ਨਰਿੰਦਰ ਸਿੰਘ ਕਪਾਨੀ: ਮੋਗਾ ਵਿੱਚ ਜੰਮਿਆ ਵਿਗਿਆਨੀ ਜਿਸਦੀ ਖੋਜ ਕਾਰਨ ਇੰਟਰਨੈੱਟ ਸੰਭਵ ਹੋਇਆ

    • ਲੇਖਕ, ਗੁਰਜੋਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਇੱਕ ਨਿੱਕੇ ਜਿਹੇ ਸ਼ਹਿਰ ਮੋਗਾ ਵਿੱਚ ਜਨਮੇ ਨਰਿੰਦਰ ਸਿੰਘ ਕਪਾਨੀ ਨੂੰ ਵਿਸ਼ਵ ਭਰ ਵਿੱਚ ‘ਫਾਈਬਰ ਓਪਟਿਕਸ’ ਦੇ ਪਿਤਾ’ ਵਜੋਂ ਜਾਣਿਆ ਜਾਂਦਾ ਹੈ।

ਕਪਾਨੀ ਨੇ ਇਹ ਸਾਬਤ ਕੀਤਾ ਕਿ ਰੌਸ਼ਨੀ ਸਿੱਧੀ ਰੇਖਾ ਵਿੱਚ ਹੀ ਨਹੀਂ ਚਲਦੀ ਬਲਕਿ ਕੱਚ ਦੀਆਂ ਬਾਰੀਕ ਤੰਦਾਂ ਦੀ ਵਰਤੋਂ ਨਾਲ ਇਸ ਨੂੰ ਮੋੜਿਆ ਵੀ ਜਾ ਸਕਦਾ ਹੈ।

ਅਜੋਕੀਆਂ ਕਈ ਤਕਨੀਕਾਂ, ਜਿਨ੍ਹਾਂ ਵਿੱਚ ਹਾਈ ਸਪੀਡ ਇੰਟਰਨੈੱਟ ਵੀ ਸ਼ਾਮਲ ਹੈ, ਇਸੇ ਕਾਢ ਕਾਰਨ ਹੋ ਸੰਭਵ ਹੋ ਸਕੀਆਂ ਸਨ।

ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਜੋ ਖ਼ਾਸ ਮੁਕਾਮ ਹਾਸਲ ਕੀਤਾ, ਉਸ ਦੀ ਦਿਲਚਸਪ ਕਹਾਣੀ ਸ਼ਾਇਦ ਉਨ੍ਹਾਂ ਦੇ ਜਨਮ ਤੋਂ ਕਈ ਸਾਲ ਪਹਿਲਾਂ ਹੀ ਸ਼ੁਰੂ ਹੋ ਗਈ ਸੀ।

ਨਰਿੰਦਰ ਸਿੰਘ ਕਪਾਨੀ ਦੇ ਪਿਤਾ ਸੁੰਦਰ ਸਿੰਘ ਕਪਾਨੀ ਪਹਿਲੀ ਵਿਸ਼ਵ ਜੰਗ ਵਿੱਚ ਬਰਤਾਨਵੀ ਏਅਰ ਫੋਰਸ ਦਾ ਹਿੱਸਾ ਸਨ।

ਆਪਣੇ ਕੈਮਰੇ ਨਾਲ ਵਿਰੋਧੀਆਂ ਦੇ ਜਹਾਜ਼ਾਂ, ਜੰਗੀ ਸਾਜੋ ਸਮਾਨ ਜਾਂ ਜੰਗ ਦੌਰਾਨ ਹੋਰ ਅਹਿਮ ਮੌਕਿਆਂ ਦੀਆਂ ਤਸਵੀਰਾਂ ਖਿੱਚਣਾ ਉਨ੍ਹਾਂ ਦੇ ਕੰਮ ਦਾ ਹਿੱਸਾ ਸੀ।

ਰੌਸ਼ਨੀ ਅਤੇ ਕੈਮਰੇ ਦੀ ਬਾਰੀਕੀਆਂ ਬਾਰੇ ਕਪਾਨੀ ਨੂੰ ਸ਼ੁਰੂਆਤੀ ਸਬਕ ਬਚਪਨ ਵਿੱਚ ਹੀ ਮਿਲ ਗਏ ਸਨ।

ਨਰਿੰਦਰ ਸਿੰਘ ਕਪਾਨੀ ਦਾ ਜਨਮ 31 ਅਕਤੂਬਰ 1927 ਨੂੰ ਹੋਇਆ ਸੀ ਅਤੇ 94 ਸਾਲ ਦੀ ਉਮਰ ਵਿੱਚ 3 ਦਸੰਬਰ 2020 ਨੂੰ ਉਨ੍ਹਾਂ ਦੁਨੀਆਂ ਨੂੰ ਅਲਵਿਦਾ ਕਿਹਾ।

ਕਪਾਨੀ ਦੀ ਮੌਤ ਤੋਂ ਬਾਅਦ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸਾਇੰਸ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਪਦਮ ਵਿਭੂਸ਼ਣ ਐਵਾਰਡ ਨਾਲ ਸਨਮਾਨਿਤ ਕੀਤਾ ਸੀ।

ਉਨ੍ਹਾਂ ਨੂੰ ਇਸ ਤੋਂ ਪਹਿਲਾਂ ਪਰਵਾਸੀ ਭਾਰਤੀ ਸਨਮਾਨ ਵੀ ਮਿਲ ਚੁੱਕਿਆ ਸੀ।

‘ਫਾਈਬਰ ਓਪਟਿਕਸ’ ਅਜੋਕੇ ਬਿਜਲਈ ਸੰਚਾਰ (ਡਿਜੀਟਲ ਕਮਿਊਨਿਕੇਸ਼ਨਸ) ਲਈ ਵਰਤੀ ਜਾਂਦੀ ਮੁੱਖ ਤਕਨੀਕ ਹੈ।

ਇਸ ਸ਼ਬਦ ਨੂੰ ਘੜਨ ਅਤੇ ਇਸ ਤਕਨੀਕ ਦੇ ਸੰਭਵ ਹੋਣ ਦੀ ਸ਼ੁਰੂਆਤੀ ਖੋਜ ਕਰਨ ਦਾ ਸਿਹਰਾ ਡਾਕਟਰ ਕਪਾਨੀ ਸਿਰ ਜਾਂਦਾ ਹੈ।

ਉਨ੍ਹਾਂ ਨੇ ਇਸ ਕਾਢ ਦੇ ਨਾਲ-ਨਾਲ ਕਈ ਕੰਪਨੀਆਂ ਵੀ ਖੋਲ੍ਹੀਆਂ, ਇੱਕ ਸਫ਼ਲ ਬਿਜ਼ਨਸਮੈਨ ਬਣੇ, ਉਨ੍ਹਾਂ ਨੂੰ ਸਿੱਖ ਕਲਾ ਲਈ ਮਹੱਤਵਪੂਰਨ ਕੰਮ ਕਰਨ ਲਈ ਵੀ ਜਾਣਿਆ ਜਾਂਦਾ ਹੈ।

ਰੌਸ਼ਨੀ ਮੌੜ ਕੇ ਵਿਖਾਉਣ ਦਾ ਫ਼ੈਸਲਾ ਲੈਣਾ

ਨਰਿੰਦਰ ਸਿੰਘ ਕਪਾਨੀ ਨੇ ਸ਼ੁਰੂਆਤੀ ਪੜ੍ਹਾਈ ਦੇਹਰਾਦੂਨ ਤੋਂ ਕੀਤੀ।

ਪੜ੍ਹਾਈ ਦੌਰਾਨ ਜਦੋਂ ਇੱਕ ਅਧਿਆਪਕ ਨੇ ਕਿਹਾ ਕਿ ਰੌਸ਼ਨੀ ਸਿੱਧੀ ਰੇਖਾ ਵਿੱਚ ਚੱਲਦੀ ਹੈ ਤਾਂ ਕਪਾਨੀ ਇਸ ਗੱਲ ਨੂੰ ਮੰਨਣ ਤੋਂ ਮੁਨਕਰ ਹੋ ਗਏ ਅਤੇ ਇਥੋਂ ਹੀ ਜਨਮ ਹੋਇਆ ਉਨ੍ਹਾਂ ਦੇ ਮਿਸ਼ਨ ਦਾ।

ਇੱਕ ਇੰਟਰਵਿਊ ਵਿੱਚ ਉਹ ਇਸ ਪਲ ਬਾਰੇ ਦੱਸਦੇ ਹਨ, “ਮੇਰੇ ਇੱਕ ਅਧਿਆਪਕ ਨੇ ਮੈਨੂੰ ਕਿਹਾ ਕਿ ਰੌਸ਼ਨੀ ਸਿਰਫ਼ ਸਿੱਧੀ ਰੇਖਾ ਵਿੱਚ ਹੀ ਸਫ਼ਰ ਕਰਦੀ ਹੈ।”

“ਮੈਂ ਇਸ ਗੱਲ ਨੂੰ ਮੰਨਣਾ ਨਹੀਂ ਸੀ ਚਾਹੁੰਦਾ ਇਸ ਲਈ ਮੈਂ ਇਸ ਗੱਲ ਨੂੰ ਗਲਤ ਸਾਬਤ ਕਰਨ ਦਾ ਫ਼ੈਸਲਾ ਲਿਆ।”

ਨਰਿੰਦਰ ਸਿੰਘ ਕਪਾਨੀ ਨੇ ਇਸ ਨੂੰ ਹੀ ਆਪਣਾ ਮਿਸ਼ਨ ਬਣਾਇਆ ਇਹੀ ਮਿਸ਼ਨ ਉਨ੍ਹਾਂ ਨੂੰ ਪਹਿਲਾਂ ਲੰਡਨ ਅਤੇ ਫਿਰ ਅਮਰੀਕਾ ਲੈ ਕੇ ਗਿਆ।

ਆਪਣੀ ਬੈਚਲਰਸ ਡਿਗਰੀ ਤੋਂ ਬਾਅਦ ਉਨ੍ਹਾਂ ਨੇ ਇੱਕ ਆਰਡੀਨੈਂਸ ਫੈਕਟਰੀ ਵਿੱਚ ਓਪਟੀਕਲ ਯੰਤਰਾਂ ਨੂੰ ਡਿਜ਼ਾਈਨ ਕਰਨ ਅਤੇ ਬਣਾਉਣ ਦਾ ਕੰਮ ਕੀਤਾ।

ਇਸ ਮਗਰੋਂ ਉਹ ਯੂਕੇ ਦੇ ਇੰਪੀਰੀਅਲ ਕਾਲਜ ਚਲੇ ਗਏ, ਜਿੱਥੇ ਉਨ੍ਹਾਂ ਨੇ ਆਪਣੀ ਗੱਲ ਨੂੰ ਤਰਕ-ਭਰਪੂਰ ਤਰੀਕੇ ਨਾਲ ਸਾਬਤ ਕਰਨ ਲਈ ਦਿਨ-ਰਾਤ ਇੱਕ ਕੀਤਾ।

ਉਨ੍ਹਾਂ ਨੇ ਇੰਪੀਰੀਅਲ ਕਾਲਜ ਵਿੱਚ ਆਪਣਾ ਅਧਿਐਨ ਭੌਤਿਕ ਵਿਗਿਆਨੀ ਹੈਰੋਲਡ ਹੌਪਕਿਨਸ ਦੀ ਨਿਗਰਾਨੀ ’ਚ ਕੀਤਾ।

ਉਨ੍ਹਾਂ ਨੇ 'ਓਪਟੀਕਲ ਫਾਈਬਰ’ ਕੱਚ ਦੀਆਂ ਤੰਦਾਂ ਦੇ ਇੱਕ ਬੰਡਲ ਨੂੰ ਤਸਵੀਰਾਂ ਦੇ ਸੰਚਾਰ ਲਈ ਵਰਤਿਆ। ਅਜੋਕੇ ਏਂਡੋਸਕੋਪੀ ਕੈਮਰੇ ਦੀ ਸ਼ੁਰੂਆਤੀ ਖੋਜ ਵੀ ਕਪਾਨੀ ਨੇ ਇਸੇ ਦੌਰਾਨ ਕੀਤੀ।

ਭਾਰਤ ਵਾਪਸ ਪਰਤਕੇ ਕੰਪਨੀ ਖੋਲ੍ਹਣ ਦਾ ਸੁਫ਼ਨਾ

ਨਰਿੰਦਰ ਸਿੰਘ ਕਪਾਨੀ ਇੱਕ ਰੱਜੇ-ਪੁੱਜੇ ਪਰਿਵਾਰ ਨਾਲ ਸਬੰਧ ਰੱਖਦੇ ਸਨ।

ਦੇਹਰਾਦੂਨ ਵਿੱਚ ਆਪਣੀ ਕੱਚੀ ਉਮਰ ਬਿਤਾਉਣ ਵਾਲੇ ਕਪਾਨੀ ਦੀਆਂ ਯਾਦਾਂ 2021 ਵਿੱਚ ਰਿਲੀਜ਼ ਹੋਈ ਕਿਤਾਬ ‘ਦ ਮੈਨ ਹੂ ਬੈਂਟ ਲਾਈਟ’ ਵਿੱਚ ਦਰਜ ਹਨ।

ਕਿਤਾਬ ਵਿੱਚ ਭਾਰਤ-ਪਾਕਿਸਤਾਨ ਵੰਡ ਨਾਲ ਜੁੜੇ ਕੁਝ ਹਵਾਲੇ ਮਿਲਦੇ ਹਨ। ਇੱਕ ਘਟਨਾ ਦਾ ਵੀ ਵਰਣਨ ਹੈ ਜਦੋਂ ਕਪਾਨੀ ਨੇ ਦੰਗਿਆਂ ਮੌਕੇ ਆਪਣੇ ਘਰ ਵਿੱਚ ਕੰਮ ਕਰਦੇ ਇੱਕ ਮੁਸਲਮ ਪਰਿਵਾਰ ਨੂੰ ਦੰਗਾਕਾਰੀਆਂ ਤੋਂ ਬਚਾਇਆ ਸੀ।

ਉਨ੍ਹਾਂ ਨੇ 1955 ਵਿੱਚ ਆਪਣੀ ਪੀਐੱਚਡੀ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਕਈ ਕੰਪਨੀਆਂ ਦੀ ਸ਼ੁਰੂਆਤ ਕੀਤੀ।

ਕਪਾਨੀ ਨੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਨਾਲ-ਨਾਲ ਹੋਰ ਕਈ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਾਇਆ ਵੀ।

ਸਿਲੀਕੌਨ ਵੈਲੀ ਹਿਸਟੋਰੀਕਲ ਐਸੋਸੀਏਸ਼ਨ ਨੂੰ ਦਿੱਤੇ ਆਪਣੇ ਇੱਕ ਇੰਟਰਵਿਊ ਵਿੱਚ ਕਪਾਨੀ ਕਹਿੰਦੇ ਹਨ ਕਿ ਉਹ ਹਮੇਸ਼ਾ ਤੋਂ ਹੀ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਦਾ ਪਹਿਲਾਂ ਵਿਚਾਰ ਸੀ ਕਿ ਉਹ ਆਪਣੀ ਪੜ੍ਹਾਈ ਖ਼ਤਮ ਕਰਕੇ ਭਾਰਤ ਵਾਪਸ ਆ ਕੇ ਆਪਣੀ ਕੰਪਨੀ ਖੋਲ੍ਹਣਗੇ।

ਉਨ੍ਹਾਂ ਨੂੰ ਇੰਪੀਰੀਅਲ ਕਾਲਜ ਵਿੱਚ ਪੜ੍ਹਦਿਆਂ ਰੋਇਲ ਸੁਸਾਇਟੀ ਵੱਲੋਂ ਵਜ਼ੀਫਾ ਮਿਲਿਆ ਤਾਂ ਜੋ ਉਹ ਕੋਡ ਫਾਈਬਰ ਉੱਤੇ ਅਧਿਐਨ ਕਰ ਸਕਣ।

ਉਨ੍ਹਾਂ ਨੇ ਇੱਕ ਸਾਲ ਇਸ ਉੱਤੇ ਕੰਮ ਕੀਤਾ ਕਿ ਉਹ ਕੱਚ ਦੀਆਂ ਅਜਿਹੀਆਂ ਤੰਦਾਂ ਬਣਾ ਸਕਣ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਪਰੋ ਸਕਣ ਤਾਂ ਕੇ ਉਨ੍ਹਾਂ ਵਿੱਚੋਂ ਰੌਸ਼ਨੀ ਅਤੇ ਤਸਵੀਰਾਂ ਇਕੱਠਿਆਂ ਲੰਘ ਸਕਣ।

ਉਹ ਇਹ ਦਰਸਾਉਣ ਵਿੱਚ ਸਫ਼ਲ ਰਹੇ ਸਨ ਅਤੇ ਇਸ ਬਾਰੇ ਉਨ੍ਹਾਂ ਨੇ ਕਈ ਲੇਖ ਵੀ ਲਿਖੇ।

ਆਪਣੇ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ, “ਮੈਂ ਆਪਣੇ ਪ੍ਰੋਫ਼ੈਸਰ ਕੋਲ ਗਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਮੇਰੇ ਕੰਮ ਬਾਰੇ ਕੀ ਸੋਚਦੇ ਹੋ।”

“ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਹੁਣ ਮੈਂ ਆਪਣਾ ਮਕਸਦ ਪੂਰਾ ਕਰ ਲਿਆ ਹੈ ਅਤੇ ਮੈਂ ਭਾਰਤ ਵਾਪਸ ਜਾ ਕੇ ਆਪਣੀ ਕੰਪਨੀ ਖੋਲ੍ਹਣੀ ਚਾਹੁੰਦਾ ਹਾਂ।”

ਕਪਾਨੀ ਕਹਿੰਦੇ ਹਨ,“ਮੇਰੇ ਪ੍ਰੋਫ਼ੈਸਰ ਨੇ ਮੈਨੂੰ ਕਿਹਾ ਕਿ ਮੈਂ ਦੋ ਮਹੀਨੇ ਉਡੀਕ ਕਰਾਂ, ਮੈਨੂੰ ਲੱਗਾ ਕਿ ਸ਼ਾਇਦ ਉਹ ਬੰਦਾ ਲੱਭ ਰਹੇ ਹਨ ਤਾਂ ਜੋ ਜਿਹੜਾ ਕੰਮ ਮੈਂ ਸ਼ੁਰੂ ਕੀਤਾ ਹੈ ਉਸ ਨੂੰ ਪੂਰਾ ਕਰ ਸਕਣ।”

“ਪਰ ਉਹ ਯੂਨੀਵਰਸਿਟੀ ਆਫ ਲੰਡਨ ਦੀ ਸੈਨੇਟ ਵਿੱਚ ਗਏ ਅਤੇ ਉੱਥੇ ਜਾ ਕੇ ਕਿਹਾ ਕਿ ਇਸ ਬੰਦੇ ਨੇ ਇਹ ਕੰਮ ਕੀਤਾ ਹੈ ਅਤੇ ਮੈਨੂੰ ਪੀਐੱਚਡੀ ਵਿੱਚ ਦਾਖ਼ਲਾ ਦਿਵਾਇਆ।”

ਕਪਾਨੀ ਕਹਿੰਦੇ ਹਨ “ਮੇਰੀ ਪੀਐੱਚਡੀ ਕਰਨ ਦੀ ਕੋਈ ਇੱਛਾ ਨਹੀਂ ਸੀ ਮੈਨੂੰ ਲੱਗਦਾ ਸੀ ਕਿ ਇਹ ਬੰਦੇ ਨੂੰ ਵਿਦਵਾਨ ਜਿਹਾ ਬਣਾ ਦਿੰਦੀ ਹੈ।”

ਉਨ੍ਹਾਂ ਨੇ 1954 ਵਿੱਚ ਸਤਿੰਦਰ ਕੌਰ ਨਾਲ ਵਿਆਹ ਕਰਵਾਇਆ। ਉਸ ਸਮੇਂ ਸਤਿੰਦਰ ਕੌਰ ਬਰਤਾਨੀਆਂ ਵਿੱਚ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕਰ ਰਹੇ ਸਨ।

ਇਸ ਮਗਰੋਂ ਉਨ੍ਹਾਂ ਨੇ ਇਟਲੀ ਦੇ ਫਲੋਰੈਂਸ ਵਿੱਚ ਆਪਣਾ ਪਹਿਲਾ ਪਰਚਾ ਪੜ੍ਹਿਆ ਜਿੱਥੇ ਰੋਚੈਸਟਰ ਯੂਨੀਵਰਸਿਟੀ ਦੇ ਪ੍ਰੌਫ਼ੈਸਰ ਨੇ ਉਨ੍ਹਾਂ ਨੂੰ ਅਮਰੀਕਾ ਆਉਣ ਲਈ ਕਿਹਾ।

ਕਰੀਬ ਇੱਕ ਸਾਲ ਤੱਕ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਵਿੱਚ ਇੱਕ ਕੰਪਨੀ ਸ਼ੁਰੂ ਕੀਤੀ।

ਮਾਂ ਦੀ ਮੌਤ ਵੇਲੇ ਭਾਰਤ ਨਾ ਆ ਸਕਣਾ

‘ਦਿ ਮੈਨ ਹੂ ਬੈਂਟ ਲਾਈਟ’ ਵਿੱਚ ਉਹ ਆਪਣੀ ਮਾਂ ਦੀ ਮੌਤ ਸਮੇਂ ਅੰਤਿਮ ਰਸਮਾਂ ਵਿੱਚ ਨਾ ਪਹੁੰਚ ਸਕਣ ਬਾਰੇ ਦੱਸਦੇ ਹਨ, “ਮੇਰੀ ਮਾਂ ਦਾ ਦੇਹਾਂਤ 31 ਅਕਤੂਬਰ 1984 ਨੂੰ ਹੋਇਆ ਉਸੇ ਦਿਨ ਜਿਸ ਦਿਨ ਇੰਦਰਾ ਗਾਂਧੀ ਦਾ ਕਤਲ ਹੋਇਆ ਸੀ.”

“ਮੈਂ ਅਮਰੀਕਾ ਵਿੱਚ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਕਤਲੇਆਮ ਬਾਰੇ ਸਿੱਖ ਸਮੂਹਾਂ ਅਤੇ ਅਮਰੀਕੀ ਕਾਂਗਰਸ ਨਾਲ ਰਲਕੇ ਇਸਦੀ ਜਾਂਚ ਕਰਵਾਉਣ ਅਤੇ ਭਾਰਤ ਸਰਕਾਰ ਦੀ ਨਿੰਦਾ ਕੀਤੇ ਜਾਣ ਬਾਰੇ ਕੰਮ ਕਰ ਰਿਹਾ ਸੀ।”

“ਮੇਰੀਆਂ ਗਤੀਵਿਧੀਆਂ ਦੇ ਕਾਰਨ ਹੀ ਮੈਨੂੰ ਆਪਣੀ ਮਾਂ ਦੇ ਸਸਕਾਰ ਲਈ ਭਾਰਤ ਨਹੀਂ ਆਉਣ ਦਿੱਤਾ ਗਿਆ।”

ਕਪਾਨੀ ਅਤੇ ਨੋਬਲ ਪੁਰਸਕਾਰ ਬਾਰੇ ਕੀ ਚਰਚਾ ਰਹਿੰਦੀ ਹੈ

ਡਾਕਟਰ ਕਮਲ ਪੀ ਸਿੰਘ ਜਿਨ੍ਹਾਂ ਨੇ ਤਕਰੀਬਨ 10 ਸਾਲ ਨਰਿੰਦਰ ਸਿੰਘ ਕਪਾਨੀ ਦੇ ਕੰਮ ਦਾ ਅਧਿਐਨ ਕੀਤਾ ਹੈ ਦੱਸਦੇ ਹਨ ਕਿ ਅਕਸਰ ਇਹ ਵੀ ਚਰਚਾ ਰਹਿੰਦੀ ਹੈ ਕਿ ਨਰਿੰਦਰ ਸਿੰਘ ਕਪਾਨੀ, ਜੋ ਕਿ ਭਾਰਤ ਵਿੱਚ ਜਨਮੇ ਸਨ, ਨੋਬਲ ਐਵਾਰਡ ਤੋਂ ਵਾਂਝੇ ਰਹਿ ਗਏ। ਕਮਲ ਮੁਤਾਬਕ ਉਹ ਇਸ ਸਵਾਲ ਨੂੰ ਵੀ ਭਾਵਨਾਤਮਕ ਤੌਰ ’ਤੇ ਲੈਂਦੇ ਹਨ।

ਕਮਲ ਪੀ ਸਿੰਘ ਇੰਡੀਅਨ ਇੰਸਟੀਟਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਆਈਐੱਸਈਆਰ)ਵਿੱਚ ਪ੍ਰੋਫ਼ੈਸਰ ਹਨ ਅਤੇ ਉਨ੍ਹਾਂ ਨੇ ਡਾਕਟਰ ਕਪਾਨੀ ਦੇ ਲਿਖੇ ਪਰਚਿਆਂ ਦਾ ਅਧਿਐਨ ਵੀ ਕੀਤਾ ਹੈ।

ਉਨ੍ਹਾਂ ਨੇ ਦੱਸਿਆ ਕਿ ਜਿਸ ਵੇਲੇ ਕਪਾਨੀ ਨੇ ‘ਓਪਟੀਕਲ ਫਾਈਬਰ’ ਦੀ ਖੋਜ ਕੀਤੀ, ਉਸ ਵੇਲੇ ਲੋਕ ਇਹ ਚਰਚਾ ਕਰ ਰਹੇ ਸਨ ਕਿ ਇਸ ਰਾਹੀਂ ਸੂਚਨਾ ਕਿੰਨੀ ਦੂਰ ਭੇਜੀ ਜਾ ਸਕਦੀ ਹੈ ਅਤੇ ਇਸ ਦੀਆਂ ਕੀ ਕਮੀਆਂ ਹਨ।

“ਕਪਾਨੀ ਇਸ ਮਾਮਲੇ ਵਿੱਚ ਥੋੜ੍ਹੇ ਘੱਟ ਖੁਸ਼ਕਿਸਮਤ ਸਨ, ਯੂਕੇ ਵਿੱਚ ਉਹ ਓਪਟੀਕਲ ਫਾਈਬਰ ਬਣਾਉਣ ਲਈ ਉਹ ਜਿਹੜੇ ਕੱਚ ਦੀ ਵਰਤੋਂ ਕਰ ਰਹੇ ਸਨ ਉਸ ਵਿੱਚ ਕਈ ਕਿਸਮ ਦੀਆਂ ਅਸ਼ੁੱਧੀਆਂ ਸਨ।”

ਡਾ. ਕਮਲ ਦੱਸਦੇ ਹਨ ਕਿ ਇਹ ਬਹੁਤ ਸ਼ੁਰੂਆਤੀ ਸਮਾਂ ਸੀ ਉਦੋਂ ਅਜਿਹੀਆਂ ਕਾਢਾਂ ਜਾਂ ਯੰਤਰ ਵੀ ਨਹੀਂ ਸਨ ਜੋ ਇੰਨੇ ਬਰੀਕ ਓਪਟੀਕਲ ਫਾਈਬਰ ਨੂੰ ਸੰਭਾਲ ਸਕਦੇ ਹੋਣ।

“ਇਹ ਇੱਕ ਵਾਲ ਜਿੰਨਾ ਬਰੀਕ ਸੀ ਇਸਦੇ ਦਾ ਟੁੱਟਣ ਦਾ ਵੀ ਖਤਰਾ ਹੁੰਦਾ ਸੀ, ਡਾ. ਕਪਾਨੀ ਨੇ ਅਜਿਹੇ ਸਮੇਂ ਆਪਣੀ ਨਿਪੁੰਨਤਾ ਵਿਖਾਈ।”

“ਉਨ੍ਹਾਂ ਨੇ ਇਹ ਦਿਖਾਇਆ ਕਿ ਇਨ੍ਹਾਂ ਫਾਈਬਰਾਂ ਰਾਹੀਂ ਰੌਸ਼ਨੀ ਕਈ ਮੀਟਰ ਦੂਰ ਤੱਕ ਜਾ ਸਕਦੀ ਹੈ।֨

ਚੀਨੀ ਪਿਛੋਕੜ ਵਾਲੇ ਵਿਗਿਆਨੀ ਚਾਰਲਸ ਕਾਓ ਜਿਨ੍ਹਾਂ ਨੂੰ 2009 ਵਿੱਚ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ ਨੇ ਆਪਣੀ ਖੋਜ ਦੌਰਾਨ ਇਹ ਦੇਖਿਆ ਕਿ ਕੱਚ ਵਿੱਚ ਅਸ਼ੁੱਧੀਆਂ ਦੇ ਕਾਰਨ ਰੌਸ਼ਨੀ ਇਸ ਵਿੱਚ ਕਈ ਕਿਲੋਮੀਟਰ ਤੱਕ ਸਫ਼ਰ ਨਹੀਂ ਕਰ ਸਕਦੀ।

ਉਨ੍ਹਾਂ ਨੇ ਭੌਤਿਕ ਵਿਗਿਆਨ ਦੇ ਕੁਝ ਨਿਯਮਾਂ ਨੂੰ ਲਾਗੂ ਕੀਤਾ ਅਤੇ ਅਸ਼ੁੱਧੀਆਂ ਰਹਿਤ ਕੱਚ ਦੀ ਵਰਤੋਂ ਕੀਤੀ, ਇਸ ਕਾਰਨ ਰੌਸ਼ਨੀ ਦਾ ਦੂਰ ਤੱਕ ਸੰਚਾਰ ਹੋਣਾ ਸੰਭਵ ਸੀ।

ਡਾ. ਕਮਲ ਪੀ ਸਿੰਘ ਦੱਸਦੇ ਹਨ ਕਿ ਸ਼ਾਇਦ ਡਾ. ਕਪਾਨੀ ਨੂੰ ਇਸ ਬਾਰੇ ਪਤਾ ਸੀ ਕਿ ਕੱਚ ਵਿੱਚ ਅਸ਼ੁੱਧੀਆਂ ਹਟਾਉਣ ਨਾਲ ਵੱਖਰੇ ਨਤੀਜੇ ਆ ਸਕਦੇ ਹਨ ਪਰ ਉਨ੍ਹਾਂ ਨੇ ਆਪਣਾ ਧਿਆਨ ਵਪਾਰ ਵੱਲ ਕੇਂਦਰਤ ਕਰ ਲਿਆ।

‘ਦਿ ਮੈਨ ਹੂ ਬੈਂਟ ਲਾਈਟ’ ਮੁਤਾਬਕ ਉਹ ਅਧਿਐਨ ਨਾਲੋਂ ਵੱਧ ਤਰਜੀਹ ਆਪਣੀ ਕੰਪਨੀ ਖੋਲ੍ਹਣ ਨੂੰ ਦਿੰਦੇ ਸਨ।

ਕੀ ਉਨ੍ਹਾਂ ਨੂੰ ਨੋਬਲ ਪੁਰਸਕਾਰ ਨਾ ਮਿਲਣ ਦਾ ਅਫ਼ਸੋਸ ਸੀ

ਨਰਿੰਦਰ ਕਪਾਨੀ ਦੀ ਧੀ ਕਿੱਕੀ ਕਪਾਨੀ ਦੱਸਦੇ ਹਨ ਕਿ, “ਮੇਰੇ ਪਿਤਾ ਨੇ ਕਦੀ ਵੀ ਕਿਸੇ ਗੱਲ ’ਤੇ ਸ਼ਿਕਵਾ ਨਹੀਂ ਕੀਤਾ। ਉਨ੍ਹਾਂ ਨੋਬਲ ਪੁਰਸਕਾਰ ਨਾ ਮਿਲਣ ਦੀ ਵੀ ਕਦੇ ਸ਼ਿਕਾਇਤ ਨਹੀਂ ਕੀਤੀ, ਬਲਕਿ ਜੋ ਕੁਝ ਹਾਸਿਲ ਸੀ ਉਸ ਲਈ ਸ਼ੁਕਰਾਨਾ ਹੀ ਕੀਤਾ।”

ਉਹ ਦੱਸਦੇ ਹਨ ਕਿ ਜਿਸ ਵੇਲੇ ਚਾਰਲਸ ਕਾਓ ਨੂੰ 2009 ਵਿੱਚ ਨੋਬਲ ਪੁਰਸਕਾਰ ਮਿਲਿਆ ਤਾਂ ਵੀ ਉਨ੍ਹਾਂ ਦੇ ਪਿਤਾ ਬਹੁਤ ਖ਼ੁਸ਼ ਹੋਏ ਸਨ।

ਆਪਣੇ ਪਿਤਾ ਨੂੰ ਯਾਦ ਕਰਦਿਆਂ ਉਹ ਕਹਿੰਦੇ ਹਨ ਕਿ ਉਹ ਬਹੁਤ ਹੱਸਮੁੱਖ ਸੁਭਾਅ ਦੇ ਸਨ ਅਤੇ ਹਮੇਸ਼ਾ ਭਵਿੱਖ ਵੱਲ ਕੇਂਦਰਤ ਰਹਿੰਦੇ ਸਨ।

ਉਹ ਦੱਸਦੇ ਹਨ ਕਿ ਡਾ. ਕਪਾਨੀ ਅਤੇ ਉਨ੍ਹਾਂ ਦੀ ਮਾਂ ਸਤਿੰਦਰ ਕਪਾਨੀ ਦਾ ਇੱਕ ਦੂਜੇ ਨਾਲ ਬਹੁਤ ਨਿੱਘਾ ਰਿਸ਼ਤਾ ਸੀ।

ਨਹਿਰੂ ਸੁਰੱਖਿਆ ਮੰਤਰਾਲੇ ਦਾ ਸਲਾਹਕਾਰ ਲਾਉਣਾ ਚਾਹੁੰਦੇ ਸਨ

'ਦਿ ਮੈਨ ਹੂ ਬੈਂਟ ਲਾਈਟ' ਵਿੱਚ ਉਹ ਦੱਸਦੇ ਹਨ ਕਿ ਕਿ ਜਦੋਂ ਉਹ ਅਮਰੀਕਾ ਵਿੱਚ ਸਨ ਇੱਕ ਦਿਨ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਉਨ੍ਹਾਂ ਨੂੰ ਮਿਲਣ ਲਈ ਬੁਲਾਇਆ।

ਮਹਾਰਾਜਾ ਪਟਿਆਲਾ ਦੇ ਨਾਲ ਨਾਲ ਉਨ੍ਹਾਂ ਦੀ ਮੁਲਾਕਾਤ ਉਸ ਵੇਲੇ ਭਾਰਤ ਦੇ ਸੰਯੁਕਤ ਰਾਸ਼ਟਰ ਦੇ ਨੁਮਾਇੰਦੇ ਕ੍ਰਿਸ਼ਨਾ ਮੈਨਨ ਨਾਲ ਵੀ ਹੋਈ ਸੀ।

ਇਸ ਤੋਂ ਥੋੜ੍ਹੇ ਸਮੇਂ ਬਾਅਦ ਜਦੋਂ ਉਹ ਨਵੀਂ ਦਿੱਲੀ ਵਿਖੇ ਜਵਾਹਰਲਾਲ ਨਹਿਰੂ ਨੂੰ ਮਿਲੇ ਤਾਂ ਨਹਿਰੂ ਨੇ ਉਨ੍ਹਾਂ ਨੂੰ ਉੱਚ ਅਹੁਦੇ ਉੱਤੇ ਲਾਏ ਜਾਣ ਦੀ ਸਿਫ਼ਾਰਿਸ਼ ਅਤੇ ਚੰਗੀ ਤਨਖਾਹ ਦੇਣ ਲਈ ਆਪਣੇ ਹੱਥੀਂ ਲਿਖਿਆ।

ਕਪਾਨੀ ਨੂੰ ਦੋ ਮਹੀਨੇ ਤੱਕ ਇੰਤਜ਼ਾਰ ਕਰਨ ਲਈ ਕਿਹਾ ਗਿਆ ਪਰ ਭਾਰਤ ਦੇ ਸਰਕਾਰੀ ਮਹਿਕਮਿਆਂ ਵੱਲੋਂ ਉਨ੍ਹਾਂ ਨੂੰ ਕੋਈ ਜੁਆਬ ਨਹੀਂ ਦਿੱਤਾ ਗਿਆ।

ਫਾਈਬਰ ਓਪਟਿਕਸ ਦੇ ਨਾਲ ਹੋਰ ਕੀ ਯੋਗਦਾਨ

ਨਰਿੰਦਰ ਸਿੰਘ ਕਪਾਨੀ ਨੇ ‘ਫਾਈਬਰ ਓਪਟਿਕਸ’ ਦੀ ਸ਼ੁਰੂਆਤੀ ਖੋਜ ਦੇ ਨਾਲ-ਨਾਲ ਮੈਡੀਕਲ, ਸੂਰਜੀ ਊਰਜਾ ਨਾਲ ਸਬੰਧਤ ਯੰਤਰ ਬਣਾਉਣ ਵਿੱਚ ਵੀ ਵੱਡੀ ਭੂਮਿਕਾ ਨਿਭਾਈ ਸੀ।

ਹਾਈ ਸਪੀਡ ਡਾਟਾ ਟ੍ਰਾਂਸਮਿਸ਼ਨ ਲਈ ਓਪਟੀਕਲ ਫਾਈਬਰ ਇੱਕ ਹਾਰਡਵੇਅਰ ਹੈ।

ਕਮਲ ਪੀ ਸਿੰਘ ਦੱਸਦੇ ਹਨ ਕਿ ਅੱਜ ਦੁਨੀਆਂ ਦੀ ਹਰੇਕ ਥਾਂ ਉੱਤੇ ਇੰਟਰਨੈੱਟ ਦਾ ਪਹੁੰਚਣਾ ਵੀ ਇਸੇ ਕਰਕੇ ਸੰਭਵ ਹੋ ਸਕਿਆ ਹੈ।

ਉਨ੍ਹਾਂ ਨੇ ਜਿੱਥੇ ਇਸ ਖੇਤਰ ਬਾਰੇ ਕਈ ਪਰਚੇ ਵੀ ਲਿਖੇ ਅਤੇ ਇਸ ਵਿਸ਼ੇ 'ਤੇ ਪਹਿਲੀ ਕਿਤਾਬ ਫਾਈਬਰ ਓਪਟਿਕਸ ਪ੍ਰਿੰਸੀਪਲਸ ਐਂਡ ਐਪਲੀਕੇਸ਼ਨਜ਼ ਲਿਖੀ।

ਕਮਲ ਪੀ ਸਿੰਘ ਦੱਸਦੇ ਹਨ ਕਿ ਡਾ. ਕਪਾਨੀ ਨੇ ਮੈਡੀਕਲ ਖੇਤਰ ਵਿੱਚ ਅੱਜ ਵੱਡੇ ਪੱਧਰ ’ਤੇ ਵਰਤੇ ਜਾਂਦੇ ਓਕਸੀਮੀਟਰ ਅਤੇ ਲੇਜ਼ਰ ਰਾਹੀਂ ਰੈਟੀਨਾ(ਅੱਖ ਦੀ ਝਿੱਲੀ) ਦੀ ਮੁਰੰਮਤ ਕਰਨ ਦੀ ਤਕਨੀਕ ਵੀ ਵਿਕਸਿਤ ਕੀਤੀ।

ਇਸੇ ਨਾਲ ਹੀ ਉਨ੍ਹਾਂ ਵੱਲੋਂ ਵਿਕਸਿਤ ਕੀਤੇ ਗਏ ਐਂਡੋਸਕੋਪਿਕ ਕੈਮਰੇ ਰਾਹੀਂ ਹੀ ਮਨੁੱਖੀ ਸਰੀਰ ਦੇ ਅੰਦਰ ਕੈਮਰੇ ਰਾਹੀਂ ਵੇਖਣਾ ਜਾਂ ਸਰਜਰੀ ਵਿੱਚ ਇਸਦੀ ਵਰਤੋਂ ਸੰਭਵ ਹੋ ਸਕੀ ਹੈ।

‘ਸਿੱਖ ਕਲਾਕ੍ਰਿਤੀਆਂ ਦਾ ਵੱਡਾ ਸੰਗ੍ਰਹਿ’

ਨਰਿੰਦਰ ਸਿੰਘ ਕਪਾਨੀ ਨੇ ਇੱਕ ਸਾਇੰਸਦਾਨ ਸਫ਼ਲ ਬਿਜ਼ਨਸਮੈਨ ਹੋਣ ਦੇ ਨਾਲ-ਨਾਲ ਕਲਾ, ਸਿੱਖਿਆ ਅਤੇ ਸਮਾਜ ਸੇਵਾ ਵਿੱਚ ਵੀ ਹਿੱਸਾ ਪਾਇਆ।

ਉਨ੍ਹਾਂ ਨੇ ਜਿੱਥੇ ਯੂਨੀਵਰਸਿਟੀ ਆਫ਼ ਕੈਲੀਫੌਰਨੀਆ ਸੈਂਟਾ ਬਾਰਬਰਾ ਵਿੱਚ ਸਿੱਖ ਚੇਅਰ ਦੇ ਨਾਲ-ਨਾਲ ਇੰਟਰਪਨਿਊਰਸ਼ਿਪ ਵਿੱਚ ਚੇਅਰ ਸਥਾਪਤ ਕੀਤੀ।

ਆਪਣੀ ਸਵੈ ਜੀਵਨੀ ਵਿੱਚ ਡਾ. ਕਪਾਨੀ ਆਪਣੇ ਇਸ ਉੱਦਮ ਬਾਰੇ ਲਿਖਦੇ ਹਨ ਕਿ 1967 ਵਿੱਚ ਆਪਣੀ ਕੰਪਨੀ ਓਪਟਿਕਸ ਟੈਕਨਾਲਜੀ ਨੂੰ ਜਨਤਕ ਲੈਕੇ ਜਾਣ ਤੋਂ ਬਾਅਦ ਉਹ ਆਰਥਿਕ ਪੱਧਰ ਉੱਤੇ ਮਜ਼ਬੂਤ ਹੋ ਗਏ ਸਨ।

“ਫਿਰ ਮੈਨੂੰ ਖਿਆਲ ਆਇਆ ਕਿ ਮੇਰੇ ਸਿੱਖ ਹੋਣ ਦੇ ਮਾਣ ਅਤੇ ਸਿੱਖ ਕਲਾ ਪ੍ਰਤੀ ਮੇਰੀ ਪ੍ਰਤੀਬੱਧਤਾ ਨੇ ਮੈਨੂੰ ਸਿੱਖ ਆਰਟ ਨਾਲ ਜੁੜੀਆਂ ਚੀਜ਼ਾਂ ਨੂੰ ਇਕੱਠਿਆਂ ਕਰਨ ਪ੍ਰੇਰਿਆ ਅਤੇ ਸਿੱਖ ਫਾਊਂਡੇਸ਼ਨ ਨਾਮ ਦੀ ਸੰਸਥਾ ਹੋਂਦ ਵਿੱਚ ਆਈ।”

ਸਿੱਖ ਫਾਊਂਡੇਸ਼ਨ ਦੇ ਐਗਜ਼ੈਕੇਟਿਵ ਡਾਇਰੈਕਟਰ ਸੋਨੀਆ ਧਾਮੀ ਦੱਸਦੇ ਹਨ ਕਿ ਡਾ. ਕਪਾਨੀ ਚਾਹੁੰਦੇ ਸਨ ਕਿ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਵਿੱਚ ਦਿੱਲੀ ਵਿੱਚ ਇੱਕ ਯਾਦਗਾਰ ਸਥਾਪਤ ਕੀਤੀ ਜਾਵੇ, ਪਰ ਇਹ ਕੰਮ ਨੇਪਰੇ ਨਹੀਂ ਚੜ੍ਹ ਸਕਿਆ।

ਸੋਨੀਆ ਦੱਸਦੇ ਹਨ, 1960ਵਿਆਂ ਦਾ ਅਮਰੀਕਾ ਅੱਜ ਨਾਲੋਂ ਬਹੁਤ ਵੱਖਰਾ ਸੀ, ਲੋਕ ਡਾ. ਕਪਾਨੀ ਨੂੰ ਉਨ੍ਹਾਂ ਦੇ ਧਰਮ ਬਾਰੇ ਪੁੱਛਦੇ ਸਨ ਫਿਰ ਉਨ੍ਹਾਂ ਨੇ ਇਸ ਬਾਰੇ ਆਪਣੇ ਆਪ ਨੂੰ ਸਿੱਖਿਅਤ ਕਰਨਾ ਸ਼ੁਰੂ ਕੀਤਾ।

ਇਸਨੇ ਉਨ੍ਹਾਂ ਨੂੰ ਸਿੱਖ ਕਲਾਕ੍ਰਿਤੀਆਂ ਨੂੰ ਇਕੱਠੇ ਕਰਨ ਵੱਲ ਪ੍ਰੇਰਿਆ।

ਸਿੱਖ ਫਾਊਂਡੇਸ਼ਨ ਵੱਲੋਂ ਸਿੱਖ ਕਲਾ ਉੱਤੇ ਕੇਂਦਰਤ ਕਈ ਵੱਡੀਆਂ ਪ੍ਰਦਰਸ਼ਨੀਆਂ ਕੀਤੀਆਂ ਜਾ ਚੁੱਕੀਆਂ ਹਨ, ਅਜਿਹੀ ਕੋਈ ਵੀ ਪ੍ਰਦਰਸ਼ਨੀ ਡਾ. ਕਪਾਨੀ ਦੇ ਕਲਾ ਸੰਗ੍ਰਹਿ ਦੇ ਬਿਨ੍ਹਾਂ ਅਧੂਰੀ ਹੁੰਦੀ ਹੈ।

ਉਹ ਦੱਸਦੇ ਹਨ ਸਿੱਖ ਕਲਾ ਬਾਰੇ ਇੰਨੇ ਵੱਡੇ ਪੱਧਰ ’ਤੇ ਕੰਮ ਪਹਿਲਾਂ ਕਦੇ ਨਹੀਂ ਸੀ ਹੋਇਆ, “ਦਰਅਸਲ ਡਾ. ਕਪਾਨੀ ਦੇ ਯਤਨਾਂ ਸਦਕਾ ਹੀ ਸਿੱਖ ਕਲਾ ਨੂੰ ਲੋੜੀਂਦਾ ਧਿਆਨ ਮਿਲਿਆ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)