You’re viewing a text-only version of this website that uses less data. View the main version of the website including all images and videos.
ਕਹਾਣੀ ਵੈਨੇਜ਼ੁਏਲਾ ਦੀ ਜਿੱਥੇ ਮਹਿੰਗਾਈ ਦਰ 10,000,000% ਪਹੁੰਚਣ ਵਾਲੀ ਹੈ
ਵਿਸ਼ਵ ਬੈਂਕ ਨੇ ਕਿਹਾ ਹੈ ਕਿ ਵੈਨੇਜ਼ੁਏਲਾ ਦਾ ਆਰਥਿਕ ਸੰਕਟ ਹੁਣ ਤੱਕ ਦੇ ਲਾਤੀਨੀ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਮਾੜਾ ਸੰਕਟ ਹੈ। ਸਲਾਨਾ ਮਹਿੰਗਾਈ ਦਰ ਇੱਕ ਕਰੋੜ ਫੀਸਦ ਤੱਕ ਪਹੁੰਚ ਗਈ ਹੈ।
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਗੱਦੀਓਂ ਲਾਹੁਣ ਦੀਆਂ ਕੋਸ਼ਿਸ਼ਾਂ ਦੌਰਾਨ ਦੇਸ ਦਾ ਸਿਆਸੀ ਸੰਕਟ ਵੱਧ ਰਿਹਾ ਹੈ।
ਵੈਨੇਜ਼ੂਏਲਾ ਦੇ ਡੂੰਘੇ ਹੁੰਦੇ ਸੰਕਟ ਕਾਰਨ ਮਹਿੰਗਾਈ ਅੰਬਰਾਂ ਨੂੰ ਛੂਹ ਰਹੀ ਹੈ, ਬਿਜਲੀ ਦੇ ਕੱਟ ਲੱਗ ਰਹੇ ਹਨ ਅਤੇ ਖਾਣ-ਪੀਣ ਤੋਂ ਇਲਾਵਾ ਦਵਾਈਆਂ ਦੀ ਕਮੀ ਪੈਦਾ ਹੋ ਰਹੀ ਹੈ।
ਬੀਤੇ ਸਾਲਾਂ ਦੌਰਾਨ 30 ਲੱਖ ਤੋਂ ਵਧੇਰੇ ਵੈਨੇਜ਼ੁਏਲਾ ਵਾਸੀ ਦੇਸ ਛੱਡ ਕੇ ਜਾ ਚੁੱਕੇ ਹਨ।
ਹਾਲਾਂਕਿ, ਉੱਪ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਨੇ ਇਨ੍ਹਾਂ ਅੰਕੜਿਆਂ ਉੱਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ ਨੂੰ ਫੌਜੀ ਦਖਲਅੰਦਾਜ਼ੀ ਨੂੰ ਜਾਇਜ਼ ਠਹਿਰਾਉਣ ਦੇ ਮਕਸਦ ਨਾਲ "ਦੁਸ਼ਮਣ ਦੇਸ਼ਾਂ" ਵੱਲੋਂ ਵਧਾਅ-ਚੜਾਅ ਕੇ ਦੱਸਿਆ ਗਿਆ ਹੈ।
ਦੇਸ ਛੱਡਣ ਵਾਲੇ ਬਹੁਤੇ ਲੋਕ ਗੁਆਂਢੀ ਕੋਲੰਬੀਆ ਵਿੱਚ ਚਲੇ ਗਏ ਹਨ ਜਿੱਥੋਂ ਕੁਝ ਲੋਕ ਇਕਵਾਡੋਰ, ਪੇਰੂ ਅਤੇ ਚਿਲੀ ਵੱਲ ਚਲੇ ਗਏ ਹਨ। ਕੁਝ ਹੋਰ ਲੋਕ ਦੱਖਣ ਵੱਲ ਬ੍ਰਾਜ਼ੀਲ ਚਲੇ ਗਏ ਹਨ।
ਇਹ ਵੀ ਪੜ੍ਹੋ:
ਇਰਾਨ ਅਤੇ ਰੂਸ ਨੇ ਵੈਨੇਜ਼ੁਏਲਾ ਦੇ ਦੋਹਾਂ ਧੜਿਆਂ ਵਿਚਕਾਰ ਸਮਝੌਤਾ ਕਰਵਾਉਣ ਲਈ ਮਦਦ ਦਾ ਐਲਾਨ ਕੀਤਾ ਹੈ। ਫੋਨ 'ਤੇ ਗੱਲਬਾਤ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਵਦ ਜਾਰੀਫ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਨੇ ਲਾਤੀਨੀ ਅਮਰੀਕੀ ਭਾਈਚਾਰੇ ਦੀਆਂ ਤਾਜ਼ਾ ਘਟਨਾਵਾਂ 'ਤੇ ਚਰਚਾ ਕੀਤੀ। ਪਰ ਵੈਨੇਜ਼ੁਏਲਾ ਦੇ ਸੰਕਟ ਦਾ ਅਸਲ ਕਾਰਨ ਕੀ ਹੈ?
ਰਾਸ਼ਟਰਪਤੀ ਕੌਣ ਹੈ ਅਤੇ ਉਸ 'ਤੇ ਵਿਵਾਦ ਕਿਉਂ ਹੈ?
ਜ਼ਿਆਦਾਤਰ ਦੇਸਾਂ ਵਿੱਚ ਇਹ ਸਵਾਲ ਪੁੱਛਣਾ ਕਾਫ਼ੀ ਅਜੀਬ ਹੈ ਪਰ ਵੈਨੇਜ਼ੁਏਲਾ ਵਿੱਚ 23 ਜਨਵਰੀ ਨੂੰ ਵਿਧਾਨ ਸਭਾ ਦੇ ਆਗੂ ਜੁਆਨ ਗੁਆਇਦੋ ਨੇ ਖੁਦ ਨੂੰ ਕਾਰਜਕਾਰੀ ਰਾਸ਼ਟਰਪਤੀ ਐਲਾਨ ਦਿੱਤਾ ਅਤੇ ਕਿਹਾ ਕਿ ਉਹ ਕਾਰਜਕਾਰੀ ਸ਼ਕਤੀਆਂ ਹਾਸਲ ਕਰ ਲੈਣਗੇ।
ਇਹ ਕਦਮ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਤਾਕਤ ਨੂੰ ਸਿੱਧੀ ਚੁਣੌਤੀ ਸੀ, ਜਿਨ੍ਹਾਂ ਨੇ ਦੋ ਹਫ਼ਤੇ ਪਹਿਲਾਂ ਹੀ ਛੇ ਸਾਲਾਂ ਲਈ ਦੂਜੀ ਵਾਰੀ ਅਹੁਦਾ ਸਾਂਭਿਆ ਹੈ।
ਹੈਰਾਨੀ ਦੀ ਗੱਲ ਨਹੀਂ ਕਿ ਰਾਸ਼ਟਰਪਤੀ ਮਾਦੁਰੋ ਨੇ ਆਪਣੇ ਵਿਰੋਧੀ ਦੇ ਇਸ ਕਦਮ ਨੂੰ ਹਲਕੇ ਵਿੱਚ ਨਹੀਂ ਲਿਆ ਅਤੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੂੰ ਹਟਾਉਣ ਦੀ ਅਮਰੀਕੀ ਚਾਲ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਸੰਵਿਧਾਨਿਕ ਮੁਖੀ ਸਨ ਅਤੇ ਉਹ ਆਪਣੇ ਅਹੁਦੇ ਉੱਤੇ ਬਣੇ ਰਹਿਣਗੇ।
ਇਹ ਵੀ ਪੜ੍ਹੋ:
ਹੂਗੋ ਚਾਵੇਜ਼ ਦੀ ਮੌਤ ਤੋਂ ਬਾਅਦ ਮਾਦੁਰੋ
ਨਿਕੋਲਸ ਮਾਦੁਰੋ ਨੂੰ ਪਹਿਲੀ ਵਾਰੀ ਅਪ੍ਰੈਲ ਵਿੱਚ 2013 ਵਿੱਚ ਆਪਣੇ ਸਮਾਜਵਾਦੀ ਗੁਰੂ ਹਿਊਗੋ ਚਾਵੇਜ਼ ਦੀ ਮੌਤ ਤੋਂ ਬਾਅਦ ਚੁਣਿਆ ਗਿਆ ਸੀ। ਉਸ ਵੇਲੇ ਉਹ 1.6 ਫੀਸਦੀ ਵੋਟਿੰਗ ਪੁਆਇੰਟ ਦੇ ਫ਼ਰਕ ਨਾਲ ਜਿੱਤੇ ਸਨ।
ਉਨ੍ਹਾਂ ਦੇ ਪਹਿਲੇ ਕਾਰਜਕਾਲ ਦੌਰਾਨ, ਅਰਥਚਾਰਾ ਢਹਿ-ਢੇਰੀ ਹੋ ਗਿਆ। ਬਹੁਤ ਸਾਰੇ ਵੈਨੇਜ਼ੁਏਲਾ ਵਾਸੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਸਮਾਜਵਾਦੀ ਸਰਕਾਰ ਨੂੰ ਦੇਸ ਦੇ ਪਤਨ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ।
ਮਈ ਦੀਆਂ ਵਿਵਾਦਿਤ ਚੋਣਾਂ ਵਿੱਚ ਉਨ੍ਹਾਂ ਦੀ ਛੇ ਸਾਲ ਲਈ ਦੂਸਰੀ ਵਾਰ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਹੋਈ। ਇਨ੍ਹਾਂ ਚੋਣਾਂ ਦਾ ਬਹੁਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਬਾਈਕਾਟ ਕੀਤਾ।
ਕਈ ਵਿਰੋਧੀ ਉਮੀਦਵਾਰਾਂ ਨੂੰ ਚੋਣਾਂ ਲੜਨ ਤੋਂ ਰੋਕ ਦਿੱਤਾ ਗਿਆ। ਜਦਕਿ ਦੂਸਰਿਆਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਜਾਂ ਬਾਕੀ ਕੈਦ ਦੇ ਡਰੋਂ ਦੇਸ ਛੱਡ ਕੇ ਚਲੇ ਗਏ। ਵਿਰੋਧੀਆਂ ਨੇ ਰੌਲਾ ਪਾਇਆ ਕਿ ਚੋਣਾਂ ਆਜ਼ਾਦ ਤੇ ਨਿਰਪੱਖ ਨਹੀਂ ਹੋਣਗੀਆਂ।
ਮਾਦੁਰੋ ਦੀ ਚੋਣ ਨੂੰ ਨੈਸ਼ਨਲ ਅਸੈਂਬਲੀ ਨੇ, ਜਿੱਥੇ ਵਿਰੋਧੀ ਧਿਰ ਦਾ ਬਹੁਮਤ ਹੈ, ਨੇ ਮਾਨਤਾ ਨਹੀਂ ਦਿੱਤੀ।
ਇਸੇ ਕਾਰਨ 23 ਜਨਵਰੀ ਨੂੰ ਗੁਆਇਦੋ ਨੇ ਆਪਣੇ ਆਪ ਨੂੰ ਕਾਰਜਕਾਰੀ ਰਾਸ਼ਟਰਪਤੀ ਐਲਾਨ ਦਿੱਤਾ।
ਉਹ ਨੈਸ਼ਨਲ ਅਸੈਂਬਲੀ ਦੇ ਮੁਖੀ ਹਨ ਪਰ ਇਸ ਅਸੈਂਬਲੀ ਨੂੰ ਸਾਲ 2017 ਵਿੱਚ ਨੈਸ਼ਨਲ ਕਾਨਸਟੀਚੂਐਂਟ ਅਸੈਂਬਲੀ ਨੇ ਤਾਕਤ ਦਿੱਤੀ ਸੀ, ਜਿਸ ਵਿੱਚ ਸਰਕਾਰੀ ਵਫ਼ਾਦਾਰਾਂ ਦੀ ਭਰਮਾਰ ਹੈ।
ਤੇਲ 'ਤੇ ਅਸਰ
ਸਾਊਦੀ ਦੇ ਊਰਜਾ ਮੰਤਰੀ ਦਾ ਕਹਿਣਾ ਹੈ ਕਿ ਵੇਨੇਜ਼ੁਏਲਾ ਦੇ ਇਸ ਪੂਰੇ ਸਿਆਸੀ ਸੰਕਟ ਦਾ ਅਸਰ ਤੇਲ ਬਾਜ਼ਾਰ 'ਤੇ ਪੈ ਸਕਦਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਤੇਲ ਦਾ ਉਤਪਾਦਨ ਤੇਜ਼ੀ ਨਾਲ ਘਟਿਆ ਹੈ। ਇਹ ਘੱਟ ਕੇ 2 ਮਿਲੀਅਨ ਬੈਰਲ ਪ੍ਰਤੀ ਦਿਨ ਤੋਂ 1.4 ਮਿਲੀਅਨ ਬੈਰਲ ਹੋ ਗਿਆ ਹੈ।
ਲਾਤੀਨੀ ਅਮਰੀਕਾ 300 ਬਿਲੀਅਨ ਬੈਰਲ ਤੋਂ ਵੱਧ ਦੇ ਦੁਨੀਆ ਦੇ ਸਭ ਤੋਂ ਵੱਡੇ ਕੱਚੇ ਭੰਡਾਰਾਂ ਦਾ ਉਤਪਾਦਕ ਹੈ। ਇਸ ਵਿੱਚ ਜ਼ਿਆਦਾਤਰ ਭਾਰੀ ਕੱਚਾ ਤੇਲ ਹੈ, ਜਿਸ ਦਾ ਉਤਪਾਦਨ ਮਹਿੰਗਾ ਹੈ।
ਪ੍ਰਤੀਕਿਰਿਆ ਕਿਹੋ-ਜਿਹੀ?
ਜਦੋਂ ਗੁਆਇਦੋ ਨੇ ਆਪਣੇ ਰਾਸ਼ਟਰਪਤੀ ਹੋਣ ਦਾ ਐਲਾਨ ਕੀਤਾ ਉਸਦੇ ਕੁਝ ਪਲਾ ਵਿੱਚ ਹੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਗੁਆਇਦੋ ਨੂੰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਵੱਜੋਂ ਅਧਿਕਾਰਤ ਮਾਨਤਾ ਦੇ ਦਿੱਤੀ।
ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੈਨਸ ਨੇ ਕਿਹਾ, 'ਵੈਨੇਜ਼ੁਏਲਾ ਦੇ ਨਾਗਰਿਕਾਂ ਨੇ ਮਾਦੁਰੋ ਦੇ ਗੈਰ ਕਾਨੂੰਨੀ ਸ਼ਾਸ਼ਨ ਅੰਦਰ ਲੰਬਾ ਸਮਾਂ ਬਹੁਤ ਕੁਝ ਝੱਲਿਆ ਹੈ। ਅੱਜ ਮੈਂ ਵੈਨੇਜ਼ੁਏਲਾ ਗੁਆਇਦੋ ਪ੍ਰਧਾਨ ਨੈਸ਼ਨਲ ਅਸੈਂਬਲੀ ਨੂੰ ਵੈਨੇਜ਼ੂਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਅਧਿਕਾਰਤ ਮਾਨਤਾ ਦੇ ਦਿੱਤੀ ਹੈ'।
ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਗੁਆਇਦੋ ਨੂੰ ਕਾਰਜਕਾਰੀ ਰਾਸ਼ਟਰਪਤੀ ਵਜੋਂ ਮਾਨਤਾ ਦਿੱਤੀ।
ਟਵੀਟ ਵਿੱਚ ਲਿਖਿਆ ਗਿਆ: ''ਗੁਆਇਦੋ ਅਤੇ ਵੈਨੇਜ਼ੁਏਲਾ ਵਾਸੀਓ: ਅਮਰੀਕਾ ਤੁਹਾਡੇ ਨਾਲ ਖੜ੍ਹਾ ਹੈ ਅਤੇ ਜਦੋਂ ਤੱਕ ਲਿਬਰਲ ਸਰਕਾਰ ਬਹਾਲ ਨਹੀਂ ਹੁੰਦੀ ਅਸੀਂ ਤੁਹਾਡੇ ਨਾਲ ਰਹਾਂਗੇ।''
ਇਹ ਵੀ ਪੜ੍ਹੋ:
ਉਮੀਦ ਮੁਤਾਬਕ ਇਸ ਬਾਰੇ ਮਾਦੁਰੋ ਵੱਲੋਂ ਫੌਰੀ ਪ੍ਰਤੀਕਿਰਿਆ ਕੀਤੀ ਗਈ। ਉਹ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਅਮਰੀਕਾ ਉਨ੍ਹਾਂ ਨੂੰ ਬਰਤਰਫ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਮਾਦੁਰੋ ਨੇ ਅਮਰੀਕਾ ਨਾਲ ਸਾਰੇ ਰਿਸ਼ਤੇ ਖ਼ਤਮ ਕਰ ਦਿੱਤੇ ਅਤੇ ਉਸਦੇ ਸਫ਼ੀਰਾਂ ਨੂੰ 72 ਘੰਟਿਆਂ ਵਿੱਚ ਵੈਨੇਜ਼ੂਏਲਾ ਤੋਂ ਚਲੇ ਜਾਣ ਲਈ ਕਿਹਾ।
ਵੈਨੇਜ਼ੁਏਲਾ ਦੇ ਅੰਦਰ ਉਨ੍ਹਾਂ ਦੇ ਹਮਾਇਤੀਆਂ ਨੇ ਉਨ੍ਹਾਂ ਦੇ ਕਦਮ ਦੀ ਤਾਰੀਫ਼ ਕੀਤੀ। ਜਦਕਿ ਸਰਕਾਰੀ ਅਫ਼ਸਰਾਂ ਨੇ ਕਿਹਾ ਕਿ ਉਹ ਰਾਸ਼ਟਰਪਤੀ ਦੀ "ਸਾਮਰਜਾਵਾਦੀ ਖ਼ਤਰਿਆਂ" ਤੋਂ ਰੱਖਿਆ ਕਰਨਗੇ।
ਅੱਗੇ ਕੀ?
ਜੁਆਨ ਗੁਆਇਦੋ ਨੇ ਹਮਖ਼ਿਆਲੀਆਂ ਤੇ ਮਾਦੁਰੋ ਦੇ ਵਿਰੋਧੀਆਂ ਨੂੰ "ਵੈਨੇਜ਼ੁਏਲਾ ਦੀ ਆਜ਼ਾਦੀ ਤੱਕ" ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ ਹੈ।
ਇਸ ਸੰਕਟ ਵਿੱਚ ਸੁਰੱਖਿਆ ਦਸਤਿਆਂ ਦੀ ਅਹਿਮ ਭੂਮਿਕਾ ਸਮਝੀ ਜਾ ਰਹੀ ਹੈ। ਹੁਣ ਤੱਕ ਤਾਂ ਉਹ ਰਾਸ਼ਟਰਪਤੀ ਮਾਦੁਰੋ ਦੇ ਵਫ਼ਾਦਾਰ ਰਹੇ ਹਨ। ਮਾਦੁਰੋ ਨੇ ਬਦਲੇ ਵਿੱਚ ਉਨ੍ਹਾਂ ਦੀਆਂ ਤਨਖ਼ਾਹਾਂ ਕਈ ਵਾਰ ਵਧਾਈਆਂ ਹਨ ਤੇ ਵੱਡੇ ਜਰਨੈਲਾਂ ਨੂੰ ਇੰਡਸਟਰੀ ਵਿੱਚ ਵੀ ਅਹਿਮ ਅਹੁਦੇ ਵੰਡੇ ਹਨ।
23 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਵੱਡੇ ਫੌਜੀ ਅਫ਼ਸਰਾਂ ਨੇ ਟਵੀਟ ਕਰਕੇ ਰਾਸ਼ਟਰਪਤੀ ਮਾਦੁਰੋ ਪ੍ਰਤੀ ਆਪਣੀ ਵਫਾਦਾਰੀ ਜ਼ਾਹਰ ਕੀਤੀ। ਹਾਂ, ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਵੀ ਦੇਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਨੈਸ਼ਨਲ ਗਾਰਡ ਵਿਰੋਧੀ ਪ੍ਰਦਰਸ਼ਨਕਾਰੀਆਂ ਨੂੰ ਲਾਂਘਾ ਦੇਣ ਲਈ ਪਿੱਛੇ ਹਟਦੇ ਦਿਖਾਈ ਦੇ ਰਹੇ ਹਨ।
ਗੁਆਇਦੋ ਨੇ ਮੁਦਾਰੋ ਦਾ ਸਾਥ ਛੱਡਣ ਵਾਲੇ ਸੁਰੱਖਿਆ ਕਰਮਚਾਰੀਆਂ ਨੂੰ ਆਮ ਮਾਫ਼ੀ ਦੇਣ ਦਾ ਵਾਅਦਾ ਕੀਤਾ ਹੈ।
ਆਰਥਿਕ ਪਤਨ
1999 ਤੋਂ ਵੈਨੇਜ਼ੁਏਲਾ ਵਿੱਚ ਸਮਾਜਵਾਦੀ ਸਰਕਾਰਾਂ ਰਹੀਆਂ ਹਨ। ਉਸ ਸਮੇਂ ਦੇਸ ਵਿੱਚ ਬਹੁਤ ਜ਼ਿਆਦਾ ਗੈਰ-ਬਰਾਬਰੀ ਸੀ।
ਸਮਾਜਵਾਦੀ ਸਰਕਾਰਾ ਵੱਲੋਂ ਬਣਾਈਆਂ ਗਰੀਬ ਹਿਤੈਸ਼ੀ ਨੀਤੀਆਂ ਨੇ ਉਲਟਾ ਨੁਕਸਾਨ ਕੀਤਾ। ਮਿਸਾਲ ਵਜੋਂ ਉਨ੍ਹਾਂ ਨੇ ਕੀਮਤਾਂ ਤੇ ਕੰਟਰੋਲ ਕਰ ਲਿਆ।
ਤਤਕਾਲੀ ਰਾਸ਼ਟਰਪਤੀ ਚਾਵੇਜ਼ ਦਾ ਅਜਿਹਾ ਕਰਨ ਪਿੱਛੇ ਇਰਾਦਾ ਇਹ ਸੀ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਣ ਤੇ ਰੋਕ ਲਾਈ ਜਾ ਸਕੇ ਅਤੇ ਉਨ੍ਹਾਂ ਨੂੰ ਗ਼ਰੀਬ ਦੀ ਪਹੁੰਚ ਵਿੱਚ ਲਿਆਂਦਾ ਜਾਵੇ।
ਇਸ ਤਹਿਤ ਆਟੇ, ਪਕਾਉਣ ਵਾਲੇ ਤੇਲ ਅਤੇ ਸਾਬਣ-ਤੇਲ ਦੀਆਂ ਕੀਮਤਾ ਨਿਰਧਾਰਿਤ ਕਰ ਦਿੱਤੀਆਂ ਗਈਆਂ।
ਇਸ ਦਾ ਅਸਰ ਇਹ ਹੋਇਆ ਕਿ ਵੈਨੇਜ਼ੂਏਲਾ ਦੇ ਕਾਰੋਬਾਰੀ ਜੋ ਇਹ ਚੀਜ਼ਾਂ ਬਣਾਉਂਦੇ ਸਨ ਉਨ੍ਹਾਂ ਨੂੰ ਇਨ੍ਹਾਂ ਵਿੱਚੋਂ ਮੁਨਾਫ਼ਾ ਦਿਸਣਾ ਬੰਦ ਹੋ ਗਿਆ।
ਆਲੋਚਕ ਉਨ੍ਹਾਂ ਵੱਲੋਂ ਵਿਦੇਸ਼ੀ ਮੁਦਰਾ ਨੂੰ ਕੰਟਰੋਲ ਕਰਨ ਲਈ ਬਣਾਈ ਨੀਤੀ ਨੂੰ ਡਾਲਰਾਂ ਦੀ ਵਿਕਸਿਤ ਹੋਈ ਬਲੈਕ ਮਾਰਕੀਟ ਲਈ ਕਸੂਰਵਾਰ ਮੰਨਦੇ ਹਨ।
ਉਸ ਤੋਂ ਬਾਅਦ ਵੈਨੇਜ਼ੂਏਲਾ ਵਾਸੀਆਂ ਨੂੰ ਜੋ ਘਰੇਲੀ ਕਰੰਸੀ ਨੂੰ ਡਾਲਰ ਨਾਲ ਵਟਾਉਣਾ ਚਾਹੁੰਦੇ ਸਨ, ਇੱਕ ਸਰਕਾਰੀ ਕਰੰਸੀ ਏਜੰਸੀ ਨੂੰ ਅਰਜੀ ਦਿੰਦੇ ਸਨ।
ਜਿਨ੍ਹਾਂ ਕੋਲ ਡਾਲਰ ਖ਼ਰੀਦਣ ਦੇ ਪੁਖ਼ਤਾ ਕਾਰਨ ਹੁੰਦੇ ਸਨ। ਸਿਰਫ਼ ਉਨ੍ਹਾਂ ਨੂੰ ਹੀ ਸਰਕਾਰ ਵੱਲੋਂ ਨਿਰਧਾਰਿਤ ਦਰ 'ਤੇ ਡਾਲਰ ਜਾਰੀ ਕੀਤੇ ਜਾਂਦੇ।
ਜਦੋਂ ਦੇਸ ਵਾਸੀ ਆਸਾਨੀ ਨਾਲ ਡਾਲਰ ਨਾ ਖ਼ਰੀਦ ਸਕੇ ਤਾਂ ਉਨ੍ਹਾਂ ਨੇ ਬਲੈਕ ਮਾਰਕੀਟ ਵੱਲ ਰੁੱਖ ਕਰ ਲਿਆ।
ਚੁਣੌਤੀਆਂ ਕੀ ਹਨ?
ਵੈਨੇਜ਼ੁਏਲਾ ਵਾਸੀਆਂ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਦਿਨੋਂ-ਦਿਨ ਵਧਦੀ ਮਹਿੰਗਾਈ ਹੈ। ਵਿਰੋਧੀ ਧਿਰ ਦੇ ਬਹੁਮਤ ਵਾਲੀ ਨੈਸ਼ਨਲ ਅਸੈਂਬਲੀ ਵੱਲੋਂ ਕਰਵਾਏ ਇੱਕ ਅਧਿਐਨ ਮੁਤਾਬਕ ਨਵੰਬਰ 2018 ਤੱਕ ਦੇ 12 ਮਹੀਨਿਆਂ ਤੱਕ ਵੈਨੇਜ਼ੁਏਲਾ ਦੀ ਸਾਲਾਨਾ ਮਹਿੰਗਾਈ ਦਰ 1,300,000% ਤੱਕ ਪਹੁੰਚ ਗਈ।
ਸਾਲ 2018 ਦੇ ਅੰਤ ਤੱਕ ਚੀਜ਼ਾਂ ਦੀਆਂ ਕੀਮਤਾਂ ਹਰ 19 ਦਿਨਾਂ ਬਾਅਦ ਦੁੱਗਣੀਆਂ ਹੋ ਜਾਂਦੀਆਂ ਸਨ। ਇਸ ਮਹਿੰਗਾਈ ਕਾਰਨ ਬਹੁਤ ਸਾਰੇ ਦੇਸ ਵਾਸੀਆਂ ਨੂੰ ਖ਼ੁਰਾਕ ਅਤੇ ਸਾਬਣ-ਤੇਲ ਖਰੀਦਣ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ।
ਸਰਕਾਰ ਇਸ ਬਾਰੇ ਕੀ ਕਰ ਰਹੀ ਹੈ?
ਅਗਸਤ ਵਿੱਚ ਸਰਕਾਰ ਨੇ ਪੁਰਾਣੀ ਕਰੰਸੀ ਦਾ ਮੁੱਲ ਮੁੜ ਨਿਰਧਾਰਿਤ ਕੀਤਾ ਅਤੇ ਇਸ ਨੂੰ ਨਵਾਂ ਨਾਮ 'ਸੋਵਰਨ ਬੋਲੀਵਰ' ਦਾ ਨਾਮ ਦਿੱਤਾ। ਇਸ ਦਾ ਮਤਲਬ ਸੀ ਕਿ ਲੋਕਾਂ ਨੂੰ ਨੋਟਾਂ ਦੀਆਂ ਗੱਡੀਆਂ ਚੁੱਕ ਕੇ ਘੁੰਮਣ ਦੀ ਲੋੜ ਨਹੀਂ ਰਹੀ।
ਸਰਕਾਰ ਨੇ 'ਸੋਵਰਨ ਬੋਲੀਵਰ 2, 5, 10, 20, 50, 100, 200 ਅਤੇ 500 ਮੁੱਲ ਦੇ ਨਵੇਂ ਬੈਂਕ ਨੋਟ ਅਤੇ ਦੋ ਸਿੱਕੇ ਵੀ ਜਾਰੀ ਕੀਤੇ।
ਇਨ੍ਹਾਂ ਕਦਮਾਂ ਵਿੱਚ ਹੇਠ ਲਿਖੇ ਕਦਮ ਵੀ ਸ਼ਾਮਲ ਸਨ:
- ਸਰਕਾਰ ਨੇ ਘੱਟੋ-ਘੱਟ ਮਜ਼ਦੂਰੀ ਪਿਛਲੇ ਸਤੰਬਰ ਨਾਲੋਂ 34 ਗੁਣਾ ਵਧਾ ਦਿੱਤਾ ਹੈ।
- 'ਸੋਵਰਨ ਬੋਲੀਵਰ' ਨੂੰ ਸਰਕਾਰ ਨੇ ਵੈਨੇਜ਼ੂਏਲਾ ਦੇ ਤੇਲ ਭੰਡਾਰਾਂ ਨਾਲ ਜੁੜੀ ਵਰਚੂਅਲ ਕਰੰਸੀ 'ਪੈਟਰੋ' ਦਿੱਤਾ ਹੈ।
- ਜਿਨ੍ਹਾਂ ਲੋਕਾਂ ਕੋਲ ਫਾਦਰਲੈਂਡ ਪਛਾਣ-ਪੱਤਰ ਨਹੀਂ ਹਨ ਉਨ੍ਹਾਂ ਦੀਆਂ ਤੇਲ ਤੇ ਮਿਲਣ ਵਾਲੀਆਂ ਸਬਸਿਡੀਆਂ ਘਟਾ ਦਿੱਤੀਆਂ ਗਈਆਂ ਹਨ।
- ਵੈਟ 4% ਤੋਂ ਵਧਾ ਕੇ 16% ਕਰ ਦਿੱਤਾ ਗਿਆ ਹੈ
ਹਾਲਾਂਕਿ ਨਵੀਂ ਕਰੰਸੀ ਜਦੋਂ ਦੀ ਜਾਰੀ ਹੋਈ ਹੈ ਉਸ ਸਮੇਂ ਤੋਂ ਹੀ ਲਗਤਾਰ ਡਿੱਗ ਰਹੀ ਹੈ। ਘੱਟੋ-ਘੱਟ ਮਜ਼ਦੂਰੀ ਹੋਰ ਵਧਾਇਆ ਜਾਣਾ ਸੀ, ਜਿਸ ਨਾਲ ਸਵਾਲ ਖੜ੍ਹੇ ਹੋ ਗਏ ਕਿ ਇਹ ਸਾਰੇ ਕਦਮ ਕਿੰਨੇ-ਕੁ ਕਾਰਗਰ ਸਨ।