You’re viewing a text-only version of this website that uses less data. View the main version of the website including all images and videos.
ਕੈਂਸਰ ਦੇ ਮਰੀਜ਼ਾਂ ਨਾਲ ਗੱਲ ਕਰਨ ਦਾ ਸਹੀ ਤਰੀਕਾ
ਘੁਲਾਟੀਏ, ਯੋਧੇ, ਨਾਇਕ - ਅਜਿਹੇ ਕੁਝ ਸ਼ਬਦ ਤੁਸੀਂ ਕੈਂਸਰ ਦੇ ਲੋਕਾਂ ਲਈ ਵਰਤੇ ਜਾਂਦੇ ਸੁਣੇ ਹੋਣਗੇ। ਇੱਕ ਨਵੇਂ ਸਰਵੇਖਣ ਅਨੁਸਾਰ ਇਸ ਬੀਮਾਰੀ ਵਾਲੇ ਕੁਝ ਲੋਕਾਂ ਲਈ ਇਹ ਸ਼ਬਦ ਹਾਂਪੱਖੀ ਹੋਣ ਦੀ ਥਾਂ ਨਿਰਾਸ਼ ਕਰਦੇ ਹਨ।
ਮੈਕਸਮਿਲਨ ਕੈਂਸਰ ਸਪੋਰਟ ਦੁਆਰਾ ਯੂਕੇ ਵਿੱਚ ਉਨ੍ਹਾਂ 2,000 ਲੋਕਾਂ ਉੱਤੇ ਸਰਵੇਖਣ ਕਰਵਾਇਆ ਗਿਆ ਜਿਨ੍ਹਾਂ ਨੂੰ ਕੈਂਸਰ ਹੈ ਜਾਂ ਪਹਿਲਾਂ ਕੈਂਸਰ ਸੀ। ਇਸ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ "ਕੈਂਸਰ-ਪੀੜਤ" ਅਤੇ "ਪੀੜਤ" ਉਹ ਸ਼ਬਦ ਹਨ, ਜੋ ਬਿਲਕੁਲ ਪਸੰਦ ਨਹੀਂ ਕੀਤੇ ਜਾਂਦੇ।
ਚੈਰਿਟੀ ਮੁਤਾਬਕ ਇਹ ਵੀ ਸਾਹਮਣੇ ਆਇਆ ਹੈ ਕਿ ਕੈਂਸਰ ਬਾਰੇ ਸਾਧਾਰਨ ਵਰਨਣ ਕਿਸ ਤਰ੍ਹਾਂ "ਵੈਰ ਵਾਲਾ" ਹੋ ਸਕਦਾ ਹੈ।
ਯੂਗੋਵ (YouGov) ਦੁਆਰਾ ਕੀਤੇ ਗਏ ਸਰਵੇਖਣ ਅਨੁਸਾਰ ਕਿਸੇ ਵਿਅਕਤੀ ਦੇ ਕੈਂਸਰ ਦੇ ਇਲਾਜ ਨੂੰ "ਜੰਗ" ਜਾਂ "ਲੜਾਈ" ਕਹਿਣਾ ਅਤੇ ਮੌਤ ਹੋ ਜਾਣ 'ਤੇ ਇਹ ਕਹਿਣਾ ਕਿ "ਜੰਗ ਤੋਂ ਹਾਰ ਗਏ" ਜਾਂ "ਆਪਣੀ ਲੜਾਈ ਹਾਰ ਗਏ" ਗਲਤ ਸ਼ਬਦ ਹਨ।
ਇਹ ਵੀ ਪੜ੍ਹੋ:
ਮੀਡੀਆ ਵਿੱਚ ਛਪੇ ਲੇਖ ਅਤੇ ਸੋਸ਼ਲ ਨੈਟਵਰਕਿੰਗ ਸਾਈਟਸ ਉੱਤੇ ਪਾਈਆਂ ਪੋਸਟ ਵਿੱਚ ਅਜਿਹੀ ਭਾਸ਼ਾ ਦੀ ਵਰਤੋਂ ਸਭ ਤੋਂ ਵੱਧ ਕੀਤੀ ਜਾਂਦੀ ਰਹੀ ਹੈ।
ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਕੈਂਸਰ ਦੇ ਰੋਗ, ਇਲਾਜ ਜਾਂ ਬੀਮਾਰੀ ਦੌਰਾਨ ਮੌਤ ਹੋ ਜਾਣ 'ਤੇ ਲੋਕਾਂ ਦਾ ਵਰਣਨ ਕਰਨ ਲਈ ਅਸਲ ਤੱਥਾਂ ਉੱਤੇ ਆਧਾਰਿਤ ਸ਼ਬਦਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ।
ਕੈਂਸਰ ਦਾ ਮਰੀਜ਼ ਹੋਣਾ ਪ੍ਰੇਰਣਾਦਾਇਕ ਨਹੀਂ
47 ਸਾਲਾ ਮੈਂਡੀ ਮਹੋਨੀ ਨੂੰ ਮੈਟਾਸਟੇਟਿਕ ਛਾਤੀ ਦਾ ਕੈਂਸਰ ਹੈ।
ਲੰਡਨ ਦੇ ਇੱਕ 'ਸਪੋਰਟ ਵਰਕਰ' ਦਾ ਸ਼ੁਰੂਆਤ ਵਿੱਚ ਸਾਲ 2011 ਵਿੱਚ ਛਾਤੀ ਦੇ ਕੈਂਸਰ ਦਾ ਇਲਾਜ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਤੋਂ ਇਹ ਪੰਜ ਵਾਰ ਮੁੜ ਹੋ ਚੁੱਕਾ ਹੈ।
ਉਸ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਕੈਂਸਰ ਬਾਰੇ ਬੋਲਣਾ ਕਾਫ਼ੀ ਨਕਾਰਾਤਮਕ ਹੋ ਸਕਦਾ ਹੈ। ਬਹਾਦਰ, ਘੁਲਾਟੀਏ, ਯੋਧਾ ਅਤੇ ਸਰਵਾਈਵਰ ਵਰਗੇ ਸ਼ਬਦਾਂ ਕਾਰਨ ਉਨ੍ਹਾਂ ਲੋਕਾਂ ਤੇ ਭਾਰੀ ਦਬਾਅ ਪੈਂਦਾ ਹੈ ਜਿਨ੍ਹਾਂ ਨੂੰ ਹਾਲ ਹੀ ਵਿੱਚ ਇਹ ਬਿਮਾਰੀ ਹੋਈ ਹੈ।"
ਮੈਂਡੀ ਦਾ ਕਹਿਣਾ ਹੈ ਕਿ ਉਸਨੇ ਅਕਸਰ 'ਕੈਂਸਰ ਦੇ ਨਾਲ ਆਪਣੀ ਲੜਾਈ ਹਾਰਨ' ਵਰਗੇ ਸ਼ਬਦਾਂ 'ਤੇ ਇਤਰਾਜ਼ ਜਤਾਇਆ ਹੈ।
ਇਸ ਦੀ ਥਾਂ ਸਪਸ਼ਟ ਤੱਥਾਂ ਆਧਾਰਿਤ ਭਾਸ਼ਾ ਬਿਹਤਰ ਹੈ। ਖੁਦ ਨੂੰ ਉਹ 'ਲਾਇਲਾਜ ਕੈਂਸਰ ਨਾਲ ਜੀਉਣਾ' ਕਹਿੰਦੀ ਹੈ।
ਉਨ੍ਹਾਂ ਅੱਗੇ ਕਿਹਾ, "ਮੈਂ ਬਹਾਦਰ ਜਾਂ ਪ੍ਰੇਰਣਾਦਾਇਕ ਨਹੀਂ ਹਾਂ, ਮੈਂ ਆਪਣੀ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਮੈਂ ਛੱਡ ਚੁੱਕੀ ਹਾਂ।"
ਹਾਲਾਂਕਿ ਕਰੈਗ ਟੋਲੀ ਨੂੰ 2016 ਵਿੱਚ ਥਾਇਰਾਇਡ ਕੈਂਸਰ ਹੋਣ ਬਾਰੇ ਪਤਾ ਲੱਗਿਆ ਸੀ ਅਤੇ ਹੁਣ ਠੀਕ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁੱਝ ਸਕਾਰਾਤਮਕ ਸ਼ਬਦ ਵਧੇਰੇ ਤਾਕਤ ਦੇਣ ਵਾਲੇ ਹੋ ਸਕਦੇ ਹਨ।
31 ਸਾਲਾ ਕਰੈਗ ਜੋ ਵਿਹਲੇ ਸਮੇਂ ਵਿੱਚ ਪਾਵਰ ਲਿਫਟਿੰਗ ਕਰਦਾ ਹੈ, ਦਾ ਕਹਿਣਾ ਹੈ, "ਲੜਾਈ ','ਸੰਘਰਸ਼', 'ਯੋਧਾ 'ਅਤੇ 'ਲੜਾਈ' ਵਰਗੇ ਸ਼ਬਦਾਂ ਦੀ ਵਿਆਖਿਆ ਵੱਖ-ਵੱਖ ਲੋਕਾਂ ਦੁਆਰਾ ਵੱਖਰੇ ਢੰਗ ਨਾਲ ਕੀਤੀ ਜਾਏਗੀ।
"ਨਿੱਜੀ ਤੌਰ 'ਤੇ, ਮੈਨੂੰ ਅਹਿਸਾਸ ਹੋਇਆ ਕਿ ਇਹ ਸ਼ਬਦ ਮੈਨੂੰ ਬਹੁਤ ਤਾਕਤ ਦਿੰਦੇ ਹਨ ਅਤੇ ਮੈਨੂੰ ਕੈਂਸਰ ਨੂੰ ਇੱਕ ਚੁਣੌਤੀ ਵਜੋਂ ਸੋਚਣ ਲਈ ਪ੍ਰੇਰਿਤ ਕੀਤਾ ਜਿਸ ਨਾਲ ਮੈਨੂੰ ਲੜਨ ਦੀ ਲੋੜ ਹੈ।
"ਹਰ ਕੋਈ ਇੱਕ ਘੁਲਾਟੀਏ ਦੀ ਕਹਾਣੀ ਪਸੰਦ ਕਰਦਾ ਹੈ।"
ਜਦੋਂ ਆਪਣਿਆਂ ਨੂੰ ਹੀ ਸਹੀ ਸ਼ਬਦ ਨਹੀਂ ਮਿਲਦਾ ਤਾਂ ਜ਼ਿੰਦਗੀ ਬੋਝ ਜਾਪਦੀ ਹੈ
ਮੈਕਮਿਲਨ ਕੈਂਸਰ ਸਪੋਰਟ ਦੀ ਚੀਫ਼ ਨਰਸਿੰਗ ਅਫ਼ਸਰ ਕੈਰਨ ਰੌਬਰਟਸ ਦਾ ਕਹਿਣਾ ਹੈ "ਇਹ ਨਤੀਜੇ ਦਰਸਾਉਂਦੇ ਹਨ ਕਿ ਸ਼ਬਦ ਕਿੰਨੇ ਹੀ ਵਿਰੋਧ ਵਾਲੇ ਹੋ ਸਕਦੇ ਹਨ ਅਤੇ ਵੇਰਵਾ ਕਿੰਨਾ ਮਾੜਾ ਹੋ ਸਕਦਾ ਹੈ।
"ਕੈਂਸਰ ਹਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਤੁਹਾਡੇ ਰਾਹ ਵਿੱਚ ਪਾਉਂਦਾ ਹੈ। ਜਦੋਂ ਸਾਡੇ ਦੋਸਤ ਅਤੇ ਪਰਿਵਾਰ ਸ਼ਬਦਾਂ ਨੂੰ ਲੱਭਣ ਲਈ ਜੱਦੋ-ਜਹਿਦ ਕਰਦੇ ਹਨ ਪਰ 'ਸਹੀ' ਸ਼ਬਦ ਨਹੀਂ ਮਿਲਦਾ ਤਾਂ ਜ਼ਿੰਦਗੀ ਹੋਰ ਬੋਝ ਜਾਪਦੀ ਹੈ।"
"ਇਸ ਗੱਲ ਵੱਲ ਧਿਆਨ ਖਿੱਚ ਕੇ ਅਸੀਂ ਲੋਕਾਂ ਨੂੰ ਉਨ੍ਹਾਂ ਸ਼ਬਦਾਂ ਬਾਰੇ ਗੱਲ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਜੋ ਉਹ ਸੁਣਨਾ ਪਸੰਦ ਕਰਦੇ ਹਨ। ਤਾਂ ਕਿ ਲੋਕਾਂ ਦੀ ਸਿਹਤ ਅਤੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸ਼ਬਦਾਂ 'ਤੇ ਰੋਕ ਲੱਗ ਸਕੇ।"
ਮੈਂਡੀ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਲੋਕ "ਕੋਈ ਪਾਠ ਪੁਸਤਕ ਯਾਦ ਕਰਕੇ ਆਉਣ ਅਤੇ ਕਿਸੇ ਨਾਲ ਗੱਲ ਕਰਨ ਲਈ ਕੈਂਸਰ ਵਾਸਤੇ ਵਾਜਿਬ ਸ਼ਬਦ ਲੱਭ ਕੇ ਆਉਣ। ਜੇ ਤੁਹਾਨੂੰ ਨਹੀਂ ਪਤਾ ਕਿ ਕਿਹੜੇ ਸ਼ਬਦ ਕਹਿਣੇ ਚਾਹੀਦੇ ਹਨ ਤਾਂ ਵੀ ਠੀਕ ਹੈ।"
ਇਹ ਵੀ ਪੜ੍ਹੋ:
"ਜੇ ਤੁਸੀਂ ਮੈਨੂੰ ਦੱਸੇਗੇ ਕਿ ਇਹ ਅਜੀਬ ਹੈ ਅਤੇ ਤੁਹਾਨੂੰ ਨਹੀਂ ਪਤਾ ਕਿ ਕੀ ਕਹਿਣਾ ਚਾਹੀਦਾ ਹੈ ਤਾਂ ਮੈਂ ਤੁਹਾਡੇ ਲਈ ਰਾਹ ਲੱਭਾਂਗੀ। ਅਸਲ ਵਿੱਚ ਕੁਝ ਮੌਕਿਆਂ 'ਤੇ ਮੈਂ ਸ਼ਾਇਦ ਇਹ ਕਹਾਂ ਕਿ 'ਇਸ ਬਾਰੇ ਗੱਲ ਕਰਨ ਦੀ ਲੋੜ ਨਹੀਂ ਹੈ'।
"ਪਰ ਜੋ ਤੁਸੀਂ ਹੋ ਉਹੀ ਰਹੋ।"
ਮੈਕਮਿਲਨ ਕੈਂਸਰ ਸਪੋਰਟ ਨੇ ਕੈਂਸਰ ਦੇ ਇਲਾਜ ਅਤੇ ਚਣੌਤੀਆਂ ਨੂੰ ਉਜਾਗਰ ਕਰਨ ਲਈ ਇੱਕ ਮੁਹਿੰਮ ਚਲਾਈ ਹੈ।