You’re viewing a text-only version of this website that uses less data. View the main version of the website including all images and videos.
ਖਾਣਾ ਪਕਾਉਣ ਲਈ ਕਿਹੜਾ ਤੇਲ ਵਰਤਣਾ ਚਾਹੀਦਾ ਹੈ? ਜਾਣੋ ਕਿਹੜਾ ਤੇਲ ਤਲਣ ਲਈ ਬਿਲਕੁਲ ਨਹੀਂ ਵਰਤਣਾ ਚਾਹੀਦਾ
- ਲੇਖਕ, ਯਾਸਮੀਨ ਰੂਫੋ
- ਰੋਲ, ਬੀਬੀਸੀ ਨਿਊਜ਼
ਬਾਜ਼ਾਰ ਵਿੱਚ ਖਾਣ ਵਾਲੇ ਤੇਲ ਦੀਆਂ ਵੱਖ-ਵੱਖ ਕਿਸਮਾਂ ਭਰੀਆਂ ਰਹਿੰਦੀਆਂ ਹਨ, ਸੂਰਜਮੁਖੀ ਅਤੇ ਬਨਸਪਤੀ ਤੇਲ ਦੀਆਂ ਸਸਤੀਆਂ ਬੋਤਲਾਂ ਤੋਂ ਲੈ ਕੇ ਮਹਿੰਗੇ ਜੈਤੂਨ, ਐਵੋਕਾਡੋ ਅਤੇ ਨਾਰੀਅਲ ਤੇਲ ਜੋ ਸਿਹਤ ਲਾਭਾਂ ਦਾ ਦਾਅਵਾ ਕਰਦੇ ਹਨ।
ਤੇਲ ਅਤੇ ਫੈਟ ਸਾਲਾਂ ਤੋਂ ਪੋਸ਼ਣ ਸੰਬੰਧੀ ਬਹਿਸ ਦਾ ਕੇਂਦਰ ਰਹੇ ਹਨ ਅਤੇ ਇਹ ਸਮਝਣ ਲਈ ਕਿ ਤੇਲ ਇੰਨਾ ਕਿਉਂ ਮਾਅਨੇ ਰੱਖਦਾ ਹੈ, ਉਨ੍ਹਾਂ ਵਿੱਚ ਮੌਜੂਦ ਵੱਖ-ਵੱਖ ਕਿਸਮਾਂ ਦੇ ਫੈਟ 'ਤੇ ਵਿਚਾਰ ਕਰਨਾ ਮਹੱਤਵਪੂਰਨ ਹੈ।
ਸਾਰੇ ਫੈਟ ਜਾਂ ਚਰਬੀ ਸਰੀਰ ਵਿੱਚ ਇੱਕੋ-ਜਿਹਾ ਵਿਵਹਾਰ ਨਹੀਂ ਕਰਦੇ - ਕੁਝ ਕੋਲੈਸਟ੍ਰੋਲ ਵਧਾਉਂਦੇ ਹਨ, ਜਦਕਿ ਕੁਝ ਇਸਨੂੰ ਘਟਾਉਣ ਵਿੱਚ ਮਦਦ ਕਰਦੇ ਹਨ।
ਕੋਲੈਸਟ੍ਰੋਲ ਇੱਕ ਕੁਦਰਤੀ ਚਰਬੀ ਵਾਲਾ ਪਦਾਰਥ ਹੈ ਜੋ ਜਿਗਰ ਵਿੱਚ ਪੈਦਾ ਹੁੰਦਾ ਹੈ ਅਤੇ ਇਹ ਸਾਡੇ ਦੁਆਰਾ ਖਾਧੇ ਜਾਣ ਵਾਲੇ ਕੁਝ ਭੋਜਨਾਂ ਵਿੱਚ ਵੀ ਪਾਇਆ ਜਾ ਸਕਦਾ ਹੈ।
ਬਹੁਤ ਜ਼ਿਆਦਾ ਮਾੜਾ ਕੋਲੈਸਟ੍ਰੋਲ ਖੂਨ ਦੀਆਂ ਨਾੜੀਆਂ ਦੀਆਂ ਕੰਧਾਂ ਦੇ ਅੰਦਰ ਚਰਬੀ ਜਾਂ ਫੈਟ ਇਕੱਠਾ ਕਰਨ ਦਾ ਕਾਰਨ ਬਣ ਸਕਦਾ ਹੈ ਅਤੇ ਉਨ੍ਹਾਂ ਨਾੜੀਆਂ ਨੂੰ ਤੰਗ ਬਣਾ ਸਕਦਾ ਹੈ ਜਾਂ ਰੋਕ ਸਕਦਾ ਹੈ।
ਖਾਧ ਪਦਾਰਥਾਂ ਨੂੰ ਲੈ ਕੇ ਕੀਤੇ ਜਾਂਦੇ ਨਵੇਂ-ਨਵੇਂ ਦਾਅਵਿਆਂ ਅਤੇ ਗੱਲਾਂ ਵਿਚਕਾਰ ਇਹ ਫੈਸਲਾ ਕਰਨਾ ਕਿ ਕਿਹੜਾ ਉਤਪਾਦ ਚੁਣਨਾ ਹੈ, ਔਖਾ ਜਾਪਦਾ ਹੈ।
ਕੈਮਬ੍ਰਿਜ ਯੂਨੀਵਰਸਿਟੀ ਵਿੱਚ ਆਬਾਦੀ ਸਿਹਤ ਅਤੇ ਪੋਸ਼ਣ ਸਬੰਧੀ ਪ੍ਰੋਫੈਸਰ ਨੀਤਾ ਫੋਰੋਹੀ, ਬੀਬੀਸੀ ਦੇ ਸਲਾਇਸਡ ਬਰੈੱਡ ਪੋਡਕਾਸਟ ਨੂੰ ਦੱਸਦੇ ਹਨ ਕਿ ਕੋਈ ਵੀ ਇੱਕ ਤੇਲ ਸਿਹਤ ਦੀ ਕੋਈ ਜਾਦੂਈ ਕੁੰਜੀ ਨਹੀਂ ਹੈ। ਨਾਲ ਹੀ ਉਹ ਖਾਣਾ ਪਕਾਉਣ ਵਾਲੇ ਤੇਲਾਂ ਬਾਰੇ ਤਿੰਨ ਆਮ ਮਿੱਥਕ ਵੀ ਸਾਂਝੇ ਕਰਦੇ ਹਨ।
1. ਸੂਰਜਮੁਖੀ ਅਤੇ ਸਬਜ਼ੀਆਂ ਦੇ ਤੇਲਾਂ ਤੋਂ ਪਰਹੇਜ਼ ਨਾ ਕਰੋ
ਰੈਪਸੀਡ ਤੇਲ (ਆਮ ਤੌਰ 'ਤੇ ਸਬਜ਼ੀਆਂ ਦੇ ਤੇਲ ਵਜੋਂ ਵੇਚਿਆ ਜਾਂਦਾ ਹੈ) ਅਤੇ ਸੂਰਜਮੁਖੀ ਦੇ ਤੇਲ ਨੂੰ ਅਕਸਰ ਨਕਾਰਾਤਮਕ ਪ੍ਰਚਾਰ ਮਿਲਦਾ ਹੈ, ਕੁਝ ਦਾਅਵੇ ਕੀਤੇ ਜਾਂਦੇ ਹਨ ਕਿ ਇਹ ਤੇਲ ਬਹੁਤ ਜ਼ਿਆਦਾ ਪ੍ਰੋਸੈਸ ਕੀਤੇ ਜਾਂਦੇ ਹਨ ਅਤੇ ਸੋਜਸ਼ ਦਾ ਕਾਰਨ ਬਣ ਸਕਦੇ ਹਨ, ਜੋ ਦਿਲ ਦੀ ਸਿਹਤ ਲਈ ਨੁਕਸਾਨਦੇਹ ਹੋ ਸਕਦੇ ਹਨ।
ਹਾਲਾਂਕਿ, ਇਸਦਾ ਕੋਈ ਸਬੂਤ ਨਹੀਂ ਹੈ।
ਬਲਕਿ ਇਨ੍ਹਾਂ ਤੇਲਾਂ ਵਿੱਚ ਗੈਰ-ਸਿਹਤਮੰਦ ਸੈਚੂਰੇਟਿਡ ਫੈਟ ਘੱਟ ਹੁੰਦਾ ਹੈ — 5-10% —ਅਤੇ ਸਿਹਤਮੰਦ ਮੋਨੋ ਅਤੇ ਪੌਲੀਅਨਸੈਚੁਰੇਟਿਡ ਫੈਟ ਜ਼ਿਆਦਾ ਹੁੰਦਾ ਹੈ। ਪੌਲੀਅਨਸੈਚੁਰੇਟਿਡ ਫੈਟ (ਓਮੇਗਾ-3 ਅਤੇ ਓਮੇਗਾ-6 ਸਮੇਤ) ਦਿਮਾਗ ਅਤੇ ਦਿਲ ਦੀ ਸਿਹਤ ਲਈ ਜ਼ਰੂਰੀ ਹਨ।
ਫੋਰੋਹੀ ਕਹਿੰਦੇ ਹਨ ਕਿ ਇਹ ਤੇਲ "ਸਾਡੇ ਲਈ ਬਿਲਕੁਲ ਚੰਗੇ ਹਨ''।
"ਇਹ ਸਿਰਫ਼ ਇੱਕ ਰਾਇ ਨਹੀਂ ਹੈ, ਇਸਦਾ ਸਮਰਥਨ ਕਰਨ ਲਈ ਬਹੁਤ ਸਾਰੀ ਖੋਜ ਵੀ ਮੌਜੂਦ ਹੈ।"
ਉਹ ਦੱਸਦੇ ਹਨ ਕਿ ਇਹ ਤੇਲ "ਬਿਮਾਰੀ ਦੇ ਜੋਖਮ ਨੂੰ ਘਟਾ ਸਕਦੇ ਹਨ ''ਜਦੋਂ ਸੈਚੂਰੇਟਿਡ ਫੈਟ ਜੋ ਮਾੜੇ ਕੋਲੈਸਟ੍ਰੋਲ ਨੂੰ ਵਧਾ ਸਕਦੇ ਹਨ] ਜਿਵੇਂ ਕਿ ਮੱਖਣ, ਚਰਬੀ, ਜਾਂ ਘਿਓ ਨੂੰ ਇਨ੍ਹਾਂ ਤੇਲਾਂ ਨਾਲ ਬਦਲਿਆ ਜਾਂਦਾ ਹੈ।"
ਰੈਪਸੀਡ ਅਤੇ ਸੂਰਜਮੁਖੀ ਦੇ ਤੇਲ ਅਕਸਰ ਸਭ ਤੋਂ ਸਸਤੇ ਹੁੰਦੇ ਹਨ, ਇਸ ਲਈ ਇਹ ਘਰ ਵਿੱਚ ਖਾਣੇ 'ਚ ਇਸਤੇਮਾਲ ਲਈ ਬਜਟ-ਅਨੁਕੂਲ ਵੀ ਹੁੰਦੇ ਹਨ।
2. ਮਾਰਜਰੀਨ ਮਾੜੇ ਕੋਲੈਸਟ੍ਰੋਲ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ
ਸਾਲਾਂ ਤੋਂ ਮਾਰਜਰੀਨ (ਇੱਕ ਪ੍ਰਕਾਰ ਦਾ ਨਕਲੀ ਮੱਖਣ) ਦੀ ਸਾਖ ਮਾੜੀ ਰਹੀ ਹੈ ਅਤੇ ਸਾਡੇ ਵਿੱਚੋਂ ਬਹੁਤ ਸਾਰੇ ਮੰਨਦੇ ਹਨ ਕਿ ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ।
ਅਜਿਹਾ ਇਸ ਲਈ ਹੈ ਕਿਉਂਕਿ ਇਸ ਵਿੱਚ ਪਹਿਲਾਂ ਨੁਕਸਾਨਦੇਹ ਟ੍ਰਾਂਸ ਫੈਟ ਹੁੰਦੇ ਸਨ, ਜੋ ਦਿਲ ਦੀ ਬਿਮਾਰੀ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਹਨ।
ਪਰ ਫੋਰੋਹੀ ਦੇ ਅਨੁਸਾਰ, ਅੱਜ ਦੇ ਮਾਰਜਰੀਨ ਵਿੱਚ "ਲਗਭਗ ਜ਼ੀਰੋ ਟ੍ਰਾਂਸ ਫੈਟ" ਹੁੰਦੇ ਹਨ, ਇਸ ਲਈ ਇਹ ਅਸਲ ਵਿੱਚ ਇੱਕ ਸਿਹਤਮੰਦ ਖੁਰਾਕ ਦਾ ਹਿੱਸਾ ਹੋ ਸਕਦਾ ਹੈ ਅਤੇ ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰ ਸਕਦਾ ਹੈ।
ਫੋਰੋਹੀ ਕਹਿੰਦੇ ਹਨ, "ਜੇ ਤੁਹਾਨੂੰ ਮੱਖਣ ਪਸੰਦ ਹੈ, ਜਿਵੇਂ ਕਿ ਟੋਸਟ 'ਤੇ, ਹਰ ਤਰ੍ਹਾਂ ਨਾਲ", ਤਾਂ ਮੱਖਣ ਵੀ ਇਸ ਮੀਨੂ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਹੈ।
ਤੁਸੀਂ ਖਾਣਾ ਪਕਾਉਣ ਲਈ ਮਾਰਜਰੀਨ ਅਤੇ ਮੱਖਣ ਦੋਵਾਂ ਦੀ ਵਰਤੋਂ ਕਰ ਸਕਦੇ ਹੋ, ਪਰ ਫੋਰੋਹੀ ਸਲਾਹ ਦਿੰਦੇ ਹਨ ਕਿ ਵਿੱਚ-ਵਿੱਚ ਇਨ੍ਹਾਂ ਦੀ ਬਜਾਏ ਤੇਲ ਵੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਵਿੱਚ ਸੈਚੂਰੇਟਿਡ ਫੈਟ ਘੱਟ ਹੁੰਦਾ ਹੈ।
ਯੂਕੇ ਦੇ ਸਿਹਤ ਦਿਸ਼ਾ-ਨਿਰਦੇਸ਼, ਸੈਚੂਰੇਟਿਡ ਫੈਟ ਦੀ ਮਾਤਰਾ ਕੈਲੋਰੀਆਂ ਦੇ 10% ਤੋਂ ਘੱਟ ਰੱਖਣ ਦੀ ਸਿਫਾਰਸ਼ ਕਰਦੇ ਹਨ ਅਤੇ ਜੇਕਰ ਤੁਸੀਂ ਮੱਖਣ ਦੀ ਬਜਾਏ ਤੇਲ ਦੀ ਵਰਤੋਂ ਕਰ ਰਹੇ ਹੋ ਤਾਂ ਇਹ ਕਰਨਾ ਸੌਖਾ ਹੋ ਜਾਂਦਾ ਹੈ।
3. ਤਲਣ ਲਈ ਜੈਤੂਨ ਦੇ ਤੇਲ ਦੀ ਵਰਤੋਂ ਨਾ ਕਰੋ
ਗਰਮ ਕਰਨ 'ਤੇ ਵੱਖ-ਵੱਖ ਤੇਲ ਵੱਖਰੇ ਢੰਗ ਨਾਲ ਪ੍ਰਤੀਕਿਰਿਆ ਕਰਦੇ ਹਨ, ਜਿਵੇਂ ਕਿ ਕੁਝ ਤੇਲ ਤਲਣ ਲਈ ਅਣਉਚਿਤ ਬਣ ਜਾਂਦੇ ਹਨ।
ਉਦਾਹਰਨ ਲਈ, ਐਕਸਟਰਾ ਵਰਜਿਨ ਆਲਿਵ ਆਇਲ (ਜੈਤੂਨ ਦਾ ਤੇਲ) ਐਂਟੀਆਕਸੀਡੈਂਟਸ ਅਤੇ ਲਾਭਦਾਇਕ ਮਿਸ਼ਰਣਾਂ ਨਾਲ ਭਰਪੂਰ ਹੁੰਦਾ ਹੈ, ਪਰ ਇਸਦਾ ਲੋਅ ਸਮੋਕ ਪੁਆਇੰਟ ਹੋਣ ਦਾ ਮਤਲਬ ਹੈ ਕਿ ਇਹ ਸਲਾਦ 'ਤੇ ਪਾਉਣ ਜਾਂ ਭੋਜਨ ਉੱਤੇ ਪਾਉਣਾ ਬਿਹਤਰ ਰਹਿੰਦਾ ਹੈ ਨਾ ਕਿ ਤਲਣ ਲਈ।
ਲੋਅ ਸਮੋਕ ਪੁਆਇੰਟ ਉਹ ਬਿੰਦੂ ਹੈ ਜਿੱਥੇ ਤੇਲ ਵਿੱਚ ਚਰਬੀ ਟੁੱਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਨੁਕਸਾਨਦੇਹ ਮਿਸ਼ਰਣ ਛੱਡਦੀ ਹੈ, ਜੋ ਕਿ ਤੇਲ ਦਾ ਸੁਆਦ ਕੌੜਾ, ਸੜਿਆ ਹੋਇਆ ਜਾਂ ਬੇਸੁਆਦ ਬਣਾ ਸਕਦੇ ਹਨ।
ਰੈਸਟੋਰੈਂਟ ਦੇ ਮਾਲਕ ਟਿਮ ਹੇਵਰਡ ਕਹਿੰਦੇ ਹਨ ਕਿ ਉਹ ਘੱਟ ਤਾਪਮਾਨ 'ਤੇ ਤਲ਼ਣ ਲਈ ਨਿਯਮਤ ਤੌਰ 'ਤੇ ਜੈਤੂਨ ਦੇ ਤੇਲ ਦੀ ਵਰਤੋਂ ਕਰਦੇ ਹਨ।
ਪਰ ਚਿਪਸ ਜਾਂ ਬੈਟਰ-ਕੋਟੇਡ ਮੱਛੀ ਵਰਗੀਆਂ ਚੀਜ਼ਾਂ ਜਿਨ੍ਹਾਂ ਨੂੰ ਵਧੇਰੇ ਤੇਲ ਵਿੱਚ ਤਲ਼ਣ ਲਈ ਲੋੜ ਪੈਂਦੀ ਹੈ, ਉਨ੍ਹਾਂ ਲਈ ਸਬਜ਼ੀਆਂ ਜਾਂ ਸੂਰਜਮੁਖੀ ਦਾ ਤੇਲ ਸਭ ਤੋਂ ਵਧੀਆ ਹੈ, ਕਿਉਂਕਿ ਇਹ ਉੱਚ ਤਾਪਮਾਨ 'ਤੇ ਵੀ ਨਹੀਂ ਟੁੱਟਦੇ।
ਕੁਝ ਅਧਿਐਨਾਂ ਨੇ ਇਹ ਵੀ ਦਿਖਾਇਆ ਹੈ ਕਿ ਤੇਲਾਂ ਨੂੰ ਉਨ੍ਹਾਂ ਦੇ ਸਮੋਕ ਪੁਆਇੰਟ ਤੋਂ ਉੱਪਰ ਗਰਮ ਕਰਨ 'ਤੇ ਉਹ ਤੇਲ ਜ਼ਹਿਰੀਲੇ ਰਸਾਇਣਕ ਉਪ-ਉਤਪਾਦਾਂ ਨੂੰ ਛੱਡਦੇ ਹਨ।
ਪਰ ਪ੍ਰੋਫੈਸਰ ਫੋਰੋਹੀ ਕਹਿੰਦੇ ਹਨ ਕਿ ਇਸ ਕਿਸਮ ਨਾਲ ਖਾਣਾ ਪਕਾਉਣਾ ਘਰ ਵਿੱਚ ਬਹੁਤ ਆਮ ਨਹੀਂ ਹੈ, ਅਤੇ ਲੰਬੇ ਸਮੇਂ ਦੇ ਸਿਹਤ ਅਧਿਐਨ ਅਜੇ ਵੀ ਦਰਸਾਉਂਦੇ ਹਨ ਕਿ ਸਬਜ਼ੀਆਂ ਦੇ ਤੇਲ "ਲਗਭਗ ਬਿਨਾਂ ਕਿਸੇ ਅਪਵਾਦ ਦੇ ਪੁਰਾਣੀਆਂ ਬਿਮਾਰੀਆਂ ਲਈ ਬਿਹਤਰ ਨਤੀਜਿਆਂ ਨਾਲ ਜੁੜੇ ਹੋਏ ਹਨ।"
ਸਾਨੂੰ ਕਿਹੜੇ ਤੇਲ ਵਰਤਣੇ ਚਾਹੀਦੇ ਹਨ?
ਜੇ ਤੁਸੀਂ ਰਸੋਈ ਵਿੱਚ ਖਾਣਾ ਬਣਾਉਣ ਲਈ ਤੇਲ ਚੁਣ ਰਹੇ ਹੋ ਤਾਂ....
• ਰੋਜ਼ਾਨਾ ਖਾਣਾ ਪਕਾਉਣ ਲਈ: ਸੂਰਜਮੁਖੀ ਜਾਂ ਰੇਪਸੀਡ ਤੇਲ ਕਿਫਾਇਤੀ, ਸਿਹਤਮੰਦ ਅਤੇ ਬਹੁਪੱਖੀ ਹੈ। ਤੁਸੀਂ ਰੈਗੂਲਰ ਆਲਿਵ ਆਇਲ ਦੀ ਵਰਤੋਂ ਵੀ ਕਰ ਸਕਦੇ ਹੋ।
• ਸਲਾਦ ਲਈ ਅਤੇ ਡ੍ਰੈਸਿੰਗ ਵਜੋਂ: ਐਕਸਟ੍ਰਾ ਵਰਜਿਨ ਆਲਿਵ ਆਇਲ ਸੁਆਦ ਅਤੇ ਸਿਹਤ ਲਾਭਾਂ ਨੂੰ ਵਧਾਉਂਦਾ ਹੈ।
• ਤਲਣ ਲਈ: ਹਾਈ ਸਮੋਕ ਪੁਆਇੰਟ ਵਾਲੇ ਤੇਲ ਦੀ ਵਰਤੋਂ ਕਰੋ, ਜਿਵੇਂ ਕਿ ਸਬਜ਼ੀਆਂ ਜਾਂ ਸੂਰਜਮੁਖੀ ਦਾ ਤੇਲ।
• ਸੁਆਦ ਦੀ ਵਿਭਿੰਨਤਾ ਲਈ: ਜੇਕਰ ਤੁਸੀਂ ਠੰਡੇ ਪਕਵਾਨ ਪਸੰਦ ਕਰਦੇ ਹੋ ਤਾਂ ਤਿਲ, ਐਵੋਕਾਡੋ ਜਾਂ ਨਾਰੀਅਲ ਤੇਲ ਦੀ ਵਰਤੋਂ ਦੀ ਕੋਸ਼ਿਸ਼ ਕਰੋ।
ਕੁੱਲ ਮਿਲਾ ਕੇ, ਪ੍ਰੋਫੈਸਰ ਫੋਰੋਹੀ ਕਹਿੰਦੇ ਹਨ ਕਿ ਕਿਹੜੀ ਬੋਤਲ ਖਰੀਦਣੀ ਹੈ ਇਸ 'ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨ ਦੀ ਬਜਾਏ ਆਪਣੀ ਸਮੁੱਚੀ ਖੁਰਾਕ 'ਤੇ ਧਿਆਨ ਕੇਂਦਰਿਤ ਕਰਨਾ ਬਿਹਤਰ ਹੈ।
ਉਹ ਦੱਸਦੇ ਹਨ, "ਮੈਂ ਤੁਹਾਡੇ ਸੁਆਦ ਅਤੇ ਕੀਮਤ ਨੂੰ ਧਿਆਨ ਵਿੱਚ ਰੱਖਣ ਅਤੇ ਵੱਖ-ਵੱਖ ਤੇਲਾਂ ਨਾਲ ਪ੍ਰਯੋਗ ਕਰਨ ਦੀ ਸਿਫਾਰਸ਼ ਕਰਾਂਗੀ ਜੋ ਕੁਝ ਸਿਹਤ ਲਾਭ ਪ੍ਰਦਾਨ ਕਰ ਸਕਦੇ ਹਨ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ