'ਮੇਰੇ ਕੋਲੋਂ ਤੁਰਿਆ ਵੀ ਨਹੀਂ ਜਾਂਦਾ ਸੀ'- ਕੀ ਹੈ ਇਹ ਸਮੱਸਿਆ ਜੋ ਹਰ 5 ਗਰਭਵਤੀ ਔਰਤਾਂ 'ਚੋਂ ਇੱਕ ਨੂੰ ਪ੍ਰਭਾਵਿਤ ਕਰਦੀ ਹੈ

    • ਲੇਖਕ, ਐਮਿਲੀ ਹੋਲਟ
    • ਰੋਲ, ਬੀਬੀਸੀ ਨਿਊਜ਼

ਜਦੋਂ ਰੇਬੇਕਾ ਮਿਡਲਟਨ ਗਰਭਵਤੀ ਹੋਏ ਤਾਂ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਜਨਮ ਦੇਣ ਤੋਂ ਪਹਿਲਾਂ ਦੇ ਤਿੰਨ ਮਹੀਨੇ ਉਨ੍ਹਾਂ ਨੂੰ ਵ੍ਹੀਲਚੇਅਰ 'ਤੇ ਬਹਿ ਕੇ ਲੰਘਾਉਣੇ ਪੈਣਗੇ।

ਰੇਬੇਕਾ ਨੂੰ ਪਹਿਲੇ ਤਿੰਨ ਮਹੀਨੇ ਉਲਟੀਆਂ ਆਉਂਦੀਆਂ ਰਹੀਆਂ ਅਤੇ ਆਪਣੀ ਗਰਭ ਅਵਸਥਾ ਦੇ ਚਾਰ ਮਹੀਨਿਆਂ ਬਾਅਦ ਉਨ੍ਹਾਂ ਨੂੰ ਪੇਡੂ (ਪੇਲਵਿਕ) 'ਚ ਦਰਦ ਹੋਣ ਲੱਗਾ।

ਉਹ ਕਹਿੰਦੇ ਹਨ, "ਮੈਂ ਮੁਸ਼ਕਿਲ ਨਾਲ ਤੁਰ ਪਾਉਂਦੀ ਸੀ। ਮੈਨੂੰ ਹਮੇਸ਼ਾ ਆਪਣੀ ਸਾਰੀ ਜ਼ਿੰਦਗੀ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਰਿਹਾ ਹੈ। ਪਰ ਇਹ ਗੰਭੀਰ ਨਹੀਂ ਸੀ, ਪਰ ਇਸ ਦੌਰਾਨ ਇਹ ਬਹੁਤ ਜਲਦੀ ਵਧ ਗਿਆ।"

ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਇੱਕ ਐੱਨਐੱਚਐੱਸ ਫਿਜ਼ੀਓਲੋਜਿਸਟ ਕੋਲ ਭੇਜਿਆ ਗਿਆ ਅਤੇ ਅੰਤ ਵਿੱਚ ਉਨ੍ਹਾਂ ਨੂੰ ਪੇਡੂ ਦੇ ਦਰਦ (ਪੀਜੀਪੀ) ਦੇ ਗੰਭੀਰ ਮਾਮਲੇ ਦਾ ਪਤਾ ਲੱਗਿਆ, ਜਿਸ ਨੂੰ ਸਿਮਫਾਈਸਿਸ ਪਿਊਬਿਕ ਡਿਸਫੰਕਸ਼ਨ ਵੀ ਕਿਹਾ ਜਾਂਦਾ ਹੈ।

ਗਰਭ ਅਵਸਥਾ ਦੌਰਾਨ ਪੇਡੂ ਜੋੜਾਂ ਦੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ, ਜੋ ਕਿ ਪੰਜ ਵਿੱਚੋਂ ਇੱਕ ਗਰਭਵਤੀ ਮਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਹਨ।

ਰੇਬੇਕਾ ਕਹਿੰਦੇ ਹਨ, "ਮੈਂ ਬਹੁਤ ਡਰੀ ਹੋਈ ਸੀ ਕਿ ਕੀ ਮੈਂ ਕਦੇ ਦੁਬਾਰਾ ਤੁਰ ਵੀ ਸਕਾਂਗੀ? ਮੈਂ ਆਪਣੇ ਬੱਚੇ ਨੂੰ ਕਿਵੇਂ ਜਨਮ ਦੇਵਾਂਗੀ, ਮੈਂ ਉਸ ਦੀ ਦੇਖਭਾਲ ਕਿਵੇਂ ਕਰਾਂਗੀ?"

ਜਨਮ ਦੇਣ ਤੋਂ ਬਾਅਦ ਰੇਬੇਕਾ ਦਾ ਦਰਦ ਘਟ ਗਿਆ, ਪਰ ਉਹ ਅਜੇ ਵੀ ਤੁਰਨ, ਆਪਣੇ ਪੁੱਤਰ ਨੂੰ ਚੁੱਕਣ ਜਾਂ ਪ੍ਰੈਮ ਧੱਕਣ ਵਰਗੇ ਆਮ ਜਿਹੇ ਕੰਮ ਕਰਨ ਦੌਰਾਨ ਔਖਿਆਈ ਮਹਿਸੂਸ ਕਰ ਰਹੇ ਸਨ।

ਉਹ ਕਹਿੰਦੇ ਹਨ, "ਮੈਂ ਸੱਤ ਮਹੀਨਿਆਂ ਤੋਂ ਅਪਾਹਜ ਸੀ ਅਤੇ ਮੈਨੂੰ ਹਰ ਸਮੇਂ ਕਿਸੇ ਦੀ ਮਦਦ ਦੀ ਲੋੜ ਪੈਂਦੀ ਸੀ।''

"ਬੱਚੇ ਦੀ ਦੇਖਭਾਲ ਲਈ ਜੋ ਕੁਝ ਕਰਨ ਦੀ ਲੋੜ ਸੀ ਉਹ ਮੈਂ ਨਹੀਂ ਕਰ ਸਕਦੀ ਸੀ, ਇਹ ਇੱਕ ਬਹੁਤ ਹੀ ਚੁਣੌਤੀਪੂਰਨ ਸਮਾਂ ਸੀ।"

ਗਰਭਵਤੀ ਹੋਣ ਤੋਂ ਪਹਿਲਾਂ ਰੇਬੇਕਾ ਇਸ ਸਥਿਤੀ ਬਾਰੇ ਜਾਣੂ ਨਹੀਂ ਸਨ ਅਤੇ ਆਪਣੇ ਇਸ ਤਜਰਬੇ ਤੋਂ ਬਾਅਦ ਉਹ 'ਦਿ ਪੇਲਵਿਕ ਪਾਰਟਨਰਸ਼ਿਪ' ਲਈ ਵਾਲੰਟੀਅਰ ਕਰ ਰਹੇ ਹਨ, ਜੋ ਕਿ ਇੱਕ ਚੈਰਿਟੀ ਹੈ ਜੋ ਇਸ ਸਥਿਤੀ ਵਾਲੀਆਂ ਔਰਤਾਂ 'ਚ ਜਾਗਰੂਕਤਾ ਵਧਾਉਣ ਅਤੇ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ।

ਸਹੀ ਉਪਾਵਾਂ ਨਾਲ ਇਹ ਸਥਿਤੀ ਇਲਾਜਯੋਗ ਹੈ।

ਮਦਦ ਮੰਗੋ

ਚੈਰਿਟੀ ਤੁਹਾਡੇ ਲੱਛਣ ਸ਼ੁਰੂ ਹੁੰਦੇ ਹੀ ਸਲਾਹ ਦਿੰਦੀ ਹੈ ਕਿ ਵਿਅਕਤੀਗਤ ਇਲਾਜ ਦੀ ਮੰਗ ਕੀਤੀ ਜਾਵੇ ਅਤੇ ਆਪਣੇ ਡਾਕਟਰ ਜਾਂ ਦਾਈ ਨੂੰ ਐੱਨਐੱਚਐੱਸ ਫਿਜ਼ੀਓਥੈਰੇਪੀ ਲਈ ਰੈਫਰਲ ਲਈ ਕਿਹਾ ਜਾਵੇ।

ਜੇਕਰ ਤੁਹਾਨੂੰ ਸ਼ੁਰੂ ਵਿੱਚ ਇਹ ਸਹਾਇਤਾ ਨਹੀਂ ਮਿਲਦੀ ਹੈ ਤਾਂ ਚੈਰਿਟੀ ਹੋਰ ਸਲਾਹ ਲਈ ਤੁਹਾਡੇ ਡਾਕਟਰ ਜਾਂ ਦਾਈ ਨੂੰ ਮਿਲਣ ਦਾ ਸੁਝਾਅ ਦਿੰਦੀ ਹੈ।

ਪੀਜੀਪੀ ਨਾਲ ਰਹਿਣ ਦਾ ਮਨ 'ਤੇ ਜੋ ਪ੍ਰਭਾਵ ਪੈਂਦਾ ਹੈ ਉਸ ਦੇ ਪ੍ਰਬੰਧਨ ਵਿੱਚ ਮਦਦ ਲਈ ਮਾਵਾਂ ਨੂੰ ਮਾਨਸਿਕ ਸਿਹਤ ਸਹਾਇਤਾ ਲੈਣ ਦੀ ਵੀ ਸਿਫਾਰਿਸ਼ ਕੀਤੀ ਜਾ ਸਕਦੀ ਹੈ।

ਮਹਿਲਾ ਸਿਹਤ ਮਾਹਿਰ, ਡਾਕਟਰ ਨਿਘਤ ਆਰਿਫ਼ ਕਹਿੰਦੇ ਹਨ ਕਿ ਵਧੇਰੇ ਜਾਗਰੂਕਤਾ ਅਤੇ ਸ਼ੁਰੂਆਤੀ ਮੁਲਾਂਕਣ ਰੇਬੇਕਾ ਵਰਗੇ ਮਰੀਜ਼ਾਂ ਨੂੰ ਵ੍ਹੀਲਚੇਅਰਾਂ ਜਾਂ ਬੈਸਾਖੀਆਂ ਵਾਲੀ ਸਥਿਤੀ ਤੋਂ ਬਚਾਏਗਾ।

ਉਹ ਕਹਿੰਦੇ ਹਨ, "ਜੇਕਰ ਔਰਤਾਂ ਦੇ ਸਰੀਰ ਦੀ ਚੰਗੀ ਸਮਝ ਦੇ ਆਧਾਰ 'ਤੇ ਸ਼ੁਰੂਆਤੀ ਲੱਛਣਾਂ ਦੀ ਪਛਾਣ ਨਾ ਕੀਤੀ ਜਾਵੇ ਤਾਂ ਕੁਝ ਔਰਤਾਂ 'ਤੇ ਜੀਵਨ ਭਰ ਲਈ ਨਕਾਰਾਤਮਕ ਪ੍ਰਭਾਵ ਰਹੀ ਜਾਂਦੇ ਹਨ।

ਦਿ ਪੇਲਵਿਕ ਪਾਰਟਨਰਸ਼ਿਪ ਦੇ ਕੋਆਰਡੀਨੇਟਰ, ਵਿਕਟੋਰੀਆ ਰੌਬਰਟਨ ਇਸ ਗੱਲ ਦੀ ਇੱਕ ਮਿਸਾਲ ਹਨ ਕਿ ਜਾਗਰੂਕਤਾ ਕਿਵੇਂ ਮਦਦ ਕਰ ਸਕਦੀ ਹੈ।

ਰੇਬੇਕਾ ਵਾਂਗ, ਜਦੋਂ ਉਨ੍ਹਾਂ ਨੇ ਆਪਣੀ ਪਹਿਲੀ ਗਰਭ ਅਵਸਥਾ ਦੌਰਾਨ ਇਸ ਸਥਿਤੀ ਦਾ ਅਨੁਭਵ ਕੀਤਾ ਸੀਤਾਂ ਉਨ੍ਹਾਂ ਨੂੰ ਵੀ ਨਹੀਂ ਪਤਾ ਸੀ ਕਿ ਪੀਜੀਪੀ ਕੀ ਹੈ।

ਉਨ੍ਹਾਂ ਨੇ ਸਲਾਹ ਅਨੁਸਾਰ ਜਿੰਨਾ ਸੰਭਵ ਹੋ ਸਕੇ ਸਰਗਰਮ ਰਹਿਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਔਨਲਾਈਨ ਅਤੇ ਫ਼ੋਨ 'ਤੇ ਐੱਨਐੱਚਐੱਸ ਫਿਜ਼ੀਓ ਸੈਸ਼ਨਾਂ ਲਈ ਭੇਜਿਆ ਗਿਆ, ਪਰ ਜਿਵੇਂ-ਜਿਵੇਂ ਉਨ੍ਹਾਂ ਦੀ ਗਰਭ ਅਵਸਥਾ ਵਧਦੀ ਗਈ, ਦਰਦ ਵਧਦਾ ਗਿਆ।

ਉਹ ਕਹਿੰਦੇ ਹਨ, "ਉਨ੍ਹਾਂ ਨੇ ਸਾਨੂੰ ਕਸਰਤਾਂ ਅਤੇ ਸਟ੍ਰੈਚਿੰਗ ਲਈ ਕਿਹਾ। ਉਸ ਸਮੇਂ ਤੱਕ ਮੈਂ ਉਨ੍ਹਾਂ ਵਿੱਚੋਂ ਕੁਝ ਵੀ ਨਹੀਂ ਕਰ ਸਕਦੀ ਸੀ। ਇਹ ਬਹੁਤ ਦਰਦਨਾਕ ਸੀ।''

ਇਹ ਉਸ ਬਿੰਦੂ 'ਤੇ ਪਹੁੰਚ ਗਿਆ ਜਿੱਥੇ ਵਿਕਟੋਰੀਆ ਲਈ ਬੈਠਣਾ ਵੀ ਮੁਸ਼ਕਲ ਹੋ ਗਿਆ ਸੀ ਅਤੇ ਉਹ ਜ਼ਿਆਦਾਤਰ ਸਮਾਂ ਬੱਚੇ ਦੇ ਜਨਮ ਤੱਕ ਘਰ ਵਿੱਚ ਹੀ ਰਹਿੰਦੇ ਸਨ।

ਉਨ੍ਹਾਂ ਦੀ ਧੀ ਦੇ ਜਨਮ ਤੋਂ ਬਾਅਦ ਦਰਦ ਘਟ ਗਿਆ, ਪਰ ਜਦੋਂ ਉਹ ਆਪਣੇ ਦੂਜੇ ਬੱਚੇ ਨਾਲ ਗਰਭਵਤੀ ਹੋਏ ਤਾਂ ਉਨ੍ਹਾਂ ਨੂੰ ਦੁਬਾਰਾ ਉਹੀ ਸਮੱਸਿਆ ਦਾ ਅਨੁਭਵ ਹੋਇਆ।

ਵਿਕਟੋਰੀਆ ਕਹਿੰਦੇ ਹਨ ਕਿ ਆਪਣੀ ਮੈਡੀਕਲ ਹਿਸਟਰੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਇੱਕ ਪ੍ਰਾਈਵੇਟ ਫਿਜ਼ੀਓਲੋਜਿਸਟ ਨੂੰ ਫੇਸ ਦੇ ਕੇ ਮਦਦ ਲੈਣ ਦਾ ਫ਼ੈਸਲਾ ਕੀਤਾ ਕਿਉਂਕਿ ਐੱਨਐੱਚਐੱਸ 'ਤੇ ਰੈਫਰਲ ਦੀ ਉਡੀਕ ਲੰਬੀ ਸੀ। ਹਾਲਾਂਕਿ ਸਾਰੀਆਂ ਮਾਵਾਂ ਇਸ ਤਰ੍ਹਾਂ ਖਰਚਾ ਕਰਨ ਦੇ ਯੋਗ ਨਹੀਂ ਹੁੰਦੀਆਂ।

ਫਿਜ਼ੀਓਲੋਜਿਸਟ ਨੇ ਡੂੰਘਾਈ ਨਾਲ ਮੁਲਾਂਕਣ ਕੀਤਾ ਅਤੇ ਪ੍ਰੈਕਟੀਕਲ ਥੈਰੇਪੀ ਕੀਤੀ, ਜਿਸ ਵਿੱਚ ਜੋੜਾਂ ਨੂੰ ਐਕਟਿਵ ਰੱਖਣਾ ਸ਼ਾਮਲ ਸੀ। ਵਿਕਟੋਰੀਆ ਨੂੰ ਪੇਲਵਿਕ ਜੋੜਾਂ ਦੇ ਦਰਦ ਤੋਂ ਬਚਾਈ ਰੱਖਣ ਲਈ ਡਾਕਟਰ ਨੇ ਉਨ੍ਹਾਂ ਦੇ ਦੇ ਸਰੀਰ ਨੂੰ ਹਿਲਾਉਣ ਦੇ ਵੱਖ-ਵੱਖ ਤਰੀਕੇ ਸਿਖਾਏ, ਜਿਸ ਨਾਲ ਦਰਦ ਘਟਾਉਣ ਵਿੱਚ ਮਦਦ ਮਿਲੀ।

ਵਿਕਟੋਰੀਆ ਚਾਰ ਸਾਲ ਬਾਅਦ ਵੀ ਪੀਜੀਪੀ ਨਾਲ ਜੂਝ ਰਹੇ ਹਨ, ਪਰ ਉਨ੍ਹਾਂ ਦੀ ਦੂਜੀ ਗਰਭ ਅਵਸਥਾ ਪਹਿਲੀ ਦੇ ਮੁਕਾਬਲੇ ਸੌਖੀ ਸੀ ਕਿਉਂਕਿ ਉਹ ਆਪਣੀ ਸਥਿਤੀ ਅਤੇ ਇਸ ਦਾ ਸਾਹਮਣਾ ਕਰਨ ਲਈ ਤਿਆਰ ਸਨ।

ਇਸ ਤਰ੍ਹਾਂ ਰੇਬੇਕਾ ਦੀ ਦੂਜੀ ਗਰਭ ਅਵਸਥਾ ਵੀ ਪਹਿਲੀ ਦੇ ਮੁਕਬਲੇ ਵਧੇਰੇ ਸਕਾਰਾਤਮਕ ਅਨੁਭਵ ਵਾਲੀ ਸੀ।

ਇਸ ਵਾਰ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੂੰ ਪੀਜੀਪੀ ਦਾ ਖ਼ਤਰਾ ਸੀ ਅਤੇ ਉਹ ਆਪਣੀ ਗਰਭ ਅਵਸਥਾ ਦੌਰਾਨ ਕਮਜ਼ੋਰ ਹੋਣ ਤੋਂ ਪਹਿਲਾਂ ਹੀ ਇਲਾਜ ਲੈਣ ਲੱਗ ਪਏ ਸਨ।

ਜਨਮ ਦੇਣ ਤੋਂ ਸਿਰਫ਼ ਦੋ ਮਹੀਨੇ ਬਾਅਦ ਉਹ ਪੀਜੀਪੀ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ, ਜਦਕਿ ਪਹਿਲੇ ਬੱਚੇ ਵੇਲੇ ਉਨ੍ਹਾਂ ਨੂੰ ਠੀਕ ਹੋਣ ਵਿੱਚ ਦੋ ਸਾਲਾਂ ਦਾ ਲੰਮਾ ਸਮਾਂ ਲੱਗਿਆ ਸੀ।

ਉਹ ਕਹਿੰਦੇ ਹਨ, "ਮੈਂ ਸ਼ਾਇਦ ਹੁਣ ਆਪਣੇ ਦੋਵਾਂ ਬੱਚਿਆਂ ਦੇ ਹੋਣ ਵੇਲੇ ਦੀ ਸਥਿਤੀ ਨਾਲੋਂ ਬਿਹਤਰ ਸਥਿਤੀ ਵਿੱਚ ਹਾਂ ਕਿਉਂਕਿ ਮੈਨੂੰ ਹੁਣ ਪਤਾ ਹੈ ਕਿ ਪੇਡੂ ਜਾਂ ਪੇਲਵਿਕ ਦੇ ਦਰਦ ਦਾ ਕਾਰਨ ਕੀ ਸੀ ਅਤੇ ਮੈਨੂਅਲ ਥੈਰੇਪੀ ਨੇ ਇਸ ਦਾ ਪੂਰੀ ਤਰ੍ਹਾਂ ਇਲਾਜ ਅਤੇ ਹੱਲ ਕਰ ਦਿੱਤਾ ਹੈ।''

"ਪੰਜ ਸਾਲ ਮੇਰੇ ਲਈ ਨਰਕ ਤੋਂ ਘੱਟ ਨਹੀਂ ਸਨ ਕਿਉਂਕਿ ਮੈਨੂੰ ਇਸੇ ਵਿਸ਼ੇ ਬਾਰੇ ਗਿਆਨ ਅਤੇ ਸਮਝ ਦੀ ਘਾਟ ਕਾਰਨ ਦਰਦ ਸਹਿਣਾ ਪਿਆ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)