Ind vs Aus: ਭਾਰਤ ਨੂੰ ਆਸਟਰੇਲੀਆ ਖਿਲਾਫ਼ ਸੀਰੀਜ਼ ਜਿਤਾਉਣ ਵਾਲੇ 5 ਭਾਰਤੀ ਖਿਡਾਰੀ

ਭਾਰਤ ਨੇ ਆਸਟਰੇਲੀਆ ਖਿਲਾਫ਼ ਆਸਟਰੇਲੀਆ ਵਿੱਚ ਪਹਿਲੀ ਵਾਰ ਦੁਵੱਲੀ ਇੱਕ ਰੋਜ਼ਾ ਲੜੀ ਜਿੱਤ ਲਈ ਹੈ। ਤੀਜੇ ਵਨਡੇ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ।

ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਮਹਿੰਦਰ ਸਿੰਘ ਧੋਨੀ ਨੇ ਬਣਾਈਆਂ। ਭਾਵੇਂ ਉਨ੍ਹਾਂ ਨੇ ਕਾਫੀ ਗੇਂਦਾਂ ਖਰਚ ਕੀਤੀਆਂ ਪਰ ਫਿਰ ਵੀ ਆਪਣੀ 87 ਦੌੜਾਂ ਦੀ ਪਾਰੀ ਨਾਲ ਭਾਰਤ ਨੂੰ ਜਿੱਤ ਤੱਕ ਪਹੁੰਚਾ ਦਿੱਤਾ।

ਕੇਦਾਰ ਜਾਧਵ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਮਹਿੰਦਰ ਸਿੰਘ ਧੋਨੀ ਨਾਲ 121 ਦੌੜਾਂ ਦੀ ਸਾਝੇਦਾਰੀ ਬਣਾਈ। ਮੈਨ ਆਫ਼ ਦੀ ਮੈਚ ਯੁਜਵੇਂਦਰ ਚਹਿਲ ਰਹੇ ਜਿਨ੍ਹਾਂ ਨੇ ਆਪਣੇ ਕ੍ਰਿਕਿਟ ਜੀਵਨ ਦੀ ਸ਼ਾਨਦਾਰ ਖੇਡ ਸਦਕਾ 42 ਦੌੜਾਂ ਦੇ ਬਦਲੇ 6 ਵਿਕਟਾਂ ਲਈਆਂ।

ਬੀਬੀਸੀ ਪੱਤਰਕਾਰ ਸਿਵਾਕੁਮਾਰ ਉਲਾਗਾਨਾਥਨ ਨੇ ਭਾਰਤ ਦੀ ਜਿੱਤ ਦੇ ਮਾਅਨਿਆਂ ਬਾਰੇ ਕ੍ਰਿਕਟ ਮਾਹਿਰਾਂ ਨਾਲ ਗੱਲਬਾਤ ਕੀਤੀ।

ਭਾਰਤ ਦੇ ਸਾਬਕਾ ਖਿਡਾਰੀ ਅਤੇ ਮਦਨ ਲਾਲ ਨੇ ਕਿਹਾ, ਇਹ ਭਾਰਤ ਦੇ ਸਭ ਤੋਂ ਬੇਹਤਰੀਨ ਦੌਰਿਆਂ ਵਿੱਚੋਂ ਇੱਕ ਹੈ। ਇਸ ਸੀਰੀਜ਼ ਵਿੱਚ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਸ਼ਾਂਤ ਸ਼ਰਮਾ, ਬੁਮਰਾਹ ਅਤੇ ਸ਼ਮੀ ਨੇ ਆਸਟਰੇਲੀਆਈ ਬੱਲੇਬਾਜ਼ਾਂ ਦੇ ਆਤਮ ਵਿਸ਼ਵਾਸ ਨੂੰ ਢਾਹ ਲਾਈ। ਵਿਰਾਟ ਕੋਹਲੀ, ਪੁਜਾਰਾ ਤੇ ਮਯੰਕ ਨੇ ਟੈਸਟ ਸੀਰੀਜ਼ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ।

ਆਸਟਰੇਲੀਆ ਦੇ ਪ੍ਰਦਰਸ਼ਨ ਬਾਰੇ ਮਦਨ ਲਾਲ ਨੇ ਕਿਹਾ, ''ਸਮਿਥ ਅਤੇ ਵਾਰਨਰ ਦੀ ਗੈਰ ਮੌਜੂਦਗੀ ਵਿੱਚ ਆਸਟਰੇਲੀਆ ਨੂੰ ਥੋੜ੍ਹੇ ਵਕਤ ਦੀ ਲੋੜ ਹੈ। ਨਵੇਂ ਖਿਡਾਰੀਆਂ ਨੂੰ ਪੈਰ ਜਮਾਉਣ ਵਿੱਚ ਸਮਾਂ ਲੱਗੇਗਾ।''

ਨਿਊਜ਼ੀਲੈਂਡ ਦੌਰੇ ਬਾਰੇ ਮਦਨ ਲਾਲ ਨੇ ਕਿਹਾ, ''ਨਿਊਜ਼ੀਲੈਂਡ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਹੈ। ਭਾਰਤ ਲਈ ਇਹ ਦੌਰਾ ਮੁਸ਼ਕਿਲ ਸਾਬਿਤ ਹੋ ਸਕਦਾ ਹੈ।''

ਇਹ ਵੀ ਪੜ੍ਹੋ:

ਵਿਜੇ ਲੋਕਪਾਲੀ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਕਿਹਾ, ਭਾਰਤ ਨੇ ਪੂਰੇ ਦੌਰੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜੇ ਪਰਥ ਦਾ ਮੁਕਾਬਲਾ ਛੱਡ ਦੇਈਏ ਤਾਂ ਇਹ ਭਾਰਤ ਦੇ ਸ਼ਾਨਦਾਰ ਵਿਦੇਸ਼ ਦੌਰਿਆਂ ਵਿੱਚੋਂ ਇੱਕ ਹੈ। ਭਾਰਤੀ ਟੀਮ ਦਾ ਆਤਮ ਵਿਸ਼ਵਾਸ ਵੀ ਇਸ ਵੇਲੇ ਕਾਫੀ ਉੱਚਾ ਹੈ।''

ਉਨ੍ਹਾਂ ਅੱਗੇ ਕਿਹਾ, ''ਇੱਕਰੋਜ਼ਾ ਸੀਰੀਜ਼ ਵਿੱਚ ਧੋਨੀ ਦੀ ਫਾਰਮ ਵਾਪਸ ਆਉਣਾ ਟੀਮ ਲਈ ਕਾਫੀ ਫਾਇਦੇਮੰਦ ਹੈ।''

ਭਾਰਤ ਨੇ ਇਸ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਸਟਰੇਲੀਆ ਨੂੰ ਖੇਡ ਦੇ ਹਰ ਹਿੱਸੇ ਵਿੱਚ ਮਾਤ ਦਿੱਤੀ। ਆਉ ਜਾਣਦੇ ਹਾਂ ਇਸ ਸੀਰਜ਼ ਦੇ 5 ਸਭ ਤੋਂ ਖਾਸ ਖਿਡਾਰੀ

ਮਹਿੰਦਰ ਸਿੰਘ ਧੋਨੀ - ਇਸ ਸੀਰੀਜ਼ ਨੂੰ ਮਹਿੰਦਰ ਸਿੰਘ ਧੋਨੀ ਦੇ ਪ੍ਰਦਰਸ਼ਨ ਲਈ ਯਾਦ ਰੱਖਿਆ ਜਾਵੇਗੀ। ਤਿੰਨਾਂ ਮੈਚਾਂ ਵਿੱਚ ਮਹਿੰਦਰ ਸਿੰਘ ਧੋਨੀ ਨੇ ਅਰਧ ਸੈਂਕੜੇ ਮਾਰੀਆ। ਪਹਿਲੇ ਮੈਚ ਵਿੱਚ 51, ਦੂਜੇ ਮੈਚ ਵਿੱਚ 55 ਤੇ ਤੀਜੇ ਮੈਚ ਵਿੱਚ 87 ਦੌੜਾਂ ਬਣਾਈਆਂ। ਭਾਵੇਂ ਕ੍ਰਿਕਟ ਦੇ ਕੁਝ ਮਾਹਿਰਾਂ ਵੱਲੋਂ ਮਹਿੰਦਰ ਸਿੰਘ ਧੋਨੀ ਦੀ ਪਾਰੀ ਦੀ ਆਲੋਚਨਾ ਵੀ ਹੋਈ। ਪਹਿਲੀ ਪਾਰੀ ਵਿੱਚ ਉਨ੍ਹਾਂ ਨੇ 51 ਦੌੜਾਂ ਲਈ 96 ਗੇਂਦਾਂ ਖਰਚ ਕੀਤੀਆਂ। ਪਰ ਹਰ ਮੈਚ ਵਿੱਚ ਭਾਰਤ ਦੇ ਸਕੋਰ ਵਿੱਚ ਮਹਿੰਦਰ ਸਿੰਘ ਧੋਨੀ ਦਾ ਖਾਸ ਯੋਗਦਾਨ ਰਿਹਾ। ਆਖਰੀ ਦੋ ਮੈਚਾਂ ਵਿੱਚ ਤਾਂ ਧੋਨੀ ਨੇ ਸਕੋਰ ਦਾ ਪਿੱਛਾ ਕਰਦੇ ਹੋਏ ਸ਼ਾਨਦਾਰ ਪਾਰੀਆਂ ਖੇਡੀਆਂ।

ਵਿਰਾਟ ਕੋਹਲੀ - ਹਰ ਵਾਰ ਵਾਂਗ ਇਸ ਵਾਰ ਵੀ ਵਿਰਾਟ ਕੋਹਲੀ ਤੋਂ ਸੈਂਕੜੇ ਦੀ ਉਮੀਦ ਸੀ ਜੋ ਉਨ੍ਹਾਂ ਨੇ ਪੂਰੀ ਵੀ ਕੀਤੀ। ਪਹਿਲੇ ਮੈਚ ਵਿੱਚ ਭਾਵੇਂ ਉਹ ਜ਼ਿਆਦਾ ਦੌੜਾਂ ਨਹੀਂ ਬਣਾ ਸਕੇ ਪਰ ਦੂਜੇ ਮੈਚ ਵਿੱਚ ਸੈਂਕੜਾ ਜੜ੍ਹ ਕੇ ਵਿਰਾਟ ਕੋਹਲੀ ਨੇ ਭਾਰਤ ਦੀ ਜਿੱਤ ਵਿੱਚ ਅਹਿਮ ਯੋਗਦਾਨ ਦਿੱਤਾ। ਵਿਰਾਟ ਕੋਹਲੀ ਨੇ 104 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਭੁਵਨੇਸ਼ਵਰ ਕੁਮਾਰ- ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ। ਉਨ੍ਹਾਂ ਦੀ ਥਾਂ ਭੁਵਨੇਸ਼ਵਰ ਕੁਮਾਰ ਨੂੰ ਸ਼ਾਮਿਲ ਕੀਤਾ ਗਿਆ। ਪਹਿਲੇ ਮੈਚ ਵਿੱਚ ਉਹ ਆਪਣੀ ਲੈਅ ਵਿੱਚ ਦਿਖਾਈ ਦਿੱਤੇ।

ਉਨ੍ਹਾਂ ਨੇ 45 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਐਰਨ ਫਿੰਚ ਲਈ ਤਾਂ ਉਹ ਕਾਲ ਬਣ ਕੇ ਰਹੇ। ਹਰ ਮੈਚ ਵਿੱਚ ਭੁਵਨੇਸ਼ਵਰ ਕੁਮਾਰ ਨੇ ਹੀ ਐਰਨ ਫਿੰਚ ਨੂੰ ਆਉਟ ਕੀਤਾ। ਐਰਨ ਫਿੰਟ ਨੇ ਤਿੰਨ ਮੈਚਾਂ ਵਿੱਚ ਭੁਵਨੇਸ਼ਵਰ ਕੁਮਾਰ ਦੀਆਂ 37 ਗੇਂਦਾਂ 'ਤੇ 16 ਦੌੜਾਂ ਬਣਾਈਆਂ ਤੇ ਹਰ ਵਾਰ ਆਪਣੀ ਵਿਕਟ ਭੁਵਨੇਸ਼ਵਰ ਕੁਮਾਰ ਨੂੰ ਹੀ ਦਿੱਤੀ।

ਯੁਜਵੇਂਦਰ ਚਹਿਲ - ਯੁਜਵੇਂਦਰ ਚਹਿਲ ਨੂੰ ਆਖਰੀ ਮੈਚ ਵਿੱਚ ਕੁਲਦੀਪ ਯਾਦਵ ਦੀ ਥਾਂ ਦਿੱਤੀ ਗਈ। ਇੱਕੋ ਮੈਚ ਵਿੱਚ ਉਨ੍ਹਾਂ ਨੇ ਆਪਣੀ ਕਾਬਲੀਅਤ ਦਾ ਨਮੂਨਾ ਪੇਸ਼ ਕਰ ਦਿੱਤਾ। ਆਖਰੀ ਮੈਚ ਵਿੱਚ ਚਹਿਲ ਨੇ ਆਸਟਰੇਲੀਆ ਦੀ ਬੈਟਿੰਗ ਦੀ ਕਮਰ ਤੋੜ ਦਿੱਤੀ ਅਤੇ 42 ਦੌੜਾਂ ਦੇ ਕੇ 6 ਵਿਕਟਾਂ ਲਈਆਂ।

ਕੇਦਾਰ ਜਾਧਵ- ਅੰਬਾਤੀ ਰਾਇਡੂ ਦੀ ਥਾਂ ਕੇਦਾਰ ਜਾਧਵ ਨੂੰ ਮੌਕਾ ਦਿੱਤਾ ਗਿਆ। ਉਨ੍ਹਾਂ ਨੇ ਵੀ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ। ਮਹਿੰਦਰ ਸਿੰਘ ਧੋਨੀ ਨਾਲ ਬੱਲੇਬਾਜ਼ੀ ਕਰਦੇ ਹੋਏ 121 ਦੌੜਾਂ ਦੀ ਸਾਝੇਦਾਰੀ ਬਣਾਈ। ਉਨ੍ਹਾਂ ਨੇ 57 ਗੇਂਦਾਂ ਵਿੱਚ 61 ਦੌੜਾਂ ਦੀ ਪਾਰੀ ਖੇਡੀ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)