ਪੰਜਾਬੀ ਗਾਣਾ ਜੋ ਇੰਗਲੈਂਡ ਦੇ ਫੁੱਟਬਾਲ ਜਗਤ ਵਿੱਚ ਬਣਿਆ ਹੋਇਆ ਹੈ ਚਰਚਾ ਦਾ ਵਿਸ਼ਾ

    • ਲੇਖਕ, ਕਾਇਰਨ ਵਰਲੇ
    • ਰੋਲ, ਬੀਬੀਸੀ

ਲਿਵਰਪੂਲ ਫੁੱਟਬਾਲ ਕਲੱਬ ਦੇ ਇੱਕ ਫੈਨ ਦੇ ਟਵਿੱਟਰ ਅਕਾਊਂਟ ਤੋਂ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ।

ਵੀਡੀਓ ਟਵੀਟ ਕਰਨ ਵਾਲੇ ਉੱਪਰ ਇਸ ਦਾ ਸਦਮਾ ਟਵੀਟ ਦੇ ਸ਼ਬਦਾਂ ਤੋਂ ਲਾਇਆ ਜਾ ਸਕਦਾ ਹੈ ਪਰ ਸ਼ਾਇਦ ਗਾਣੇ ਦੀ ਧੁਨ ਨੂੰ ਸੁਣਨ ਤੋਂ ਬਾਅਦ ਉਹ ਸਾਂਝਾ ਕਰੇ ਬਿਨਾਂ ਰਹਿ ਨਾ ਸਕੇ।

ਇਹ ਗਾਣਾ ਇੱਕ ਪੰਜਾਬੀ ਰੈਪ ਹੈ ਜੋ ਮੈਨਚੈਸਟਰ ਯੂਨਾਈਟਡ ਦੇ ਫੈਨ ਮੁੰਡਿਆਂ ਨੇ ਬਣਾਇਆ ਹੈ।

ਸਭ ਤੋਂ ਪਹਿਲਾਂ ਇਹ ਗਾਣਾ ਅਗਸਤ 2017 ਵਿੱਚ ਯੂਟਿਊਬ ਉੱਪਰ ਅੱਪਲੋਡ ਕੀਤਾ ਗਿਆ ਸੀ। 'ਮੈਨ ਯੂਨਾਈਟਡ ਦਾ ਫੈਨ'ਨਾਮ ਦਾ ਇਹ ਗਾਣਾ ਗੁਰ ਸਹਿਜ ਸੈਣੀ ਦਾ ਗਾਇਆ ਹੈ।

ਇਸ ਦੀਆਂ ਸਤਰਾਂ ਲਿਵਰਪੂਲ ਹਮਾਇਤੀਆਂ ਦੀ ਛਿੱਲ ਲਾਹੁਣ ਵਾਲੀਆਂ ਹਨ। ਜਿਵੇਂ- ‘ਲਿਵਰਪੂਲ ਨੂੰ ਵੀ ਅੱਤ ਜਿਹੜੇ ਦਸਦੇ 27 ਸਾਲਾਂ ਤੋਂ ਪਾਲੀ ਬੈਠੇ ਵਹਿਮ ਨੀਂ...’

ਇੱਕ ਹੋਰ ਸਤਰ ਹੈ, ‘ਹਰ ਸਾਲ ਦਾਅਵਾ ਕਰਦੇ ਵੀ ਜਿੱਤਾਂਗੇ ਕਹਿੰਦੇ ਆ ਗਿਆ ਬਈ ਬਿੱਲੋ ਓਹੀ ਟਾਈਮ ਨੀਂ...’

‘ਕਲੌਪ ਲੀਗ 'ਚ ਫਲੌਪ ਥੋਡਾ ਕਰ ਤਾ ਔਖੇ ਜਿੱਤਣ ਦੇ ਚਾਂਸ ਬੱਲੀਏ...’

ਇਹ ਵੀ ਪੜ੍ਹੋ:

ਹਾਲਾਂਕਿ ਇਸ ਗਾਣੇ ਵਿੱਚ ਸੰਤੁਲਨ ਵੀ ਕਾਇਮ ਰੱਖਿਆ ਗਿਆ ਹੈ। ਸਿਰਫ਼ ਲਿਵਰਪੂਲ ਨੂੰ ਹੀ ਖਰੀਆਂ ਨਹੀਂ ਸੁਣਾਈਆਂ ਗਈਆਂ ਅਤੇ ਆਰਸਨਲ ਉੱਪਰ ਬਾਰੇ ਵੀ ਕੁਝ ਗੱਲਾਂ ਕਹੀਆਂ ਗਈਆਂ ਹਨ।

ਜਿਵੇਂ- ‘ਚੌਥੇ ਨੰਬਰ ਤੇ ਹਰ ਸਾਲ ਆਉਂਦੇ ਨੇ ਵੱਡੇ ਗੂਨਰ ਜੋ ਖ਼ੁਦ ਨੂੰ ਕਹਾਉਂਦੇ ਨੇ...’

‘ਕਹਿੰਦੇ ਵੈਗਨ ਵੀ ਆਊਟ ਸਾਨੂੰ ਚਾਹੀਦਾ ਪੈਸੇ ਲਾਉਣ ਤੋਂ ਜੋ ਰਹਿੰਦਾ ਕਤਰਾਉਂਦਾ ਨੀ...ਯੀਸੀਐਲ ਨੇ ਵੀ ਮੱਤ ਥੋਡੀ ਮਾਰ ਤੀ ਪਾ ਕੇ ਪਾਈਨਰ ਨਾਲ ਮੈਚ ਨੀ....ਆਰਸਨਲ ਨੂੰ ਫੌਲੋ ਤੂੰ ਕਰਦੀ ਮੁੰਡਾ ਯੂਨਾਈਟਡ ਦਾ ਫੈਨ ਬੱਲੀਏ...’

ਗਾਇਕ ਨਾਲ 20 ਤੋਂ ਵੱਧ ਸਾਥੀ ਹਨ ਜੋ ਗਾਣੇ ਵਿੱਚ ਵਾਰੋ-ਵਾਰੀ ਭੰਗੜਾ ਅਤੇ ਰੈਪ ਕਰਦੇ ਹਨ। ਇਹ ਸਾਰੇ ਵੀ ਮੈਨਚੈਸਟਰ ਯੂਨਾਈਟਡ ਦੇ ਹੀ ਫੈਨ ਹਨ।

ਗੁਰ ਸਹਿਜ ਫਿਲਹਾਲ ਲੁਧਿਆਣਾ ਵਿੱਚ ਰਹਿੰਦੇ ਹਨ ਅਤੇ ਕੰਪਿਊਟਰ ਇੰਜੀਨੀਅਰਿੰਗ ਵਿੱਚ ਮਾਸਟਰਜ਼ ਕਰ ਰਹੇ ਹਨ। ਉਨ੍ਹਾਂ ਨਾਲ ਬੀਬੀਸੀ ਪੱਤਰਕਾਰ ਗੁਰਕਿਰਪਾਲ ਸਿੰਘ ਨੇ ਗੱਲਬਾਤ ਕੀਤੀ:

ਇੰਗਲੈਂਡ ਦੇ ਫੁੱਟਬਾਲ ਕਲੱਬਾਂ ਬਾਰੇ ਗਾਣੇ ਦਾ ਵਿਚਾਰ ਕਿਵੇਂ ਆਇਆ?

"ਮੇਰਾ ਇੱਕ ਦੋਸਤ ਸੀ ਜੋ ਕਿ ਇੰਗਲੈਂਡ ਤੋਂ ਸੀ ਉਸ ਨੇ ਦੱਸਿਆ ਕਿ ਉੱਥੇ ਉਹ ਮੈਚ ਦੇਖ ਰਹੇ ਸਨ ਅਤੇ ਉਨ੍ਹਾਂ ਨੂੰ ਕੋਈ ਕੁੜੀ ਮਿਲੀ ਜੋ ਲਿਵਰਪੂਲ ਦੀ ਫੈਨ ਸੀ ਜਦਕਿ ਮੇਰਾ ਦੋਸਤ ਯੂਨਾਈਟਿਡ ਦੇ ਫੈਨ ਸਨ। ਫਿਰ ਉਸ ਕੁੜੀ ਨਾਲ ਹੋਈ ਗੱਲਬਾਤ ਉਨ੍ਹਾਂ ਨੇ ਮੈਨੂੰ ਸੁਣਾਈ ਅਤੇ ਮੈਨੂੰ ਇੱਕ ਆਡੀਆ ਆਇਆ ਕਿ ਇਸ ਉੱਪਰ ਇੱਕ ਗਾਣਾ ਬਣਾਇਆ ਜਾਵੇ। ਇਸ ਗਾਣੇ ਦੇ ਸੰਗੀਤਕਾਰ ਆਪ ਵੀ ਯੂਨਾਈਟਡ ਦੇ ਹੀ ਫੈਨ ਹਨ।"

ਗਾਣੇ ਦੀ ਸ਼ੂਟਿੰਗ ਬਾਰੇ ਕੁਝ ਦੱਸੋ?

“ਸਭ ਤੋਂ ਪਹਿਲਾਂ ਤਾਂ ਅਸੀਂ ਇਹ ਗਾਣਾ ਜੋੜ ਕੇ ਆਪਣੇ ਫੇਸਬੁੱਕ ਪੇਜ ’ਤੇ ਹੀ ਪਾਇਆ ਸੀ ਪਰ ਇਹ ਰਾਤੋ-ਰਾਤ ਹੀ ਇੰਨਾ ਵਾਇਰਲ ਹੋ ਗਿਆ ਕਿ ਮੈਨੂੰ ਮਿਊਜ਼ਿਕ ਡਾਇਰੈਕਟਰਾਂ ਦੇ ਫੋਨ ਆਏ ਕਿ ਆਪਾਂ ਇਹ ਗਾਣਾ ਬਣਾਈਏ।”

“ਫੇਰ ਮੈਂ ਗਰਮੀਆਂ ਵਿੱਚ ਕੈਨੇਡਾ ਗਿਆ ਹੋਇਆ ਸੀ ਕਿ ਉੱਥੇ ਪਹੁੰਚ ਕੇ ਅਸੀਂ ਇਸ ਦੀ ਸ਼ੂਟਿੰਗ ਬਾਰੇ ਸੋਚਿਆ। ਮੈਂ ਆਪਣੇ ਕਜ਼ਨਜ਼ ਨੂੰ ਫੋਨ ਕੀਤੇ ਕਿ ਤੁਸੀਂ ਆਓ ਅਸੀਂ ਗਾਣਾ ਬਣਾਉਣਾ ਹੈ। ਇਸ ਗਾਣੇ ਵਿੱਚ ਜਿਹੜੇ ਵੀ ਮੁੰਡੇ ਨਜ਼ਰ ਆ ਰਹੇ ਹਨ ਉਹ ਮੈਨਚੈਸਟਰ ਦੇ ਹੀ ਫੈਨ ਹਨ।’’

"ਮੇਰੇ ਦੂਸਰੇ ਕਜ਼ਨਜ਼ ਜੋ ਹੋਰ ਟੀਮਾਂ ਦੇ ਫੈਨ ਸਨ ਉਹ ਨਹੀਂ ਆਏ। ਕਹਿੰਦੇ ਤੁਸੀਂ ਮੈਨਚੈਸਟਰ ਬਾਰੇ ਗਾਣਾ ਬਣਾਉਣਾ ਅਸੀਂ ਨੀ ਆਉਂਦੇ।”

ਇਨ੍ਹਾਂ ਕਲੱਬਾਂ ਵਿਚਾਲੇ ਖਹਿਬਾਜ਼ੀ ਕਾਫ਼ੀ ਕੱਟੜ ਕਿਸਮ ਦੀ ਹੁੰਦੀ ਹੈ, ਕਦੇ ਇਸ ਦਾ ਸ਼ਿਕਾਰ ਹੋਏ ਹੋ?

“ਮੈਂ ਪੰਜਾਬ ਵਿੱਚ ਰਹਿੰਦਾ ਹਾਂ ਇਹ ਖਹਿਬਾਜ਼ੀ ਇੰਗਲੈਂਡ ਵਿੱਚ ਬਹੁਤ ਜ਼ਿਆਦਾ ਹੈ। ਇਸ ਲਈ ਮੇਰਾ ਅਜਿਹਾ ਕੋਈ ਤਜਰਬਾ ਨਹੀਂ ਹੈ। ਸਗੋਂ ਮੇਰੇ ਕੋਲ ਦੱਖਣੀ ਅਫਰੀਕਾ ਤੋਂ ਕੁਝ ਲੋਕਾਂ ਨੇ ਵੀਡੀਓ ਬਣਾ ਕੇ ਭੇਜੀ ਕਿ ਸਾਡੇ ਗਾਣਾ ਤਾਂ ਸਮਝ ਨਹੀਂ ਆਇਆ ਪਰ ਸਬਟਾਈਟਲਜ਼ ਪੜ੍ਹ ਕੇ ਅਸੀਂ ਬੜਾ ਆਨੰਦ ਮਾਣਿਆ। ਫੈਨਸ ਨੇ ਮੇਰੇ ਗਾਣੇ ਨੂੰ ਪਸੰਦ ਕੀਤਾ ਹੈ।”

ਪੰਜਾਬੀ ਗਾਣਿਆਂ ਵਿੱਚ ਕਈ ਵਾਰ ਜ਼ਮੀਨ ਦੇ ਕਬਜ਼ਿਆਂ ਦੀ ਗੱਲ ਹੁੰਦੀ ਹੈ ਪਰ ਤੁਸੀਂ ਖੇਡ ਦੀ ਗੱਲ ਕੀਤੀ ਹੈ?

“ਜੋ ਦੂਸਰੇ ਗਾਣਿਆਂ ਵਿੱਚ ਹੁੰਦਾ ਹੈ ਉਹ ਵੀ ਸੱਚ ਹੀ ਹੁੰਦਾ ਹੈ ਅਤੇ ਇਸ ਗਾਣੇ ਵਿੱਚ ਜੋ ਕਿਹਾ ਗਿਆ ਹੈ ਉਹ ਵੀ ਖੇਡ ਬਾਰੇ ਸੱਚ ਹੈ।”

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)