ਕੱਟੜਵਾਦ ਦਾ ਰਾਹ ਛੱਡ ਕੇ ਭਾਰਤੀ ਫੌਜ ਵੱਲੋਂ ਲੜਨ ਵਾਲੇ ਲੜਾਕਿਆਂ ਨਾਲ ਕਿਹੋ ਜਿਹਾ ਵਤੀਰਾ ਹੋਇਆ

    • ਲੇਖਕ, ਮਾਜਿਦ ਜਹਾਂਗੀਰ
    • ਰੋਲ, ਸ਼੍ਰੀਨਗਰ ਤੋਂ ਬੀਬੀਸੀ ਲਈ

ਗੁਲਾਮ ਨਬੀ ਲੋਨ ਉਰਫ਼ ਸ਼ਫ਼ਾਤ ਦਾ ਸੰਬੰਧ ਜੰਮੂ ਕਸ਼ਮੀਰ ਦੇ ਕੱਟੜਪੰਥੀ ਸੰਗਠਨ ਇਖ਼ਵਾਨ ਉਲ ਮੁਸਲਮੀਨ ਨਾਲ ਸੀ।

20 ਦਸੰਬਰ 1994 ਨੂੰ ਸਰਦੀ ਦੇ ਠੰਢੇ ਦਿਨਾਂ ਵਿੱਚ ਉਸ ਨੇ ਭਾਰਤ ਸ਼ਾਸਿਤ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਭਾਰਤੀ ਫੌਜ ਅਤੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਆਤਮ ਸਮਰਪਣ ਕੀਤਾ ਸੀ।

ਗੁਲਾਮ ਨਬੀ ਲੋਨ ਆਤਮ ਸਮਰਪਣ ਤੋਂ ਬਾਅਦ ਇਖ਼ਵਾਨੀ (ਸਰਕਾਰ ਪੱਖੀ ਬੰਦੂਕਧਾਰੀ) ਵਜੋਂ ਕੰਮ ਕਰਨ ਲੱਗ ਪਿਆ ।

1989 ਵਿੱਚ 14 ਸਾਲ ਦੀ ਉਮਰ ਵਿੱਚ ਲੋਨ ਹਥਿਆਰਾਂ ਦੀ ਸਿਖਲਾਈ ਲਈ ਐਲਓਸੀ ਪਾਰ ਕਰ ਕੇ ਪਾਕਿਸਤਾਨ ਪਹੁੰਚ ਗਿਆ ਸੀ। ਉਹ ਦੋ ਸਾਲਾਂ ਬਾਅਦ 1991 ਵਿੱਚ ਕਸ਼ਮੀਰ ਵਾਪਸ ਆ ਗਿਆ ਸੀ।

ਕੁਝ ਸਮੇਂ ਲਈ ਲੋਨ ਕੱਟੜਪੰਥੀ ਗਤੀਵਿਧੀਆਂ ਵਿੱਚ ਸਰਗਰਮ ਰਹੇ ਅਤੇ ਸਾਲ 1994 ਦੀ ਸ਼ੁਰੂਆਤ ਵਿੱਚ ਸਭ ਕੁਝ ਛੱਡ-ਛਡਾ ਕੇ ਘਰ ਬੈਠ ਗਿਆ।

ਇਹ ਵੀ ਪੜ੍ਹੋ:

ਸਾਲ 2003 ਵਿੱਚ ਜੰਮੂ-ਕਸ਼ਮੀਰ ਦੇ ਤਤਕਾਲੀ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਨੇ ਇਖ਼ਵਾਨ ਉੱਪਰ ਪਾਬੰਦੀ ਲਾ ਦਿੱਤੀ।

ਇਸ ਪਾਬੰਦੀ ਤੋਂ ਬਾਅਦ ਲੋਨ ਉੱਪਰ ਰੋਜ਼ੀ-ਰੋਟੀ ਦਾ ਸੰਕਟ ਛਾ ਗਿਆ ਤੇ ਉਹ ਆਪਣੀ ਸਮਾਜਕ ਹੋਂਦ ਬਚਾਉਣ ਲਈ ਸੰਘਰਸ਼ ਕਰਨ ਲੱਗਿਆ।

ਇਖ਼ਵਾਨ ਕਿੰਨ੍ਹਾਂ ਨੂੰ ਕਹਿੰਦੇ ਹਨ

ਇਖ਼ਵਾਨ ਕੱਟੜਪੰਥੀ ਲੜਾਕਿਆਂ ਨੂੰ ਮੁਖ ਧਾਰਾ ਵਿੱਚ ਲਿਆਉਣ ਦੀ ਪ੍ਰਕਿਰਿਆ ਹੈ।

ਕੱਟੜਪੰਥੀ ਸੰਗਠਨਾਂ ਲਈ ਕੰਮ ਕਰ ਰਹੇ ਇਹ ਲੜਾਕੇ ਆਤਮ ਸਮਰਣ ਤੋਂ ਬਾਅਦ ਭਾਰਤੀ ਸੈਨਾ ਨਾਲ ਮਿਲ ਕੇ ਕੰਮ ਕਰਦੇ ਹਨ। ਇਸ ਪ੍ਰਕਿਰਿਆ 'ਤੇ ਰੋਕ ਲੱਗਣ ਤੋਂ ਪਹਿਲਾਂ ਕਈ ਲੜਾਕੇ ਕੱਟੜਪੰਥੀ ਸਰਗਰਮੀਆਂ ਛੱਡ ਕੇ ਇਖ਼ਵਾਨ ਬਣੇ ਸਨ।

ਨਾ ਨੌਕਰੀ ਮਿਲੀ ਨਾ ਸਨਮਾਨ

ਮੈਂ ਅਨੰਤਨਾਗ ਦੀ ਗੁੜੀ ਵਿੱਚ ਸਥਿਤ ਲੋਨ ਦੇ ਇੱਕ ਮੰਜ਼ਿਲਾ ਘਰ ਵਿੱਚ ਗਿਆ ਅਤੇ ਪਹਿਲਾਂ ਕੱਟੜਪੰਥੀ ਅਤੇ ਫਿਰ ਇਖ਼ਵਾਨੀ ਵਜੋਂ ਉਸ ਦੀ ਪੁਰਾਣੀ ਜ਼ਿੰਦਗੀ ਬਾਰੇ ਪੁੱਛਿਆ। ਉਸ ਨੇ ਤੁਰੰਤ ਮੇਰੇ ਸਾਹਮਣੇ ਆਪਣੇ ਆਪ ਨੂੰ ਇਖ਼ਵਾਨੀ ਸਾਬਤ ਕਰਨ ਵਾਲੇ ਦਸਤਾਵੇਜ਼ ਸਾਹਮਣੇ ਲਿਆ ਧਰੇ।

ਲੋਨ ਦਾ ਕਹਿਣਾ ਹੈ ਕਿ ਉਸ ਨੇ ਅਤੇ ਉਸ ਦੇ ਸਹਿਯੋਗੀਆਂ ਨੇ 1996 ਦੀਆਂ ਵਿਧਾਨ ਸਭਾ ਚੋਣਾਂ ਸ਼ਾਂਤੀਪੂਰਵਕ ਤਰੀਕੇ ਨਾਲ ਕਰਵਾਉਣ ਵਿੱਚ ਮਦਦ ਕੀਤੀ। ਜਿਸ ਦੇ ਬਦਲੇ ਸਰਕਾਰ ਨੇ ਉਸਨੂੰ ਛੱਡ ਦਿੱਤਾ।

ਉਹ ਕਹਿੰਦਾ ਹੈ, "ਮੈਂ ਜੰਮੂ-ਕਸ਼ਮੀਰ ਪੁਲਿਸ ਵਿੱਚ ਐਸਪੀਓ (ਸਪੈਸ਼ਲ ਪੁਲਿਸ ਅਫ਼ਸਰ) ਵਜੋਂ ਕੰਮ ਕੀਤਾ ਸੀ। ਉਦੋਂ ਇੱਕ ਐਸਪੀਓ ਹੋਣ ਕਾਰਨ ਮੈਨੂੰ ਕੁਝ ਸਮੇਂ ਲਈ 2 ਹਜ਼ਾਰ ਰੁਪਏ ਤਨਖਾਹ ਵੀ ਮਿਲੀ, ਜੋ ਮੇਰੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਕਾਫੀ ਨਹੀਂ ਸੀ।"

ਭਾਰਤ ਸਰਕਾਰ ਨੇ ਲਾਂਸ ਨਾਇਕ ਨਜ਼ੀਰ ਅਹਿਮਦ ਵਾਨੀ ਨੂੰ ਅੱਤਵਾਦ ਵਿਰੋਧੀ ਮੁਹਿੰਮਾਂ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਮੌਤ ਮਗਰੋਂ ਅਸ਼ੋਕ ਚੱਕਰ ਨਾਲ ਸਨਮਾਨਿਤ ਕੀਤਾ ਹੈ।

ਵਾਨੀ ਕਸ਼ਮੀਰ ਦੇ ਪਹਿਲੇ ਵਿਅਕਤੀ ਹਨ, ਜਿਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ਨਜ਼ੀਰ ਵਾਨੀ ਦੇ ਛੋਟੇ ਭਰਾ ਮੁਸ਼ਤਾਕ ਵਾਨੀ ਨੇ ਬੀਬੀਸੀ ਨੂੰ ਦੱਸਿਆ, "ਵਾਨੀ ਕਦੇ ਵੀ ਕੱਟੜਪੰਥੀ ਨਹੀਂ ਰਹੇ, ਹਾਂ, ਉਹ ਇਖ਼ਵਾਨ-ਉਲ-ਮੁਸਲਮੀਨ (ਮੁਸਲਿਮ ਭਰਾ) ਵਿੱਚ ਸ਼ਾਮਲ ਹੋਏ ਸਨ, ਇਹ ਆਤਮ ਸਮਰਪਣ ਕਰ ਚੁੱਕੇ ਕਸ਼ਮੀਰੀਆਂ ਦਾ ਸਮੂਹ ਹੈ।"

ਸੀਨੀਅਰ ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਵਾਨੀ ਪਿਛਲੇ ਇੱਕ ਸਾਲ ਵਿੱਚ ਭਾਰਤ ਸ਼ਾਸ਼ਿਤ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਵਿੱਚ ਕੱਟੜਪੰਥੀਆਂ ਨਾਲ ਦੋ ਹੋਏ ਦਰਜਨ ਤੋਂ ਵਧੇਰੇ ਮੁਕਾਬਲਿਆਂ ਦਾ ਹਿੱਸਾ ਰਹੇ। ਇਹ ਲੇਖ ਵਾਨੀ ਵਰਗੇ ਹੀ ਮੁੰਡਿਆਂ ਦੀ ਕਹਾਣੀ ਸਾਂਝੀ ਕਰਦਾ ਹੈ।

"ਇਸ ਦੌਰਾਨ, 2004 ਵਿੱਚ ਭਾਰਤੀ ਸੈਨਾ ਨੇ ਟੈਰੀਟੋਰੀਅਲ ਆਰਮੀ ਦੀ ਯੂਨਿਟ ਬਣਾਈ ਅਤੇ ਮੈਨੂੰ ਉਸ ਵਿੱਚ ਨੌਕਰੀ ਦਿੱਤੀ। ਮੈਂ ਪਰਿਵਾਰਕ ਹਾਲਾਤ ਅਤੇ ਖ਼ਰਾਬ ਸਿਹਤ ਕਰਕੇ ਉਸ ਵਿੱਚ ਕੰਮ ਨਹੀਂ ਕਰ ਸਕਿਆ ਅਤੇ ਜਦੋਂ ਦਾ ਮੈਂ ਘਰ ਵਾਪਸ ਆਇਆ ਉਸ ਸਮੇਂ ਤੋਂ ਬਸ ਆਪਣੀਆਂ ਲੋੜਾਂ ਪੂਰੀਆਂ ਕਰਨ 'ਤੇ ਲੱਗਾ ਹਾਂ। ਆਪਣੇ ਮੁੜ ਵਸੇਬੇ ਦਾ ਇੰਤਜ਼ਾਰ ਕਰ ਰਿਹਾ ਹਾਂ ਪਰ ਸਾਡੇ ਵਰਗੇ ਲੋਕਾਂ ਲਈ ਕੁਝ ਖ਼ਾਸ ਨਹੀਂ ਕੀਤਾ ਗਿਆ। ਅਸੀਂ ਆਪਣੇ ਅਧਿਕਾਰਾਂ ਦੀ ਮੰਗ ਕਰ ਰਹੇ ਹਾਂ।"

ਕਸ਼ਮੀਰ ਦੀ ਰਵਾਇਤੀ ਪੋਸ਼ਾਕ ਫਰਾਨ, ਪਹਿਨਦੇ ਹੋਏ ਲੋਨ ਆਪਣੇ ਅਤੀਤ ਨੂੰ ਯਾਦ ਕਰਦੇ ਹਨ ਅਤੇ ਉਸ 'ਤੇ ਅਫ਼ਸੋਸ ਜ਼ਾਹਿਰ ਕਰਦੇ ਹਨ।

1989 'ਚ ਹਜ਼ਾਰਾਂ ਕਸ਼ਮੀਰੀ ਨੌਜਵਾਨ ਹਥਿਆਰਾਂ ਦੀ ਸਿਖਲਾਈ ਹਾਸਲ ਕਰਨ ਸਰਹੱਦ ਪਾਰ ਕਰਕੇ ਪਾਕਿਸਤਾਨ ਚਲੇ ਗਏ ਸਨ ਅਤੇ ਕਸ਼ਮੀਰ ਵਿੱਚ ਭਾਰਤੀ ਪ੍ਰਸ਼ਾਸਨ ਦੇ ਖ਼ਿਲਾਫ਼ ਬਗਾਵਤ ਕਰ ਦਿੱਤੀ ਸੀ।

ਇਖ਼ਵਾਨ ਨਾਲ ਕਿਵੇਂ ਜੁੜੇ

ਲੋਨ ਇੱਕ ਵਾਰ ਕੱਟੜਪੰਥੀ ਦਾ ਰਸਤਾ ਅਪਨਾਉਣ ਤੋਂ ਬਾਅਦ ਆਪਣੇ ਇਖ਼ਵਾਨੀ ਬਣਨ ਦੇ ਕਾਰਨ ਵੀ ਦੱਸਦਾ ਹੈ।

ਉਹ ਕਹਿੰਦਾ ਹੈ, "ਜਦੋਂ ਮੈਂ ਸਿਖਲਾਈ ਲਈ ਪਾਕਿਸਤਾਨ ਗਿਆ ਸੀ ਤਾਂ ਮੈਨੂੰ ਬਿਲਕੁਲ ਵੀ ਇਲਮ ਨਹੀਂ ਸੀ ਕਿ ਕੀ ਕਰਨਾ ਹੈ ਅਤੇ ਮੈਂ ਸਰਹੱਦ ਕਿਉਂ ਪਾਰ ਕੀਤੀ ਹੈ। ਮੈਨੂੰ ਨਹੀਂ ਪਤਾ ਸੀ ਕਿ ਪਾਕਿਸਤਾਨ ਜਾਣ ਅਤੇ ਹਥਿਆਰ ਚੁੱਕਣ ਪਿੱਛੇ ਕੀ ਮਕਸਦ ਹੈ।"

"1991 ਤੱਕ ਪਾਕਿਸਤਾਨ ਵਿੱਚ ਦੋ ਸਾਲ ਬਿਤਾਉਣ ਤੋਂ ਬਾਅਦ ਮੈਂ ਭਾਰਤ ਖ਼ਿਲਾਫ਼ ਲੜਣ ਵਾਲਾ ਇੱਕ ਕੱਟੜਪੰਥੀ ਬਣ ਗਿਆ। 1994 ਵਿੱਚ ਮੈਂ ਕਿਸੇ ਵੀ ਕੱਟੜਪੰਥੀ ਗਤੀਵਿਧੀ 'ਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ, ਉਦੋਂ ਕੁਝ ਕੱਟੜਪੰਥੀ ਮੇਰੇ ਘਰ ਆਏ ਅਤੇ ਮੈਨੂੰ ਜਖ਼ਮੀ ਕਰਕੇ ਮਾਰਨ ਦੀ ਧਮਕੀ ਦਿੱਤੀ।"

"ਫਾਇਰਿੰਗ ਦੀ ਘਟਨਾ ਤੋਂ ਬਾਅਦ ਮੈਂ ਹੋਰਨਾਂ ਕੱਟੜਪੰਥੀਆਂ ਦੇ ਨਾਲ ਮਿਲ ਕੇ 20 ਦਸੰਬਰ 1994 ਨੂੰ ਪੁਲਿਸ ਅਤੇ ਫੌਜ ਦੇ ਮੁੱਖ ਅਧਿਕਾਰੀਆਂ ਸਾਹਮਣੇ ਫੌਜ ਦੇ ਖਾਨਾਬਲ ਮੁੱਖ ਦਫ਼ਤਰ 'ਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਅਸੀਂ ਸਰਕਾਰੀ ਬੰਦੂਕਧਾਰੀ ਬਣ ਗਏ। ਭਾਰਤ ਸਰਕਾਰ ਨੇ ਸਾਨੂੰ ਸ਼ਰਨ ਅਤੇ ਸਿਖਲਾਈ ਦਿੱਤੀ। 1994 ਤੋਂ 2003 ਤੱਕ ਲਗਾਤਾਰ ਅਸੀਂ ਭਾਰਤ ਲਈ ਕੰਮ ਕੀਤਾ।"

ਇਖ਼ਵਾਨ ਦਾ ਭੂਤ ਲੋਨ ਨੂੰ ਅਜੇ ਵੀ ਡਰਾਉਂਦਾ ਹੈ ਜਦ ਕਿ ਉਹ ਇੱਕ ਸਾਧਾਰਣ ਜ਼ਿੰਦਗੀ ਜਿਊਂ ਰਿਹਾ ਹੈ। ਉਹ ਕਹਿੰਦਾ ਹੈ ਕਿ ਇਖ਼ਵਾਨ ਬਣਨ ਦੀ ਉਹ ਇੱਕ ਵੱਡੀ ਕੀਮਤ ਚੁਕਾ ਰਹੇ ਹਨ।

ਲੋਨ ਦੱਸਦੇ ਹਨ, "ਸਾਡੇ ਗੁਆਂਢੀ ਵੀ ਸਾਨੂੰ ਭਾਰਤੀ ਏਜੰਟ, ਸਰਕਾਰੀ ਬੰਦੂਕਧਾਰੀ ਕਹਿੰਦੇ ਹਨ ਅਤੇ ਸਾਡੇ ਨਾਲ ਮਾੜਾ ਵਤੀਰਾ ਕਰਦੇ ਹਨ। ਇਖ਼ਵਾਨ ਦਾ ਆਦਮੀ ਹੋਣ ਦੇ ਠੱਪੇ ਨਾਲ ਜਿਊਣਾ ਸੌਖਾ ਨਹੀਂ ਹੈ। ਜਦੋਂ ਅਸੀਂ ਕਿਤੇ ਹੋਰ ਕੰਮ ਕਰਨ ਜਾਂਦੇ ਹਾਂ ਤਾਂ ਲੋਕ ਸਾਨੂੰ ਕੰਮ ਨਹੀਂ ਦਿੰਦੇ।"

"ਉਹ ਕਹਿੰਦੇ ਹਨ ਕਿ ਅਸੀਂ ਇਖ਼ਵਾਨੀ ਹਾਂ। ਉਹ ਸੋਚਦੇ ਹਨ ਕਿ ਜੇਕਰ ਉਹ ਸਾਨੂੰ ਕੰਮ 'ਤੇ ਰੱਖ ਲੈਣਗੇ ਤਾਂ ਕੱਟੜਪੰਥੀ ਉਨ੍ਹਾਂ ਨੂੰ ਮਾਰ ਦੇਣਗੇ। ਸਾਡੇ ਘਰਾਂ ਵਿੱਚ ਵੀ ਇਹ ਡਰ ਬਣਿਆ ਰਹਿੰਦਾ ਹੈ।"

"ਅਸੀਂ ਕੱਟੜਪੰਥੀਆਂ ਨੂੰ ਛੱਡ ਕੇ ਹਰ ਕਿਸੇ ਨੂੰ ਸਾਨੂੰ ਮਾਫ਼ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੂੰ ਕਿਹਾ ਕਿ ਉਹ ਸਮਾਂ ਬੀਤ ਚੁੱਕਿਆ ਹੈ ਅਸੀਂ ਵੀ ਇਨਸਾਨ ਹਾਂ ਪਰ ਲੋਕ ਨਹੀਂ ਸੁਣਦੇ।"

"ਜਦੋਂ ਸਾਬਕਾ ਸੈਨਾ ਮੁਖੀ ਜਨਰਲ ਬਿਕਰਮ ਸਿੰਘ ਬ੍ਰਿਗੇਡੀਅਰ ਸੀ ਤਾਂ ਮੈਂ ਉਨ੍ਹਾਂ ਨਾਲ 4 ਸਾਲ ਕੰਮ ਕੀਤਾ ਸੀ। ਮੈਂ ਉਨ੍ਹਾਂ ਨੂੰ ਕਈ ਵਾਰ ਮੁੜ ਵਸੇਬੇ ਲਈ ਬੇਨਤੀ ਕੀਤੀ ਪਰ ਸਭ ਅਜਾਈਂ ਹੀ ਗਿਆ।"

ਲੋਨ ਦੀ ਇੱਕ ਪਤਨੀ ਅਤੇ ਤਿੰਨ ਬੱਚੇ ਹਨ। ਉਨ੍ਹਾਂ ਦਾ ਪਿੰਡ ਗੁੜੀ, ਇਖ਼ਵਾਨ ਗਤੀਵਿਧੀਆਂ ਦਾ ਕੇਂਦਰ ਹੈ, ਜਿੱਥੇ ਇੱਕ ਇਖ਼ਵਾਨ ਕੈਂਪ ਵੀ ਹੈ।

ਉਨ੍ਹਾਂ ਨੇ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਕਈ ਕੱਟੜਪੰਥੀਆਂ ਦੇ ਖਿਲਾਫ਼ ਮੁਹਿੰਮਾਂ ਵਿੱਚ ਹਿੱਸਾ ਲਿਆ ਹੈ।

ਮੁੜ ਵਸੇਬੇ ਦਾ ਇੰਤਜ਼ਾਰ

1994 ਵਿੱਚ ਕਸ਼ਮੀਰ ਵਿੱਚ ਭਾਰਤ ਸਰਕਾਰ ਦੇ ਖ਼ਿਲਾਫ਼ ਲੜ ਰਹੇ ਹਜ਼ਾਰਾਂ ਕੱਟੜਪੰਥੀ ਆਤਮ ਸਮਰਪਣ ਕਰਕੇ ਇਖ਼ਵਾਨ ਨਾਲ ਜੁੜੇ ਸਨ।

ਕੱਟੜਪੰਥੀਆਂ ਨੇ ਕਸ਼ਮੀਰ ਵਿੱਚ ਕਈ ਇਖ਼ਵਾਨੀਆਂ ਨੂੰ ਮਾਰ ਦਿੱਤਾ ਹੈ।

ਇਖ਼ਵਾਨ ਪੂਰੇ ਕਸ਼ਮੀਰ ਵਿੱਚ ਫੈਲ ਗਿਆ। ਬਾਂਦੀਪੋਰਾ ਅਤੇ ਅਨੰਤਨਾਗ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਗਿਣਤੀ ਵਿੱਚ ਇਖ਼ਵਾਨੀ ਸਨ।

ਇਖ਼ਵਾਨ ਦੇ ਸਾਬਕਾ ਕਮਾਂਡਰ ਲਿਆਕਤ ਅਲੀ ਖ਼ਾਨ ਅਨੰਤਨਾਗ ਦੇ ਉੱਚ ਸੁਰੱਖਿਅਤ ਖੇਤਰ ਖਾਨਬਲ ਵਿੱਚ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਹੁਣ ਤੱਕ ਸਿਰਫ਼ 25 ਫੀਸਦ ਇਖ਼ਵਾਨੀਆਂ ਦਾ ਹੀ ਮੁੜ ਵਸੇਬਾ ਕੀਤਾ ਗਿਆ ਹੈ।

ਲਿਆਕਤ ਅਲੀ ਦਸਦੇ ਹਨ, "ਜਦੋਂ ਇਖ਼ਵਾਨ ਕਾਇਮ ਕੀਤੀ ਗਈ ਸੀ ਅਤੇ ਉਨ੍ਹਾਂ ਨੇ ਭਾਰਤੀ ਸੈਨਾ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਉਸ ਨੂੰ ਮਜ਼ਬੂਤੀ ਦਿੱਤੀ ਸੀ ਉਦੋਂ ਇਹ ਵਿਚਾਰ ਸੀ ਕਿ ਜਦੋਂ ਕਸ਼ਮੀਰ 'ਚ ਹਾਲਾਤ ਸੁਧਰ ਜਾਣਗੇ, ਸਿਆਸੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਲੋਕਤੰਤਰ ਬਹਾਲ ਹੋ ਜਾਵੇਗਾ, ਉਦੋਂ ਇਖ਼ਵਾਨ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦਾ ਮੁੜ ਵਸੇਬਾ ਕੀਤਾ ਜਾਵੇਗਾ। ਮੁੜ ਵਸੇਬੇ ਦੀਆਂ ਵੱਖ-ਵੱਖ ਸ਼੍ਰੇਣੀਆਂ ਹਨ ਅਜਿਹੇ ਹੀ ਕੁਝ ਵਾਅਦੇ ਕੀਤੇ ਗਏ।"

ਉਹ ਦੱਸਦੇ ਹਨ, "2004 ਵਿੱਚ ਭਾਰਤ ਸਰਕਾਰ ਨੇ ਆਪਣੇ ਵਾਅਦਿਆਂ ਨੂੰ ਪੂਰਾ ਕੀਤਾ ਅਤੇ ਇੱਕ ਟੈਰੀਟੋਰੀਅਲ ਆਰਮੀ ਯੂਨਿਟ ਬਣਾਈ। ਇਸ ਯੂਨਿਟ ਵਿੱਚ ਸਾਰੇ ਲੜਾਕਿਆਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ। ਕੁਝ ਨੇ ਇਸ ਨੂੰ ਜੁਆਇਨ ਕੀਤਾ ਅਤੇ ਕੁਝ ਨੇ ਨਹੀਂ। ਇਸ ਵੇਲੇ ਸਾਡੇ ਕੁਝ ਮੁੰਡਿਆਂ ਲਈ ਹਾਲਾਤ ਠੀਕ ਨਹੀਂ ਹਨ।"

"ਉਨ੍ਹਾਂ ਨੇ ਸੋਚਿਆਂ ਕਿ ਜੇਕਰ ਉਹ ਇਸ ਯੂਨਿਟ ਨਾਲ ਜੁੜ ਜਾਂਦੇ ਹਨ ਤਾਂ ਪਤਾ ਨਹੀਂ ਕਸ਼ਮੀਰ ਤੋਂ ਬਾਹਰ ਉਨ੍ਹਾਂ ਦੀ ਕਿੱਥੇ ਪੋਸਟਿੰਗ ਕੀਤੀ ਜਾਵੇਗੀ। ਮੈਂ ਕਹਾਂਗਾ ਕਿ ਕੇਵਲ 25 ਫੀਸਦ ਮੁੰਡੇ ਹੀ ਉਸ ਯੂਨਿਟ ਵਿੱਚ ਨੌਕਰੀ ਕਰਨ ਲਈ ਤਿਆਰ ਸਨ। ਬਚੇ ਹੋਏ ਸਾਡੇ ਮੁੰਡੇ ਤਰਸਯੋਗ ਜ਼ਿੰਦਗੀ ਜੀਣ ਲਈ ਮਜ਼ਬੂਰ ਹਨ। ਕੁਝ ਮੁੰਡੇ ਸਬਜ਼ੀਆਂ ਵੇਚ ਰਹੇ ਹਨ, ਕੁਝ ਗੱਡੀਆਂ ਚਲਾ ਰਹੇ ਹਨ ਅਤੇ ਕੁਝ ਖਾਲੀ ਬੈਠੇ ਹਨ।"

ਲਿਆਕਤ ਖ਼ੁਦ 1990 ਵਿੱਚ ਸਰਹੱਦ ਪਾਰ ਕਰਕੇ ਹਥਿਆਰਾਂ ਦੀ ਸਿਖਲਾਈ ਲੈਣ ਗਏ ਸਨ।

ਸਾਲ 2008 ਵਿੱਚ ਉਨ੍ਹਾਂ ਵਿਧਾਨ ਸਭਾ ਚੋਣਾਂ ਲੜੀਆਂ ਪਰ ਜਿੱਤ ਨਹੀਂ ਸਕੇ।

ਦੱਖਣੀ ਕਸ਼ਮੀਰ ਦੇ ਅਨੰਤਨਾਗ ਸ਼ਹਿਰ ਵਿੱਚ ਤਿੰਨ ਇਖ਼ਵਾਨ ਕੈਂਪ ਲਗਾਏ ਗਏ ਸਨ, ਜਿਸ ਵਿੱਚ ਆਤਮ ਸਮਰਪਣ ਕਰ ਚੁੱਕੇ 300 ਇਖ਼ਵਾਨੀ ਰਹਿੰਦੇ ਹਨ।

ਲਿਆਕਤ ਕਹਿੰਦੇ ਹਨ ਕਿ ਸਾਡੇ (ਇਖ਼ਵਾਨੀਆਂ) ਕਾਰਨ ਹੀ ਭਾਰਤ ਸਰਕਾਰ ਜੰਮੂ-ਕਸ਼ਮੀਰ ਵਿੱਚ 1996 ਦੀਆਂ ਚੋਣਾਂ ਕਰਵਾਉਣ 'ਚ ਸਫ਼ਲ ਹੋ ਸਕਿਆ ਸੀ।

ਉਹ ਕਹਿੰਦੇ ਹਨ, "ਸਾਡੇ ਬਿਨਾਂ ਭਾਰਤ ਸਰਕਾਰ ਲਈ ਜੰਮੂ-ਕਸ਼ਮੀਰ ਵਿੱਚ ਲੋਕਤੰਤਰ ਬਹਾਲ ਕਰਨਾ ਸੰਭਵ ਨਹੀਂ ਸੀ। ਭਾਰਤ ਸਰਕਾਰ ਨੂੰ ਸਾਡੇ ਉਨ੍ਹਾਂ ਮੁੰਡਿਆਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ, ਜਿਨ੍ਹਾਂ ਨੇ ਭਾਰਤ ਲਈ ਆਪਣੀ ਜਾਨ ਦਾਅ 'ਤੇ ਲਾਈ ਅਤੇ ਕੱਟੜਪੰਥੀਆਂ ਖ਼ਿਲਾਫ਼ ਲੜੇ।

ਜੇਕਰ ਅਜਿਹਾ ਨਾ ਹੋਇਆ ਤਾਂ ਕਸ਼ਮੀਰ 'ਚ ਇਹ ਸੰਦੇਸ਼ ਜਾਵੇਗਾ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਛਾਚੀ 'ਤੇ ਗੋਲੀਆਂ ਖਾਧੀਆਂ ਉਨ੍ਹਾਂ ਨੂੰ ਬੁਰੇ ਹਾਲੀਂ ਵਿੱਚ ਛੱਡ ਦਿੱਤਾ ਗਿਆ ਅਤੇ ਇਹ ਕੋਈ ਚੰਗਾ ਸੰਕੇਤ ਨਹੀਂ ਹੈ।"

ਅਸ਼ੋਕ ਚੱਕਰ ਹਾਸਲ ਕਰਨ ਵਾਲੇ ਨਜ਼ੀਰ ਅਹਿਮਦ ਵਾਨੀ

ਇਖ਼ਵਾਨੀਆਂ ਦੇ ਤਿਆਗ ਦੀ ਗੱਲ ਕਰਦਿਆਂ ਲਿਆਕਤ ਖ਼ਾਨ ਮਾਣ ਨਾਲ ਫੌਜ ਵਿੱਚ ਨਜ਼ੀਰ ਅਹਿਮਦ ਵਾਨੀ ਦੀ ਵਿੱਚ ਭੂਮਿਕਾ ਬਾਰੇ ਦੱਸਦੇ ਹਨ।

ਨਜ਼ੀਰ ਅਹਿਮਦ ਵਾਨੀ ਭਾਰਤੀ ਫੌਜ ਵਿੱਚ ਸਨ ਅਤੇ ਕਸ਼ਮੀਰ ਵਿੱਚ ਕੱਟਪੰਥੀਆਂ ਨਾਲ ਲੜਨ ਵਾਲੇ ਸਾਬਕਾ ਇਖਵਾਨੀ ਸਨ। ਲੰਘੀ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਉਨ੍ਹਾਂ ਨੇ ਭਾਰਤ ਸਰਕਾਰ ਵੱਲੋਂ ਸਰਬਉੱਚ ਸ਼ਾਂਤੀ-ਵੀਰਤਾ ਪੁਰਸਕਾਰ ਅਸ਼ੋਕ ਚੱਕਰ ਪ੍ਰਦਾਨ ਕੀਤਾ ਗਿਆ।

ਵਾਨੀ ਦੀ ਪਿਛਲੇ ਸਾਲ ਨਵੰਬਰ ਵਿੱਚ ਸ਼ੌਪੀਆਂ ਵਿੱਚ ਕੱਟੜਪੰਥੀਆਂ ਨਾਲ ਮੁਕਾਬਲੇ ਦੌਰਾਨ ਮੌਤ ਹੋ ਗਈ ਸੀ। ਵਾਨੀ ਨੇ ਫੌਜ ਅਤੇ ਇਖ਼ਵਾਨ ਵਿੱਚ ਰਹਿੰਦੇ ਹੋਏ ਦਰਜਨਾਂ ਮੁਕਾਬਲਿਆਂ 'ਚ ਹਿੱਸਾ ਲਿਆ ਸੀ।

ਲਿਆਕਤ ਕਹਿੰਦੇ ਹਨ, "ਮੈਂ ਨਜ਼ੀਰ ਵਾਨੀ ਨੂੰ ਜਾਣਦਾ ਹਾਂ। ਉਹ ਸਾਡੇ ਨਾਲ ਕੰਮ ਕਰਦੇ ਸਨ। ਸਾਨੂੰ ਬਹੁਤ ਮਾਣ ਹੋਇਆ ਜਦੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਅਸ਼ੋਕ ਚੱਕਰ ਦਿੱਤਾ ਜਾ ਰਿਹਾ ਹੈ। ਉਹ ਇੱਕ ਮਾਣ ਵਾਲਾ ਪਲ ਸੀ ਕਿ ਉਨ੍ਹਾਂ ਦੇ ਕੰਮ ਅਤੇ ਤਿਆਗ ਨੂੰ ਪਛਾਣ ਦਿੱਤੀ ਜਾ ਰਹੀ ਸੀ।"

"ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿਨ੍ਹਾਂ ਲੜਾਕਿਆਂ ਨੇ ਕਸ਼ਮੀਰ ਵਿੱਚ ਕੱਟੜਪੰਥ ਦੇ ਖ਼ਿਲਾਫ਼ ਲੜਾਈ ਲੜੀ ਹੈ ਉਨ੍ਹਾਂ ਨੂੰ ਵੀ ਪਛਾਣ ਦਿੱਤੀ ਜਾਣੀ ਚਾਹੀਦੀ ਹੈ।"

ਖ਼ਾਨ ਇਹ ਮੰਨਣ ਲਈ ਤਿਆਰ ਨਹੀਂ ਹੁੰਦੇ ਕਿ ਇਖ਼ਵਾਨੀਆਂ ਦੀ ਲੜਾਈ ਕਸ਼ਮੀਰ ਵਿੱਚ ਪੂਰੇ ਕੱਟੜਪੰਥ ਨਾਲ ਹੈ। ਅਸੀਂ ਕੱਟੜਪੰਥੀ ਸੰਗਠਨ ਹਿਜ਼ਬ (ਹਿਜ਼ਬਲ ਮੁਜਾਹੀਦੀਨ) ਨਾਲ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ। ਇਸ ਲਈ ਅਸੀਂ ਫੌਜ ਕੋਲੋਂ ਸਮਰਥਨ ਮੰਗਿਆ ਅਤੇ ਲੜਾਈ ਸ਼ੁਰੂ ਕੀਤੀ।

ਉਹ ਕਹਿੰਦੇ ਹਨ, "ਕਸ਼ਮੀਰ ਵਿੱਚ ਇਹ ਧਾਰਨਾ ਆਮ ਹੈ ਕਿ ਇਖ਼ਵਾਨ ਨੂੰ ਬਣਾਇਆ ਸੀ ਪਰ ਇਖ਼ਵਾਨ ਨੂੰ ਬਣਾਇਆ ਨਹੀਂ ਸੀ ਗਿਆ । ਉਸ ਵੇਲੇ ਹਾਲਾਤ ਕੁਝ ਇਸ ਤਰ੍ਹਾਂ ਸਨ। ਹਿਜ਼ਬੁਲ ਮੁਜਾਹੀਦੀਨ ਨੇ ਆਜ਼ਾਦੀ ਸਮਰਥਕ ਕੱਟੜਪੰਥੀ ਸਮੂਹਾਂ ਨੂੰ ਵੀ ਮਾਰਨਾ ਸ਼ੁਰੂ ਕਰ ਦਿੱਤਾ ਸੀ। ਅਸੀਂ ਇਸ ਦਾ ਵਿਰੋਧ ਕੀਤਾ ਪਰ ਬਿਨਾਂ ਭਾਰਤੀ ਫੌਜ ਦੀ ਮਦਦ ਨਾਲ ਅਜਿਹਾ ਕਰਨਾ ਸੰਭਵ ਨਹੀਂ ਸੀ। ਅਸੀਂ ਕਸ਼ਮੀਰ ਵਿੱਚ ਸ਼ਾਂਤੀ ਕਾਇਮ ਕਰਨਾ ਚਾਹੁੰਦੇ ਸਨ।"

ਹਾਲਾਂਕਿ, ਖ਼ਾਨ ਮੰਨਦੇ ਹਨ ਕਿ ਇਖ਼ਵਾਨੀ ਵਜੋਂ ਕੰਮ ਕਰਨ ਦੌਰਾਨ ਅਤੇ ਛੱਡਣ ਤੋਂ ਬਾਅਦ ਉਨ੍ਹਾਂ ਦੇ ਆਦਮੀਆਂ ਨੂੰ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪਿਆ।

ਉਹ ਕਹਿੰਦੇ ਹਨ, "ਇਹ ਸੱਚ ਹੈ ਕਿ ਇਖ਼ਵਾਨ ਤੋਂ ਵੱਖ ਹੋਣ ਤੋਂ ਬਾਅਦ ਸਾਡੇ ਮੁੰਡਿਆਂ ਨੂੰ ਘਰ ਅਤੇ ਆਪਣੇ ਸਮਾਜ ਵਿੱਚ ਵਾਪਸ ਜਾਣਾ ਪਿਆ। ਲੋਕ ਸਾਨੂੰ ਮਿਲਣ ਤੋਂ ਕਤਰਾਉਣ ਲੱਗੇ। ਰਿਸ਼ਤੇਦਾਰਾਂ ਨੇ ਵੀ ਸਾਡੇ ਕੋਲੋਂ ਦੂਰੀ ਬਣਾ ਲਈ ਇੱਥੋਂ ਤੱਕ ਕਿ ਸਾਡੇ ਇੱਕ ਇਖ਼ਵਾਨੀ ਮੁੰਡੇ ਨੂੰ ਮਸਜਿਦ ਵਿੱਚ ਨਮਾਜ਼ ਤੱਕ ਨਹੀਂ ਪੜ੍ਹਣ ਦਿੱਤੀ ਗਈ।"

ਇਖ਼ਵਾਨੀਆਂ 'ਤੇ ਗੰਭੀਰ ਇਲਜ਼ਾਮ

ਕਸ਼ਮੀਰ ਦੇ ਲੋਕ ਇਖ਼ਵਾਨੀਆਂ ਉੱਪਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਉਂਦੇ ਹਨ।

ਸ਼੍ਰੀਨਗਰ ਵਿੱਚ ਵਕੀਲ ਅਤੇ ਮਨੁੱਖੀ ਅਧਿਕਾਰ ਕਾਰਕੁਨ ਪਰਵੇਜ਼ ਇਮਰੋਜ਼ ਇਖ਼ਵਾਨੀਆਂ ਨੂੰ ਫੌਜ, ਸਿਆਸਤਦਾਨਾਂ ਅਤੇ ਲੁਕੇ ਹੋਏ ਹੋਰਨਾਂ ਲੋਕਾਂ ਵੱਲੋਂ ਇਸਤੇਮਾਲ ਕੀਤੇ ਗਏ ਸਭ ਤੋਂ ਖ਼ਤਰਨਾਕ ਅਤੇ ਬਦਨਾਮ ਬਲ ਕਹਿੰਦੇ ਹਨ।

ਪਰਵੇਜ਼ ਕਹਿੰਦੇ ਹਨ, "ਇਖ਼ਵਾਨ ਦਾ ਗਠਨ ਕਸ਼ਮੀਰ ਨਾਲ ਕੱਟੜਪੰਥੀਆਂ ਦੇ ਖ਼ਾਤਮੇ ਲਈ ਹੋਇਆ ਸੀ ਪਰ ਕੱਟੜਪੰਥੀਆਂ ਤੋਂ ਇਲਾਵਾ ਉਨ੍ਹਾਂ ਨੇ ਨਿਰਦੋਸ਼ ਲੋਕਾਂ ਦੀ ਵੀ ਜਾਨ ਲਈ। ਸਿਆਸੀ ਕਾਰਕੁਨਾਂ ਨੂੰ ਮਾਰਿਆ ਅਤੇ ਜ਼ਬਰਨ ਵਸੂਲੀ ਤੱਕ ਕੀਤੀ।"

ਇਖ਼ਵਾਨ ਦੇ ਸੰਸਥਾਪਕ ਮੁਹੰਮਦ ਯੁਸੂਫ਼ ਪੈਰੀ ਉਰਫ਼ ਕੂਕਾ ਪੈਰੀ ਦਾ ਸਾਲ 2003 ਵਿੱਚ ਬਾਂਦੀਪੋਰਾ ਜ਼ਿਲੇ ਵਿੱਚ ਇੱਕ ਕੱਟੜਪੰਥੀ ਹਮਲੇ 'ਚ ਕਤਲ ਕਰ ਦਿੱਤਾ ਗਿਆ ਸੀ।

'ਇਖ਼ਵਾਨੀਆਂ ਦੀ ਸਿਆਸੀ ਵਰਤੋਂ'

ਸਾਬਕਾ ਗ੍ਰਹਿ ਰਾਜ ਮੰਤਰੀ ਅਤੇ ਨੈਸ਼ਨਲ ਕਾਨਫੰਰਸ ਦੇ ਸਿਰਮੌਰ ਆਗੂ ਅਲੀ ਮੁਹੰਮਦ ਸਾਗਰ ਇਖਵਾਨ ਦੇ ਸਮੇਂ ਦੌਰਾਨ ਰਾਜ ਮੰਤਰੀ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦੀ ਕੁਝ ਸਿਆਸੀ ਧੜਿਆਂ ਨੇ ਵਰਤੋਂ ਕੀਤੀ ਅਤੇ ਫਿਰ ਸੁੱਟ ਦਿੱਤੇ।

ਉਹ ਕਹਿੰਦੇ ਹਨ, ਮੈਂ ਹਮੇਸ਼ਾ ਉਨ੍ਹਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੇ ਖ਼ਿਲਾਫ ਰਿਹਾ ਸੀ। ਕਾਸਿਮ ਇਖ਼ਵਾਨੀ ਦੇ ਬਾਰੇ ਦਸਦੇ ਹਨ ਕਿ ਉਨ੍ਹਾਂ ਨੇ ਸ਼ਿਕਾਇਤ ਮਿਲਣ ਤੇ ਕਾਸਿਮ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਸਨ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਸ ਸਮੇਂ ਉਹ ਮੰਤਰੀ ਸਨ ਅਤੇ ਇਖਵਾਨ ਵਿੱਚ ਸ਼ਾਮਲ ਕੁਝ ਲੋਕ ਸਰਕਾਰ ਤੇ ਉਨ੍ਹਾਂ ਦੀ ਅਣਦੇਖੀ ਕਰਨ ਦਾ ਇਲਜ਼ਾਮ ਲਾਉਂਦੇ ਹਨ, ਤਾਂ ਉਨ੍ਹਾਂ ਕਿਹਾ, “ ਉਨ੍ਹਾਂ ਨੂੰ ਦਿੱਲੀ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨਾਲ ਕਿਸ ਕਿਸਮ ਦੇ ਵਾਅਦੇ ਕੀਤੇ ਗਏ ਸਨ।”

ਜੰਮੂ ਕਸ਼ਮੀਰ ਦੀ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਅਤੇ ਨੈਸ਼ਨਲ ਕਾਨਫਰੰਸ ਇੱਕ ਦੂਸਰੇ ਨੂੰ ਕਸ਼ਮੀਰ ਵਿੱਚ ਇਖ਼ਵਾਨ ਦਸਤਾ ਬਣਾਉਣ ਦੇ ਇਲਜ਼ਾਮ ਲਾਉਂਦੀਆਂ ਰਹੀਆਂ ਹਨ।

2003 ਵਿੱਚ ਪੀਡੀਪੀ ਅਤੇ ਕਾਂਗਰਸ ਦੇ ਗੱਠਜੋੜ ਵਾਲੀ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਇਖਵਾਨ ਦਸਤੇ ਭੰਗ ਕਰ ਦਿੱਤੇ ਅਤੇ ਉਨ੍ਹਾਂ ਦੇ ਹਥਿਆਰ ਵਾਪਸ ਲੈ ਲਏ ਗਏ।

ਸਾਬਕਾ ਪੁਲਿਸ ਮੁਖੀ ਅਤੇ ਲੇਖਕ ਅਲੀ ਮੁਹੰਮਦ ਵਟਾਲੀ ਨੇ ਬੀਬੀਸੀ ਨੂੰ ਦੱਸਿਆ ਕਿ ਇਖ਼ਵਾਨ ਦਸਤਿਆਂ ਦੀ ਕਸ਼ਮੀਰ ਵਿੱਚ ਕੱਟੜਪੰਥ-ਵਿਰੋਧੀ ਮੁਹਿੰਮਾਂ ਵਿੱਚ ਭੂਮਿਕਾ ਰਹੀ ਸੀ।

ਵਟਾਲੀ ਕਹਿੰਦੇ ਹਨ, “ਉਹ ਕੁਝ ਸਿਖਲਾਈ ਹਾਸਲ ਅੱਤਵਾਦੀਆਂ ਦਾ ਇੱਕ ਸਮੂਹ ਸੀ ਜਿਨ੍ਹਾਂ ਨੇ ਕੱਟੜਪੰਥ ਵਿਰੋਧੀ ਮੁਹਿੰਮਾਂ ਵਿੱਚ ਭਾਗ ਲਿਆ ਸੀ। ਕੁਝ ਅਜਿਹੇ ਸਿਆਸਤਦਾਨ ਵੀ ਨਿਸ਼ਾਨੇ ’ਤੇ ਸਨ ਜਿਨ੍ਹਾਂ ਦਾ ਉਨ੍ਹਾਂ ਨੂੰ ਕੱਟੜਪੰਥੀਆਂ ਨਾਲ ਸੰਬੰਧ ਲਗਦਾ ਸੀ। ਉਸ ਦੌਰਾਨ ਉਨ੍ਹਾਂ ਨੇ ਕਸ਼ਮੀਰ ਤੋਂ ਕੱਟੜਪੰਥ ਦੀ ਸਫ਼ਾਈ ਕਰ ਦਿੱਤੀ ਸੀ। ਮੈਨੂੰ ਜਾਣਕਾਰੀ ਨਹੀਂ ਕਿ ਸਾਰਿਆਂ ਦਾ ਮੁੜ-ਵੇਸੇਬਾ ਕੀਤਾ ਗਿਆ ਜਾਂ ਨਹੀਂ।”

ਇਹ ਵੀ ਪੜ੍ਹੋ-

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)