ਪ੍ਰੇਮੀ ਲੱਭਣ ਲਈ ਔਰਤਾਂ ਨੂੰ ਮਿਲ ਰਹੀ ‘ਡੇਟਿੰਗ ਲੀਵ’ ਪਿੱਛੇ ਚੀਨ ਦੀ ਸੱਚਾਈ

ਚੀਨ ਦੇ ਕੈਲੰਡਰ ਮੁਤਾਬਕ ਨਵੇਂ ਸਾਲ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਹਨ ਪਰ ਕੁਝ ਲੋਕ ਬਾਕੀਆਂ ਨਾਲੋਂ ਜ਼ਿਆਦਾ ਖੁਸ਼ਕਿਸਮਤ ਹਨ। ਇਨ੍ਹਾਂ ਨੂੰ ਸੱਤ ਛੁੱਟੀਆਂ ਉੱਪਰੋਂ ਅੱਠ ਛੁੱਟੀਆਂ ਹੋਰ ਮਿਲ ਰਹੀਆਂ ਹਨ।

ਸ਼ਰਤ: ਛੁੱਟੀ ਲੈਣ ਵਾਲੀ ਔਰਤ ਹੋਵੇ, ਉਸ ਦਾ ਵਿਆਹ ਨਾ ਹੋਇਆ ਹੋਵੇ ਅਤੇ ਕਿਸੇ ਨਾਲ ਪ੍ਰੇਮ ਸੰਬੰਧ ਵੀ ਨਾ ਹੋਵੇ, ਉਮਰ 30 ਤੇ 40 ਦੇ ਵਿਚਾਲੇ ਹੋਵੇ।

ਟੀਚਾ: ਅਜਿਹੀਆਂ ਔਰਤਾਂ ਨੂੰ ਪਿਆਰ ਲੱਭਣ ਦਾ ਪੂਰਾ ਮੌਕਾ ਮਿਲਣਾ ਚਾਹੀਦਾ ਹੈ।

ਇਹ 'ਡੇਟਿੰਗ ਲੀਵ' ਪੂਰਬੀ ਚੀਨ ਦੇ ਹਾਂਗਜ਼ੂ ਸ਼ਹਿਰ ਵਿੱਚ ਇੱਕ ਸੈਲਾਨੀ ਪਾਰਕ ਵਿੱਚ ਕੰਮ ਸਾਂਭਦੀਆਂ ਦੋ ਕੰਪਨੀਆਂ ਨੇ ਉਨ੍ਹਾਂ ਮੁਲਾਜ਼ਮਾਂ ਨੂੰ ਦਿੱਤੀ ਹੈ ਜਿਨ੍ਹਾਂ ਦਾ ਕੰਮ ਰੋਜ਼ਾਨਾ ਦੇ ਕੰਮਕਾਜ ਲਈ ਬਹੁਤ ਜ਼ਰੂਰੀ ਨਹੀਂ ਹੈ।

'ਸਾਊਥ ਚਾਈਨਾ ਮੋਰਨਿੰਗ ਪੋਸਟ' ਅਖ਼ਬਾਰ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਇਸੇ ਸ਼ਹਿਰ ਵਿੱਚ ਇੱਕ ਸਕੂਲ ਵੀ ਅਜਿਹੀ 'ਲਵ ਲੀਵ' ਦੇ ਚੁੱਕਾ ਹੈ।

ਇਹ ਵੀ ਜ਼ਰੂਰ ਪੜ੍ਹੋ

'ਬਚੀਆਂ-ਖੁਚੀਆਂ ਔਰਤਾਂ'

ਚੀਨ ਵਿੱਚ 30 ਦੀ ਉਮਰ ਦੇ ਨੇੜੇ ਦੀਆਂ ਅਣਵਿਆਹੀਆਂ ਔਰਤਾਂ ਨੂੰ ਹਿਕਾਰਤ ਨਾਲ ਵੇਖਿਆ ਜਾਂਦਾ ਹੈ ਅਤੇ ਉਨ੍ਹਾਂ ਲਈ ਮਾੜੀ ਸ਼ਬਦਾਵਲੀ ਵਰਤੀ ਜਾਂਦੀ ਹੈ। ਉਨ੍ਹਾਂ ਨੂੰ 'ਸ਼ੇਂਗ ਨੂ' ਜਾਂ 'ਬਚੀਆਂ ਖੁਚੀਆਂ ਔਰਤਾਂ' ਕਿਹਾ ਜਾਂਦਾ ਹੈ।

ਪਰ ਅਣਵਿਆਹੇ ਰਹਿ ਜਾਣਾ ਪਹਿਲਾਂ ਨਾਲੋਂ ਆਮ ਹੋਣ ਲੱਗਾ ਹੈ ਕਿਉਂਕਿ ਲੋਕ ਆਪਣੀ ਨੌਕਰੀ ਅਤੇ ਖੁਦ ਦੀ ਜ਼ਿੰਦਗੀ ਉੱਪਰ ਹੋਰ ਜ਼ਿਆਦਾ ਧਿਆਨ ਦੇਣ ਲੱਗੇ ਹਨ।

ਫਿਰ ਵੀ ਔਰਤਾਂ ਉੱਪਰ ਸਮਾਜਿਕ ਦਬਾਅ ਹਨ ਕਿ ਉਹ ਵਿਆਹ ਕਰਵਾਉਣ, ਕਿਉਂਕਿ ਸਰਕਾਰ ਵੀ ਚੀਨ ਦੇ ਆਬਾਦੀ ਦੀ ਔਸਤਨ ਵਧਦੀ ਉਮਰ ਬਾਰੇ ਫ਼ਿਕਰਮੰਦ ਹੈ।

ਇਸ ਨਾਲ ਜੁੜੇ ਮਸਲਿਆਂ ਉੱਪਰ ਦੋ ਕਿਤਾਬਾਂ ('ਲੈਫਟਓਵਰ ਵਿਮੈਨ' ਅਤੇ 'ਬਿਟਰੇਇੰਗ ਬਿਗ ਬ੍ਰਦਰ') ਦੀ ਲੇਖਿਕਾ, ਲੈਟਾ ਹੋਂਗ ਫਿੰਚਰ ਦਾ ਮੰਨਣਾ ਹੈ ਕਿ ਇਹ 'ਡੇਟਿੰਗ ਲੀਵ' ਅਸਲ ਵਿੱਚ ਸਰਕਾਰ ਵੱਲੋਂ ਹੀ ਕੀਤਾ ਪ੍ਰਚਾਰ ਹੈ ਜਿਸ ਮੁਤਾਬਕ ਔਰਤਾਂ ਲਈ ਵਿਆਹ ਟਜ਼ਰੂਰੀ' ਸਮਝਿਆ ਜਾਂਦਾ ਹੈ।

ਉਨ੍ਹਾਂ ਕਿਹਾ, "ਇਹ ਡੇਟਿੰਗ ਲੀਵ ਉਸੇ ਮਾਨਸਿਕਤਾ ਨੂੰ ਹੁੰਗਾਰਾ ਦੇਵੇਗੀ ਜਿਹੜੀ ਮਾਨਸਿਕਤਾ ਅਣਵਿਆਹੀਆਂ ਔਰਤਾਂ ਨੂੰ ਨੀਵੀਆਂ ਨਜ਼ਰ ਨਾਲ ਵੇਖਣ ਪਿੱਛੇ ਅਸਲ ਕਾਰਨ ਹੈ।"

ਇਹ ਵੀ ਜ਼ਰੂਰ ਪੜ੍ਹੋ

ਬੀਬੀਸੀ ਨਾਲ ਗੱਲ ਕਰਦਿਆਂ ਫਿੰਚਰ ਨੇ ਇਹ ਵੀ ਕਿਹਾ, "ਸਰਕਾਰ ਤਾਂ ਚਾਹੁੰਦੀ ਹੈ ਕਿ ਔਰਤਾਂ — ਖਾਸ ਤੌਰ 'ਤੇ ਪੜ੍ਹੀਆਂ-ਲਿਖੀਆਂ ਔਰਤਾਂ — ਵਿਆਹ ਕਰਵਾ ਕੇ ਬੱਚੇ ਪੈਦਾ ਕਰਨ।"

ਘਟਦੀ ਜਨਮ ਦਰ

ਚੀਨ ਨੇ ਇੱਕ-ਪਰਿਵਾਰ-ਇੱਕ-ਬੱਚਾ ਦੀ ਨੀਤੀ ਨੂੰ 2015 'ਚ ਖਤਮ ਕਰ ਦਿੱਤਾ ਸੀ ਪਰ ਜਨਮ ਦਰ ਫਿਰ ਵੀ ਲਗਾਤਾਰ ਡਿੱਗ ਰਹੀ ਹੈ। 2018 ਵਿੱਚ 1.5 ਕਰੋੜ ਜਨਮ ਹੋਏ, ਜੋ ਕਿ 2017 ਨਾਲੋਂ 20 ਲੱਖ ਘੱਟ ਸਨ। 2013 ਤੋਂ ਬਾਅਦ ਹਰ ਸਾਲ ਵਿਆਹ ਦਰ ਵੀ ਘਟਦੀ ਰਹੀ ਹੈ।

ਲੇਖਿਕਾ ਹੋਂਗ ਫਿੰਚਰ ਮੁਤਾਬਕ ਚੀਨ ਵਿੱਚ ਲਿੰਗਕ ਅਸੰਤੁਲਨ ਹੈ ਜਿਸ ਪਿੱਛੇ ਇੱਕ-ਬੱਚਾ ਨੀਤੀ ਹੈ ਜੋ ਲੋਕਾਂ ਨੂੰ ਮੁੰਡੇ ਪੈਦਾ ਕਰਨ ਵੱਲ ਧਕਦੀ ਰਹੀ ਹੈ। "ਚੀਨ ਵਿੱਚ ਔਰਤਾਂ ਦੀ ਘਾਟ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇਸ ਵੇਲੇ ਚੀਨ ਵਿੱਚ ਔਰਤਾਂ ਨਾਲੋਂ 3 ਕਰੋੜ ਵੱਧ ਮਰਦ ਹਨ।"

ਜਾਣਕਾਰ ਕਹਿੰਦੇ ਹਨ ਕਿ 50 ਸਾਲਾਂ ਬਾਅਦ ਚੀਨ ਦੀ ਆਬਾਦੀ ਮੌਜੂਦਾ 1.4 ਅਰਬ ਤੋਂ ਘੱਟ ਕੇ 1.2 ਅਰਬ ਹੋ ਸਕਦੀ ਹੈ।

ਆਬਾਦੀ ਦੀ ਵਧਦੀ ਉਮਰ ਨਾਲ ਸਰਕਾਰ ਦੇ ਲੋਕ ਭਲਾਈ ਅਤੇ ਵਿੱਤੀ ਵਿਭਾਗਾਂ ਉੱਪਰ ਦਬਾਅ ਵੀ ਵੱਧ ਜਾਵੇਗਾ।

ਸਾਥੀ ਲੱਭਣਾ ਹੋਇਆ ਔਖਾ

ਜੇ ਹਾਲੀਆ ਮੁੱਦੇ 'ਤੇ ਵਾਪਸ ਜਾਈਏ ਤਾਂ ਅਜੇ ਇਹ ਸਾਫ ਨਹੀਂ ਹੈ ਕਿ ਇਹ 'ਡੇਟਿੰਗ ਲੀਵ' ਕਿਸੇ ਨੂੰ ਸਾਥੀ ਲੱਭਣ ਵਿੱਚ ਕਿਵੇਂ ਸਹਾਇਤਾ ਕਰੇਗੀ। ਕੀ ਇਸ ਨਾਲ ਕਿਸੇ ਨੂੰ ਪਤੀ ਲੱਭ ਜਾਵੇਗਾ ਅਤੇ ਫਿਰ ਬੱਚੇ ਵੀ ਜ਼ਰੂਰ ਹੋ ਜਾਣਗੇ?

ਇਹ ਵੀ ਜ਼ਰੂਰ ਪੜ੍ਹੋ

ਇਹ ਛੁੱਟੀ ਦੇਣ ਵਾਲੀ ਇੱਕ ਕੰਪਨੀ ਹਾਂਗਜ਼ੂ ਸੋਂਗਚੇਂਗ ਪਰਫਾਰਮੈਂਸ ਦੇ ਅਧਿਕਾਰੀ ਊਆਂਗ ਲੀ ਨੇ ਇੱਕ ਨਿਊਜ਼ ਵੈੱਬਸਾਈਟ ਨੂੰ ਦੱਸਿਆ, "ਕੁਝ ਮਹਿਲਾ ਮੁਲਾਜ਼ਮਾਂ ਦਾ ਬਾਹਰਲੀ ਦੁਨੀਆਂ ਨਾਲ ਸੰਵਾਦ ਬਹੁਤ ਘੱਟ ਹੈ। ਸਾਨੂੰ ਉਮੀਦ ਹੈ ਕਿ ਜ਼ਿਆਦਾ ਛੁੱਟੀਆਂ ਮਿਲਣ ਨਾਲ ਉਨ੍ਹਾਂ ਨੂੰ ਹੋਰ ਵੀ ਸਮਾਂ ਮਿਲੇਗਾ ਜਿਸ ਵਿੱਚ ਉਹ ਮਰਦਾਂ ਨਾਲ ਮਿਲ ਸਕਣਗੀਆਂ।"

ਉਨ੍ਹਾਂ ਮੁਤਾਬਕ ਕਰਮੀ ਇਸ ਛੁੱਟੀ ਨਾਲ ਬਹੁਤ ਖੁਸ਼ ਹਨ।

ਪਰ ਲੇਖਿਕਾ ਹੋਂਗ ਫਿੰਚਰ ਮੁਤਾਬਕ ਇਹ ਕਦਮ ਬਹੁਤਾ ਕਾਮਯਾਬ ਨਹੀਂ ਹੋਣਾ। "ਇਹ ਵੀ ਇੱਕ ਹੋਰ ਨਵਾਂ ਪ੍ਰਯੋਗ ਹੈ... ਪਰ ਔਰਤਾਂ ਨੂੰ ਹੁਣ ਵਿਆਹ ਕਰਵਾਉਣ ਜਾਂ ਬੱਚੇ ਪੈਦਾ ਕਰਨ ਦੀ ਬਹੁਤੀ ਕਾਹਲੀ ਨਹੀਂ ਹੈ।"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)