You’re viewing a text-only version of this website that uses less data. View the main version of the website including all images and videos.
ਆਈਐੱਸ ਤੋਂ ਭੱਜੀ ਹੁਸਨਾ ਮੁੱਕਿਆਂ ਰਾਹੀਂ ਹੌਂਸਲੇ ਭੰਨਣ ਦਾ ਇਰਾਦਾ ਰੱਖਦੀ
- ਲੇਖਕ, ਜਗਰੂਪ ਸ਼ਿੰਭਤ
- ਰੋਲ, ਬੀਬੀਸੀ
ਕਿਸੇ ਹਥਿਆਰਬੰਦ ਦੇ ਸਾਹਮਣੇ ਖੜ੍ਹੇ ਹੋਣਾ ਮੁਸ਼ਕਲ ਹੈ ਪਰ ਮੈਨੂੰ ਯਕੀਨ ਹੈ ਕਿ ਜੇਕਰ ਲੜਨਾ ਆਉਂਦਾ ਹੋਵੇ ਤਾਂ ਪਾਸਾ ਪਲਟ ਸਕਦਾ ਹੈ।
17 ਸਾਲਾ ਹੁਸਨਾ ਨੂੰ ਬਚਪਨ ਤੋਂ ਹੀ ਖੇਡਾਂ ਪਸੰਦ ਰਹੀਆਂ ਹਨ। ਵੱਡੇ ਹੁੰਦਿਆਂ ਮੁੱਕੇਬਾਜ਼ੀ ਉਸ ਦੀ ਮਨਪਸੰਦ ਖੇਡ ਸੀ।
ਇਸ ਖੇਡ ਵਿੱਚ ਉਹ ਯੂਕਰੇਨ ਦੇ ਸਾਬਕਾ ਹੈਵੀਵੇਟ ਚੈਂਪੀਅਨ ਵਲਾਦੀਮੀਰ ਕਲਿਚਕੋ ਨੂੰ ਆਪਣਾ ਆਦਰਸ਼ ਮੰਨਦੀ ਹੈ।
ਹੁਸਨਾ ਦਾ ਪਿੰਡ ਸਿੰਜਾਰ ਉੱਤਰੀ ਇਰਾਕ ਦੇ ਪ੍ਰਸਿੱਧ ਸ਼ਹਿਰ ਮੋਸੁਲ ਤੋਂ 80 ਮੀਲ ਦੀ ਦੂਰੀ 'ਤੇ ਵਸਿਆ ਹੈ ਜਿੱਥੇ ਜ਼ਿੰਦਗੀ ਬੜੀ ਔਖੀ ਹੈ।
ਹੁਸਨਾ ਇੱਕ ਸਕੂਲੀ ਵਿਦਿਆਰਥਣ ਸੀ ਅਤੇ ਡਾਕਟਰ ਬਣਨਾ ਚਾਹੁੰਦੀ ਸੀ ਕਿ ਅਚਾਨਕ ਚਾਰ ਸਾਲ ਪਹਿਲਾਂ ਇੱਕ ਮਨਹੂਸ ਸਵੇਰ ਨੇ ਹੁਸਨਾ ਦਾ ਸੁਪਨਾ ਤੋੜ ਦਿੱਤਾ।
ਸਵੇਰ ਦੇ ਸੱਤ ਵੱਜੇ ਸੀ, ਇਸਲਾਮਿਕ ਸਟੇਟ ਦੇ ਕੁਝ ਵਿਅਕਤੀ ਹਥਿਆਰਾਂ ਅਤੇ ਵਿਸਫੋਟਕਾਂ ਦੇ ਨਾਲ ਲੈਸ ਉਨ੍ਹਾਂ ਦੇ ਪਿੰਡ ਆ ਧਮਕੇ। ਉਹ ਸਾਡੇ ਪਿੰਡ ਦੀਆਂ ਗਲੀਆਂ ਵਿਚ ਤਬਾਹੀ ਢਾਹ ਰਹੇ ਸਨ ਅਤੇ ਕਤਲੇਆਮ ਕਰ ਰਹੇ ਸਨ।
ਇਹ ਵੀ ਪੜ੍ਹੋ-
ਆਪਣੇ ਧਾਰਮਿਕ ਵਿਸ਼ਵਾਸ ਕਰਕੇ ਸਥਾਨਕ ਯਾਜ਼ੀਦੀ ਲੋਕਾਂ ਨੂੰ ਆਈਐੱਸ ਦੇ ਦਹਿਸ਼ਤਗਰਦ ਖਾਸ ਤੌਰ ’ਤੇ ਨਿਸ਼ਾਨਾ ਬਣਾਉਂਦੇ ਸਨ।
ਸੰਯੁਕਤ ਰਾਸ਼ਟਰ ਦੀ ਸਾਲ 2016 ਦੀ ਇੱਕ ਰਿਪੋਰਟ ਮੁਤਾਬਕ ਆਈਐੱਸ ਯਾਜ਼ੀਦੀਆਂ ਨੂੰ ਸ਼ੈਤਾਨ ਪੂਜ ਮੰਨਦਾ ਸੀ ਜਿਨ੍ਹਾਂ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਸੀ ਜਾਂ ਗੁਲਾਮ ਬਣਾ ਲਿਆ ਜਾਂਦਾ ਸੀ।
ਇਹ ਹਮਲੇ ਯਜ਼ੀਦੀਆਂ ਦਾ ਸਫਾਇਆ ਕਰਨ ਲਈ ਕੀਤੇ ਜਾਂਦੇ ਸਨ। ਇਸ ਨਸਲਕੁਸ਼ੀ ਵਿੱਚ ਹਜ਼ਾਰਾਂ ਪਰਿਵਾਰ ਤਬਾਹ ਹੋ ਗਏ।
ਮਰਦਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ ਅਤੇ ਔਰਤਾਂ ਅਤੇ ਸੱਤ ਸਾਲ ਤੋਂ ਵੱਡੀਆਂ ਲੜਕੀਆਂ ਨੂੰ ਅਗਵਾ ਕਰ ਲਿਆ ਜਾਂਦਾ ਸੀ।
ਆਈਐੱਸ ਵਾਲੇ ਇਨ੍ਹਾਂ ਨਾਲ ਵਾਰ-ਵਾਰ ਬਲਾਤਕਾਰ ਕਰਦੇ ਅਤੇ ਹੋਰ ਤਸੀਹੇ ਦਿੰਦੇ ਸਨ।
ਹੁਸਨਾ ਵੀ ਉਨ੍ਹਾਂ ਲੜਕੀਆਂ ਵਿਚੋਂ ਇੱਕ ਸੀ ਜੋ ਇਸ ਘਟਨਾਕ੍ਰਮ ਵਿੱਚ ਫਸ ਗਈ ਸੀ। ਹੁਸਨਾ ਨੇ ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ।
ਆਪਣਾ ਘਰ ਛੱਡ ਕੇ ਭੱਜੇ
ਹੁਸਨਾ ਨੇ ਦੱਸਿਆ, "ਅਸੀਂ ਕੁਝ ਬਹੁਤ ਹੀ ਭਿਆਨਕ ਦਿਨ ਅਤੇ ਰਾਤਾਂ ਬਤੀਤ ਕੀਤੀਆਂ। ਗੋਲੀਆਂ ਚੱਲਣ ਅਤੇ ਬੰਬਾਂ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ ਪਰ ਸਾਨੂੰ ਇਸ ਗੱਲ 'ਤੇ ਯਕੀਨ ਨਹੀਂ ਹੋ ਰਿਹਾ ਸੀ ਕਿ ਆਈਐੱਸ ਸਾਡੇ 'ਤੇ ਹਮਲਾ ਕਰਕੇ ਸਾਨੂੰ ਮਾਰੇਗਾ।"
"ਉਸ ਵੇਲੇ ਇਹ ਚਰਚਾ ਵੀ ਚੱਲ ਰਹੀ ਸੀ ਕਿ ਆਈਐੱਸ ਯਾਜ਼ੀਦੀ ਲੋਕਾਂ ਨੂੰ ਕੁਝ ਨਹੀਂ ਕਰੇਗਾ, ਪਰ ਅਸੀਂ ਇਸ ਗੱਲ ’ਤੇ ਯਕੀਨ ਨਹੀਂ ਕੀਤਾ। ਜਦੋਂ ਉਹ ਸਾਡੇ ਪਿੰਡ ਵਿੱਚ ਦਾਖ਼ਲ ਹੋਣਾ ਸ਼ੁਰੂ ਹੋਏ, ਤਾਂ ਮੇਰੇ ਪਰਿਵਾਰ ਨੇ ਉਥੋਂ ਭੱਜ ਨਿਕਲਣ ਦਾ ਫ਼ੈਸਲਾ ਲਿਆ।"
"ਅਸੀਂ ਬਹੁਤ ਖੁਸ਼ਕਿਸਮਤ ਸੀ ਕਿ ਸਾਡੇ ਕੋਲ ਇੱਕ ਛੋਟੀ ਜਿਹੀ ਗੱਡੀ ਸੀ ਜਿਸ ਵਿੱਚ ਅਸੀਂ ਭੱਜ ਨਿਕਲੇ ਪਰ ਅਸੀਂ ਬਹੁਤ ਸਾਰੇ ਯਾਜ਼ੀਦੀ ਲੋਕ ਦੇਖੇ ਜਿੰਨ੍ਹਾਂ ਨੂੰ ਗਲੀਆਂ ਵਿੱਚ ਮਾਰਿਆ ਜਾ ਰਿਹਾ ਸੀ।"
"ਕਿਸੇ ਨੂੰ ਨਹੀਂ ਪਤਾ ਸੀ ਕਿ ਕੀ ਹੋ ਰਿਹਾ ਹੈ, ਜਾਂ ਉਹ ਕਿੱਥੇ ਜਾ ਰਹੇ ਹਨ। ਸਾਨੂੰ ਬਸ ਇੱਕੋ ਗੱਲ ਪਤਾ ਸੀ ਕਿ ਅਸੀਂ ਇੱਥੋਂ ਭੱਜਣਾ ਹੈ। ਸਾਨੂੰ ਨਹੀਂ ਪਤਾ ਸੀ ਕਿ ਇਹ ਬੇਰਹਿਮ ਸਮੂਹ ਕੀ ਕਰ ਰਿਹਾ ਹੈ ਅਤੇ ਇਹ ਮਾਸੂਮ ਬੱਚਿਆਂ ਤੇ ਬੇਗੁਨਾਹਾਂ ਨੂੰ ਕਿਉਂ ਮਾਰਿਆ ਜਾ ਰਿਹਾ ਹੈ।"
ਆਈਐੱਸਆਈਐੱਸ ਦੀ ਗੋਲੀਬਾਰੀ ਤੋਂ ਹਰ ਕੋਈ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਕੋਈ ਮਾੜਾ ਸੁਪਨਾ ਸਾਕਾਰ ਹੋ ਗਿਆ ਹੋਵੇ।
ਹੁਸਨਾ ਅਤੇ ਉਨ੍ਹਾਂ ਦਾ ਪਰਿਵਾਰ ਆਖ਼ਿਰਕਾਰ ਉੱਥੋਂ ਭੱਜ ਨਿਕਲੇ ਅਤੇ ਇੱਕ ਪਹਾੜੀ ਉੱਤੇ ਜਾ ਪਹੁੰਚੇ ਜਿੱਥੇ ਹੋਰ ਵੀ ਹਜ਼ਾਰਾਂ ਯਾਜ਼ੀਦੀ ਕਈ ਦਿਨਾਂ ਤੋਂ ਭੁੱਖੇ ਪਿਆਸੇ ਫਸੇ ਹੋਏ ਸਨ।
"ਬਿਨ੍ਹਾਂ ਕੁਝ ਖਾਧੇ-ਪੀਤੇ ਅਸੀਂ ਚਾਰ ਦਿਨ ਅਤੇ ਰਾਤਾਂ ਪਹਾੜਾਂ ਵਿੱਚ ਰੁਕੇ। ਜਿੰਦਾ ਰਹਿਣ ਲਈ ਸਾਡੇ ਕੋਲ ਜੋ ਵੀ ਸੀ ਅਸੀਂ ਵੰਡ ਕੇ ਖਾ ਰਹੇ ਸੀ । ਅਸੀਂ ਪਾਣੀ ਦੇ ਬਸ ਕੁਝ ਤੁਪਕੇ ਹੀ ਪੀਂਦੇ ਅਤੇ ਰੋਜ਼ ਇਕ ਬਰੈਡ ਦਾ ਟੁਕੜਾ ਖਾਂਦੇ ਸੀ।"
ਸੁਰੱਖਿਆ ਦੀ ਭਾਲ
ਹੁਸਨਾ ਆਖਿਰਕਾਰ ਇਨ੍ਹਾਂ ਪਹਾੜਾਂ 'ਚੋਂ ਬਚ ਨਿਕਲੀ ਅਤੇ ਹੁਣ ਕਾਦੀਆਂ ਵਿੱਚ ਰਹਿ ਰਹੇ ਹਨ। ਇਹ ਖੇਤਰ ਇਰਾਕੀ ਕੁਰਦਿਸਤਾਨ ਰਵਾਂਗਾ ਕੈਂਪ ਵਿੱਚ ਸਥਿਤ ਹੈ ਜਿੱਥੇ ਲਗਭਗ 15 ਹਜ਼ਾਰ ਯਾਜ਼ੀਦੀ ਰਹਿ ਰਹੇ ਹਨ। ਹੁਸਨਾ ਪਰ ਕਦੇ ਵੀ ਇਸ ਥਾਂ ਨੂੰ ਆਪਣਾ ਘਰ ਨਹੀਂ ਮੰਨ ਸਕਦੇ।
ਰਵਾਂਗਾ ਰਫਿਊਜੀ ਕੈਂਪ ਦਾ ਉਦੇਸ਼ ਉਨ੍ਹਾਂ ਲੋਕਾਂ ਲਈ ਇੱਕ ਸੁਰੱਖਿਅਤ ਅਤੇ ਮਦਦਗਾਰ ਮਾਹੌਲ ਮੁਹੱਈਆ ਕਰਵਾਉਣਾ ਹੈ ਜੋ ਆਈਐੱਸਆਈਐੱਸ ਦੇ ਸਾਲ 2014 ਦੇ ਹਮਲੇ ਤੋਂ ਬਚ ਕੇ ਆਏ ਹਨ।
ਕੈਂਪ ਵਿੱਚ ਹੀ ਇੱਕ ਲੋਟਸ ਫਲਾਵਰ ਵੁਮੈਨਜ਼ ਸੈਂਟਰ ਸਥਿਤ ਹੈ ਜੋ "ਬਾਕਸਿੰਗ ਸਿਸਟਰਜ਼" ਨਾਂ ਦਾ ਇੱਕ ਪ੍ਰੋਗਰਾਮ ਚਲਾਉਂਦਾ ਹੈ। ਇਸ ਪ੍ਰੋਗਰਾਮ ਦਾ ਟੀਚਾ ਹੈ ਕਿ ਹਮਲੇ ਦੇ ਸਦਮੇ ਤੋਂ ਲੋਕਾਂ ਨੂੰ ਬਾਕਸਿੰਗ ਰਾਹੀਂ ਬਾਹਰ ਕੱਢਿਆ ਜਾਵੇ।
ਹੁਸਨਾ ਦਾ ਹਮੇਸ਼ਾ ਤੋਂ ਬਾਕਸਿੰਗ ਖੇਡਣ ਦਾ ਸੁਪਨਾ ਰਿਹਾ ਹੈ, ਪਰ ਉਸ ਦੇ ਪਿੰਡ ਵਿੱਚ ਮੌਕਿਆਂ ਦੀ ਕਾਫ਼ੀ ਘਾਟ ਸੀ। ਪਹਾੜਾਂ ਤੋਂ ਬਚ ਨਿਕਲਣ ਦੇ ਬਾਅਦ ਹੀ ਉਸ ਨੂੰ ਮੁੱਕੇਬਾਜ਼ੀ ਕਰਨ ਦਾ ਮੌਕਾ ਮਿਲਿਆ।
ਉਸ ਨੇ ਦੱਸਿਆ ਕਿ, "ਜਦੋਂ ਆਈਐੱਸਆਈਐੱਸ ਨੇ ਸਾਡੇ 'ਤੇ ਹਮਲਾ ਕੀਤਾ ਤਾਂ ਮੁੱਕੇਬਾਜ਼ੀ ਸਿੱਖਣ ਦੀ ਇੱਛਾ ਹੋਰ ਵੀ ਵੱਧ ਗਈ। ਮੈਂ ਸਿੱਖਣਾ ਚਾਹੁੰਦੀ ਸੀ ਕਿ ਉਨ੍ਹਾਂ ਦੇ ਮੁਕਾਬਲੇ ਵਿੱਚ ਮੈਂ ਕਿਵੇਂ ਲੜ ਸਕਦੀ ਹਾਂ।"
"ਮੈਂ ਜਾਣਦੀ ਹਾਂ ਕਿ ਕਿਸੇ ਹਥਿਆਰਬੰਦ ਵਿਅਕਤੀ ਦੇ ਸਾਹਮਣੇ ਖੜੇ ਹੋਣਾ ਕਿੰਨਾ ਮੁਸ਼ਕਲ ਹੈ, ਪਰ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਹਮਲਾ ਹੋਣ 'ਤੇ ਜੇਕਰ ਇਹ ਪਤਾ ਹੋਵੇ ਕਿ ਲੜਨਾ ਆਉਂਦਾ ਹੋਵੇ ਤਾਂ ਪਾਸਾ ਪਲਟ ਸਕਦਾ ਹੈ।"
ਹੁਸਨਾ ਹੁਣ ਹਰ ਰੋਜ਼ ਪੂਰਾ ਇੱਕ ਘੰਟਾ ਦਸਤਾਨੇ ਪਹਿਨ ਕੇ ਮੁੱਕੇਬਾਜ਼ੀ ਦਾ ਅਭਿਆਸ ਕਰਦੇ ਹਨ। ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਆਪਣੇ ਕੌੜੇ ਦੇ ਸਦਮੇ ਨੂੰ ਬਾਕਸਿੰਗ ਰਾਹੀਂ ਪੰਚ-ਬੈਗਜ਼ ਅਤੇ ਬਾਕਸਿੰਗ ਪੈਡਜ਼ 'ਤੇ ਕੱਢ ਸਕੇ।
"ਸਾਨੂੰ ਜਵਾਬ ਵਿੱਚ ਲੜਨਾ ਆਉਣਾ ਚਾਹੀਦਾ ਹੈ ਕਿਉਂਕਿ ਇਹ ਯਾਜ਼ੀਦੀਆਂ 'ਤੇ ਪਹਿਲਾ ਹਮਲਾ ਨਹੀਂ ਸੀ ਅਤੇ ਮੈਨੂੰ ਯਕੀਨ ਹੈ ਕਿ ਆਖਰੀ ਵੀ ਨਹੀਂ ਹੋਵੇਗਾ।"
ਹੁਸਨਾ ਦਸਦੇ ਹਨ, "ਔਰਤਾਂ ਨੂੰ ਆਪਣੇ ਡਰ ਅਤੇ ਸ਼ਰਮ ਤੋਂ ਉੱਪਰ ਉਠੱਣ ਦੀ ਜ਼ਰੂਰਤ ਹੈ।"
'ਮੁੱਕੇਬਾਜ਼ੀ ਨੇ ਮੇਰੀ ਮਾਨਸਿਕ ਸਿਹਤ ਨੂੰ ਬਚਾਇਆ ਅਤੇ ਮੈਨੂੰ ਸ਼ਕਤੀ ਦਿੱਤੀ'
ਹੋ ਸਕਦਾ ਹੈ ਕਿ ਹੁਸਨਾ ਦੀ ਜ਼ਿੰਦਗੀ ਕਦੇ ਵੀ ਪਹਿਲਾਂ ਵਾਂਗ ਨਾ ਹੋਵੇ, ਪਰ ਉਸ ਨੂੰ ਜਿੱਮ ਵਿੱਚ ਹੋਰ ਔਰਤਾਂ ਅਤੇ ਲੜਕੀਆਂ ਦੇ ਨਾਲ ਕੁਝ ਸਕੂਨ ਜ਼ਰੂਰ ਮਿਲ ਜਾਂਦਾ ਹੈ।
"ਇਸ ਕੋਰਸ ਰਾਹੀਂ ਅਸੀਂ ਇੱਕ ਛੋਟਾ ਜਿਹਾ ਪਰਿਵਾਰ ਅਤੇ ਕਾਫ਼ੀ ਨਜ਼ਦੀਕੀ ਦੋਸਤ ਬਣ ਰਹੇ ਹਾਂ। ਇਹ ਸਾਨੂੰ ਸਹਿਯੋਗ ਦੇ ਰਿਹਾ ਹੈ ਅਤੇ ਇੱਕ ਸੁਰੱਖਿਅਤ ਥਾਂ ਦਿੰਦਾ ਹੈ। ਜ਼ਿੰਦਗੀ ਦੀਆਂ ਇੰਨੀਆਂ ਮੁਸ਼ਕਲਾਂ ਸਹਿ ਕੇ ਡਿਪਰੈਸ਼ਨ ਨਾਲ ਲੜਨ ਲਈ ਅਤੇ ਖਾਸ ਤੌਰ 'ਤੇ ਆਪਣੇ ਅਜ਼ੀਜ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਗੁਆਉਣ ਤੋਂ ਬਾਅਦ ਇਸ ਥਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ।"
ਇਹ ਵੀ ਪੜ੍ਹੋ-
ਯਾਜ਼ੀਦੀ ਲੋਕਾਂ ਨੂੰ ਇਸ ਵਿੱਚ ਸਹਾਇਤਾ ਕਰ ਰਹੇ ਲੋਕਾਂ ਵਿਚੋਂ ਇੱਕ ਹੈ ਕੈਥੀ ਬਰਾਉਨ, ਜੋ ਬੌਕਸਿੰਗ ਸਿਸਟਰਜ਼ ਪ੍ਰੋਗਰਾਮ ਦੇ ਨਾਲ ਕੰਮ ਕਰ ਰਹੀ ਹੈ।
ਕੈਥੀ ਇੱਕ ਸਾਬਕਾ ਮੁੱਕੇਬਾਜ਼ ਹੈ, ਉਹ ਡਬਲਯੂਬੀਐਫ਼ ਯੂਰਪੀਅਨ ਫਲਾਈਵੇਟ ਅਤੇ ਇੰਗਲਿਸ਼ ਬੈਨਟਮਵੇਟ ਦੇ ਖਿਤਾਬ ਜਿੱਤ ਚੁੱਕੀ ਹੈ।
ਅੱਜ ਕੱਲ੍ਹ ਉਹ ਔਰਤਾਂ ਨੂੰ "ਬੌਕਸੋਲੋਜੀ" ਸਿਖਾ ਰਹੀ ਹੈ। ਇਹ ਬੌਕਸਿੰਗ ਅਤੇ ਮਨੋਵਿਗਿਆਨਕ ਤਕਨੀਕਾਂ ਦਾ ਸੁਮੇਲ ਹੈ।
ਸਿਰਫ਼ ਮੁੱਕੇਬਾਜ਼ੀ ਲਈ ਆਪਣੇ ਜਜ਼ਬੇ ਕਾਰਨ ਹੀ ਕੈਥਈ ਯਾਜ਼ੀਦੀ ਲੜਕੀਆਂ ਵੱਲ ਨਹੀਂ ਖਿੱਚੇ ਜਾਂਦੇ ਸਗੋਂ ਉਨ੍ਹਾਂ ਦੇ ਆਪਣੇ ਜ਼ਖਮ ਵੀ ਹਨ। ਜਵਾਨੀ ਵਿੱਚ ਉਨ੍ਹਾਂ ਦਾ ਵੀ ਸ਼ੋਸ਼ਣ ਹੋਇਆ ਸੀ।
ਕੈਥੀ ਦਾ ਕਹਿਣਾ ਹੈ, "ਮੈਂ ਚੰਗੀ ਤਰ੍ਹਾਂ ਸਮਝ ਸਕਦੀ ਹਾਂ ਕਿ ਇਹ ਕਿਸ ਸਦਮੇ ਵਿੱਚੋਂ ਲੰਘ ਰਹੀਆਂ ਹਨ ਅਤੇ ਇਸ ਦਾ ਆਤਮ-ਵਿਸ਼ਵਾਸ ਤੇ ਸਵੈ-ਮਾਣ 'ਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਹੈ।"
"ਮੁੱਕੇਬਾਜ਼ੀ ਨੇ ਮੇਰੀ ਮਾਨਸਿਕ ਸਿਹਤ ਨੂੰ ਬਚਾਇਆ ਅਤੇ ਮੈਨੂੰ ਸ਼ਕਤੀ ਦਿੱਤੀ। ਇਸ ਨਾਲ ਨਾ ਸਿਰਫ਼ ਜੋ ਕੁਝ ਹੋਇਆ ਉਹ ਝੱਲਣ ਦੀ ਮੈਨੂੰ ਹਿੰਮਤ ਮਿਲੀ, ਬਲਕਿ ਮੈਂ ਖੁਦ ਦੀ ਕਦਰ ਕਰਨਾ ਵੀ ਸਿਖ ਸਕੀ, ਜੋ ਅੰਦਰੂਨੀ ਸ਼ਕਤੀ ਨੂੰ ਵਿਕਸਿਤ ਕਰਨ ਲਈ ਬਹੁਤ ਜ਼ਰੂਰੀ ਹੈ।"
"ਮੈਂ ਹਮੇਸ਼ਾ ਤੋਂ ਹੀ ਇਹ ਗੱਲ ਕਹਿੰਦੀ ਰਹੀ ਹਾਂ ਕਿ ਮੁਸ਼ਕਲ ਹਾਲਤਾਂ ਤੋਂ ਗੁਜ਼ਰਨ ਵਾਲੇ ਲੋਕ ਸਭ ਤੋਂ ਵਧੀਆ ਮੁੱਕੇਬਾਜ਼ ਬਣਦੇ ਹਨ ਕਿਉਂਕਿ ਉਨ੍ਹਾਂ ਵਿੱਚ ਅੰਦਰੂਨੀ ਇੱਛਾ ਜ਼ਿਆਦਾ ਤੀਬਰ ਹੁੰਦੀ ਹੈ। ਉਨ੍ਹਾਂ ਵਿੱਚ ਇੱਕ ਜਜ਼ਬਾ ਅਤੇ ਦ੍ਰਿੜਤਾ ਹੁੰਦੀ ਹੈ।"
ਕੈਥੀ ਦੀ ਭੂਮਿਕਾ ਟ੍ਰੇਨਰਾਂ ਨੂੰ ਸਿਖਾਉਣਾ ਹੈ, ਪਰ ਉਹ ਜਲਦੀ ਹੀ ਯਾਜ਼ੀਦੀ ਔਰਤਾਂ ਅਤੇ ਲੜਕੀਆਂ ਨਾਲ ਸਿੱਧੇ ਤੌਰ 'ਤੇ ਕੰਮ ਕਰਨ ਲਈ ਇਰਾਕ ਜਾ ਰਹੇ ਹਨ ਅਤੇ ਇਸ ਬਾਰੇ ਕਾਫ਼ੀ ਉਤਸ਼ਾਹਿਤ ਹਨ।
ਕੈਥੀ ਦਾ ਕਹਿਣਾ ਹੈ ਕਿ, "ਮੈਂ ਜਾਣਦੀ ਹਾਂ ਕਿ 100 ਫ਼ੀਸਦੀ ਔਰਤਾਂ ਅਤੇ ਬੱਚੇ ਬਾਕਸਿੰਗ ਤੋਂ ਬਾਅਦ ਆਤਮਵਿਸ਼ਵਾਸ਼ੀ ਅਤੇ ਤਾਕਤ ਮਹਿਸੂਸ ਕਰਨਗੇ- ਨਾ ਸਿਰਫ਼ ਸਰੀਰਕ ਤੌਰ 'ਤੇ, ਬਲਕਿ ਮਾਨਸਿਕ ਤੌਰ 'ਤੇ ਵੀ।"
"ਇਨ੍ਹਾਂ ਔਰਤਾਂ ਨੂੰ ਮਹਿਸੂਸ ਹੋਵੇਗਾ ਕਿ ਇਸ ਦੇ ਕਿੰਨੇ ਲਾਭ ਹਨ। ਉਨ੍ਹਾਂ ਨੂੰ ਪੰਚਿੰਗ ਬੈਗਜ਼ 'ਤੇ ਆਪਣਾ ਗੁੱਸਾ ਅਤੇ ਤਣਾਅ ਕੱਢ ਕੇ ਹੈਰਾਨ ਕਰ ਦੇਣ ਵਾਲੇ ਪ੍ਰਭਾਵ ਮਹਿਸੂਸ ਹੋਣਗੇ ਜੋ ਉਨ੍ਹਾਂ ਦੀ ਪੁਰਾਣੀ ਜ਼ਿੰਦਗੀ ਦਾ ਤਣਾਅ ਦੂਰ ਕਰਨ ਵਿੱਚ ਸਹਾਇਤਾ ਕਰਨਗੇ। ਸਭ ਤੋਂ ਵੱਡੀ ਗੱਲ ਇਹ ਕਿ ਉਹ ਮਹਿਸੂਸ ਕਰ ਸਕਣਗੀਆਂ ਕਿ ਉਹ ਮੁਕਾਬਲਾ ਕਰ ਰਹੀਆਂ ਹਨ।"
"ਮੈਂ ਉਮੀਦ ਕਰਦੀ ਹਾਂ ਕਿ ਸ਼ੋਸ਼ਣ ਦਾ ਮੇਰਾ ਅਨੁਭਵ, ਮਾਨਸਿਕ ਸਿਹਤ 'ਤੇ ਬਾਕਸਿੰਗ ਦੇ ਚੰਗੇ ਪ੍ਰਭਾਵਾਂ ਦੀ ਸਮਝ ਅਤੇ ਮਨੋਵਿਗਿਆਨ ਦੀ ਮੇਰੀ ਜਾਣਕਾਰੀ ਦੇ ਨਾਲ ਇਨ੍ਹਾਂ ਔਰਤਾਂ ਅਤੇ ਬੱਚਿਆਂ 'ਤੇ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਅਸਰ ਹੋਵੇਗਾ।"
ਸਦਮੇ ਨੂੰ ਸਮਝਣਾ
ਤਬਨ ਸੋਰੇਸ਼ ਵੱਲੋਂ ਸਾਲ 2016 ਵਿੱਚ ਇੱਕ ਗੈਰ-ਮੁਨਾਫ਼ਾ ਸੰਸਥਾ 'ਦਿ ਲੋਟਸ ਫਲਾਵਰ' ਅਤੇ ਸਾਲ 2018 ਵਿੱਚ 'ਬੌਕਸਿੰਗ ਸਿਸਟਰਜ਼' ਕਾਇਮ ਕੀਤੀ ਗਈ।
ਤਬਨ ਕਿਸੇ ਵੀ ਹੋਰ ਵਿਅਕਤੀ ਤੋਂ ਵੱਧ ਸਮਝਦੀ ਹੈ ਕਿ ਆਈਐੱਸਆਈਐੱਸ ਦੁਆਰਾ ਸਿੰਜਾਰ 'ਤੇ ਹਮਲਾ ਹੋਣ ਤੋਂ ਬਾਅਦ ਯਾਜ਼ੀਦੀ ਲੋਕ ਕਿਸ ਸਦਮੇ 'ਚੋਂ ਲੰਘੇ ਹੋਣਗੇ।
ਉਹ ਮਹਿਜ਼ ਚਾਰ ਸਾਲਾਂ ਦੀ ਸੀ ਜਦੋਂ ਇਰਾਕੀ ਕੁਰਦਿਸਤਾਨ ਵਿੱਚ ਸੱਦਾਮ ਹੁਸੈਨ ਦੀ ਫੌਜ ਨੇ ਉਸ ਦੇ ਪਰਿਵਾਰ ਨੂੰ ਦੋ ਹਫ਼ਤਿਆਂ ਲਈ ਕੈਦ ਕਰ ਲਿਆ ਸੀ, ਉਨ੍ਹਾਂ ਨਾਲ ਹੋਰ ਵੀ ਕਈ ਕੁਰਦ ਸਨ ਕੈਦ। ਉਹ ਯਾਦ ਕਰਦੀ ਹੈ ਕਿ ਕਿਸ ਤਰ੍ਹਾਂ ਉਹ ਜ਼ਿੰਦਾ ਦਫ਼ਨਾਏ ਜਾਣ ਤੋਂ ਬਚੇ ਸਨ।
ਉਹ ਅਤੇ ਉਨ੍ਹਾਂ ਦੇ ਪਰਿਵਾਰ ਨੇ 1988 'ਚ ਆਪਣਾ ਦੇਸ ਛੱਡ ਕੇ ਲੰਡਨ ਵਿੱਚ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ।
ਉਹ ਪੱਕੇ ਤੌਰ ’ਤੇ ਕੁਰਦਿਸਤਾਨ ਜਾਂਦੀ ਰਹਿੰਦੀ ਹੈ ਤਾਂ ਜੋ ਚੈਰਿਟੀ ਸੰਸਥਾਵਾਂ ਅਤੇ ਪ੍ਰੋਜੈਕਟਾਂ ਦੀ ਸਹਾਇਤਾ ਨਾਲ ਉੱਥੇ ਦੇ ਲੋਕਾਂ ਦੀ ਮਦਦ ਕਰ ਸਕੇ।
"ਸਾਡਾ ਬੁਨਿਆਦੀ ਵਿਸ਼ਵਾਸ ਇਹ ਹੈ ਕਿ ਔਰਤਾਂ ਅਤੇ ਲੜਕੀਆਂ ਬਦਲਾਅ ਲੈ ਕੇ ਆਉਣ ਵਾਲੀ ਵੱਡੀ ਤਾਕਤ ਹਨ।"
ਤਬਨ ਸਾਨੂੰ ਦੱਸਦੀ ਹੈ, "ਅਸੀਂ ਇੱਕ ਅਜਿਹੀ ਦੁਨੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਉਹ ਸੁਰੱਖਿਅਤ ਰਹਿਣ, ਉਨ੍ਹਾਂ ਨੂੰ ਸਿੱਖਿਆ ਪ੍ਰਾਪਤ ਕਰਨ ਦੀ ਖੁੱਲ੍ਹ ਮਿਲ ਸਕੇ ਅਤੇ ਉਨ੍ਹਾਂ ਅੰਦਰ ਇੰਨੀ ਤਾਕਤ ਹੋਵੇ ਕਿ ਉਹ ਆਪਣੇ ਸਮਾਜ ਵਿੱਚ ਆਰਥਿਕ ਅਤੇ ਸਮਾਜਿਕ ਬਦਲਾਅ ਲਿਆ ਸਕਣ।"
ਇਸ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਬਾਅਦ ਯਾਜ਼ੀਦੀ ਭਾਈਚਾਰੇ ਵਿੱਚ ਆਉਂਦੇ ਬਦਲਾਅ ਨੂੰ ਤਬਨ ਨੇ ਖੁਦ ਦੇਖਿਆ ਹੈ।
ਉਸਨੇ ਔਰਤਾਂ ਅਤੇ ਲੜਕੀਆਂ ਨੂੰ ਇਸ ਵਿਸ਼ਵਾਸ ਦੇ ਨਾਲ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰਦੇ ਦੇਖਿਆ ਹੈ ਕਿ ਇਸ ਖੇਡ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਆ ਸਕਦਾ ਹੈ।
"ਕੁਝ ਲੜਕੀਆਂ ਅਤੇ ਔਰਤਾਂ ਵਿੱਚ ਅਸੀਂ ਅਸਾਧਾਰਣ ਫ਼ਰਕ ਦੇਖੇ ਹਨ। ਜੋ ਲੜਕੀਆਂ ਕਦੇ ਆਪਣੇ ਕੈਬਿਨ ਤੋਂ ਬਾਹਰ ਨਹੀਂ ਆਉਂਦੀਆਂ ਸਨ, ਉਨ੍ਹਾਂ ਨੇ ਖੁਦ ਨੂੰ ਆਪਣੇ ਪਰਿਵਾਰ ਅਤੇ ਭਾਈਚਾਰੇ ਤੋਂ ਬਿਲਕੁਲ ਅਲੱਗ ਕਰ ਲਿਆ ਸੀ। ਉਹੀ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਤੋਂ ਬਾਅਦ ਨਾ ਸਿਰਫ਼ ਬਾਕੀ ਔਰਤਾਂ ਅਤੇ ਲੜਕੀਆਂ ਨਾਲ ਘੁਲ-ਮਿਲ ਰਹੀਆਂ ਨੇ ਸਗੋਂ ਉਹ ਸਕੂਲ ਵੀ ਜਾ ਰਹੀਆਂ ਹਨ ਅਤੇ ਦੋਸਤੀ ਵੀ ਕਰ ਰਹੀਆਂ ਹਨ।"
ਹੁਸਨਾ ਦੀ ਗੱਲ ਕਰੀਏ ਤਾਂ ਉਹ ਅੱਜ ਵੀ ਇੱਕ ਦਿਨ ਡਾਕਟਰ ਬਣਨ ਦੀ ਉਮੀਦ ਕਰਦੀ ਹੈ, ਪਰ ਹੁਣ ਉਹ ਇੱਕ ਬਾਕਸਿੰਗ ਕੋਚ ਵੀ ਬਣਨਾ ਚਾਹੁੰਦੀ ਹੈ। ਉਹ ਚਾਹੁੰਦੀ ਹੈ ਕਿ ਉਹ ਲੜਕੀਆਂ ਨੂੰ ਆਪਣੇ ਅੰਦਰ ਤਾਕਤ ਅਤੇ ਵਿਸ਼ਵਾਸ ਵਿਕਸਿਤ ਕਰਨਾ ਸਿਖਾ ਸਕੇ।
"ਅਸੀਂ ਇੱਥੇ ਉਨ੍ਹਾਂ ਰਿਵਾਇਤੀ ਨਿਯਮਾਂ ਨੂੰ ਤੋੜ ਰਹੇ ਹਾਂ ਜਿੰਨ੍ਹਾਂ ਮੁਤਾਬਕ ਲੜਕੀਆਂ ਸਿਰਫ਼ ਘਰ ਦੇ ਕੰਮਕਾਜ ਕਰਨ ਲਈ ਹੀ ਹਨ। ਸਾਨੂੰ ਹੋਰ ਮਜ਼ਬੂਤ ਹੋਣ ਦੀ ਅਤੇ ਖੁਦ 'ਤੇ ਵਿਸ਼ਵਾਸ ਰੱਖਣ ਦੀ ਜ਼ਰੂਰਤ ਹੈ। ਮੁੱਕੇਬਾਜ਼ੀ ਰਾਹੀਂ ਹੀ ਇਹ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ।"