ਭਾਰਤ ’ਚ 2014 ਤੋਂ ਬਾਅਦ ‘ਅੱਤਵਾਦੀ’ ਹਮਲਾ ਨਾ ਹੋਣ ਦਾ ਦਾਅਵਾ ਕਿੰਨਾ ਸੱਚਾ

    • ਲੇਖਕ, ਰਿਐਲਿਟੀ ਚੈੱਕ
    • ਰੋਲ, ਬੀਬੀਸੀ ਨਿਊਜ਼

ਦਾਅਵਾ: ਭਾਰਤ ਵਿੱਚ 2014 ਤੋਂ ਹੁਣ ਤਕ ਨਰਿੰਦਰ ਮੋਦੀ ਦੀ ਸਰਕਾਰ ਦੌਰਾਨ ਕੋਈ ਵੀ ਵੱਡਾ ਅੱਤਵਾਦੀ ਹਮਲਾ ਨਹੀਂ ਹੋਇਆ ਹੈ।

ਅਸਲੀਅਤ: ਅਧਿਕਾਰਤ ਅਤੇ ਹੋਰਨਾਂ ਥਾਵਾਂ ਤੋਂ ਲਏ ਅੰਕੜੇ ਸਾਫ ਦਿਖਾਉਂਦੇ ਹਨ ਕਿ ਭਾਰਤ ਵਿੱਚ 2014 ਤੋਂ ਬਾਅਦ ਵੀ ਕਈ ਚਰਮਪੰਥੀ ਅਤੇ ਵੱਖਵਾਦੀ ਹਿੰਸਕ ਹਮਲੇ ਹੋਏ ਹਨ। ਸਰਕਾਰ ਖੁਦ ਇਨ੍ਹਾਂ ਨੂੰ "ਵੱਡੇ" ਹਮਲਿਆਂ ਵਜੋਂ ਪਰਿਭਾਸ਼ਤ ਕਰਦੀ ਹੈ।

ਕੁਝ ਦਿਨ ਪਹਿਲਾਂ ਹੀ ਇੱਕ ਭਾਸ਼ਣ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਵੱਡੀ ਆਗੂ ਅਤੇ ਭਾਰਤ ਦੀ ਰੱਖਿਆ ਮੰਤਰੀ ਨਿਰਮਲ ਸੀਤਾਰਮਨ ਨੇ ਇੱਕ ਵੱਡਾ ਦਾਅਵਾ ਕੀਤਾ।

"ਸਾਡੇ ਦੇਸ਼ ਵਿੱਚ 2014 ਤੋਂ ਬਾਅਦ ਕੋਈ ਵੱਡਾ ਅੱਤਵਾਦੀ ਹਮਲਾ ਨਹੀਂ ਹੋਇਆ ਹੈ।"

ਉਨ੍ਹਾਂ ਅੱਗੇ ਕਿਹਾ, "ਬਾਰਡਰ ਉੱਪਰ ਕੁਝ ਅਸ਼ਾਂਤੀ ਜ਼ਰੂਰ ਹੁੰਦੀ ਰਹਿੰਦੀ ਹੈ ਪਰ ਭਾਰਤੀ ਫੌਜ ਨੇ ਦੇਸ਼ 'ਚ ਵੜਦੇ ਹਰ ਖਤਰੇ ਨੂੰ ਬਾਰਡਰ ਉੱਪਰ ਹੀ ਖਤਮ ਕਰ ਦਿੱਤਾ ਹੈ।"

ਇਹ ਵੀ ਜ਼ਰੂਰ ਪੜ੍ਹੋ

ਇਹ ਦਾਅਵੇ ਵਿਵਾਦ ਦਾ ਕਰਨ ਬਣ ਗਏ ਹਨ, ਸਵਾਲ ਉੱਥੇ ਹਨ ਕਿ "ਵੱਡੇ" ਹਮਲੇ ਦਾ ਮਤਲਬ ਕੀ ਮੰਨਿਆ ਜਾਵੇ, ਕਿਉਂਕਿ ਹਮਲੇ ਤਾਂ ਕਈ ਹੋਏ ਹਨ।

ਵਿਰੋਧੀ ਧਿਰ ਬੋਲੇ...

ਕਾਂਗਰਸ ਆਗੂ ਅਤੇ ਯੂਪੀਏ ਸਰਕਾਰ ਵਿੱਚ ਮੰਤਰੀ ਰਹੇ ਪੀ. ਚਿਦੰਬਰਮ ਨੇ ਟਵਿੱਟਰ ਉੱਪਰ ਲਿਖਿਆ, "ਕੀ ਰੱਖਿਆ ਮੰਤਰੀ ਭਾਰਤ ਦਾ ਨਕਸ਼ਾ ਲੈ ਕੇ ਉਸ ਉੱਪਰ ਪਠਾਨਕੋਟ ਤੇ ਉੜੀ ਲੱਭਣਗੇ?"

ਉਨ੍ਹਾਂ ਦਾ ਇਸ਼ਾਰਾ 2016 ਵਿੱਚ ਹੋਏ ਦੋ ਹਮਲਿਆਂ ਵੱਲ ਸੀ:

  • 2016 ਦੇ ਜਨਵਰੀ ਮਹੀਨੇ 'ਚ ਪਠਾਨਕੋਟ ਦੇ ਫੌਜੀ ਬੇਸ ਉੱਪਰ ਹਮਲੇ 'ਚ ਸੱਤ ਭਾਰਤੀ ਸੈਨਿਕ ਅਤੇ ਛੇ ਹਮਲਾਵਰ ਮਾਰੇ ਗਏ ਸਨ। ਇਸ ਦਾ ਇਲਜ਼ਾਮ ਪਾਕਿਸਤਾਨ-ਸਥਿਤ ਇੱਕ ਸੰਗਠਨ ਉੱਪਰ ਲਗਾਇਆ ਗਿਆ ਹੈ।
  • ਚਾਰ ਹਮਲਾਵਰਾਂ ਨੇ ਜੰਮੂ-ਕਸ਼ਮੀਰ ਦੇ ਉੜੀ ਵਿੱਚ ਇੱਕ ਆਰਮੀ ਬੇਸ ਉੱਪਰ ਹਮਲਾ ਕੀਤਾ ਅਤੇ 17 ਫੌਜੀਆਂ ਨੂੰ ਮਾਰ ਦਿੱਤਾ ਸੀ।

ਸਰਕਾਰੀ ਅੰਕੜੇ

ਭਾਰਤੀ ਸਰਕਾਰ ਅੰਦਰੂਨੀ ਖਤਰਿਆਂ ਨੂੰ ਚਾਰ ਕਿਸਮਾਂ ਦਾ ਮੰਨਦੀ ਹੈ।

  • ਭਾਰਤ-ਪ੍ਰਸ਼ਾਸਿਤ ਕਸ਼ਮੀਰ ਖਿੱਤੇ ਵਿੱਚ ਘਟਨਾਵਾਂ
  • ਉੱਤਰ-ਪੂਰਵੀ ਖਿੱਤੇ ਵਿੱਚ ਹਮਲੇ
  • ਕਈ ਇਲਾਕਿਆਂ 'ਚ ਖੱਬੇਪੱਖੀ ਹਿੰਸਾ
  • ਬਾਕੀ ਦੇਸ਼ ਵਿੱਚ ਅੱਤਵਾਦੀ ਹਮਲੇ

ਇਨ੍ਹਾਂ ਅਧਿਕਾਰਤ ਅੰਕੜਿਆਂ ਮੁਤਾਬਕ ਹੀ 2015 ਅਤੇ 2016 ਦੋਵਾਂ ਸਾਲਾਂ ਵਿੱਚ ਇੱਕ-ਇੱਕ "ਵੱਡਾ ਅੱਤਵਾਦੀ ਹਮਲਾ" ਹੋਇਆ ਸੀ। ਇਹ ਅੰਕੜੇ ਸੰਸਦ ਵਿੱਚ ਵੀ ਪੇਸ਼ ਕੀਤੇ ਗਏ ਸਨ। 'ਬਾਕੀ ਦੇਸ਼ ਵਿੱਚ ਅੱਤਵਾਦੀ ਹਮਲੇ' ਮੰਨੇ ਜਾਂਦੇ ਹਮਲਿਆਂ ਬਾਰੇ ਹੀ "ਵੱਡਾ" ਸ਼ਬਦ ਵਰਤਿਆ ਗਿਆ ਹੈ।

ਵੱਡਾ ਹਮਲਾ ਮਤਲਬ?

ਸੁਰੱਖਿਆ ਮਸਲਿਆਂ ਦੇ ਵਿਸ਼ਲੇਸ਼ਕ ਅਜੇ ਸ਼ੁਕਲਾ ਮੁਤਾਬਕ, "ਇਹ ਧਾਰਨਾ ਦੀ ਗੱਲ ਹੈ, ਕਿਉਂਕਿ ਅਜਿਹਾ ਕੋਈ ਸਰਕਾਰੀ ਦਸਤਾਵੇਜ਼ ਨਹੀਂ ਜਿਸ ਵਿੱਚ ਵੱਡੇ-ਛੋਟੇ ਦਾ ਫਰਕ ਦੱਸਿਆ ਹੋਵੇ।"

"ਇਹ ਪਰਿਭਾਸ਼ਾ ਉਂਝ ਕਈ ਚੀਜ਼ਾਂ 'ਤੇ ਨਿਰਭਰ ਹੈ, ਜਿਵੇਂ ਕਿ ਹਮਲੇ ਦੀ ਥਾਂ, ਹਮਲੇ ਨੂੰ ਅੰਜਾਮ ਦੇਣ ਵਾਲੇ ਦੀ ਪਛਾਣ, ਹਮਲੇ ਦਾ ਸੰਕੇਤਕ ਅਸਰ।"

ਬੀਬੀਸੀ ਨੇ ਪਰਿਭਾਸ਼ਾ ਬਾਰੇ ਭਾਰਤ ਸਰਕਾਰ ਤੋਂ ਪੁੱਛਿਆ ਤਾਂ ਇਸ ਲੇਖ ਦੇ ਲਿਖੇ ਜਾਨ ਤਕ ਕੋਈ ਜਵਾਬ ਨਹੀਂ ਆਇਆ।

ਇਹ ਵੀ ਜ਼ਰੂਰ ਪੜ੍ਹੋ

ਇੱਕ ਗੈਰ-ਸਰਕਾਰੀ ਸੰਗਠਨ, ਸਾਊਥ ਏਸ਼ੀਅਨ ਟੈਰਰਿਜ਼ਮ ਪੋਰਟਲ ਆਪਣੇ ਵੱਲੋਂ ਇੱਕ ਪਰਿਭਾਸ਼ਾ ਦਿੰਦਾ ਹੈ। ਇਸ ਮੁਤਾਬਕ ਤਿੰਨ ਨਾਲੋਂ ਜ਼ਿਆਦਾ ਮੌਤਾਂ ਹੋਣ ਤਾਂ ਮਤਲਬ ਵੱਡਾ ਹਮਲਾ ਸੀ, ਭਾਵੇਂ ਮੌਤਾਂ ਨਾਗਰਿਕਾਂ ਦੀਆਂ ਹੋਣ ਜਾਂ ਫੌਜੀਆਂ ਦੀਆਂ।

ਇਸ ਪੋਰਟਲ ਮੁਤਾਬਕ 2014 ਤੋਂ 2018 ਦੇ ਵਕਫ਼ੇ 'ਚ ਭਾਰਤ ਵਿੱਚ 388 ਵੱਡੇ ਹਮਲੇ ਹੋਏ। ਇਹ ਅੰਕੜਾ ਸਰਕਾਰੀ ਅੰਕੜੇ ਨੂੰ ਆਧਾਰ ਬਣਾਉਂਦਾ ਹੈ।

ਹਿੰਸਾ ਕਿੱਥੇ ਵਧੀ ਹੈ?

ਸਾਨੂੰ ਇਹ ਵੀ ਵੇਖਣਾ ਚਾਹੀਦਾ ਹੈ ਕਿ ਹਿੰਸਾ ਕਿਵੇਂ ਬਦਲੀ ਹੈ।

2009 ਤੋਂ 2013 ਦੌਰਾਨ, ਜਦੋਂ ਕਾਂਗਰਸ ਦੀ ਯੂਪੀਏ ਗੱਠਜੋੜ ਦੀ ਸਰਕਾਰ ਸੀ, ਸਰਕਾਰੀ ਅੰਕੜੇ ਕਹਿੰਦੇ ਹਨ ਕਿ "ਬਾਕੀ ਭਾਰਤ ਵਿੱਚ 15 ਵੱਡੇ ਅੱਤਵਾਦੀ ਹਮਲੇ" ਹੋਏ। ਇਹ ਅੰਕੜਾ ਮੌਜੂਦਾ ਸਰਕਾਰ ਦੇ ਅੰਕੜੇ ਨਾਲੋਂ ਕਾਫੀ ਜ਼ਿਆਦਾ ਹੈ।

ਇਹ ਵੀ ਜ਼ਰੂਰ ਪੜ੍ਹੋ

ਪਰ ਭਾਰਤ-ਪ੍ਰਸ਼ਾਸਿਤ ਕਸ਼ਮੀਰ ਵਿੱਚ ਹਮਲੇ 2009 ਤੋਂ 2014 ਵਿਚਕਾਰ ਲਗਾਤਾਰ ਘਟ ਰਹੇ ਸਨ, ਜਦਕਿ ਇਸ ਮੌਜੂਦਾ ਸਰਕਾਰ ਹੇਠਾਂ ਇਹ ਮੁੜ ਵਧੇ ਹਨ।

ਸੁਰੱਖਿਆ ਵਿਸ਼ਲੇਸ਼ਕ ਅਜੇ ਸਾਹਨੀ ਮੁਤਾਬਕ ਸਿਰਫ 2018 ਵਿੱਚ ਹੀ ਇੱਥੇ ਅੱਤਵਾਦ-ਸਬੰਧਤ ਹਿੰਸਾ ਵਿੱਚ 451 ਮੌਤਾਂ ਹੋਈਆਂ ਜੋ ਕਿ ਇੱਕ ਦਹਾਕੇ ਵਿੱਚ ਸਭ ਤੋਂ ਜ਼ਿਆਦਾ ਸਨ। ਇਸ ਤੋਂ ਪਹਿਲਾ ਇਸ ਤੋਂ ਜ਼ਿਆਦਾ ਮੌਤਾਂ 2008 ਵਿੱਚ ਹੋਈਆਂ ਸਨ ਜਦੋਂ ਕਾਂਗਰਸ ਸੱਤਾ 'ਚ ਸੀ।

ਭਾਰਤ ਦੇ ਉੱਤਰ-ਪੂਰਵੀ ਖਿੱਤੇ ਵਿੱਚ 2012 ਨੂੰ ਛੱਡ ਦੇਈਏ ਤਾਂ ਹਿੰਸਾ ਲਗਾਤਾਰ ਘਟੀ ਹੈ ਅਤੇ 2015 ਤੋਂ ਨਾਗਰਿਕਾਂ ਦੀਆਂ ਮੌਤਾਂ ਦਾ ਅਧਿਕਾਰਤ ਅੰਕੜਾ ਵੀ ਡਿੱਗਦਾ ਜਾ ਰਿਹਾ ਹੈ।

ਇਸ ਖਿੱਤੇ ਵਿੱਚ ਕਈ ਦਹਾਕਿਆਂ ਤੋਂ ਵੱਖਵਾਦੀ ਹਿੰਸਾ ਹੁੰਦੀ ਰਹੀ ਹੈ।

ਖੱਬੇਪੱਖੀ ਹਿੰਸਾ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਅੰਕੜੇ ਮਨਮੋਹਨ ਸਿੰਘ ਦੀ ਸਰਕਾਰ ਨਾਲੋਂ ਚੰਗੇ ਹਨ।

ਮੋਦੀ ਨੇ ਜੁਲਾਈ 2018 ਵਿੱਚ 'ਸਵਰਾਜ' ਮੈਗਜ਼ੀਨ ਨੂੰ ਦੱਸਿਆ, "ਮਾਓਵਾਦੀ ਹਿੰਸਾ ਵਿੱਚ 20 ਫ਼ੀਸਦੀ ਘਾਟਾ ਹੋਇਆ ਹੈ ਅਤੇ 2013 ਤੋਂ 2017 ਦੌਰਾਨ ਮੌਤਾਂ ਦੀ ਗਿਣਤੀ 34 ਫ਼ੀਸਦੀ ਘਟੀ ਹੈ।"

ਇਹ ਅੰਕੜਾ ਅਧਿਕਾਰਤ ਅੰਕੜੇ ਨਾਲ ਮਿਲਦਾ ਹੈ। ਪਰ ਇਹੀ ਅੰਕੜਾ ਇਹ ਵੀ ਦੱਸਦਾ ਹੈ ਕਿ ਇਹ ਗਿਰਾਵਟ ਤਾਂ 2011 ਤੋਂ ਹੀ ਸ਼ੁਰੂ ਹੋ ਗਈ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)