You’re viewing a text-only version of this website that uses less data. View the main version of the website including all images and videos.
ਉੱਤਰੀ ਕੋਰੀਆ ਤੋਂ ਭੱਜੀਆਂ, ਚੀਨ 'ਚ ਸੈਕਸ ਸਕੈਂਡਲ 'ਚ ਫਸੀਆਂ ਕੁੜੀਆਂ ਕਿਵੇਂ ਬਚ ਨਿਕਲੀਆਂ ?
- ਲੇਖਕ, ਸੁ-ਮਿਨ ਵੈਂਗ
- ਰੋਲ, ਪੱਤਰਕਾਰ, ਬੀਬੀਸੀ
ਉੱਤਰੀ ਕੋਰੀਆ ਨਾਲ ਬਗ਼ਾਵਤ ਤੋਂ ਬਾਅਦ ਦੋ ਨੌਜਵਾਨ ਕੁੜੀਆਂ ਨੂੰ ਸੈਕਸ ਇੰਡਸਟਰੀ ਵਿੱਚ ਧੱਕ ਦਿੱਤਾ ਗਿਆ। ਆਖ਼ਰਕਾਰ ਭੱਜਣ ਦਾ ਮੌਕਾ ਮਿਲਣ ਤੋਂ ਪਹਿਲਾਂ ਇਨ੍ਹਾਂ ਨੂੰ ਕਈ ਸਾਲ ਕੈਦ ਕੱਟਣੀ ਪਈ।
ਚੀਨੀ ਸ਼ਹਿਰ ਯੈਂਜੀ ਵਿੱਚ ਇੱਕ ਰਿਹਾਇਸ਼ੀ ਟਾਵਰ ਬਲਾਕ ਦੀ ਤੀਜੀ ਮੰਜ਼ਲ ਤੋਂ ਦੋ ਜਵਾਨ ਔਰਤਾਂ ਬੰਨ੍ਹੀਆਂ ਹੋਈਆਂ ਚਾਦਰਾਂ ਫਾੜ ਕੇ ਖਿੜਕੀ ਤੋਂ ਬਾਹਰ ਸੁੱਟਦੀਆਂ ਹਨ।
ਜਦੋਂ ਉਹ ਇਹ ਚੱਦਰ ਉੱਪਰ ਖਿੱਚਦੀਆਂ ਹਨ ਤਾਂ ਉਸ ਨਾਲ ਇੱਕ ਰੱਸੀ ਬੰਨੀ ਹੋਈ ਸੀ।
ਉਹ ਖਿੜਕੀ ਤੋਂ ਬਾਹਰ ਨਿੱਕਲ ਕੇ ਉੱਤਰਨਾ ਸ਼ੁਰੂ ਕਰਦੀਆਂ ਹਨ।
ਇਨ੍ਹਾਂ ਨੂੰ ਬਚਾਉਣ ਵਾਲਾ ਵਿਅਕਤੀ ਤਾਕੀਦ ਕਰਦਾ ਹੈ ਕਿ, "ਜਲਦੀ ਕਰੋ, ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ।"
ਜ਼ਮੀਨ 'ਤੇ ਸੁਰੱਖਿਅਤ ਪਹੁੰਚਦਿਆਂ ਹੀ ਉਹ ਉਡੀਕ ਕਰ ਰਹੇ ਕੈਰੀਅਰ ਵੱਲ ਭੱਜਦੀਆਂ ਹਨ ਪਰ ਉਹ ਅਜੇ ਵੀ ਖਤਰੇ ਤੋਂ ਬਾਹਰ ਨਹੀਂ ਹਨ।
ਮੀਰਾ ਅਤੇ ਜੀਊਨ ਦੋਵੇਂ ਹੀ ਉੱਤਰੀ ਕੋਰੀਆ ਦੀਆਂ ਡੀਫੈਕਟਰ ਹਨ ਅਤੇ ਦੋਹਾਂ ਦੀ ਧੋਖੇ ਨਾਲ ਤਸਕਰੀ ਕੀਤੀ ਗਈ ਸੀ।
ਜਿਨ੍ਹਾਂ ਬਚਾਇਆ ਉਨ੍ਹਾਂ ਨੇ ਹੀ ਫਸਾਇਆ
ਸਰਹੱਦ ਪਾਰ ਕਰਕੇ ਚੀਨ ਵਿੱਚ ਦਾਖਿਲ ਹੁੰਦਿਆਂ ਹੀ, ਉਨ੍ਹਾਂ ਨੂੰ ਉੱਤਰ ਕੋਰੀਆਂ ਤੋਂ ਛੁਡਵਾਉਣ ਵਾਲੇ ਵਿਅਕਤੀਆਂ ਨੇ ਹੀ ਸੈਕਸਕੈਮ ਓਪਰੇਸ਼ਨ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਨੂੰ ਤਸਕਰੀ ਦੇ ਵਪਾਰ ਵਿੱਚ "ਦਲਾਲ" ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ:
ਮੀਰਾ ਨੂੰ ਪਿਛਲੇ ਪੰਜ ਸਾਲਾਂ ਤੋਂ ਅਤੇ ਜੀਊਨ ਨੂੰ ਪਿਛਲੇ ਅੱਠ ਸਾਲਾਂ ਤੋਂ ਇੱਕ ਘਰ ਵਿੱਚ ਸੀਮਤ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਤੋਂ "ਸੈਕਸਕੈਮ ਗਰਲਜ਼" ਦੇ ਤੌਰ 'ਤੇ ਕੰਮ ਕਰਵਾਇਆ ਜਾ ਰਿਹਾ ਸੀ। ਉਨ੍ਹਾਂ ਨੂੰ ਅਕਸਰ ਲਾਈਵ ਵੈੱਬਕੈਮ ਦੇ ਸਾਹਮਣੇ ਅਸ਼ਲੀਲ ਕੰਮ ਕਰਨੇ ਪੈਂਦੇ ਸਨ।
ਸਰਕਾਰ ਦੀ ਇਜਾਜ਼ਤ ਤੋਂ ਬਿਨ੍ਹਾਂ ਉੱਤਰੀ ਕੋਰੀਆ ਨੂੰ ਛੱਡਣਾ ਗ਼ੈਰ-ਕਾਨੂੰਨੀ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਆਪਣੀ ਜਾਨ 'ਤੇ ਖੇਡ ਕੇ ਇਹ ਖ਼ਤਰਾ ਚੁੱਕਦੇ ਹਨ।
ਦੱਖਣੀ ਕੋਰੀਆ ਵਿੱਚ ਸੁਰੱਖਿਅਤ ਪਨਾਹ ਹੈ ਪਰ ਉੱਤਰੀ ਅਤੇ ਦੱਖਣੀ ਕੋਰੀਆ ਵਿਚਾਲੇ ਬਹੁਤ ਜ਼ਿਆਦਾ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਮਾਇਨਜ਼ ਬਿਛਾਈਆਂ ਗਈਆਂ ਹਨ। ਇਸ ਲਈ ਉੱਥੋਂ ਸਿੱਧੇ ਤੌਰ 'ਤੇ ਭੱਜ ਨਿੱਕਲਣਾ ਲਗਪਗ ਅਸੰਭਵ ਹੈ।
ਦੇਸ ਤੋਂ ਭੱਜ ਰਹੇ ਬਹੁਤ ਸਾਰੇ ਲੋਕਾਂ ਨੂੰ ਉੱਤਰ ਵੱਲ ਮੁੜ ਸਰਹੱਦ ਪਾਰ ਕਰ ਚੀਨ ਜਾਣਾ ਪੈਂਦਾ ਹੈ।
ਚੀਨ ਵਿੱਚ ਉੱਤਰੀ ਕੋਰੀਆ ਤੋਂ ਭੱਜ ਕੇ ਆਏ ਲੋਕਾਂ ਨੂੰ "ਗ਼ੈਰ-ਕਾਨੂੰਨੀ ਪ੍ਰਵਾਸੀ" ਮੰਨਿਆ ਜਾਂਦਾ ਹੈ ਅਤੇ ਅਧਿਕਾਰੀਆਂ ਦੁਆਰਾ ਫੜ੍ਹੇ ਜਾਣ 'ਤੇ ਵਾਪਸ ਭੇਜ ਦਿੱਤਾ ਜਾਂਦਾ ਹੈ।
ਆਪਣੇ ਦੇਸ ਵਾਪਿਸ ਪਹੁੰਚਣ 'ਤੇ ਇੰਨ੍ਹਾਂ ਬਗ਼ਾਵਤ ਕਰਨ ਵਾਲੇ ਲੋਕਾਂ ਨਾਲ ਤਸ਼ੱਦਦ ਕੀਤਾ ਜਾਂਦਾ ਹੈ ਅਤੇ "ਪਿਤਾਭੂਮੀ ਨਾਲ ਦੇਸ਼ ਧਰੋਹ" ਲਈ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ।
1990 ਦੇ ਦਹਾਕੇ ਵਿਚਕਾਰ ਕਾਫ਼ੀ ਲੋਕਾਂ ਨੇ ਦੇਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਦੇਸ ਵਿੱਚ 'ਦਾ ਆਰਡੂਅਸ ਮਾਰਚ' ਨਾਂ ਦਾ ਵੱਡਾ ਅਕਾਲ ਪੈ ਗਿਆ ਸੀ। ਇਸ ਅਕਾਲ ਕਾਰਨ ਘੱਟੋ-ਘੱਟ 10 ਲੱਖ ਲੋਕਾਂ ਦੀ ਮੌਤ ਵੀ ਹੋ ਗਈ ਸੀ।
ਸਾਲ 2011 ਵਿੱਚ ਕਿਮ ਜੋਂਗ ਉਨ ਦੇ ਉੱਤਰੀ ਕੋਰੀਆ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਅੱਧੇ ਤੋਂ ਵੀ ਘੱਟ ਗਈ ਹੈ। ਇਸ ਕਮੀ ਦੇ ਪਿੱਛੇ ਕਾਰਨ ਸਰਹੱਦ 'ਤੇ ਸਖ਼ਤੀ ਅਤੇ ਦਲਾਲਾਂ ਦੁਆਰਾ ਕੀਮਤਾਂ ਵਧਾਏ ਜਾਣਾ ਦੱਸਿਆ ਜਾਂਦਾ ਹੈ।
ਉੱਤਰੀ ਕੋਰੀਆ ਤੋਂ ਭੱਜਣ ਦਾ ਕਾਰਨ
ਜਦੋਂ ਮੀਰਾ ਆਪਣੇ ਦੇਸ ਤੋਂ ਭੱਜੀ ਤਾਂ ਉਹ 22 ਸਾਲਾਂ ਦੀ ਸੀ। ਦੇਸ ਵਿੱਚ ਅਕਾਲ ਖ਼ਤਮ ਹੋਣ ਵਾਲਾ ਸੀ ਜਦੋਂ ਮੀਰਾ ਦਾ ਜਨਮ ਹੋਇਆ ਅਤੇ ਉਹ ਉੱਤਰੀ ਕੋਰੀਆ ਦੀ ਇੱਕ ਨਵੀਂ ਪੀੜ੍ਹੀ ਵਿੱਚ ਪਲੀ-ਵੱਡੀ ਹੋਈ।
ਅੰਡਰਗਰਾਉਂਡ ਮਾਰਕਿਟ ਦੇ ਵੱਧ ਰਹੇ ਨੈੱਟਵਰਕ ਜਿਸ ਨੂੰ ਸਥਾਨਿਕ ਤੌਰ 'ਤੇ ਜੈਂਗਮਾਡੈਂਗ ਵੀ ਕਿਹਾ ਜਾਂਦਾ ਹੈ, ਦੀ ਮਦਦ ਦੇ ਨਾਲ ਉਨ੍ਹਾਂ ਨੂੰ ਡੀਵੀਡੀ ਪਲੇਅਰ, ਕਾਸਮੈਟਿਕਸ, ਫਰਜ਼ੀ ਡਿਜ਼ਾਈਨਰ ਕੱਪੜੇ ਅਤੇ ਨਾਲ ਹੀ ਗ਼ੈਰ - ਕਾਨੂੰਨੀ ਵਿਦੇਸ਼ੀ ਫਿਲਮਾਂ ਨਾਲ ਲੋਡ ਕੀਤੀ USB ਸਟਿਕਸ ਵੀ ਮਿਲ ਜਾਂਦੀਆਂ ਸਨ।
ਬਾਹਰੀ ਸਮੱਗਰੀ ਦੀ ਇਸ ਆਮਦ ਨੇ ਕੁਝ ਨੂੰ ਦੇਸ ਖਿਲਾਫ਼ ਬਗਾਵਤ ਕਰਨ ਲਈ ਉਕਸਾਇਆ। ਚੀਨ ਤੋਂ ਤਸਕਰੀ ਕਰ ਕੇ ਲਿਆਂਦੀਆਂ ਗਈਆਂ ਫਿਲਮਾਂ ਨੇ ਬਾਹਰ ਦੀ ਦੁਨੀਆਂ ਦੀ ਝਲਕ ਦਿੱਤੀ ਅਤੇ ਉੱਤਰੀ ਕੋਰੀਆ ਨੂੰ ਛੱਡਣ ਦੀ ਪ੍ਰੇਰਣਾ ਵੀ।
ਮੀਰਾ ਵੀ ਇਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਵਿਚੋਂ ਇੱਕ ਸੀ।
"ਮੈਂ ਚੀਨੀ ਫ਼ਿਲਮਾਂ ਬਹੁਤ ਦੇਖਦੀ ਸੀ। ਮੈਂ ਸੋਚਦੀ ਸੀ ਕਿ ਚੀਨ ਵਿੱਚ ਸਾਰੇ ਆਦਮੀ ਇਸੇ ਤਰ੍ਹਾਂ ਦੇ ਹੁੰਦੇ ਹਨ। ਮੈਂ ਇੱਕ ਚੀਨੀ ਵਿਅਕਤੀ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਕਈ ਸਾਲਾਂ ਤੱਕ ਉੱਤਰੀ ਕੋਰੀਆ ਛੱਡਣ ਦਾ ਸੁਪਨਾ ਦੇਖਦੀ ਰਹੀ।"
ਉਸ ਦੇ ਪਿਤਾ ਸਾਬਕਾ ਫੌਜੀ ਅਤੇ ਪਾਰਟੀ ਮੈਂਬਰ ਸਨ। ਉਹ ਬਹੁਤ ਸਖ਼ਤ ਸੁਭਾਅ ਦੇ ਸਨ। ਉਹ ਕਦੇ-ਕਦੇ ਉਸ ਨੂੰ ਕੁੱਟਦੇ ਵੀ ਸਨ।
ਮੀਰਾ ਡਾਕਟਰ ਬਣਨਾ ਚਾਹੁੰਦੀ ਸੀ ਪਰ ਉਸ ਦੇ ਪਿਤਾ ਨੇ ਇਸ 'ਤੇ ਵੀ ਰੋਕ ਲਗਾ ਦਿੱਤੀ। ਉਹ ਹੋਰ ਵੀ ਜ਼ਿਆਦਾ ਪਰੇਸ਼ਾਨ ਅਤੇ ਨਿਰਾਸ਼ ਰਹਿਣ ਲੱਗੀ ਅਤੇ ਚੀਨ ਵਿੱਚ ਇੱਕ ਨਵੀਂ ਜ਼ਿੰਦਗੀ ਦਾ ਸੁਪਣਾ ਦੇਖਣ ਲੱਗੀ ਸੀ।
"ਮੇਰੇ ਪਿਤਾ ਪਾਰਟੀ ਮੈਂਬਰ ਸੀ ਜਿਸ ਨਾਲ ਦਮ ਘੁਟਨ ਵਾਲਾ ਮਾਹੌਲ ਬਣ ਗਿਆ ਸੀ। ਉਹ ਮੈਨੂੰ ਬਾਹਰ ਦੀਆਂ ਫ਼ਿਲਮਾਂ ਦੇਖਣ ਦੀ ਇਜਾਜ਼ਤ ਨਹੀਂ ਦਿੰਦੇ ਸਨ। ਮੈਨੂੰ ਸਹੀ ਸਮੇਂ 'ਤੇ ਜਾਗਣਾ ਅਤੇ ਸੌਣਾ ਪੈਂਦਾ ਸੀ। ਮੇਰੀ ਆਪਣੀ ਕੋਈ ਜ਼ਿੰਦਗੀ ਨਹੀਂ ਸੀ।"
ਕਈ ਸਾਲਾਂ ਤੱਕ ਮੀਰਾ ਇੱਕ ਬ੍ਰੋਕਰ (ਏਜੰਟ) ਲੱਭਣ ਦੀ ਕੋਸ਼ਿਸ਼ ਕਰਦੀ ਰਹੀ, ਜਿਸ ਦੀ ਮਦਦ ਨਾਲ ਉਹ ਟੂਮੇਨ ਨਦੀ ਨੂੰ ਪਾਰ ਕਰਕੇ ਅਤੇ ਸਖਤ ਪਹਿਰੇ ਵਾਲੀ ਸਰਹੱਦ ਤੋਂ ਬੱਚ ਕੇ ਦੇਸ ਤੋਂ ਬਾਹਰ ਭੱਜ ਸਕੇ।
ਪਰ ਉਸਦੇ ਪਰਿਵਾਰ ਦੇ ਸਰਕਾਰ ਨਾਲ ਨਜ਼ਦੀਕੀ ਰਿਸ਼ਤਿਆ ਕਾਰਨ ਤਸਕਰ ਘਬਰਾ ਜਾਂਦੇ ਸਨ ਕਿ ਉਹ ਕਿਤੇ ਅਧਿਕਾਰੀਆਂ ਨੂੰ ਸੂਚਿਤ ਨਾ ਕਰ ਦੇਵੇ।
ਆਖ਼ਰਕਾਰ ਚਾਰ ਸਾਲ ਕੋਸ਼ਿਸ਼ ਕਰਨ ਤੋਂ ਬਾਅਦ ਉਸ ਨੂੰ ਇੱਕ ਮਦਦ ਕਰਨ ਵਾਲਾ ਮਿਲ ਗਿਆ।
ਕਿਵੇਂ ਲੱਗੀ ਦਲਾਲ ਦੇ ਹੱਥ
ਬਹੁਤ ਸਾਰੇ ਹੋਰ ਬਾਗ਼ੀਆਂ ਵਾਂਗ ਹੀ ਮੀਰਾ ਕੋਲ ਵੀ ਸਿੱਧੇ ਤੌਰ 'ਤੇ ਏਜੰਟ ਨੂੰ ਅਦਾਇਗੀ ਕਰਨ ਲਈ ਪੂਰੇ ਪੈਸਾ ਨਹੀਂ ਸਨ। ਇਸ ਲਈ ਉਹ ਖੁਦ ਨੂੰ "ਵੇਚੇ" ਜਾਣ ਲਈ ਸਹਿਮਤ ਹੋ ਗਈ ਕਿ ਉਹ ਕੰਮ ਕਰਕੇ ਆਪਣਾ ਕਰਜ਼ਾ ਚੁਕਾਉਂਦੀ ਰਹੇਗੀ। ਮੀਰਾ ਨੇ ਸੋਚਿਆ ਕਿ ਉਹ ਇੱਕ ਰੈਸਟੋਰੈਂਟ ਵਿੱਚ ਕੰਮ ਕਰੇਗੀ।
ਪਰ ਉਸ ਨਾਲ ਧੋਖਾ ਹੋਇਆ ਮੀਰਾ ਨੂੰ ਇੱਕ ਤਸਕਰੀ ਸਮੂਹ ਵੱਲੋਂ ਆਪਣਾ ਨਿਸ਼ਨਾ ਬਣਾਇਆ ਗਿਆ ਜੋ ਕਿ ਉੱਤਰੀ ਕੋਰੀਆ ਤੋਂ ਭੱਜਣ ਵਾਲੀਆਂ ਔਰਤਾਂ ਨੂੰ ਜਿਨਸੀ ਕਾਰੋਬਾਰ ਵਿੱਚ ਧੱਕ ਦਿੰਦੇ ਸਨ।
ਟੂਮੇਨ ਦਰਿਆ ਨੂੰ ਪਾਰ ਕਰ ਕੇ ਚੀਨ ਪਹੁੰਚਦਿਆਂ ਹੀ ਮੀਰਾ ਨੂੰ ਸਿੱਧਾ ਯੈਂਜੀ ਸ਼ਹਿਰ ਲਿਜਾਇਆ ਗਿਆ ਅਤੇ ਉਸ ਨੂੰ ਕੋਰੀਆਈ-ਚੀਨੀ ਆਦਮੀ ਦੇ ਹਵਾਲੇ ਕਰ ਦਿੱਤਾ ਗਿਆ ਜਿਸ ਨੂੰ "ਡਾਇਰੈਕਟਰ" ਕਿਹਾ ਗਿਆ।
ਯੈਂਜੀ ਸ਼ਹਿਰ ਯਾਂਬੀਆਂ ਖੇਤਰ ਦੇ ਵਿਚਕਾਰ ਸਥਿਤ ਹੈ। ਕੋਰੀਆ ਦੇ ਮੂਲ-ਵਾਸੀਆਂ ਦੀ ਭਾਰੀ ਆਬਾਦੀ ਵਾਲਾ ਇਹ ਖੇਤਰ ਉੱਤਰੀ ਕੋਰੀਆ ਦੇ ਨਾਲ ਵਪਾਰ ਲਈ ਇੱਕ ਵੱਡਾ ਕੇਂਦਰ ਬਣ ਗਿਆ ਹੈ ਅਤੇ ਮੁੱਖ ਚੀਨੀ ਸ਼ਹਿਰਾਂ ਵਿੱਚੋਂ ਇੱਕ ਵੀ ਹੈ ਜਿੱਥੇ ਉੱਤਰੀ ਕੋਰੀਆ ਤੋਂ ਭੱਜੇ ਹੋਏ ਲੋਕ ਚੀਨ ਵਿਚ ਲੁਕ ਕੇ ਰਹਿ ਰਹੇ ਹਨ।
ਇਹ ਵੀ ਪੜ੍ਹੋ:
ਉੱਤਰੀ ਕੋਰੀਆ ਤੋਂ ਬਾਗ਼ੀ ਹੋ ਕੇ ਆਏ ਲੋਕਾਂ ਵਿਚ ਜ਼ਿਆਤਾਤਰ ਔਰਤਾਂ ਹਨ। ਚੀਨ ਵਿੱਚ ਕੋਈ ਕਾਨੂੰਨੀ ਦਰਜਾ ਨਾ ਹੋਣ ਕਾਰਨ ਉਨ੍ਹਾਂ ਦਾ ਸ਼ੋਸ਼ਣ ਹੋਣ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ। ਅਕਸਰ ਪੇਂਡੂ ਖੇਤਰਾਂ ਵਿੱਚ ਕੁਝ ਔਰਤਾਂ ਨੂੰ ਲਾੜੀ ਵਜੋਂ ਵੇਚ ਦਿੱਤਾ ਜਾਂਦਾ ਹੈ। ਉੱਥੇ ਉਨ੍ਹਾਂ ਨੂੰ ਜਬਰੀ ਦੇਹ ਵਪਾਰ ਵਿੱਚ ਧੱਕਿਆ ਜਾਂਦਾ ਹੈ, ਜਿਵੇਂ ਮੀਰਾ ਨੂੰ ਸੈਕਸਕੈਮ ਲਈ ਕੰਮ ਕਰਨ ਲਈ ਮਜਬੂਰ ਕੀਤਾ ਗਿਆ।
ਜਦੋਂ ਮੀਰਾ ਪਹੁੰਚੀ ਅਪਾਰਮੈਂਟ
ਇੱਕ ਘਰ ਵਿੱਚ ਪਹੁੰਚਣ 'ਤੇ ਡਾਇਰੈਕਟਰ ਨੇ ਮੀਰਾ ਨੂੰ ਦੱਸਿਆ ਕਿ ਉਸਦੀ ਨਵੀਂ ਨੌਕਰੀ ਵਿੱਚ ਉਸ ਨੂੰ ਕੀ ਕੁਝ ਕਰਨਾ ਪਵੇਗਾ।
ਉਸ ਨੇ ਮੀਰਾ ਨੂੰ ਇੱਕ ਹੋਰ ਕੁੜੀ ਦੇ ਨਾਲ ਸਾਂਝਾ ਕਮਰਾ ਦਿੱਤਾ ਜਿਸ ਨੇ ਮੀਰੇ ਦੇ ਗੁਰੂ ਦੀ ਭੂਮਿਕਾ ਨਿਭਾਉਣੀ ਸੀ। ਮੀਰਾ ਨੇ ਉਸ ਨੂੰ ਦੇਖ ਕੇ ਸਿੱਖਣਾ ਸੀ ਅਤੇ ਅਭਿਆਸ ਕਰਨਾ ਸੀ।
ਮੀਰਾ ਨੇ ਕਿਹਾ, "ਮੈਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ। ਇੱਕ ਔਰਤ ਦੇ ਤੌਰ 'ਤੇ ਇਸ ਤਰ੍ਹਾਂ ਲੋਕਾਂ ਸਾਹਮਣੇ ਆਪਣੇ ਕੱਪੜੇ ਉਤਾਰ ਦੇਣਾ, ਇਹ ਸਭ ਸ਼ਰਮਸਾਰ ਕਰਨ ਵਾਲਾ ਸੀ। ਜਦੋਂ ਵੀ ਮੈਂ ਰੋ ਪੈਂਦੀ ਤਾਂ ਉਹ ਮੈਨੂੰ ਪੁੱਛਦੇ ਕਿ ਕੀ ਮੈਨੂੰ ਆਪਣੇ ਘਰ ਦੀ ਯਾਦ ਆ ਰਹੀ ਹੈ।"
ਸੈਕਸਕੈਮ ਸਾਇਟ 'ਤੇ ਜ਼ਿਆਦਾਤਰ ਯੂਜ਼ਰ ਦੱਖਣੀ ਕੋਰੀਆ ਦੇ ਸਨ। ਯੂਜ਼ਰਜ਼ ਪ੍ਰਤੀ ਮਿੰਟ ਦੇ ਹਿਸਾਬ ਨਾਲ ਭੁਗਤਾਨ ਕਰਦੇ ਸਨ ਇਸ ਲਈ ਔਰਤਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ ਕਿ ਸਾਈਟ 'ਤੇ ਜ਼ਿਆਦਾ ਤੋਂ ਜ਼ਿਆਦਾ ਦੇਰ ਤੱਕ ਆਦਮੀਆਂ ਦਾ ਧਿਆਨ ਆਪਣੇ ਵੱਲ ਖਿੱਚ ਕੇ ਰੱਖਣ।
ਜਦੋਂ ਵੀ ਮੀਰਾ ਡਰੀ ਹੋਈ ਦਿਖਾਈ ਦਿੰਦੀ ਤਾਂ ਡਾਇਰੈਕਟਰ ਉਸ ਨੂੰ ਉੱਤਰੀ ਕੋਰੀਆ ਵਾਪਸ ਭੇਜ ਦੇਣ ਦੀ ਧਮਕੀ ਦਿੰਦਾ।
"ਮੇਰੇ ਸਾਰੇ ਪਰਿਵਾਰਕ ਮੈਂਬਰ ਸਰਕਾਰ ਵਿੱਚ ਕੰਮ ਕਰਦੇ ਹਨ ਅਤੇ ਜੇ ਮੈਂ ਵਾਪਸ ਜਾਂਦੀ ਹਾਂ ਤਾਂ ਮੇਰੇ ਪਰਿਵਾਰ ਨੂੰ ਬਹੁਤ ਸ਼ਰਮਿੰਦਗੀ ਹੋਵੇਗੀ। ਇਸ ਨਾਲੋਂ ਤਾਂ ਮੈਂ ਮਾਰ ਜਾਣਾ ਪਸੰਦ ਕਰਾਂਗੀ।"
ਜਿਊਨ ਤੇ ਮੀਰਾ ਦੀ ਮੁਲਾਕਾਤ
ਉਸ ਘਰ ਵਿੱਚ ਨੌਂ ਔਰਤਾਂ ਰਹਿ ਰਹੀਆਂ ਸਨ। ਜਦੋਂ ਮੀਰਾਂ ਦੀ ਪਹਿਲੀ ਰੂਮਮੇਟ ਇੱਕ ਹੋਰ ਕੁੜੀ ਨਾਲ ਉੱਥੋਂ ਭੱਜ ਗਈ ਤਾਂ ਮੀਰਾ ਨੂੰ ਕੁੜੀਆਂ ਦੇ ਇੱਕ ਹੋਰ ਸਮੂਹ ਵਿੱਚ ਪਾ ਦਿੱਤਾ ਗਿਆ। ਇਸ ਤਰ੍ਹਾਂ ਮੀਰਾ ਦੀ ਮੁਲਾਕਾਤ ਜੀਊਨ ਨਾਲ ਹੋਈ।
ਜੀਊਨ ਸਿਰਫ਼ 16 ਸਾਲਾਂ ਦੀ ਸੀ ਜਦੋਂ ਉਹ ਸਾਲ 2010 ਵਿੱਚ ਦੇਸ ਤੋਂ ਬਾਗ਼ੀ ਹੋ ਗਈ ਸੀ।
ਜਦੋਂ ਉਹ ਦੋ ਸਾਲਾਂ ਦੀ ਸੀ ਤਾਂ ਮਾਪਿਆਂ ਦਾ ਤਲਾਕ ਹੋ ਗਿਆ ਅਤੇ ਪਰਿਵਾਰ ਨੂੰ ਗਰੀਬੀ ਨੇ ਘੇਰ ਲਿਆ। 11 ਸਾਲ ਦੀ ਉਮਰ ਵਿੱਚ ਉਸ ਨੇ ਸਕੂਲ ਜਾਣਾ ਬੰਦ ਕਰ ਦਿੱਤਾ ਤਾਂ ਜੋ ਉਹ ਕੰਮ ਕਰ ਸਕੇ ਅਤੇ ਫ਼ੈਸਲਾ ਲਿਆ ਕਿ ਉਹ ਇੱਕ ਸਾਲ ਚੀਨ ਜਾਕੇ ਕੰਮ ਕਰੇਗੀ ਤਾਂ ਕਿ ਪਰਿਵਾਰ ਵਿੱਚ ਪੈਸਾ ਵਾਪਿਸ ਲੈਕੇ ਆ ਸਕੇ।
ਪਰ ਮੀਰਾ ਦੀ ਤਰ੍ਹਾਂ ਹੀ ਉਸ ਨਾਲ ਵੀ ਏਜੰਟ ਨੇ ਧੋਖਾ ਕੀਤਾ ਅਤੇ ਨਹੀਂ ਦੱਸਿਆ ਕਿ ਉਹ ਸੈਕਸਕੈਮ ਲਈ ਕੰਮ ਕਰੇਗੀ।
ਜਦੋਂ ਉਹ ਯੈਂਜੀ ਪਹੁੰਚੀ ਤਾਂ ਡਾਇਰੈਕਟਰ ਨੇ ਉਸ ਨੂੰ ਉੱਤਰੀ ਕੋਰੀਆ ਵਾਪਿਸ ਭੇਜਣ ਦੀ ਕੋਸ਼ਿਸ਼ ਕੀਤੀ। ਡਾਇਰੈਕਟਰ ਮੁਤਾਬਕ ਉਹ "ਬਹੁਤ ਕਾਲੀ ਅਤੇ ਬਦਸੂਰਤ" ਸੀ।
ਇਸ ਸਥਿਤੀ ਦੇ ਬਾਵਜੂਦ ਵੀ ਜੀਊਨ ਵਾਪਿਸ ਨਹੀਂ ਜਾਣਾ ਚਾਹੁੰਦੀ ਸੀ।
"ਇਸ ਤਰ੍ਹਾਂ ਦੇ ਕੰਮ ਨਾਲ ਮੈਨੂੰ ਸਭ ਤੋਂ ਜ਼ਿਆਦਾ ਨਫ਼ਰਤ ਹੈ ਪਰ ਮੈਂ ਆਪਣੀ ਜਾਨ 'ਤੇ ਖੇਡ ਕੇ ਚੀਨ ਪਹੁੰਚੀ ਸੀ ਇਸ ਲਈ ਮੈਂ ਖਾਲੀ ਹੱਥ ਵਾਪਿਸ ਨਹੀਂ ਜਾ ਸਕਦੀ ਸੀ।"
"ਮੇਰਾ ਸੁਪਣਾ ਸੀ ਕਿ ਮੈਂ ਆਪਣੇ ਦਾਦਾ-ਦਾਦੀ ਦੇ ਇਸ ਦੁਨੀਆ ਨੂੰ ਛੱਡਣ ਤੋਂ ਪਹਿਲਾਂ ਚੌਲ ਜ਼ਰੂਰ ਖਵਾ ਸਕਾਂ। ਇਹੀ ਕਾਰਨ ਸੀ ਕਿ ਮੈਂ ਸਭ ਸਹਿੰਦੀ ਰਹੀ। ਮੈਂ ਆਪਣੇ ਪਰਿਵਾਰ ਨੂੰ ਪੈਸੇ ਭੇਜਣਾ ਚਾਹੁੰਦੀ ਸੀ।"
ਜੀਊਨ ਨੇ ਬਹੁਤ ਮਿਹਨਤ ਕੀਤੀ, ਉਸ ਨੂੰ ਵਿਸ਼ਵਾਸ ਸੀ ਕਿ ਡਾਇਰੈਕਟਰ ਉਸ ਨੂੰ ਚੰਗੇ ਪ੍ਰਦਰਸ਼ਨ ਲਈ ਇਨਾਮ ਦੇਵੇਗਾ।
ਇਸ ਵਾਅਦੇ ਨੂੰ ਧਿਆਨ ਵਿਚ ਰੱਖਦੋ ਹੋਏ ਕਿ ਉਸ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕਰਨ ਦਿੱਤਾ ਜਾਵੇਗਾ, ਉਹ ਆਪਣੇ ਪਰਿਵਾਰ ਨੂੰ ਪੈਸੇ ਭੇਜ ਸਕੇਗੀ, ਉਹ ਘਰ ਵਿਚ ਬਾਕੀ ਕੁੜੀਆਂ ਦੇ ਮੁਕਾਬਲੇ ਜ਼ਿਆਦਾ ਪੈਸੇ ਲੈਕੇ ਆ ਰਹੀ ਸੀ।
"ਮੈ ਚਾਹੁੰਦੀ ਸੀ ਕਿ ਡਾਇਰੈਕਟਰ ਮੇਰੀ ਮਿਹਨਤ ਨੂੰ ਦੇਖੇ ਅਤੇ ਮੈਂ ਆਪਣੇ ਪਰਿਵਾਰ ਨਾਲ ਸੰਪਰਕ ਕਰਨਾ ਚਾਹੁੰਦੀ ਸੀ। ਮੈਂ ਸੋਚਦੀ ਸੀ ਕਿ ਜੇ ਮੈਂ ਘਰ ਵਿੱਚ ਸਭ ਤੋਂ ਬਿਹਤਰ ਕੰਮ ਕਰਾਂਗੀ ਤਾਂ ਮੈਨੂੰ ਇੱਥੋਂ ਸਭ ਤੋਂ ਪਹਿਲਾਂ ਰਿਹਾਅ ਕਰ ਦਿੱਤਾ ਜਾਵੇਗਾ।"
ਕਈ ਵਾਰ ਉਹ ਰਾਤ ਨੂੰ ਸਿਰਫ਼ ਚਾਰ ਘੰਟੇ ਹੀ ਸੋਇਆ ਕਰਦੀ, ਤਾਂ ਜੋ ਉਹ ਆਪਣੇ ਰੋਜ਼ਾਨਾ ਦੇ $177 (£140) ਦੇ ਟੀਚੇ ਨੂੰ ਛੂ ਸਕੇ। ਉਹ ਹਰ ਹਾਲ ਵਿੱਚ ਆਪਣੇ ਪਰਿਵਾਰ ਲਈ ਪੈਸੇ ਕਮਾਉਣਾ ਚਾਹੁੰਦੀ ਸੀ।
ਕਦੇ-ਕਦੇ ਜੀਊਨ ਮੀਰਾ ਨੂੰ ਵੀ ਦਿਲਾਸਾ ਦਿਆ ਕਰਦੀ ਸੀ। ਉਹ ਉਸ ਨੂੰ ਡਾਇਰੈਕਟਰ ਨਾਲ ਬਾਗ਼ੀ ਨਾ ਹੋਣ ਦੀ ਸਲਾਹ ਦਿੰਦਿਆਂ ਗੱਲ ਕਰਨ ਲਈ ਉਤਸ਼ਾਹਿਤ ਕਰਦੀ ਸੀ।
ਉਹ ਮੀਰਾ ਨੂੰ ਕਿਹਾ ਕਰਦੀ, "ਪਹਿਲਾਂ ਮਿਹਨਤ ਕਰੋ ਅਤੇ ਜੇਕਰ ਫਿਰ ਵੀ ਡਾਇਰੈਕਟਰ ਤੁਹਾਨੂੰ ਵਾਪਿਸ ਨਹੀਂ ਭੇਜਦਾ ਤਾਂ ਤੁਸੀਂ ਉਸ ਨਾਲ ਗੱਲ ਕਰਕੇ ਆਪਣੀ ਦਲੀਲ ਅੱਗੇ ਰੱਖ ਸਕਦੇ ਹੋ।"
ਜੀਊਨ ਮੁਤਾਬਿਕ ਉਨ੍ਹਾਂ ਸਾਲਾਂ ਦੌਰਾਨ ਜਦੋਂ ਉਹ ਬਾਕੀ ਕੁੜੀਆਂ ਨਾਲੋਂ ਜ਼ਿਆਦਾ ਕਮਾਇਆ ਕਰਦੀ ਸੀ ਤਾਂ ਡਾਇਰੈਕਟਰ ਉਸ ਦਾ ਕਾਫ਼ੀ ਪੱਖ ਲਿਆ ਕਰਦਾ ਸੀ।
"ਮੈਨੂੰ ਲਗਿਆ ਕਿ ਉਹ ਅਸਲ ਵਿੱਚ ਮੇਰੀ ਪਰਵਾਹ ਕਰਦੇ ਹਨ ਪਰ ਜਦੋਂ ਮੇਰੀ ਕਮਾਈ ਘੱਟਦੀ ਤਾਂ ਉਨ੍ਹਾਂ ਦੇ ਹਾਵ-ਭਾਵ ਵਿਚ ਫ਼ਰਕ ਆ ਜਾਂਦਾ। ਉਹ ਸਾਨੂੰ ਝਿੜਕਦੇ ਸਨ ਕਿ ਅਸੀਂ ਮਿਹਨਤ ਨਹੀਂ ਕਰ ਰਹੇ ਅਤੇ ਨਾਟਕ ਦੇਖਣ ਵਰਗੇ ਮਾੜੇ ਕੰਮਾਂ ਵਿੱਚ ਰੁੱਝੇ ਹੋਏ ਹਾਂ।"
ਡਾਇਰੈਕਟਰ ਦੇ ਪਰਿਵਾਰ ਦੁਆਰਾ ਅਪਾਰਟਮੈਂਟ ਦੀ ਕੜੀ ਨਿਗਰਾਨੀ ਰੱਖੀ ਜਾਂਦੀ ਸੀ। ਉਸ ਦੇ ਮਾਪੇ ਲਿਵਿੰਗ ਰੂਮ ਵਿਚ ਸੋਇਆ ਕਰਦੇ ਅਤੇ ਅੰਦਰ ਦਾਖਿਲ ਹੋਣ ਵਾਲੇ ਦਰਵਾਜ਼ੇ ਨੂੰ ਬੰਦ ਰੱਖਦੇ ਸਨ।
ਡਾਇਰੈਕਟਰ ਇਨ੍ਹਾਂ ਕੁੜੀਆਂ ਤੱਕ ਖਾਣਾ ਪਹੁੰਚਾਇਆ ਕਰਦਾ ਸੀ ਅਤੇ ਉਸਦਾ ਭਰਾ ਜੋ ਨੇੜੇ ਹੀ ਰਹਿੰਦਾ ਸੀ ਉਹ ਰੋਜ਼ ਇੱਥੇ ਕੂੜਾ ਸੁੱਟਣ ਆਇਆ ਕਰਦਾ ਸੀ।
ਜੀਊਨ ਦਾ ਕਹਿਣਾ ਹੈ, "ਸਾਨੂੰ ਪੂਰੀ ਤਰ੍ਹਾਂ ਕੈਦ ਵਿਚ ਰੱਖਿਆ ਸੀ, ਜੋ ਜੇਲ੍ਹ ਨਾਲੋਂ ਵੀ ਬੁਰੀ ਸੀ।"
ਇਨ੍ਹਾਂ ਉੱਤਰੀ ਕੋਰੀਆਈ ਕੁੜੀਆਂ ਨੂੰ ਹਰ ਛੇ ਮਹੀਨਿਆਂ ਵਿੱਚ ਸਿਰਫ਼ ਇੱਕ ਵਾਰ ਹੀ ਬਾਹਰ ਜਾਣ ਦੀ ਇਜਾਜ਼ਤ ਸੀ, ਜੇਕਰ ਉਨ੍ਹਾਂ ਦੀ ਆਮਦਨ ਕਾਫ਼ੀ ਜ਼ਿਆਦਾ ਹੁੰਦੀ ਤਾਂ ਉਨ੍ਹਾਂ ਨੂੰ ਇੱਕ ਮਹੀਨੇ ਵਿੱਚ ਇੱਕ ਵਾਰੀ ਬਾਹਰ ਜਾਣ ਦੀ ਇਜਾਜ਼ਤ ਮਿਲ ਜਾਂਦੀ।
ਇਹ ਬਹੁਤ ਘੱਟ ਹੁੰਦਾ ਕਿ ਉਹ ਖਰੀਦਾਰੀ ਕਰ ਰਹੀਆਂ ਹਨ ਜਾਂ ਫਿਰ ਆਪਣੇ ਵਾਲ ਬਣਵਾ ਰਹੀਆਂ ਹਨ ਪਰ ਫਿਰ ਵੀ ਉਨ੍ਹਾਂ ਨੂੰ ਕਿਸੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ।
ਮੀਰਾ ਦੱਸਦੀ ਹੈ ਕਿ, "ਡਾਇਰੈਕਟਰ ਇੱਕ ਪ੍ਰੇਮੀ ਵਾਂਗ ਸਾਡੇ ਬਹੁਤ ਨੇੜੇ ਹੋਕੇ ਤੁਰਿਆ ਕਰਦਾ ਕਿਉਂਕਿ ਉਸ ਨੂੰ ਡਰ ਸੀ ਕਿ ਅਸੀਂ ਭੱਜ ਜਾਵਾਂਗੇ। ਮੈਂ ਆਪਣੀ ਮਰਜ਼ੀ ਨਾਲ ਆਲੇ-ਦੁਆਲੇ ਘੁੰਮਣਾ ਚਾਹੁੰਦੀ ਸੀ ਪਰ ਮੈਂ ਘੁੰਮ ਨਹੀਂ ਸਕਦੀ ਸੀ। ਸਾਨੂੰ ਕਿਸੇ ਨਾਲ ਵੀ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ। ਅਸੀਂ ਇੱਕ ਪਾਣੀ ਦੀ ਬੋਤਲ ਤੱਕ ਨਹੀਂ ਖਰੀਦ ਸਕਦੇ ਸੀ। ਮੈਨੂੰ ਇੱਕ ਮੂਰਖ ਵਾਂਗ ਮਹਿਸੂਸ ਹੁੰਦਾ ਸੀ।"
ਡਾਇਰੈਕਟਰ ਦੁਆਰਾ ਇੱਕ ਉੱਤਰੀ-ਕੋਰੀਆਈ ਔਰਤ ਨੂੰ 'ਮੈਨੇਜਰ' ਦੇ ਤੌਰ 'ਤੇ ਨਿਯੁਕਤ ਕਰ ਦਿੱਤਾ ਗਿਆ ਸੀ। ਡਾਇਰੈਕਟਰ ਦੀ ਗ਼ੈਰ-ਮੌਜੂਦਗੀ ਵਿੱਚ ਉਹ ਸਾਡੇ ਸਾਰਿਆਂ 'ਤੇ ਨਜ਼ਰ ਰੱਖਣ ਦਾ ਕੰਮ ਕਰਦੀ ਸੀ।
ਮੀਰਾ ਨਾਲ ਡਾਇਰੈਕਟਰ ਨੇ ਵਾਅਦਾ ਕੀਤਾ ਸੀ ਕਿ ਜੇਕਰ ਉਹ ਮਿਹਨਤ ਕਰੇਗੀ ਤਾਂ ਉਸਦਾ ਵਿਆਹ ਉਹ ਇੱਕ ਚੰਗੇ ਵਿਅਕਤੀ ਨਾਲ ਕਰਵਾਏਗਾ। ਜੀਊਨ ਨਾਲ ਉਸ ਨੇ ਵਾਅਦਾ ਕੀਤਾ ਕਿ ਉਹ ਜੀਊਨ ਦਾ ਉਸਦੇ ਪਰਿਵਾਰ ਨਾਲ ਸੰਪਰਕ ਕਰਵਾਏਗਾ।
ਜਦੋਂ ਜੀਊਨ ਨੇ ਡਾਇਰੈਕਟਰ ਨੂੰ ਉਸ ਨੂੰ ਛੱਡਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਆਪਣੀ ਯਾਤਰਾ ਦੇ ਭੁਗਤਾਨ ਲਈ ਜੀਊਨ ਨੂੰ $53,200 ਕਮਾਉਣੇ ਪੈਣਗੇ। ਡਾਇਰੈਕਟਰ ਨੇ ਫਿਰ ਉਸ ਨੂੰ ਦੱਸਿਆ ਕਿ ਉਹ ਉਸ ਨੂੰ ਰਿਹਾਅ ਨਹੀਂ ਕਰ ਸਕਦਾ ਕਿਉਂਕਿ ਉਹ ਕੋਈ ਦਲਾਲ ਨਹੀਂ ਲੱਭ ਸਕਿਆ।
ਮੀਰਾ ਅਤੇ ਜੀਊਨ ਨੇ ਕਦੇ ਵੀ ਸੈਕਸਕੈਮ ਦੇ ਰਾਹੀਂ ਕਮਾਇਆ ਆਪਣਾ ਪੈਸਾ ਨਹੀਂ ਦੇਖਿਆ।
ਪਹਿਲਾਂ ਤਾਂ ਡਾਇਰੈਕਟਰ ਉਨ੍ਹਾਂ ਨੂੰ ਮੁਨਾਫ਼ੇ ਦੀ 30 ਫ਼ੀਸਦੀ ਰਕਮ ਦੇਣ ਲਈ ਮੰਨ ਗਿਆ ਸੀ ਅਤੇ ਉਨ੍ਹਾਂ ਨੂੰ ਇਹ ਰਕਮ ਰਿਹਾਅ ਹੋਣ 'ਤੇ ਪ੍ਰਾਪਤ ਹੋਣੀ ਸੀ।
ਪਰ ਮੀਰਾ ਅਤੇ ਜੀਊਨ ਨੂੰ ਹੋਰ ਵੀ ਚਿੰਤਾ ਹੋਣ ਲੱਗੀ ਕਿਉਂਕਿ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸ਼ਾਇਦ ਉਹ ਕਦੇ ਵੀ ਆਜ਼ਾਦ ਨਹੀਂ ਹੋ ਸਕਣਗੀਆਂ।
ਜੀਊਨ ਦੱਸਦੀ ਹੈ ਕਿ, "ਆਮ ਤੌਰ 'ਤੇ ਸ਼ਾਇਦ ਮੈਂ ਕਦੀ ਵੀ ਖੁਦਕੁਸ਼ੀ ਕਰਨ ਬਾਰੇ ਸੋਚਦੀ ਵੀ ਨਾ ਪਰ ਮੈਂ ਨਸ਼ੇ ਦੀ ਓਵਰਡੋਜ਼ ਲੈਣ ਦੀ ਕੋਸ਼ਿਸ਼ ਕਰ ਚੁੱਕੀ ਹਾਂ ਅਤੇ ਇੱਕ ਵਾਰੀ ਖਿੜਕੀ ਤੋਂ ਛਾਲ ਮਾਰਨ ਦੀ ਵੀ ਕੋਸ਼ਿਸ਼ ਕਰ ਚੁੱਕੀ ਹਾਂ।"
ਸਾਲ ਬੀਤਦੇ ਰਹੇ- ਮੀਰਾ ਨੂੰ ਇੱਥੇ ਪੰਜ ਸਾਲ ਹੋ ਚੁੱਕੇ ਸਨ ਅਤੇ ਜੀਊਨ ਨੂੰ ਅੱਠ ਸਾਲ।
ਫਿਰ ਮੀਰਾ ਦੇ ਇੱਕ ਸੈਕਸਕੈਮ ਗਾਹਕ ਜਿਸ ਨੂੰ ਉਹ ਤਿੰਨ ਸਾਲਾਂ ਤੋਂ ਜਾਣਦੀ ਸੀ, ਨੂੰ ਉਸ 'ਤੇ ਤਰਸ ਆ ਗਿਆ। ਉਸ ਨੇ ਮੀਰਾ ਦਾ ਰਾਬਤਾ ਪਾਦਰੀ ਚੁੰਨ ਕੀਵੰਨ ਨਾਲ ਕਰਵਾਇਆ ਜੋ ਪਿਛਲੇ 20 ਸਾਲਾਂ ਤੋਂ ਉੱਤਰੀ ਕੋਰੀਆ ਤੋਂ ਭੱਜਣ ਵਾਲਿਆਂ ਦੀ ਮਦਦ ਕਰ ਰਹੇ ਸਨ।
ਮੀਰਾ ਦੇ ਗਾਹਕ ਨੇ ਮੀਰਾ ਦੇ ਕੰਪਿਊਟਰ 'ਤੇ ਮੈਸੇਜਿੰਗ ਐਪਲੀਕੇਸ਼ਨ ਇੰਸਟਾਲ ਕੀਤੀ ਤਾਂ ਜੋ ਉਹ ਪਾਦਰੀ ਦੇ ਨਾਲ ਗੱਲਬਾਤ ਕਰ ਸਕੇ।
ਪਾਦਰੀ ਚੁੰਨ ਕੀਵੰਨ ਨੂੰ ਉੱਤਰੀ ਕੋਰੀਆ ਦੇ ਡੀਫੈਕਟਰਜ਼ ਵਿਚ ਕਾਫ਼ੀ ਜਾਣਿਆ ਜਾਂਦਾ ਹੈ। ਉੱਤਰੀ ਕੋਰੀਆਈ ਟੀਵੀ ਵੱਲੋਂ ਅਕਸਰ ਉਸ ਨੂੰ "ਅਗਵਾ ਕਰਨ ਵਾਲਾ" ਜਾਂ ਫਿਰ "ਕੋਨ-ਮੈਨ" ਆਖ ਕੇ ਨਿਸ਼ਾਨੇ ਸਾਧੇ ਜਾਂਦੇ ਹਨ।
ਸਾਲ 1999 ਵਿੱਚ ਆਪਣੀ ਇਸਾਈ ਚੈਰਿਟੀ ਦੁਰਿਹਾਨਾ ਸਥਾਪਿਤ ਕਰਨ ਤੋਂ ਬਾਅਦ ਹੁਣ ਤੱਕ ਉਹ 1,200 ਦੇ ਕਰੀਬ ਬਾਗ਼ੀਆਂ ਦੀ ਮਦਦ ਕਰ ਉਨ੍ਹਾਂ ਨੂੰ ਸੁਰੱਖਿਅਤ ਬਚਾ ਚੁੱਕੇ ਹਨ।
ਉਨ੍ਹਾਂ ਨੂੰ ਹਰ ਮਹੀਨੇ ਬਚਾਉਣ ਬਾਬਤ ਦੋ-ਤਿੰਨ ਅਰਜ਼ੀਆਂ ਆਉਂਦੀਆਂ ਹਨ ਪਰ ਉਨ੍ਹਾਂ ਨੂੰ ਮੀਰਾ ਅਤੇ ਜੀਊਨ ਦਾ ਮਾਮਲਾ ਖਾਸ ਤੌਰ 'ਤੇ ਬੇਹੱਦ ਪਰੇਸ਼ਾਨ ਕਰਨ ਵਾਲਾ ਲਗਿਆ।
"ਮੈਂ ਤਿੰਨ ਸਾਲ ਤੱਕ ਕੈਦ ਵਿੱਚ ਰਹਿਣ ਵਾਲੀ ਕੁੜੀਆਂ ਨੂੰ ਦੇਖਿਆ ਹੈ ਪਰ ਮੈਂ ਅਜਿਹਾ ਮਾਮਲਾ ਕਦੇ ਨਹੀਂ ਦੇਖਿਆ ਜਦੋਂ ਕੁੜੀਆਂ ਨੂੰ ਇੰਨੀ ਦੇਰ ਤੱਕ ਕੈਦ ਕਰਕੇ ਰੱਖਿਆ ਗਿਆ ਹੋਵੇ। ਇਸ ਮਾਮਲੇ ਨੇ ਮੇਰਾ ਦਿਲ ਤੋੜ ਦਿੱਤਾ।"
ਚੁੰਨ ਦਾ ਦਾਅਵਾ ਹੈ ਕਿ ਬਾਗੀ ਔਰਤਾਂ ਦੀ ਤਸਕਰੀ ਹੁਣ ਕਾਫ਼ੀ ਆਯੋਜਿਤ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਸਰਹੱਦ ਦੀ ਰੱਖਿਆ ਕਰ ਰਹੇ ਉੱਤਰੀ ਕੋਰੀਆ ਦੇ ਕੁਝ ਫ਼ੌਜੀ ਵੀ ਇਸ ਵਿਚ ਸ਼ਾਮਿਲ ਹਨ।
ਚੀਨ ਦੇ ਸਰਹੱਦੀ ਖੇਤਰ ਵਿੱਚ ਰਹਿ ਰਹੇ ਸਥਾਨਕ ਲੋਕਾਂ ਵੱਲੋਂ ਕਈ ਵਾਰੀ ਔਰਤਾਂ ਦੀ ਤਸਕਰੀ ਨੂੰ "ਕੋਰੀਅਨ ਪਿੱਗ ਟਰੇਡ" ਵੀ ਕਿਹਾ ਜਾਂਦਾ ਹੈ। ਇੱਕ ਔਰਤ ਦੀ ਕੀਮਤ ਸੈਂਕੜੇ ਡਾਲਰ ਤੋਂ ਲੈਕੇ ਕਈ ਹਜ਼ਾਰ ਡਾਲਰ ਦੇ ਵਿਚਕਾਰ ਲਗਾਈ ਜਾਂਦੀ ਹੈ।
ਹਾਲਾਂਕਿ ਅਧਿਕਾਰਕ ਅੰਕੜੇ ਹਾਸਿਲ ਕਰਨੇ ਔਖੇ ਹਨ ਪਰ ਉੱਤਰੀ ਕੋਰੀਆਈ ਔਰਤਾਂ ਦੀ ਉੱਚੇ ਪੱਧਰ 'ਤੇ ਹੋ ਰਹੀ ਤਸਕਰੀ ਦੇ ਮਾਮਲੇ ਵਿੱਚ ਸੰਯੁਕਤ ਰਾਸ਼ਟਰ ਵੀ ਆਪਣੀ ਚਿੰਤਾ ਜ਼ਾਹਿਰ ਕਰ ਚੁੱਕਾ ਹੈ।
ਯੂਐਸ ਸਟੇਟ ਡਿਪਾਰਟਮੈਂਟ ਦੀ ਸਲਾਨਾ 'ਟਰੈਫਿਕਿੰਗ ਇਨ ਪਰਸਨਜ਼ ਰਿਪੋਰਟ' ਵਿੱਚ ਲਗਾਤਾਰ ਉੱਤਰੀ ਕੋਰੀਆ ਨੂੰ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਸਭ ਤੋਂ ਮਾੜੇ ਦੇਸਾਂ ਵਿੱਚ ਇੱਕ ਹੋਣ ਦਾ ਦਰਜਾ ਦਿੱਤਾ ਹੈ।
ਪੂਰੇ ਇੱਕ ਮਹੀਨੇ ਤੱਕ ਚੁੰਨ ਸੈਕਸਕੈਮ ਸਾਇਟ 'ਤੇ ਇੱਕ ਕਲਾਇੰਟ ਦਾ ਰੂਪ ਧਾਰ ਕੇ ਮੀਰਾ ਅਤੇ ਜੀਊਨ ਦੇ ਸੰਪਰਕ ਵਿੱਚ ਰਹੇ ਸਨ। ਇਸ ਰਾਹੀਂ ਕੁੜੀਆਂ ਇਹ ਦਿਖਾਵਾ ਕਰ ਸਕੀਆਂ ਕਿ ਉਹ ਕੰਮ ਕਰ ਰਹੀਆਂ ਨੇ ਪਰ ਉਹ ਆਪਣੇ ਭੱਜਣ ਦੀ ਯੋਜਨਾ ਤਿਆਰ ਕਰ ਰਹੀਆਂ ਸਨ।
ਉਨ੍ਹਾਂ ਦੱਸਿਆ ਕਿ, "ਆਮ ਤੌਰ 'ਤੇ ਡੀਫ਼ੈਕਟਰਜ਼ ਆਪਣੀ ਲੋਕੇਸ਼ਨ ਨਾਲ ਜਾਣੂ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਨੂੰ ਅੱਖਾਂ 'ਤੇ ਪੱਟੀ ਬੰਨ੍ਹ ਕੇ ਜਾਂ ਫਿਰ ਰਾਤ ਸਮੇਂ ਅਪਾਰਟਮੈਂਟ ਵਿੱਚ ਲਿਆਇਆ ਜਾਂਦਾ ਹੈ। ਪਰ ਖੁਸ਼ਕਿਸਮਤੀ ਨਾਲ ਮੀਰਾ ਅਤੇ ਜੀਊਨ ਨੂੰ ਪਤਾ ਸੀ ਕਿ ਉਹ ਯੈਂਜੀ ਸ਼ਹਿਰ ਵਿੱਚ ਹਨ ਅਤੇ ਬਾਹਰ ਇੱਕ ਹੋਟਲ 'ਤੇ ਲੱਗਿਆ ਸਾਈਨ ਵੀ ਦੇਖ ਸਕਦੇ ਸਨ।"
ਗੂਗਲ ਮੈਪਸ 'ਤੇ ਉਨ੍ਹਾਂ ਦੀ ਸਹੀ ਲੋਕੇਸ਼ਨ ਭਾਲ ਕੇ ਚੁੰਨ ਆਪਣੀ ਸੰਸਥਾ ਦੁਰਿਹਾਨਾ ਤੋਂ ਇੱਕ ਵਲੰਟੀਅਰ ਭੇਜਣ ਵਿੱਚ ਸਫ਼ਲ ਰਹੇ ਤਾਂ ਜੋ ਕੁੜੀਆਂ ਨੂੰ ਬਚਾਉਣ ਲਈ ਉਨ੍ਹਾਂ ਦੇ ਅਪਾਰਟਮੈਂਟ ਦਾ ਪਤਾ ਲਗਾਇਆ ਜਾ ਸਕੇ।
ਕਿਸੇ ਵੀ ਬਾਗ਼ੀ ਲਈ ਚੀਨ ਤੋਂ ਬਾਹਰ ਜਾਣਾ ਖਤਰਿਆਂ ਦੇ ਨਾਲ ਭਰਿਆ ਹੋਇਆ ਸੀ। ਜ਼ਿਆਦਾਤਰ ਲੋਕ ਕਿਸੇ ਤੀਸਰੇ ਦੇਸ਼ ਜਾਣਾ ਚਾਹੁੰਦੇ ਹਨ ਜਾਂ ਫਿਰ ਦੱਖਣੀ ਕੋਰੀਆ ਦੇ ਦੂਤਾਵਾਸ ਜਾਣਾ ਚਾਹੁੰਦੇ ਹਨ, ਜਿੱਥੇ ਤੋਂ ਉਨ੍ਹਾਂ ਨੂੰ ਦੱਖਣੀ ਕੋਰੀਆ ਵਾਪਿਸ ਭੇਜਿਆ ਜਾਵੇਗਾ ਅਤੇ ਸ਼ਰਨ ਦਿੱਤੀ ਜਾਵੇਗੀ।
ਪਰ ਬਿਨ੍ਹਾਂ ਕਿਸੇ ਪਛਾਣ ਪੱਤਰ ਦੇ ਚੀਨ ਤੋਂ ਬਾਹਰ ਜਾਣਾ ਵੀ ਖ਼ਤਰਨਾਕ ਹੈ।
ਚੁੰਨ ਦੱਸਦੇ ਹਨ ਕਿ "ਪਿਛਲੇ ਸਮੇਂ ਵਿਚ ਉੱਤਰੀ ਕੋਰੀਆ ਦੇ ਬਾਗ਼ੀ ਲੋਕ ਨਕਲੀ ਪਛਾਣ ਪੱਤਰ ਦੇ ਨਾਲ ਵੀ ਯਾਤਰਾ ਕਰ ਲੈਂਦੇ ਸਨ। ਪਰ ਅੱਜ ਕਲ੍ਹ ਅਧਿਕਾਰੀ ਆਪਣੇ ਨਾਲ ਇੱਕ ਇਲੈਕਟ੍ਰਾਨਿਕ ਡਿਵਾਈਸ ਰੱਖਦੇ ਹਨ ਜਿਸ ਨਾਲ ਪਤਾ ਚੱਲ ਜਾਂਦਾ ਹੈ ਕਿ ਪਛਾਣ ਪੱਤਰ ਅਸਲੀ ਹੈ ਜਾਂ ਨਕਲੀ।"
ਅਪਾਰਟਮੈਂਟ ਤੋਂ ਭੱਜਣ ਤੋਂ ਬਾਅਦ ਦੁਰਿਹਾਨਾ ਵੋਲੰਟੀਅਰਾਂ ਦੀ ਸਹਾਇਤਾ ਦੇ ਨਾਲ ਚੀਨ ਤੋਂ ਬਾਹਰ ਜਾਣ ਦੇ ਲੰਬੇ ਸਫ਼ਰ ਦੀ ਸ਼ੁਰੂਆਤ ਕਰਦੀਆਂ ਹਨ।
ਕਿਸੇ ਵੀ ਆਈਡੀ ਦੇ ਬਿਨ੍ਹਾਂ ਉਹ ਕਿਸੇ ਹੋਟਲ ਜਾਂ ਹੋਸਟਲ ਵਿੱਚ ਠਹਿਰਨ ਦਾ ਖ਼ਤਰਾ ਨਹੀਂ ਚੁੱਕ ਸਕਦੀਆਂ ਸਨ ਜਿਸ ਕਾਰਨ ਉਹ ਰੇਲਗੱਡੀਆਂ 'ਤੇ ਸੌਣ ਜਾਂ ਰੈਸਟੋਰੈਂਟਾਂ ਵਿੱਚ ਜਾਗ ਕੇ ਰਾਤਾਂ ਬਿਤਾਉਣ ਲਈ ਮਜਬੂਰ ਸਨ।
ਚੀਨ ਵਿੱਚ ਆਪਣੇ ਸਫ਼ਰ ਦੇ ਆਖਰੀ ਦਿਨ ਪੰਜ ਘੰਟੇ ਇੱਕ ਪਹਾੜ ਉੱਤੇ ਚੜ੍ਹਾਈ ਕਰਨ ਤੋਂ ਬਾਅਦ ਉਹ ਆਖ਼ਰਕਾਰ ਸਰਹੱਦ ਪਾਰ ਕਰਕੇ ਇੱਕ ਗੁਆਂਢੀ ਦੇਸ ਵਿਚ ਦਾਖ਼ਲ ਹੋ ਗਏ। ਉਨ੍ਹਾਂ ਨੇ ਜੋ ਰੂਟ ਤੈਅ ਕੀਤਾ ਅਤੇ ਜਿਸ ਦੇਸ਼ ਵਿੱਚ ਦਾਖਲ ਹੋਏ ਉਸ ਬਾਰੇ ਦੱਸਿਆ ਨਹੀਂ ਜਾ ਸਕਦਾ।
ਅਪਾਰਟਮੈਂਟ ਤੋਂ ਭੱਜਣ ਦੇ 12 ਦਿਨਾਂ ਬਾਅਦ ਮੀਰਾ ਅਤੇ ਜੀਊਨ ਦੀ ਮੁਲਾਕਾਤ ਚੁੰਨ ਨਾਲ ਪਹਿਲੀ ਵਾਰ ਹੋਈ।
ਜੀਊਨ ਕਹਿੰਦੀ ਹੈ ਕਿ, "ਮੈਨੂੰ ਲਗਦਾ ਸੀ ਕਿ ਦੱਖਣੀ ਕੋਰੀਆ ਦੀ ਨਾਗਰਿਕਤਾ ਪ੍ਰਾਪਤ ਕਰਨ ਤੋਂ ਬਾਅਦ ਹੀ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰਾਂਗੀ, ਪਰ ਪਾਦਰੀ ਚੁੰਨ ਨਾਲ ਮੁਲਾਕਾਤ ਤੋਂ ਬਾਅਦ ਹੀ ਮੈਂ ਸੁਰੱਖਿਅਤ ਮਹਿਸੂਸ ਕਰਨ ਲੱਗੀ। ਆਜ਼ਾਦੀ ਮਿਲਨ ਦੇ ਖਿਆਲ ਨਾਲ ਹੀ ਮੇਰੀਆਂ ਅੱਖਾਂ ਭਰ ਆਈਆਂ।"
ਉਹ ਗੱਡੀ ਰਾਹੀਂ ਇਕੱਠੇ ਮਿਲਕੇ ਹੋਰ 27 ਘੰਟਿਆਂ ਦਾ ਸਫ਼ਰ ਤੈਅ ਕਰਕੇ ਸਭ ਤੋਂ ਨੇੜੇ ਦੇ ਦੱਖਣੀ ਕੋਰੀਆਈ ਦੂਤਾਵਾਸ ਪਹੁੰਚੇ।
ਚੁੰਨ ਦਾ ਕਹਿਣਾ ਹੈ ਕਿ ਜ਼ਿਆਦਾਤਰ ਉੱਤਰੀ ਕੋਰੀਅਨ ਇਸ ਸਫ਼ਰ ਦੇ ਆਖਰੀ ਹਿੱਸੇ ਨੂੰ ਬਹੁਤ ਔਖਾ ਸਮਝਦੇ ਹਨ ਅਤੇ ਇਸ ਨੂੰ ਸਹਾਰਨਾ ਮੁਸ਼ਕਿਲ ਲੱਗਦਾ ਹੈ। ਉਨ੍ਹਾਂ ਨੂੰ ਗੱਡੀ ਵਿਚ ਇਨ੍ਹਾਂ ਸਫ਼ਰ ਕਰਨ ਦੀ ਆਦਤ ਨਹੀਂ ਹੁੰਦੀ।
"ਇਹ ਲੋਕ ਅਕਸਰ ਬਿਮਾਰ ਹੋ ਜਾਂਦੇ ਹਨ ਅਤੇ ਕਈ ਵਾਰ ਉਲਟੀਆਂ ਕਾਰਨ ਬੇਹੋਸ਼ ਵੀ ਹੋ ਜਾਂਦੇ ਹਨ। ਇਹ ਰਸਤਾ ਨਰਕ ਦੀ ਤਰ੍ਹਾਂ ਹੈ ਅਤੇ ਉਨ੍ਹਾਂ ਦੁਆਰਾ ਹੀ ਤੈਅ ਕੀਤਾ ਜਾਂਦਾ ਹੈ ਜੋ ਸਵਰਗ ਦੀ ਭਾਲ ਕਰ ਰਹੇ ਹਨ।"
ਦੂਤਾਵਾਸ 'ਤੇ ਪਹੁੰਚਣ ਤੋਂ ਪਹਿਲਾਂ ਹੀ ਮੀਰਾ ਥੋੜਾ ਘਬਰਾਈ ਹੋਈ ਸੀ ਅਤੇ ਹਲਕਾ ਮੁਸਕੁਰਾ ਰਹੀ ਸੀ। ਉਹ ਆਖਦੀ ਹੈ ਕਿ ਉਸਦਾ ਰੋਣ ਦਾ ਮੰਨ ਕਰ ਰਿਹਾ ਸੀ।
ਜੀਊਨ ਦੱਸਦੀ ਹੈ ਕਿ, "ਮੈਨੂੰ ਇੰਝ ਪ੍ਰਤੀਤ ਹੋ ਰਿਹਾ ਹੈ ਕਿ ਮੈਂ ਨਰਕ ਤੋਂ ਨਿਕਲ ਕੇ ਆਈ ਹਾਂ। ਮੇਰੇ ਅੰਦਰ ਬਹੁਤ ਭਾਵਨਾਵਾਂ ਭਰੀਆਂ ਹੋਈਆਂ ਹਨ। ਜੇਕਰ ਮੈਂ ਦੱਖਣੀ ਕੋਰੀਆ ਚਲੀ ਜਾਂਦੀ ਹਾਂ ਤਾਂ ਮੈਂ ਦੁਬਾਰਾ ਕਦੇ ਵੀ ਆਪਣੇ ਪਰਿਵਾਰ ਨੂੰ ਨਹੀਂ ਦੇਖ ਸਕਾਂਗੀ ਅਤੇ ਮੈਨੂੰ ਇਸ ਗੱਲ ਦਾ ਬੁਰਾ ਵੀ ਲਗਦਾ ਹੈ। ਆਪਣਾ ਦੇਸ ਛੱਡਣ ਪਿੱਛੇ ਮੇਰਾ ਇਹ ਮੰਤਵ ਕਦੇ ਵੀ ਨਹੀਂ ਸੀ।"
ਪਾਦਰੀ ਅਤੇ ਦੋਵੇਂ ਔਰਤਾਂ ਇਕੱਠੇ ਹੀ ਦੂਤਾਵਾਸ ਦੇ ਅੰਦਰ ਦਾਖਿਲ ਹੋਏ। ਕੁਝ ਪਲਾਂ ਬਾਅਦ ਸਿਰਫ਼ ਚੁੰਨ ਬਾਹਰ ਵਾਪਸ ਆਏ ਅਤੇ ਉਹ ਇਸ ਮਾਮਲੇ ਵਿੱਚ ਆਪਣੀ ਭੁਮਿਕਾ ਅਦਾ ਕਰ ਚੁੱਕੇ ਸਨ।
ਮੀਰਾ ਅਤੇ ਜੀਊਨ ਨੂੰ ਸਿੱਧਾ ਦੱਖਣੀ ਕੋਰੀਆ ਭੇਜਿਆ ਜਾਵੇਗਾ। ਜਿੱਥੇ ਉਹ ਕੌਮੀ ਖੂਫੀਆ ਸੇਵਾ ਦੁਆਰਾ ਇੱਕ ਸਖ਼ਤ ਜਾਂਚ ਪ੍ਰਕਿਰਿਆ ਵਿੱਚੋਂ ਲੰਘਣਗੀਆਂ। ਇਹ ਯਕੀਨੀ ਬਨਾਉਣ ਲਈ ਕਿ ਉਹ ਜਾਸੂਸ ਨਹੀਂ ਹਨ।
ਅੱਗੇ ਦੇ ਤਕਰੀਬਨ ਤਿੰਨ ਮਹੀਨੇ ਉਹ ਹਾਨਾਵੰਨ ਪੁਨਰਵਾਸ ਕੇਂਦਰ ਵਿੱਚ ਬਤੀਤ ਕਰਨਗੀਆਂ। ਇੱਥੇ ਉਨ੍ਹਾਂ ਨੂੰ ਦੱਖਣੀ ਕੋਰੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਦੇ ਅਨੁਕੂਲ ਤਿਆਰ ਕਰਨ ਲਈ ਵਿਹਾਰਕ ਹੁਨਰ ਸਿਖਾਏ ਜਾਣਗੇ।
ਇਹ ਵੀ ਪੜ੍ਹੋ:
ਉੱਤਰੀ ਕੋਰੀਆ ਤੋਂ ਬਾਗ਼ੀ ਹੋਕੇ ਆਏ ਲੋਕ ਇੱਥੇ ਰਾਸ਼ਨ ਦੀ ਖਰੀਦਾਰੀ ਕਰਨਾ ਸਿੱਖਦੇ ਹਨ, ਸਮਾਰਟਫ਼ੋਨ ਚਲਾਉਣਾ ਸਿੱਖਦੇ ਹਨ, ਫ੍ਰੀ ਮਾਰਕੀਟ ਆਰਥਿਕਤਾ ਦੇ ਸਿਧਾਂਤ ਸਿਖਾਏ ਜਾਂਦੇ ਹਨ ਅਤੇ ਕੰਮ ਕਰਨ ਲਈ ਸਿਖਲਾਈ ਵੀ ਪ੍ਰਾਪਤ ਕਰਦੇ ਹਨ। ਉਹ ਇੱਥੇ ਕਾਉਂਗਲਿੰਗ ਵੀ ਹਾਸਿਲ ਕਰ ਸਕਦੇ ਹਨ। ਫਿਰ ਉਹ ਅਧਿਕਾਰਕ ਤੌਰ 'ਤੇ ਦੱਖਣੀ ਕੋਰੀਆ ਦੇ ਨਾਗਰਿਕ ਬਣ ਜਾਣਗੇ।
ਦੱਖਣੀ ਕੋਰੀਆ ਵਿੱਚ ਆਪਣੇ ਸੁਪਣਿਆਂ ਬਾਰੇ ਪੁੱਛੇ ਜਾਣ 'ਤੇ ਮੀਰਾ ਕਹਿੰਦੀ ਹੈ, "ਮੈਂ ਅੰਗਰੇਜ਼ੀ ਜਾਂ ਫਿਰ ਚੀਨੀ ਭਾਸ਼ਾ ਸਿੱਖਣਾ ਚਾਹੁੰਦੀ ਹਾਂ ਤਾਂ ਕਿ ਮੈਂ ਟੂਅਰ ਗਾਇਡ ਬਣ ਸਕਾਂ।"
ਜੀਊਨ ਦਾ ਕਹਿਣਾ ਹੈ, "ਮੈਂ ਇੱਕ ਆਮ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹਾਂ, ਕਿਸੇ ਕੈਫ਼ੇ ਵਿੱਚ ਆਪਣੇ ਮਿੱਤਰਾਂ ਨਾਲ ਬੈਠ ਕੇ ਕੌਫ਼ੀ ਪੀਂਦੇ ਹੋਏ ਗੱਲਬਾਤ ਕਰਨਾ ਚਾਹੁੰਦੀ ਹਾਂ"
"ਕਿਸੇ ਨੇ ਮੈਨੂੰ ਇੱਕ ਵਾਰ ਦੱਸਿਆ ਕਿ ਇੱਕ ਦਿਨ ਇਹ ਬਾਰਿਸ਼ ਰੁੱਕ ਜਾਵੇਗੀ ਪਰ ਮੇਰੇ ਲਈ ਇਹ ਮੀਂਹ ਦਾ ਮੌਸਮ ਇੰਨਾ ਲੰਮਾਂ ਚੱਲਿਆ ਕਿ ਮੈਂ ਸੂਰਜ ਦੀ ਹੋਂਦ ਬਾਰੇ ਭੁੱਲ ਹੀ ਗਈ ਸੀ।"