You’re viewing a text-only version of this website that uses less data. View the main version of the website including all images and videos.
ਕੁੜੀਆਂ ਦੀ ‘ਵਰਜਿਨਿਟੀ’ ਦਾ ਮੁੱਦਾ: ਕੀ ਹੁੰਦਾ ਹੈ ਜਦੋਂ ਬੰਦ ਬੋਤਲ ਖੁੱਲ੍ਹਦੀ ਹੈ? - ਬਲਾਗ
- ਲੇਖਕ, ਦਿਵਿਆ ਆਰਿਆ
- ਰੋਲ, ਪੱਤਰਕਾਰ, ਬੀਬੀਸੀ
ਇੱਕ ਮਸ਼ਹੂਰ ਯੂਨੀਵਰਸਿਟੀ ਦੇ ਪ੍ਰੋਫੈਸਰ 'ਵਰਜਿਨਿਟੀ' ਦੇ ਬਾਰੇ ਮੁੰਡਿਆਂ ਦੀ ਨਾਸਮਝੀ ਅਤੇ ਅਣਦੇਖੀ ਬਾਰੇ ਬਹੁਤ ਫਿਕਰਮੰਦ ਹਨ।
ਫੇਸਬੁੱਕ 'ਤੇ ਨੌਜਵਾਨਾਂ ਨੂੰ ਕਦਰਾਂ-ਕੀਮਤਾਂ ਬਾਰੇ ਸਲਾਹ ਦੇਣ ਲਈ ਉਨ੍ਹਾਂ ਨੇ ਲਿਖਿਆ ਕਿ ਮੁੰਡਿਆਂ ਨੂੰ ਕੁੜੀਆਂ ਦੇ ਕੁਆਰੇਪਣ (ਵਰਜਿਨ) ਹੋਣ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ ਕਿਉਂਕਿ "ਕੁਆਰੀ ਕੁੜੀ ਸੀਲਬੰਦ ਬੋਤਲ ਦੀ ਤਰ੍ਹਾਂ ਹੁੰਦੀ ਹੈ। ਕੀ ਕੋਲਡ ਡ੍ਰਿੰਕ ਜਾਂ ਬਿਸਕੁਟ ਖਰੀਦਣ ਸਮੇਂ ਉਹ ਟੁੱਟੀ ਹੋਈ ਸੀਲ ਵਾਲੀ ਚੀਜ਼ ਪਸੰਦ ਕਰਨਗੇ?"
ਹੁਣ ਇਸ ਬਾਰੇ ਹੈਰਾਨ ਹੋਣ ਦੀ ਕੀ ਗੱਲ ਹੈ ਕੁੜੀਆਂ ਨੂੰ ਚੀਜ਼ਾਂ ਨਾਲ ਜੋੜਨਾ, ਉਨ੍ਹਾਂ ਨੂੰ ਉਪਭੋਗ ਦੀ ਚੀਜ਼ ਕਹਿਣ ਦਾ ਰੁਝਾਨ ਕਾਫ਼ੀ ਪੁਰਾਣਾ ਹੈ ਅਤੇ ਇਸ ਦੀ ਜਿੰਨੀ ਅਲੋਚਨਾ ਕੀਤੀ ਜਾਵੇ ਓਨੀ ਘੱਟ ਹੈ।
ਮਸ਼ਹੂਰੀਆਂ ਵਿੱਚ ਮੋਟਰਸਾਈਕਲ ਅਤੇ ਕਾਰ ਲਈ ਲਲਚਾਉਂਦਾ ਮੁੰਡਾ ਉਨ੍ਹਾਂ ਦੀ ਬਨਾਵਟ ਨੂੰ ਕੁੜੀ ਦੇ ਸਰੀਰ ਨਾਲ ਜੋੜਦਾ ਹੈ ਤਾਂ ਕਦੇ ਬੀਅਰ ਦੀ ਬੋਤਲ ਦੇ ਗੋਲ ਆਕਾਰ ਨੂੰ ਕੁੜੀ ਵਰਗਾ ਦਿਖਾਇਆ ਜਾਂਦਾ ਹੈ।
ਗੱਲ ਇਸ ਵਾਰੀ ਵੀ ਉਪਭੋਗ ਦੇ ਆਲੇ-ਦੁਆਲੇ ਹੀ ਹੈ। ਤਵੱਜੋ ਕੋਲਡ-ਡ੍ਰਿੰਕਸ ਅਤੇ ਬਿਸਕੁੱਟ ਦੇ ਆਕਾਰ 'ਤੇ ਨਹੀਂ ਸਗੋਂ ਉਨ੍ਹਾਂ ਦੇ 'ਸੀਲਬੰਦ' ਅਤੇ 'ਸ਼ੁੱਧ' ਹੋਣ ਸਬੰਧੀ ਹੈ।
ਕੁੜੀ 'ਵਰਜਿਨ' ਹੋਵੇ, ਯਾਨਿ ਕਿ ਜਿਸ ਨੇ ਕਦੇ ਕਿਸੇ ਨਾਲ ਸਰੀਰਕ ਸਬੰਧ ਨਾ ਬਣਾਇਆ ਹੋਵੇ ਤਾਂ ਸ਼ੁੱਧ ਹੈ।
ਸਗੋਂ ਪ੍ਰੋਫੈੱਸਰ ਸਾਹਿਬ ਮੁਤਾਬਕ ਕੁੜੀ ਜਨਮ ਤੋਂ ਹੀ ਸੀਲਬੰਦ ਹੁੰਦੀ ਹੈ ਅਤੇ 'ਵਰਜਿਨ' ਪਤਨੀ ਤਾਂ ਫਰਿਸ਼ਤੇ ਵਰਗੀ ਹੁੰਦੀ ਹੈ।
ਦਰਅਸਲ ਕੁੜੀ ਦੀ ਸ਼ਰਮ ਅਤੇ ਉਪਭੋਗ ਦੀ ਇੱਛਾ ਬੋਤਲ ਵਿੱਚ ਬੰਦ ਰਹੇ ਤਾਂ ਠੀਕ ਹੈ, ਖੁਲ੍ਹ ਗਈ ਤਾਂ ਪਤਾ ਨਹੀਂ ਬੋਤਲ ਵਿੱਚੋਂ ਕਿਹੜਾ ਜਿੰਨ ਨਿਕਲ ਆਵੇਗਾ।
ਇਹ ਵੀ ਪੜ੍ਹੋ:
'ਵਰਜਿਨਿਟੀ ਟੈਸਟ'
ਘਬਰਾਓ ਨਾ, ਮੈਂ ਵਿਆਹ ਤੋਂ ਪਹਿਲਾਂ ਸੈਕਸ ਦੀ ਵਕਾਲਤ ਨਹੀਂ ਕਰ ਰਹੀ, ਉਹ ਤਾਂ ਹਰ ਮੁੰਡੇ ਅਤੇ ਕੁੜੀ ਦੀ ਆਪਣੀ ਪਸੰਦ-ਨਾਪਸੰਦ ਉੱਤੇ ਨਿਰਭਰ ਕਰਦਾ ਹੈ।
ਸਿਰਫ਼ ਇਸ ਵੱਲ ਇਸ਼ਾਰਾ ਕਰ ਰਹੀ ਹਾਂ ਕਿ ਕਦਰਾਂ-ਕੀਮਤਾਂ ਦੀ ਇਹ ਹਿਦਾਇਤ ਦਰਅਸਲ ਇੱਕ ਚੋਗਾ ਹੈ।
ਕੁੜੀਆਂ ਕਿਤੇ ਆਜ਼ਾਦੀ ਨਾਲ ਆਪਣੀਆਂ ਇੱਛਾਵਾਂ ਜ਼ਾਹਿਰ ਅਤੇ ਪੂਰੀਆਂ ਨਾ ਕਰਨ ਲੱਗ ਜਾਣ, ਇਸੇ ਡਰੋਂ ਕਦਰਾਂ ਕੀਮਤਾਂ ਦੀ ਹਿਦਾਇਤ ਹੇਠਾਂ ਢਕਣ ਵਾਲਾ ਚੋਗਾ।
ਉੱਧਰ ਮੁੰਡਿਆਂ ਦੀ 'ਵਰਜਿਨਿਟੀ'ਪਤਾ ਲਾਉਣ ਦਾ ਕੋਈ ਤਰੀਕਾ ਹੀ ਨਹੀਂ ਹੈ ਅਤੇ ਉਨ੍ਹਾਂ ਉੱਤੇ ਰਵਾਇਤਾਂ ਨੂੰ ਨਿਭਾਉਣ ਦਾ ਕੋਈ ਦਬਾਅ ਹੀ ਨਹੀਂ ਹੈ।
ਉਨ੍ਹਾਂ ਨੂੰ ਆਪਣੀ ਸੀਲ ਤੋੜਨ ਦੀ ਪੂਰੀ ਆਜ਼ਾਦੀ ਹੈ, ਚਾਹੇ ਵਿਆਹ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ।
ਉਨ੍ਹਾਂ ਲਈ ਪ੍ਰੋਫੈੱਸਰ ਸਾਹਿਬ ਦੀ ਕੋਈ ਹਿਦਾਇਤ ਨਹੀਂ।
ਪਰ ਕੁੜੀਆਂ ਕਿਤੇ ਸੈਕਸ ਦੀ ਚਾਹਤ ਨਾ ਕਰਨ ਲੱਗ ਜਾਣ। ਆਪਣੇ ਮਨ ਨੂੰ ਬੇਚੈਨ ਹੋਣ ਦੀ ਇਜਾਜ਼ਤ ਨਾ ਦੇ ਦੇਣ।
ਉਨ੍ਹਾਂ ਦੇ ਸਰੀਰ ਉੱਤੇ ਹੱਕ ਜਤਾਉਣ ਲਈ ਸਾਰਾ ਸਮਾਜ ਇੰਨਾ ਬੇਚੈਨ ਹੈ ਕਿ ਮਹਾਰਾਸ਼ਟਰ ਦੇ ਆਦੀਵਾਸੀ ਭਾਈਚਾਰੇ ਕੰਜਰਭਾਟ ਵਿੱਚ ਵਿਆਹ ਦੀ ਪਹਿਲੀ ਰਾਤ ਤੋਂ ਬਾਅਦ ਬਿਸਤਰ ਦੀ ਚਾਦਰ ਦੇਖ ਕੇ 'ਵਰਜਿਨਿਟੀ ਟੈਸਟ' ਕੀਤਾ ਜਾਂਦਾ ਹੈ।
ਹੁਣ ਇਸ ਦੇ ਖਿਲਾਫ਼ ਮੁੰਡਿਆਂ ਨੇ ਹੀ ਮੁਹਿੰਮ ਛੇੜ ਦਿੱਤੀ ਹੈ। ਉਹ ਨਹੀਂ ਚਾਹੁੰਦੇ ਕਿ ਕੁੜੀਆਂ 'ਤੇ ਅਜਿਹੀ ਜਨਤਕ ਜਾਂਚ ਦਾ ਕੋਈ ਦਬਾਅ ਹੋਵੇ ਜਾਂ ਫਿਰ ਵਿਆਹ ਤੋਂ ਪਹਿਲਾਂ ਸੈਕਸ ਕਰਨ ਕਾਰਨ ਉਨ੍ਹਾਂ ਨੂੰ 'ਅਸ਼ੁੱਧ' ਸਮਝਿਆ ਜਾਵੇ।
ਸੀਲ-ਬੰਦ
ਪ੍ਰੋਫੈੱਸਰ ਸਾਹਿਬ ਲਿਖਦੇ ਹਨ ਕਿ ਪ੍ਰੇਮ ਸਬੰਧ ਜਾਂ ਵਿਆਹ ਦੀ ਗੱਲਬਾਤ ਦੇ ਵੇਲੇ ਕੁੜੀਆਂ ਨੂੰ ਆਪਣੇ ਵਰਜਿਨ ਹੋਣ ਬਾਰੇ ਦੱਸਣਾ ਚਾਹੀਦਾ ਹੈ। ਆਸ਼ਿਕ ਅਤੇ ਪਤੀ ਇਸ ਲਈ ਉਨ੍ਹਾਂ ਨੂੰ ਜ਼ਰੂਰ ਸਨਮਾਨ ਦੇਣਗੇ।
ਉੰਝ ਜਿਸ ਸੀਲ ਦੇ ਟੁੱਟਣ 'ਤੇ ਇੰਨਾ ਹੰਗਾਮਾ ਹੋ ਰਿਹਾ ਹੈ, ਉਸ ਨੂੰ ਬੰਦ ਕਰਵਾਉਣ ਦੇ ਤਰੀਕੇ ਵੀ ਹਨ। 'ਹਾਈਮਨੋਪਲਾਸਟੀ' ਰਾਹੀਂ ਵਜਾਇਨਾ ਦੇ ਬਾਹਰ ਦੀ ਝਿੱਲੀ ਨੂੰ ਸਿਉਂ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ:
ਇਸ ਦਾ ਮਕਸਦ ਤਾਂ ਸਰੀਰਕ ਹਿੰਸਾ ਦੇ ਦੌਰਾਨ ਵਜਾਇਨਾ 'ਤੇ ਆਈ ਸੱਟ ਨੂੰ ਠੀਕ ਕਰਨਾ ਹੈ ਪਰ ਕਈ ਪੱਛਮੀ ਦੇਸਾਂ ਵਿੱਚ ਇਸ ਦੀ ਵਰਤੋਂ 'ਵਰਜਿਨਿਟੀ' ਵਾਪਸ ਲਿਆਉਣ ਦੇ ਕਾਸਮੈਟਿਕ ਤਰੀਕੇ ਦੇ ਤੌਰ 'ਤੇ ਕੀਤਾ ਜਾਣ ਲੱਗਿਆ ਹੈ।
ਜੇ ਸਰੀਰਕ ਸਬੰਧ ਬਣਾਇਆ ਗਿਆ ਹੈ ਤਾਂ ਗਵਾਈ ਹੋਈ ਵਰਜਿਨਿਟੀ ਵਾਪਸ ਤਾਂ ਨਹੀਂ ਆ ਸਕਦੀ ਪਰ 'ਹਾਈਮਨੋਪਲਾਸਟੀ' ਦੇ ਅਪਰੇਸ਼ਨ ਰਾਹੀਂ ਵਜਾਇਨਾ ਨੂੰ ਅਜਿਹਾ ਰੂਪ ਦਿੱਤਾ ਜਾ ਸਕਦਾ ਹੈ ਕਿ ਲੱਗੇ ਕਿ ਉਸ ਔਰਤ ਨੇ ਕਦੇ ਵੀ ਸਰੀਰਕ ਸਬੰਧ ਨਹੀਂ ਬਣਾਇਆ ਹੈ।
ਸਮਾਜ ਵਿੱਚ 'ਵਰਜਿਨਿਟੀ' ਨੂੰ ਕਾਫ਼ੀ ਅਹਿਮੀਅਤ ਦਿੱਤੇ ਜਾਣ ਕਾਰਨ ਕਈ ਔਰਤਾਂ ਵਿਆਹ ਤੋਂ ਪਹਿਲਾਂ ਇਹ ਅਪਰੇਸ਼ਨ ਕਰਵਾਉਣ ਦੀ ਹੱਦ ਤੱਕ ਜਾ ਰਹੀਆਂ ਹਨ।
ਸੋਚਣ ਦੀ ਗੱਲ ਇਹ ਹੈ ਕਿ ਜੇ ਕੁੜੀਆਂ ਵਿਆਹ ਤੋਂ ਪਹਿਲਾਂ ਸੈਕਸ ਕਰਦੀਆਂ ਹਨ ਤਾਂ ਕੋਈ ਮੁੰਡਾ ਨਾਲ ਹੁੰਦਾ ਹੀ ਹੋਵੇਗਾ। ਦੋਨੋਂ ਹੀ ਸੀਲ ਤੋੜਦੇ ਹੋਣਗੇ ਅਤੇ ਬੋਤਲ ਵਿੱਚ ਬੰਦ ਬੁਲਬੁਲੇ ਆਜ਼ਾਦ ਹੁੰਦੇ ਹੋਣਗੇ।
ਦੇਖਿਆ ਜਾਵੇ ਤਾਂ ਸਵਾਲ ਕੁੜੀਆਂ ਤੋਂ ਹੀ ਨਹੀਂ ਮੁੰਡਿਆਂ ਤੋਂ ਵੀ ਪੁੱਛਣਾ ਚਾਹੀਦਾ ਹੈ ਪਰ ਇੰਨੇ ਸਵਾਲ ਹੀ ਕਿਉਂ?
ਇਨ੍ਹਾਂ ਨੌਜਵਾਨ ਮੁੰਡੇ-ਕੁੜੀਆਂ ਦੀ ਆਜ਼ਾਦੀ ਤੋਂ ਕਿਉਂ ਡਰ ਰਹੇ ਹੋ ? ਇਨ੍ਹਾਂ ਦੀ ਬੋਤਲ ਦੇ ਜਿੰਨ ਨਾਲ ਇਨ੍ਹਾਂ ਨੂੰ ਖੁਦ ਹੀ ਨਜਿੱਠਣ ਦਿੱਤਾ ਜਾਵੇ।
ਸ਼ਰਮ ਅਤੇ ਕਦਰਾਂਕੀਮਤਾਂ ਦਾ ਦਬਾਅ ਨਾ ਹੋਵੇ ਅਤੇ 'ਸ਼ੁੱਧਤਾ' ਵਰਜਿਨ ਹੋਣ ਨਾਲ ਨਹੀਂ, ਪਿਆਰ ਅਤੇ ਵਿਆਹ ਦੇ ਰਿਸ਼ਤਿਆਂ ਦੀ ਸੱਚਾਈ ਅਤੇ ਸਾਫਗੋਈ ਨਾਲ ਆਵੇ।
ਇਹ ਵੀ ਪੜ੍ਹੋ: