‘100 ਕੈਲੋਰੀ ਤੱਕ ਸੀਮਿਤ ਕਰੋ ਬੱਚਿਆਂ ਦੇ ਸਨੈਕਸ’

    • ਲੇਖਕ, ਐਲੇਕਸ ਥੈਰੇਨ
    • ਰੋਲ, ਬੀਬੀਸੀ ਪੱਤਰਕਾਰ

ਇੰਗਲੈਂਡ ਵਿੱਚ ਛੋਟੇ ਬੱਚੇ ਜੋ ਮਿੱਠਾ ਖਾਂਦੇ ਹਨ ਉਸ ਵਿੱਚੋਂ ਅੱਧਾ ਮਿੱਠਾ ਹਾਨੀਕਾਰਕ ਸਨੈਕਸ (ਹਲਕਾ-ਫੁਲਕਾ ਖਾਣਾ) ਜਾਂ ਮਿੱਠੇ ਤਰਲ ਪਦਾਰਥਾਂ ਤੋਂ ਲੈਂਦੇ ਹਨ।

'ਪਬਲਿਕ ਹੈਲਥ ਇੰਗਲੈਂਡ' ਮੁਤਾਬਕ ਪ੍ਰਾਈਮਿਰੀ ਸਕੂਲ ਦੇ ਬੱਚੇ ਦਿਨ ਵਿੱਚ ਘੱਟੋ-ਘੱਟ ਤਿੰਨ ਮਿੱਠੇ ਸਨੈਕਸ ਖਾਂਦੇ ਹਨ।

ਯਾਨਿ ਕਿ ਉਹ ਲੋੜ ਨਾਲੋਂ ਤਿੰਨ ਗੁਣਾ ਜ਼ਿਆਦਾ ਮਿੱਠਾ ਖਾਂਦੇ ਹਨ।

ਪਬਲਿਕ ਹੈਲਥ ਇੰਗਲੈਂਡ ਯੂਕੇ ਦੇ ਸਿਹਤ ਮਹਿਕਮੇ ਦੀ ਕਾਰਜਕਾਰੀ ਏਜੰਸੀ ਹੈ ਜੋ ਸਰਕਾਰ ਨੂੰ ਸਿਹਤ ਸਬੰਧੀ ਸੁਝਾਅ ਤੇ ਸਮਰਥਨ ਦਿੰਦੀ ਹੈ।

'100 ਕੈਲੋਰੀ ਤੋਂ ਜ਼ਿਆਦਾ ਨਹੀਂ'

ਪਬਲਿਕ ਹੈਲਥ ਇੰਗਲੈਂਡ ਨੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ।

ਉਨ੍ਹਾਂ ਅਪੀਲ ਕੀਤੀ ਹੈ ਕਿ ਬੱਚਿਆਂ ਨੂੰ 100 ਕੈਲੋਰੀ ਤੋਂ ਜ਼ਿਆਦਾ ਦੇ ਸਨੈਕਸ ਨਾ ਖਵਾਏ ਜਾਣ। ਇਸ ਤੋਂ ਇਲਾਵਾ ਦਿਨ ਵਿੱਚ ਦੋ ਤੋਂ ਜ਼ਿਆਦਾ ਸਨੈਕਸ ਨਾ ਖਵਾਏ ਜਾਣ।

8-ਹਫ਼ਤੇ ਦੀ 'ਚੇਂਜ4ਲਾਈਫ਼' ਮੁਹਿੰਮ ਦੇ ਦੌਰਾਨ ਖਾਣ-ਪੀਣ ਦੀਆਂ ਕੁਝ ਚੀਜ਼ਾਂ ਲਈ ਸਸਤੇ ਭਾਅ ਵਾਲੇ ਵਾਊਚਰ ਦਿੱਤੇ ਜਾਣਗੇ ਜਿੰਨ੍ਹਾਂ ਵਿੱਚ ਜੌਂ ਦੀ ਪਾਵ-ਰੋਟੀ, ਘੱਟ ਮਿੱਠੇ ਵਾਲੀ ਦਹੀ ਅਤੇ ਬਿਨਾਂ ਵਾਧੂ ਮਿੱਠਾ ਪਾਏ ਤਰਲ ਪਦਰਾਥ ਸ਼ਾਮਿਲ ਹਨ।

ਅੰਕੜੇ ਕੀ ਕਹਿੰਦੇ ਹਨ?

4 ਤੋਂ 10 ਸਾਲ ਤੱਕ ਦੇ ਬੱਚੇ 51.2% ਮਿੱਠਾ ਹਾਨੀਕਾਰਕ ਸਨੈਕਸ ਤੋਂ ਖਾਂਦੇ ਹਨ ਜਿਸ ਵਿੱਚ ਬਿਸਕੁੱਟ, ਕੇਕ, ਪੇਸਟ੍ਰੀ, ਬੰਨ, ਮਠਿਆਈਆਂ, ਜੂਸ ਸ਼ਾਮਿਲ ਹਨ। ਇਹ ਦਾਅਵਾ ਕੀਤਾ ਹੈ ਪਬਲਿਕ ਹੈਲਥ ਇੰਗਲੈਂਡ ਦੇ ਕੌਮੀ ਖੁਰਾਕ ਅਤੇ ਪੋਸ਼ਣ ਸਰਵੇ ਨੇ।

ਔਸਤਨ ਹਰ ਸਾਲ ਬੱਚੇ 400 ਬਿਸਕੁੱਟ, 120 ਕੇਕ, ਬੰਨ ਤੇ ਪੇਸਟਰੀਆਂ, 100 ਮਠਿਆਈਆਂ, 70 ਚੋਕਲੇਟ ਤੇ ਕੁਲਫ਼ੀਆਂ, 150 ਜੂਸ ਤੇ ਕੋਲਡ ਡ੍ਰਿੰਕਸ ਪੀ ਲੈਂਦੇ ਹਨ।

ਜ਼ਿਆਦਾ ਮਿੱਠਾ ਖਾਣ ਨਾਲ ਦੰਦ ਖਰਾਬ ਹੋ ਸਕਦੇ ਹਨ ਤੇ ਮੁਟਾਪਾ ਵੱਧ ਸਕਦਾ ਹੈ।

ਕਿਸ ਵਿੱਚ ਕਿੰਨੀ ਕੈਲੋਰੀ?

  • ਕੁਲਫ਼ੀ ਵਿੱਚ: ਤਕਰੀਬਨ 175 ਕੈਲੋਰੀ
  • ਕੁਰਕੁਰਿਆਂ ਦੇ ਇੱਕ ਪੈਕੇਟ ਵਿੱਚ: 190 ਕੈਲੋਰੀ
  • ਇੱਕ ਚੋਕਲੇਟ ਵਿੱਚ: 200 ਕੈਲੋਰੀ
  • ਇੱਕ ਪੇਸਟ੍ਰੀ ਵਿੱਚ: 270 ਕੈਲੋਰੀ

ਪਬਲਿਕ ਹੈਲਥ ਇੰਗਲੈਂਡ ਦਾ ਕਹਿਣਾ ਹੈ ਕਿ 'ਚੇਂਜ4ਲਾਈਫ਼' ਮੁਹਿੰਮ ਸਿਹਤਮੰਦ ਸਨੈਕਸ ਉੱਤੇ ਖਾਸ ਆਫ਼ਰ ਦੇ ਰਹੀ ਹੈ- ਜਿੰਨ੍ਹਾਂ ਵਿੱਚ 100 ਕੈਲੋਰੀ ਤੋਂ ਜ਼ਿਆਦਾ ਨਾ ਹੋਵੇ ਅਤੇ ਇਹ ਸਨੈਕਸ ਕੁਝ ਚੁਣੀਆਂ ਹੋਈਆਂ ਸੁਪਰਮਾਰਕਿਟ ਵਿੱਚ ਮਿਲਦੇ ਹਨ।

ਇਹ ਸਨੈਕਸ ਹਨ- ਕੱਟੇ ਹੋਏ ਫਲ ਤੇ ਸਬਜ਼ੀਆਂ, ਬੰਨ, ਖੰਡ ਤੋਂ ਬਿਨਾਂ ਜੈਲੀ ਤੇ ਸਾਦੇ ਚੌਲਾਂ ਦੇ ਸਨੈਕਸ।

ਪਬਲਿਕ ਹੈਲਥ ਇੰਗਲੈਂਡ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਆਪਣੀ ਐਪ ਵਿੱਚ ਵੀ ਸੁਧਾਰ ਕਰ ਲਿਆ ਹੈ ਜਿਸ ਉੱਤੇ ਖਾਣ-ਪੀਣ ਦੀਆਂ ਵਸਤਾਂ ਵਿੱਚ ਖੰਡ, ਲੂਨ ਤੇ ਫੈਟ ਦੀ ਮਾਤਰਾ ਦੱਸੀ ਹੋਈ ਹੈ।

ਦੁਪਹਿਰ ਦੇ ਖਾਣੇ ਵਿੱਚ ਕੀ?

ਡਾ. ਐਲੀਸਨ ਟੈੱਡਸਟੋਨ, ਮੁੱਖ ਨਿਉਟਰੀਸ਼ਨਿਸਟ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਇਸ ਮੁਹਿੰਮ ਨਾਲ ਮਾਪੇ ਆਪਣੇ ਬੱਚਿਆਂ ਲਈ ਸਿਹਤਮੰਦ ਸਨੈਕਸ ਬਣਾਉਣਗੇ।

"ਜੇ ਤੁਸੀਂ ਸੁਪਰਮਾਰਕਿਟ ਵਿੱਚ ਜਾਓਗੇ ਤਾਂ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਸਨੈਕਸ ਦੇਖਣ ਨੂੰ ਮਿਲਣਗੇ। ਬੱਚਿਆਂ ਦੇ ਦੁਪਹਿਰ ਦੇ ਖਾਣੇ ਦੇ ਟਿਫ਼ਿਨ ਵਿੱਚ ਵੀ ਜ਼ਿਆਦਾਤਰ ਸਨੈਕਸ ਹੀ ਹੁੰਦੇ ਹਨ। ਇਸ ਤਰ੍ਹਾਂ ਕੈਲੋਰੀ ਵਿੱਚ ਵਾਧਾ ਹੋ ਜਾਂਦਾ ਹੈ।"

'ਮਮਸਨੈੱਟ' ਦੇ ਫਾਊਂਡਰ ਜਸਟਿਨ ਰੌਬਰਟਸ ਦਾ ਕਹਿਣਾ ਹੈ, "ਸਿਰਫ਼ ਸਨੈਕਸ ਤੋਂ ਹੀ ਬੱਚੇ ਜੋ ਮਿੱਠਾ ਖਾ ਰਹੇ ਹਨ ਉਹ ਬਹੁਤ ਜ਼ਿਆਦਾ ਹੈ ਅਤੇ ਇਹ ਕਹਿਣਾ ਮੁਸ਼ਕਿਲ ਹੈ ਕਿ ਕਿਹੜੇ ਸਨੈਕਸ ਸਿਹਤ ਲਈ ਚੰਗੇ ਹਨ ਤੇ ਕਿਹੜੇ ਮਾੜੇ।"

"ਚੇਂਜ4ਲਾਈਫ਼ ਦਾ ਇਹ ਸਰਵੇ ਮਾਪਿਆਂ ਲਈ ਮਦਦਗਾਰ ਸਾਬਿਤ ਹੋਏਗਾ ਤੇ ਉਹ ਸਿਹਤ ਲਈ ਵਧੀਆ ਸਨੈਕਸ ਚੁਣ ਸਕਨਗੇ।"

ਪਬਲਿਕ ਹੈਲਥ ਇੰਗਲੈਂਡ ਨੇ ਸਨਅਤਕਾਰਾਂ ਨੂੰ 2020 ਤੱਕ 20 ਫੀਸਦੀ ਮਿੱਠਾ ਘਟਾਉਣ ਤੇ 2017 ਤੱਕ 5 ਫੀਸਦੀ ਮਿੱਠੇ ਦੀ ਕਟੌਤੀ ਕਰਨ ਲਈ ਕਿਹਾ ਸੀ।

ਮਾਹਿਰਾਂ ਦਾ ਸਵਾਲ ਹੈ ਕਿ ਇਹ ਟੀਚਾ ਕਿਵੇਂ ਲਾਗੂ ਕੀਤਾ ਜਾਵੇਗਾ।

ਯੂਕੇ ਵਿੱਚ ਸੌਫ਼ਟ ਡ੍ਰਿੰਕਸ ਉੱਤੇ ਪਹਿਲਾਂ ਹੀ 'ਸ਼ੂਗਰ ਟੈਕਸ' ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਅਗਲੇ ਸਾਲ ਅਪ੍ਰੈਲ ਤੋਂ ਲਾਗੂ ਵੀ ਹੋ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)