You’re viewing a text-only version of this website that uses less data. View the main version of the website including all images and videos.
ਚੀਨ ਨੇ ਬਣਾਇਆ ‘ਮਦਰ ਆਫ ਆਲ ਬੌਂਬਜ਼’
ਚੀਨ, ਅਮਰੀਕਾ ਅਤੇ ਰੂਸ ਹਥਿਆਰਾਂ ਦੀ ਦੌੜ ਵਿੱਚ ਇੱਕ ਦੂਜੇ ਨੂੰ ਪਿੱਛੇ ਛੱਡਣ 'ਚ ਲੱਗੇ ਹੋਏ ਹਨ।
ਅੰਦਰੂਨੀ ਹਲਚਲ ਅਤੇ ਖੇਤਰੀ ਝਗੜਿਆਂ 'ਚ ਉਲਝਿਆ ਚੀਨ ਹੁਣ ਆਪਣੀ ਫੌਜ, ਪੀਪਲਜ਼ ਲਿਬਰੇਸ਼ਨ ਆਰਮੀ ਲਈ ਆਧੁਨਿਕ ਹਥਿਆਰ ਬਣਾਉਣ ’ਤੇ ਲਿਆਉਣ ਵਿੱਚ 90ਵਿਆਂ ਤੋਂ ਹੀ ਲਗਿਆ ਹੋਇਆ ਹੈ।
ਰਾਸ਼ਟਰਪਤੀ ਸ਼ੀ ਜਿਨਪਿੰਗ ਹੇਠਾਂ ਚੀਨ ਅਤੇ ਬਾਕੀਆਂ ਵਿਚਕਾਰ ਫਰਕ ਘਟਦਾ ਜਾ ਰਿਹਾ ਹੈ।
ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ, "ਭਾਵੇਂ ਚੀਨ ਦੀ ਆਰਥਿਕ ਵਿਵਸਥਾ ਪਹਿਲਾਂ ਜਿੰਨੀ ਤੇਜ਼ੀ ਨਾਲ ਨਹੀਂ ਵਧ ਰਹੀ ਹੈ ਪਰ ਇਸ ਨੇ ਆਪਣੇ ਫੌਜੀ ਹਥਿਆਰਾਂ ਦੀ ਪੰਜ-ਸਾਲਾ ਯੋਜਨਾ ਲਈ ਇਸੇ ਵਿੱਚੋਂ ਪੈਸੇ ਕੱਢ ਲਏ ਹਨ, ਜੋ ਹਥਿਆਰਾਂ ਲਈ ਕਾਫੀ ਸੀ।"
ਇਹ ਵੀ ਪੜ੍ਹੋ:
ਕੁਝ ਮਾਮਲਿਆਂ 'ਚ ਤਾਂ ਚੀਨ ਪਹਿਲਾਂ ਹੀ ਨੰਬਰ-1 ਹੈ ਪਰ ਹੁਣ ਇਸ ਦੇ ਹਥਿਆਰ ਹੋਰ ਵੀ ਆਧੁਨਿਕ ਹੁੰਦੇ ਜਾ ਰਹੇ ਹਨ। ਪੇਸ਼ ਹੈ ਉਨ੍ਹਾਂ ਵਿੱਚੋਂ ਕੁਝ ਬਾਰੇ ਜਾਣਕਾਰੀ:
1. 'ਸਭ ਤੋਂ ਤਾਕਤਵਰ' ਸਮੁੰਦਰੀ ਹਥਿਆਰ
ਦਸੰਬਰ 2018 ਵਿੱਚ ਸੋਸ਼ਲ ਮੀਡੀਆ ਉੱਪਰ ਪਾਈਆਂ ਤਸਵੀਰਾਂ ਤੋਂ ਇਹ ਜਾਪਦਾ ਹੈ ਕਿ ਚੀਨ ਨੇ ਦੁਨੀਆਂ ਵਿੱਚ ਸਭ ਤੋਂ ਪਹਿਲਾਂ, ਜੰਗਜੂ ਸਮੁੰਦਰੀ ਜਹਾਜ਼ ਉੱਪਰ ਰੱਖ ਕੇ ਚੱਲਣ ਵਾਲਾ ਅਜਿਹਾ ਹਥਿਆਰ ਬਣਾ ਲਿਆ ਹੈ ਜਿਸ ਤੋਂ ਹਾਈਪਰ-ਸੋਨਿਕ (ਆਵਾਜ਼ ਦੀ ਗਤੀ ਤੋਂ ਪੰਜ ਗੁਨਾ ਤੇਜ਼) ਗਤੀ ਨਾਲ ਗੋਲੀਆਂ ਚਲਾਈਆਂ ਜਾ ਸਕਦੀਆਂ ਹਨ।
ਇਹ 'ਸ਼ਿਪ-ਮਾਊਂਟਿਡ ਰੇਲ-ਗਨ' 2.5 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਗਤੀ ਨਾਲ ਗੋਲੀਆਂ ਚਲਾਉਂਦੀ ਹੈ। ਇਹ ਗੋਲੀਆਂ 200 ਕਿਲੋਮੀਟਰ ਦੂਰ ਜਾ ਸਕਦੀਆਂ ਹਨ। ਸੀਐੱਨਬੀਸੀ ਚੈਨਲ ਮੁਤਾਬਕ ਇਹ ਹਥਿਆਰ 2025 ਤੱਕ ਜੰਗ ਵਿੱਚ ਵਰਤਣ ਲਈ ਤਿਆਰ ਹੋ ਜਾਵੇਗਾ।
ਅਮਰੀਕਾ ਵੀ ਰੇਲ-ਗਨ ਉੱਪਰ ਕੰਮ ਕਰ ਰਿਹਾ ਹੈ ਅਤੇ ਰੂਸ ਅਤੇ ਈਰਾਨ ਵੀ ਲੱਗੇ ਹੋਏ ਹਨ ਪਰ ਉਹ ਜ਼ਮੀਨ ਤੋਂ ਚੱਲਣਗੀਆਂ, ਜਦਕਿ ਚੀਨ ਨੇ ਇਸ ਨੂੰ ਸਮੁੰਦਰੀ ਜਹਾਜ਼ ਉੱਪਰ ਰੱਖ ਕੇ ਚਲਾਉਣ ਦੀ ਤਕਨੀਕ ਹਾਸਲ ਕਰ ਲਈ ਹੈ।
ਸੋਸ਼ਲ ਮੀਡੀਆ ਉੱਪਰ ਆਈਆਂ ਤਸਵੀਰਾਂ — ਜਿਨ੍ਹਾਂ ਦੀ ਬੀਬੀਸੀ ਖੁਦ ਤਸਦੀਕ ਨਹੀਂ ਕਰ ਸਕਦਾ — ਮੁਤਾਬਕ ਇਸ ਦਾ ਟੈਸਟ ਵੀ ਹੋ ਚੁੱਕਾ ਹੈ।
ਇਹ ਵੀ ਪੜ੍ਹੋ
ਚੀਨ ਦੀ ਫੌਜ ਵਿੱਚ ਰਹਿ ਚੁਕੇ ਸੋਂਗ ਜੋਂਗਪਿੰਗ ਹੁਣ ਫੌਜੀ ਵਿਸ਼ਲੇਸ਼ਕ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੇ ਸਾਊਥ ਚਾਈਨਾ ਮੋਰਨਿੰਗ ਪੋਸਟ ਅਖ਼ਬਾਰ ਨੂੰ ਦੱਸਿਆ, "ਚੀਨ ਨੇ ਅਮਰੀਕਾ ਦੀ ਤਕਨੀਕ ਦੇ ਬਰਾਬਰ ਪਹੁੰਚਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।"
ਉਨ੍ਹਾਂ ਮੁਤਾਬਕ, "ਮਿਲੀਆਂ ਤਸਵੀਰਾਂ ਦਿਖਾਉਂਦੀਆਂ ਹਨ ਕਿ 5-10 ਸਾਲਾਂ ਵਿੱਚ ਚੀਨ ਤਾਂ ਅਮਰੀਕਾ ਤੋਂ ਅੱਗੇ ਨਿਕਲ ਸਕਦਾ ਹੈ। ਇਸ ਦਾ ਕਾਰਨ ਹੈ ਕਿ ਚੀਨ ਵਿੱਚ ਅਜਿਹੀ ਸਿਆਸੀ ਵਿਵਸਥਾ ਹੈ ਜਿੱਥੇ ਪੈਸੇ ਛੇਤੀ ਮਿਲ ਜਾਂਦੇ ਹਨ ਜਦਕਿ ਅਮਰੀਕਾ ਵਿੱਚ ਇਸ ਦੀ ਇੱਕ ਪੂਰੀ ਪ੍ਰੀਕਿਰਿਆ ਹੈ।"
2. ਹਾਈਪਰ-ਸੋਨਿਕ ਹਥਿਆਰ
ਅਗਸਤ 2018 ਵਿੱਚ ਚੀਨ ਨੇ ਇੱਕ ਅਜਿਹੇ ਲੜਾਕੂ ਜਹਾਜ਼ ਦੀ ਟੈਸਟਿੰਗ ਕੀਤੀ ਸੀ ਜੋ ਆਵਾਜ਼ ਦੀ ਗਤੀ ਨਾਲੋਂ 5 ਗੁਣਾ ਤੇਜ਼ ਉੱਡਦਾ ਹੈ ਅਤੇ ਸਾਊਥ ਚਾਈਨਾ ਮੋਰਨਿੰਗ ਪੋਸਟ ਮੁਤਾਬਕ, "ਕਿਸੇ ਵੀ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਭੇਦ ਸਕਦਾ ਹੈ"
'ਵੇਵ-ਰਾਈਡਰ' ਨਾਂ ਦੇ ਅਜਿਹੇ ਜਹਾਜ਼ ਬਹੁਤ ਉੱਚੇ ਉੱਡਦੇ ਹਨ ਅਤੇ ਆਪਣੀ ਹੀ ਗਤੀ ਨਾਲ ਬਣਾਈਆਂ ਲਹਿਰਾਂ ਸਹਾਰੇ ਹੋਰ ਤੇਜ਼ ਹੁੰਦੇ ਹਨ। ਟੈਸਟਿੰਗ ਵਿੱਚ ਚੀਨ ਦਾ ਵੇਵ-ਰਾਈਡਰ ('ਜ਼ਿੰਗਕੌਂਗ 2' ਜਾਂ 'ਸਟਾਰੀ ਸਕਾਈ 2') 30 ਕਿਲੋਮੀਟਰ ਦੀ ਉੱਚਾਈ 'ਤੇ ਉੱਡ ਚੁੱਕਾ ਹੈ ਅਤੇ ਇਸ ਦੀ ਗਤੀ 7.344 ਕਿਲੋਮੀਟਰ ਪ੍ਰਤੀ ਸੈਕਿੰਡ ਪਹੁੰਚੀ ਹੈ।
ਰੂਸ ਅਤੇ ਚੀਨ ਵੀ ਇਸ ਤਕਨੀਕ ਨਾਲ ਹਥਿਆਰ ਬਣਾ ਰਹੇ ਹਨ।
ਇਹ ਵੀ ਪੜ੍ਹੋ
ਸਾਊਥ ਚਾਈਨਾ ਮੋਰਨਿੰਗ ਪੋਸਟ ਮੁਤਾਬਕ, "ਇੱਕ ਵਾਰ ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੋ ਜਾਣਗੇ ਤਾਂ ਵੇਵ-ਰਾਈਡਰ ਜਹਾਜ਼ ਬੰਬ ਵੀ ਲਿਜਾ ਸਕਣਗੇ ਜਿਹੜੇ ਕਿਸੇ ਵੀ ਮੌਜੂਦਾ ਰੱਖਿਆ ਵਿਵਸਥਾ ਨੂੰ ਭੇਦ ਸਕਣਗੇ।"
ਹਾਲਾਂਕਿ ਫੌਜੀ ਵਿਸ਼ਲੇਸ਼ਕ ਜ਼ੂ ਚੇਨਮਿੰਗ ਮੁਤਾਬਕ ਇਸ ਨਾਲ ਐਟਮੀ ਹਥਿਆਰ ਨਹੀਂ ਲਿਜਾਏ ਜਾਣਗੇ। ਉਨ੍ਹਾਂ ਮੁਤਾਬਕ ਇਸ ਨੂੰ ਤਿਆਰ ਹੋਣ 'ਚ ਤਿੰਨ ਤੋਂ ਪੰਜ ਸਾਲਾਂ ਦਾ ਸਮਾਂ ਲਗ ਸਕਦਾ ਹੈ।
ਅਮਰੀਕਾ ਦੀ ਪੈਸੀਫਿਕ ਨੇਵਲ ਕਮਾਂਡ ਦੇ ਮੁਖੀ, ਐਡਮਿਰਲ ਹੈਰੀ ਹੈਰਿਸ ਨੇ ਅਮਰੀਕੀ ਸੰਸਦ ਨੂੰ ਦੱਸਿਆ ਹੈ ਕਿ ਅਮਰੀਕਾ ਬਾਕੀ ਦੋਹਾਂ (ਚੀਨ ਤੇ ਰੂਸ) ਨਾਲੋਂ ਪਿੱਛੇ ਰਹਿ ਰਿਹਾ ਹੈ।
ਉਨ੍ਹਾਂ ਨੇ ਇਹ ਡਰ ਵੀ ਸਾਂਝਾ ਕੀਤਾ ਕਿ ਚੀਨ ਦੀਆਂ ਮਿਜ਼ਾਇਲਾਂ ਅਮਰੀਕਾ ਦੇ ਜੰਗੀ ਬੇੜਿਆਂ ਜਾਂ ਜ਼ਮੀਨੀ ਨਿਸ਼ਾਨੀਆਂ ਉੱਪਰ ਮਾਰ ਕਰ ਸਕਦੀਆਂ ਹਨ ਅਤੇ ਅਮਰੀਕਾ ਦੇ ਰਾਡਾਰ ਨੂੰ ਪਤਾ ਵੀ ਨਹੀਂ ਲਗੇਗਾ।
2017 ਵਿੱਚ ਚੀਨ ਨੇ ਹਾਈਪਰ-ਸੋਨਿਕ ਮਿਜ਼ਾਇਲ ਦਾ ਐਲਾਨ ਕੀਤਾ ਸੀ ਜਿਸ ਦੀ ਮਾਰ 2000 ਕਿਲੋਮੀਟਰ ਤੱਕ ਹੈ।
3. ਚੀਨ ਦੀ ਆਪਣੀ, 'ਸਾਰੇ ਬੰਬਾਂ ਦੀ ਮਾਂ'
ਪਿਛਲੇ ਮਹੀਨੇ ਚੀਨ ਨੇ ਇੱਕ ਨਵੀਂ ਕਿਸਮ ਦਾ ਹਵਾਈ ਬੰਬ ਦਿਖਾਇਆ ਸੀ ਜਿਸ ਨੂੰ 'ਸਾਰੇ ਬੰਬਾਂ ਦੀ ਮਾਂ' ਦੀ ਚੀਨੀ ਕਿਸਮ ਆਖਿਆ ਜਾ ਰਿਹਾ ਹੈ।
ਇਸ ਨਾਂ ਦਾ ਸੰਬੰਧ ਅਮਰੀਕਾ ਦੇ ਐੱਮ.ਓ.ਏ.ਬੀ. (MOAB) ਨਾਂ ਦੇ ਇੱਕ ਬੰਬ ਨਾਲ ਜੋੜਿਆ ਜਾ ਰਿਹਾ ਹੈ ਜਿਸ ਦਾ ਪੂਰਾ ਨਾਮ ਤਾਂ ਹੈ 'ਮੈਸਿਵ ਓਰਡਨੈਂਸ ਏਅਰ ਬਲਾਸਟ' ਪਰ ਇਸ ਦੀ ਇੱਕ ਹੋਰ ਫੁੱਲ ਫੋਰਮ ਕਹੀ ਜਾਂਦੀ ਹੈ — 'MOAB' ਭਾਵ 'ਮਦਰ ਆਫ ਆਲ ਬੌਂਬਜ਼'!
ਇੱਕ ਇਸ਼ਤਿਹਾਰੀ ਵੀਡੀਓ ਵਿੱਚ ਇੱਕ ਜਹਾਜ਼ ਤੋਂ ਇਸ ਬੰਬ ਨੂੰ ਸੁੱਟਦੇ ਦਿਖਾਇਆ ਗਿਆ ਸੀ ਪਰ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਚੀਨ ਦੀ ਅਧਿਕਾਰਤ ਖ਼ਬਰ ਏਜੰਸੀ ਨੇ ਦੱਸਿਆ ਹੈ ਕਿ ਇਹ ਦੁਨੀਆਂ ਦਾ ਸਭ ਤੋਂ ਤਾਕਤਵਰ ਗੈਰ-ਐਟਮੀ ਬੰਬ ਹੈ, ਜੋ ਇੰਨਾ ਭਾਰੀ ਹੈ ਕਿ ਜਹਾਜ਼ ਇੱਕ ਵਾਰੀ 'ਚ ਇੱਕੋ ਲੈ ਕੇ ਉੱਡ ਸਕਦਾ ਹੈ।
ਬੀਜ਼ਿੰਗ ਤੋਂ ਫੌਜੀ ਵਿਸ਼ਲੇਸ਼ਕ ਵੀਅ ਡੋਂਗਜ਼ੂ ਨੇ ਕਿਹਾ ਹੈ ਕਿ ਇਹ ਅਮਰੀਕੀ ਬੰਬ ਤੋਂ ਛੋਟਾ ਜਾਪਦਾ ਹੈ ਜਿਸ ਕਰਕੇ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਜ਼ਰਾ ਸੌਖਾ ਹੋਵੇਗਾ। ਅਮਰੀਕੀ ਬੰਬ 10 ਮੀਟਰ ਲੰਬਾ ਹੈ ਜਦਕਿ ਚੀਨ ਦਾ ਇਹ ਬੰਬ 5 ਤੋਂ 6 ਮੀਟਰ ਹੀ ਲੰਬਾ ਹੈ ਅਤੇ ਉਸ ਨਾਲੋਂ ਹਲਕਾ ਵੀ ਹੈ।
ਇਹ ਵੀ ਪੜ੍ਹੋ
ਅਮਰੀਕਾ ਨੇ ਆਪਣਾ ਅਜਿਹਾ ਇੱਕ ਬੰਬ 2017 ਵਿੱਚ ਅਫ਼ਗ਼ਾਨਿਸਤਾਨ ਵਿੱਚ ਕਥਿਤ ਇਸਲਾਮਿਕ ਸਟੇਟ ਦੇ ਇੱਕ ਅੱਡੇ ਉੱਪਰ ਸੁੱਟਿਆ ਸੀ।
ਰੂਸ ਕੋਲ ਜਿਹੜਾ ਅਜਿਹਾ ਬੰਬ ਹੈ ਉਹ ਉਸ ਨੂੰ 'ਸਾਰੇ ਬੰਬਾਂ ਦਾ ਪਿਓ' ਆਖਦਾ ਹੈ।
ਇਹ ਵੀਡੀਓ ਵੀ ਜ਼ਰੂਰ ਦੇਖੋ