ਅਧਿਐਨ ਦਰਸਾਉਂਦੇ ਹਨ ਕਿ 60 ਸਾਲ ਤੋਂ ਘੱਟ ਉਮਰ ਦੀਆਂ ਸਿਹਤਮੰਦ ਔਰਤਾਂ, ਜਿਨ੍ਹਾਂ ਨੂੰ ਹੌਟ ਫਲੈਸ਼ ਦੀ ਦਿੱਕਤ ਹੋਵੇ, ਉਸ ਲਈ ਇਸ ਦੇ ਲਾਭ ਜ਼ੋਖਮ ਨਾਲੋਂ ਵੱਧ ਹੋ ਸਕਦੇ ਹਨ।
ਆਓ ਹੁਣ ਜਾਣ ਲੈਂਦੇ ਹਾਂ ਕੀ ਮੀਨੋਪੌਜ਼ ਕੀ ਹੈ
ਮੀਨੋਪੌਜ਼ ਉਦੋਂ ਹੁੰਦਾ ਹੈ ਜਦੋਂ ਮਾਹਵਾਰੀ ਆਉਣ ਵਾਲੀਆਂ ਔਰਤਾਂ ਦੀ ਉਮਰ ਵਧਣ ਦੇ ਨਾਲ ਉਨ੍ਹਾਂ ਦੇ ਸਰੀਰ ਵਿਚਲੇ ਸੈਕਸ ਹਾਰਮੋਨ ਵਿੱਚ ਬਦਲਾਅ ਹੁੰਦਾ ਹੈ।
ਇਸ ਪ੍ਰਕਿਰਿਆ ਵਿੱਚ, ਮਹਿਲਾ ਦਾ ਅੰਡਾਸ਼ਯ ਹਰ ਮਹੀਨੇ ਅੰਡੇ ਛੱਡਣਾ ਬੰਦ ਕਰ ਦਿੰਦਾ ਹੈ ਅਤੇ ਐਸਟ੍ਰੋਜਨ ਦਾ ਪੱਧਰ ਘਟ ਜਾਂਦਾ ਹੈ।
ਮੀਨੋਪੌਜ਼ ਆਮ ਤੌਰ 'ਤੇ 45 ਅਤੇ 55 ਸਾਲ ਦੀ ਉਮਰ ਦੇ ਵਿਚਕਾਰ ਹੁੰਦਾ ਹੈ - ਪਰ ਕੁਝ ਮਹਿਲਾਵਾਂ ਲਈ ਇਹ ਪਹਿਲਾਂ ਵੀ ਹੋ ਸਕਦਾ ਹੈ।
ਇਸ ਨੂੰ ਆਮ ਤੌਰ 'ਤੇ ਜਦੋਂ ਕਿਸੇ ਮਹਿਲਾ ਨੂੰ ਲਗਾਤਾਰ 12 ਮਹੀਨਿਆਂ ਤੱਕ ਪੀਰੀਅਡ ਨਹੀਂ ਆਉਂਦੇ ਤਾਂ ਉਸ ਨੂੰ ਮੀਨੋਪੌਜ਼ ਦੀ ਸਥਿਤੀ ਮੰਨਿਆ ਜਾਂਦਾ ਹੈ।
ਪਰ ਮੀਨੋਪੌਜ਼ ਰਾਤੋ-ਰਾਤ ਨਹੀਂ ਹੁੰਦਾ। ਇਹ ਪ੍ਰਕਿਰਿਆ ਆਮ ਤੌਰ 'ਤੇ ਔਸਤਨ ਸੱਤ ਸਾਲ ਤੱਕ ਚੱਲਣ ਵਾਲੀ ਤਬਦੀਲੀ ਹੁੰਦੀ ਹੈ, ਜੋ ਹੌਲੀ-ਹੌਲੀ ਹੁੰਦੀ ਹੈ। ਹਾਲਾਂਕਿ ਕੁਝ ਔਰਤਾਂ ਲਈ ਇਹ 14 ਸਾਲ ਤੱਕ ਦੀ ਵੀ ਹੋ ਸਕਦੀ ਹੈ।
ਮੀਨੋਪੌਜ਼ ਦੇ ਤਿੰਨ ਬੁਨਿਆਦੀ ਪੜਾਅ ਹੁੰਦੇ ਹਨ:
ਪਹਿਲਾ: ਪ੍ਰੀ-ਮੀਨੋਪੌਜ਼ - ਜੋ ਜ਼ਿਆਦਾਤਰ ਔਰਤਾਂ ਨੂੰ ਉਨ੍ਹਾਂ ਦੇ 30ਵਿਆਂ ਦੇ ਅਖੀਰ ਅਤੇ 40ਵਿਆਂ ਦੇ ਸ਼ੁਰੂ ਵਿੱਚ ਪ੍ਰਭਾਵਿਤ ਕਰਦਾ ਹੈ।
ਇਸ ਮਿਆਦ ਦੌਰਾਨ, ਔਰਤਾਂ ਨੂੰ ਅਜੇ ਵੀ ਨਿਯਮਿਤ ਤੌਰ 'ਤੇ ਮਾਹਵਾਰੀ ਆਉਂਦੀ ਹੈ, ਪਰ ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਦੇ ਪੱਧਰਾਂ ਵਿੱਚ ਤਬਦੀਲੀ ਸ਼ੁਰੂ ਹੋ ਸਕਦੀ ਹੈ।
ਦੂਜਾ: ਪੇਰੀ-ਮੀਨੋਪੌਜ਼ - ਜੋ ਇਹ ਦਰਸਾਉਂਦਾ ਹੈ ਕਿ ਮਹਿਲਾ ਹੁਣ ਮਾਂ ਬਣਨ ਵਾਲੀ ਸਥਿਤੀ ਵਿੱਚ ਨਹੀਂ ਰਹੀ। ਇਸ ਵੇਲੇ ਐਸਟ੍ਰੋਜਨ ਦੇ ਪੱਧਰ ਵਿੱਚ ਮਹੱਤਵਪੂਰਨ ਕਮੀ ਆ ਜਾਂਦੀ ਹੈ।
ਇਸ ਪੜਾਅ ਦੌਰਾਨ, ਮਾਹਵਾਰੀ ਅਨਿਯਮਿਤ ਹੋ ਜਾਂਦੀ ਹੈ ਅਤੇ ਔਰਤਾਂ ਨੂੰ ਵਿੱਚ-ਵਿੱਚ ਮਾਹਵਾਰੀ ਨਾ ਹੋਣਾ (ਪੀਰੀਅਡ ਮਿਸ ਹੋਣਾ), ਮਾਹਵਾਰੀ ਚੱਕਰ ਛੋਟਾ ਜਾਂ ਲੰਮਾ ਹੋਣ ਵਰਗੇ ਅਨੁਭਵ ਹੁੰਦੇ ਹਨ।
ਔਰਤਾਂ ਨੂੰ ਹੌਟ ਫਲੈਸ਼, ਚਿੰਤਾ ਅਤੇ ਨੀਂਦ ਨਾ ਆਉਣ ਵਰਗੇ ਅਨੁਭਵ ਵੀ ਹੋ ਸਕਦੇ ਹਨ।
ਅਤੇ ਤੀਜਾ: ਪੋਸਟ-ਮੀਨੋਪੌਜ਼ - ਇਹ ਉਸ ਤੋਂ ਬਾਅਦ ਦੇ ਸਮੇਂ ਨੂੰ ਦਰਸਾਉਂਦਾ ਹੈ, ਜਦੋਂ ਮਹਿਲਾ ਨੂੰ ਲਗਾਤਾਰ 12 ਮਹੀਨਿਆਂ ਤੱਕ ਪੀਰੀਅਡ ਨਹੀਂ ਹੁੰਦੇ।
ਇਸ ਪੜਾਅ ਦੇ ਦੌਰਾਨ, ਪੇਰੀ-ਮੀਨੋਪੌਜ਼ ਦੌਰਾਨ ਅਨੁਭਵ ਕੀਤੇ ਗਏ ਬਹੁਤ ਸਾਰੇ ਲੱਛਣ ਹੌਲੀ-ਹੌਲੀ ਘਟ ਜਾਂਦੇ ਹਨ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ, ਮੀਨੋਪੌਜ਼ ਦੇ 48 ਤੱਕ ਵੱਖ-ਵੱਖ ਲੱਛਣ ਹਨ
ਆਮ ਲੱਛਣਾਂ ਵਿੱਚ ਸ਼ਾਮਲ ਹਨ:
- ਹੌਟ ਫਲੈਸ਼ ਅਤੇ ਰਾਤ ਨੂੰ ਪਸੀਨਾ ਆਉਣਾ।
- ਮਾਹਵਾਰੀ ਚੱਕਰ ਦੀ ਨਿਯਮਤਤਾ ਅਤੇ ਪ੍ਰਵਾਹ ਵਿੱਚ ਬਦਲਾਅ, ਨਤੀਜੇ ਵਜੋਂ ਮਾਹਵਾਰੀ ਬੰਦ ਹੋ ਜਾਂਦੀ ਹੈ।
- ਯੋਨੀ ਦੀ ਖੁਸ਼ਕੀ, ਜਿਨਸੀ ਸੰਬੰਧਾਂ ਦੌਰਾਨ ਦਰਦ ਅਤੇ ਅਸੰਤੁਸ਼ਟਤਾ।
- ਸੌਣ ਵਿੱਚ ਮੁਸ਼ਕਲ ਜਾਂ ਇਨਸੌਮਨੀਆ।
- ਮੂਡ ਵਿੱਚ ਬਦਲਾਅ, ਤਣਾਅ ਅਤੇ ਚਿੰਤਾ।
- ਪੇਲਵਿਕ ਸਪੋਰਟ ਢਾਂਚੇ ਦਾ ਕਮਜ਼ੋਰ ਹੋਣਾ, ਜੋ ਪੇਡੂ ਦੇ ਅੰਗਾਂ ਦੇ ਵਧਣ ਦੇ ਜੋਖਮ ਨੂੰ ਵਧਾਉਂਦਾ ਹੈ।
- ਹੱਡੀਆਂ 'ਤੇ ਪ੍ਰਭਾਵ ਜੋ ਓਸਟੀਓਪੋਰੋਸਿਸ (ਹੱਡੀਆਂ ਦੇ ਕਮਜ਼ੋਰ ਹੋਣ ਦੀ ਸਥਿਤੀ) ਅਤੇ ਫ੍ਰੈਕਚਰ ਆਦਿ ਦਾ ਜੋਖਮ ਵਧਾਉਂਦਾ ਹੈ।
- ਔਰਤਾਂ ਅਕਸਰ ਇਕਾਗਰਤਾ ਵਿੱਚ ਕਮੀ ਅਤੇ ਯਾਦਦਾਸ਼ਤ ਸਬੰਧੀ ਵੀ ਸ਼ਿਕਾਇਤ ਕਰਦਿਆਂ ਹਨ, ਆਮ ਤੌਰ 'ਤੇ ਬ੍ਰੇਨ ਫੌਗ, ਜੋੜਾਂ ਦੇ ਦਰਦ ਅਤੇ ਖੁਸ਼ਕ ਚਮੜੀ ਬਾਰੇ ਵੀ ਦੱਸਿਆ ਜਾਂਦਾ ਹੈ।
- ਇੱਥੇ ਇਹ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਸਾਰੀਆਂ ਔਰਤਾਂ ਵਿੱਚ ਇਹ ਸਾਰੇ ਲੱਛਣ ਨਹੀਂ ਹੁੰਦੇ - ਪਰ ਜ਼ਿਆਦਾਤਰ, ਲਗਭਗ 75 ਫੀਸਦੀ ਅਜਿਹੇ ਲੱਛਣਾਂ ਦਾ ਅਨੁਭਵ ਕਰਦੀਆਂ ਹਨ।