You’re viewing a text-only version of this website that uses less data. View the main version of the website including all images and videos.
ਬੱਚਿਆਂ ਵਿੱਚ 10 ਗੁਣਾ ਵਧਿਆ ਮੋਟਾਪਾ
- ਲੇਖਕ, ਮਿਸ਼ੈਲ ਰੋਬਰਟਸ
- ਰੋਲ, ਸਿਹਤ ਐਡੀਟਰ, ਬੀਬੀਸੀ ਨਿਊਜ਼ ਔਨਲਾਈਨ
ਬੱਚਿਆਂ ਅਤੇ ਕਿਸ਼ੋਰਾਂ ਵਿੱਚ ਮੋਟਾਪਾ ਪਿਛਲੇ ਚਾਰ ਦਹਾਕਿਆਂ ਤੋਂ 10 ਗੁਣਾ ਵੱਧ ਗਿਆ ਹੈ।
ਯਾਨਿ ਕਿ ਦੁਨੀਆ ਭਰ ਵਿੱਚ 12.4 ਕਰੋੜ ਮੁੰਡੇ-ਕੁੜੀਆਂ ਮੋਟੇ ਹਨ। ਇੱਕ ਤਾਜ਼ਾ ਰਿਸਰਚ ਦੇ ਇਹ ਅੰਕੜੇ ਹਨ।
ਲੈਂਨਸੇਟ ਵੱਲੋਂ ਕੀਤਾ ਗਿਆ ਇਹ ਸਭ ਤੋਂ ਵੱਡਾ ਵਿਸ਼ਲੇਸ਼ਣ ਹੈ ਅਤੇ 200 ਤੋਂ ਜ਼ਿਆਦਾ ਦੇਸ਼ਾਂ ਵਿੱਚ ਮੋਟਾਪੇ ਦੇ ਰੁਝਾਨ ਪੜ੍ਹਦਾ ਹੈ।
ਯੂਕੇ ਵਿੱਚ 5-19 ਸਾਲ ਦੇ ਹਰ 10 ਬੱਚਿਆਂ 'ਚੋਂ ਇੱਕ ਮੋਟਾਪੇ ਦਾ ਸ਼ਿਕਾਰ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਮੋਟਾਪੇ ਦੇ ਸ਼ਿਕਾਰ ਬੱਚੇ ਜਵਾਨੀ ਵਿੱਚ ਜਲਦੀ ਹੀ ਮੋਟੇ ਹੋ ਜਾਣਗੇ, ਜਿਸ ਕਰਕੇ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ।
ਵਿਸ਼ਵ ਮੋਟਾਪੇ ਦਿਵਸ ਮੌਕੇ ਲੈਂਨਸੈਟ ਵੱਲੋਂ ਇਹ ਅੰਕੜੇ ਜਾਰੀ ਕੀਤੇ ਗਏ। ਵਿਸ਼ਵ ਮੋਟਾਪਾ ਫੈਡਰੇਸ਼ਨ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਵਿਸ਼ਵ ਭਰ ਵਿੱਚ ਮੋਟਾਪੇ ਕਰਕੇ ਹੋਈਆਂ ਬਿਮਾਰੀਆਂ ਦੇ ਇਲਾਜ ਲਈ 2025 ਤੱਕ ਹਰ ਸਾਲ 92 ਹਜ਼ਾਰ ਕਰੋੜ ਦਾ ਖਰਚ ਆਏਗਾ।
ਮੋਟਾਪੇ ਦਾ ਨਵਾਂ ਪੱਧਰ
ਲੰਡਨ ਦੇ ਇੰਮਪੀਰੀਅਲ ਕਾਲਜ ਦੇ ਪ੍ਰੋਫੈਸਰ ਮਾਜਿਦ ਦਾ ਕਹਿਣਾ ਹੈ ਕਿ ਯੂਕੇ ਵਰਗੇ ਮਜ਼ਬੂਤ ਆਮਦਨ ਵਾਲੇ ਯੂਰਪੀ ਦੇਸ਼ਾਂ ਵਿੱਚ ਮੋਟਾਪਾ ਸਥਿਰ ਹੁੰਦਾ ਨਜ਼ਰ ਆ ਰਿਹਾ ਹੈ, ਪਰ ਹੋਰਨਾਂ ਦੇਸ਼ਾਂ ਵਿੱਚ ਇਹ ਚਿੰਤਾ ਦੇ ਪੱਧਰ 'ਤੇ ਵੱਧ ਰਿਹਾ ਹੈ।
ਰਿਸਰਚਰਾਂ ਦਾ ਮੰਨਨਾ ਹੈ ਕਿ ਸਸਤੇ ਅਤੇ ਮੋਟਾਪਾ ਵਧਾਉਣ ਵਾਲੇ ਖਾਣੇ ਦੀ ਮੌਜੂਦਗੀ 'ਤੇ ਪ੍ਰਚਾਰ ਇੱਕ ਵੱਡੀ ਵਜ੍ਹਾ ਹੈ।
ਪੂਰਬੀ ਏਸ਼ੀਆ ਵਿੱਚ ਸਭ ਤੋਂ ਜ਼ਿਆਦਾ ਮੋਟਾਪੇ ਦੇ ਸ਼ਿਕਾਰ ਬੱਚੇ ਅਤੇ ਕਿਸ਼ੋਰ ਹਨ।
ਚੀਨ ਅਤੇ ਭਾਰਤ ਵਿੱਚ ਵੀ ਹਾਲ ਹੀ ਦੇ ਸਾਲਾਂ ਵਿੱਚ ਮੋਟਾਪੇ ਦੇ ਸ਼ਿਕਾਰ ਲੋਕਾਂ 'ਚ ਵਾਧਾ ਹੋਇਆ ਹੈ।
ਪੋਲੀਨੀਸ਼ੀਆ ਅਤੇ ਮਾਈਕਰੋਨੀਸ਼ੀਆ ਵਿੱਚ ਹਰ ਉਮਰ ਵਰਗ ਵਿੱਚ ਸਭ ਤੋਂ ਜ਼ਿਆਦਾ ਮੋਟਾਪਾ ਹੈ। ਇੰਨਾਂ ਦੇਸ਼ਾਂ ਦੀ ਅੱਧੀ ਅਬਾਦੀ ਮੋਟਾਪੇ ਦੀ ਲਪੇਟ ਵਿੱਚ ਹੈ।
ਆਮ ਨਾਲੋਂ ਘੱਟ ਵਜ਼ਨ 'ਚ ਕਟੌਤੀ
ਰਿਸਰਚਰਾਂ ਦਾ ਮੰਨਨਾ ਹੈ ਕਿ ਜੇ ਇਹੀ ਰੁਝਾਨ ਰਿਹਾ ਤਾਂ ਜਲਦੀ ਹੀ ਆਮ ਨਾਲੋਂ ਘੱਟ ਵਜ਼ਨ ਨਾਲੋਂ ਮੋਟਾਪੇ ਦੇ ਸ਼ਿਕਾਰ ਲੋਕ ਵਧਣਗੇ।
ਘੱਟ ਵਜ਼ਨ ਵਾਲੇ ਮੁੰਡੇ-ਕੁੜੀਆਂ ਦੇ ਅੰਕੜੇ ਘੱਟ ਰਹੇ ਹਨ। ਹਾਲਾਂਕਿ ਸਾਲ 2000 ਵਿੱਚ ਇਹ ਅੰਕੜਾ ਸਿਖਰ 'ਤੇ ਸੀ।
2016 ਵਿੱਚ 19.2 ਕਰੋੜ ਜਵਾਨਾਂ ਦਾ ਵਜ਼ਨ ਲੋੜ ਨਾਲੋਂ ਘੱਟ ਸੀ। ਫਿਰ ਵੀ ਇਹ ਅੰਕੜਾ ਮੋਟਾਪੇ ਦੇ ਸ਼ਿਕਾਰ ਲੋਕਾਂ ਨਾਲੋਂ ਜ਼ਿਆਦਾ ਸੀ, ਪਰ ਹੁਣ ਇਹ ਬਦਲਦਾ ਹੋਇਆ ਜਾਪਦਾ ਹੈ।
ਪੂਰਬੀ ਏਸ਼ੀਆ, ਲੈਟਿਨ ਅਮਰੀਕਾ ਅਤੇ ਕੈਰਿਬੀਅਨ ਵਿੱਚ ਕੁਝ ਹੀ ਦਹਾਕਿਆਂ ਵਿੱਚ ਘੱਟ ਵਜ਼ਨ ਵਾਲਿਆਂ ਤੋਂ ਮੋਟਾਪੇ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਵਿੱਚ ਇਜ਼ਾਫ਼ਾ ਹੋ ਗਿਆ ਹੈ।
2016 ਵਿੱਚ ਵਿਸ਼ਵ ਭਰ ਵਿੱਚ 21.3 ਕਰੋੜ ਜਵਾਨ ਮੋਟੇ ਸਨ।
ਸਚੇਤ ਹੋਣ ਦੀ ਲੋੜ
ਲੰਡਨ ਸਕੂਲ ਆਫ਼ ਹਾਈਜੀਨ ਅਤੇ ਟ੍ਰੋਪੀਕਲ ਮੈਡੀਸੀਨ ਨਾਲ ਸਬੰਧਤ ਰਿਸਰਚਰ ਡਾ. ਹੈਰੀ ਰੂਟਰ ਦਾ ਕਹਿਣਾ ਹੈ, "ਇਹ ਇੱਕ ਵੱਡੀ ਬਿਮਾਰੀ ਹੈ, ਜੋ ਖਤਰਨਾਕ ਸਾਬਿਤ ਹੋਏਗੀ। ਪਿਛਲੇ 10 ਸਾਲ ਨਾਲੋਂ ਹੁਣ ਬਿਲਕੁਲ ਪਤਲੇ ਲੋਕਾਂ ਦਾ ਵੀ ਵਜ਼ਨ ਵੀ ਵੱਧ ਗਿਆ ਹੈ। ਅਸੀਂ ਜ਼ਿਆਦਾ ਕਮਜ਼ੋਰ ਇੱਛਾ-ਸ਼ਕਤੀ ਵਾਲੇ, ਆਲਸੀ ਜਾਂ ਲਾਲਚੀ ਨਹੀਂ ਹੋ ਗਏ। ਸਗੋਂ ਸਾਡੇ ਦੁਆਲੇ ਦੁਨੀਆਂ ਬਦਲ ਰਹੀ ਹੈ।"
ਵਰਲਡ ਹੈਲਥ ਆਰਗਨਾਈਜ਼ੇਸ਼ਨ ਦੇ ਡਾ. ਫਿਓਨਾ ਬੁਲ ਨੇ ਤੁਰੰਤ ਸਚੇਤ ਹੋਣ ਲਈ ਕਿਹਾ ਹੈ। ਉਨ੍ਹਾਂ ਕਿਹਾ ਜ਼ਿਆਦਾ ਕੈਲੋਰੀ ਅਤੇ ਘੱਟ-ਪੌਸ਼ਟਿਕ ਖਾਣੇ ਨੂੰ ਤਿਆਗ ਕੇ ਜ਼ਿਆਦਾ ਸਰੀਰਕ ਕੰਮ ਕਰਨੇ ਚਾਹੀਦੇ ਹਨ।
ਹੁਣ ਤੱਕ ਸਿਰਫ਼ 20 ਦੇਸ਼ਾਂ ਨੇ ਮਿੱਠੀਆਂ ਤਰਲ ਚੀਜ਼ਾਂ 'ਤੇ ਟੈਕਸ ਲਾਇਆ ਹੈ।
ਪਬਲਿਕ ਹੈਲਥ ਇੰਗਲੈਂਡ ਦੇ ਮੁੱਖ ਨਿਉਟਰੀਸ਼ਨਿਸਟ ਦਾ ਕਹਿਣਾ ਹੈ, "ਸਾਡਾ ਖੰਡ ਦੀ ਕਟੌਤੀ ਵਾਲਾ ਪ੍ਰੋਗਰਾਮ ਅਤੇ ਸਰਕਾਰ ਵੱਲੋਂ ਖੰਡ 'ਤੇ ਟੈਕਸ ਵਿਸ਼ਵ ਪ੍ਰਸਿੱਧ ਹੈ, ਪਰ ਇਹ ਇੱਕ ਪੀੜ੍ਹੀ ਨਾਲ ਨਜਿੱਠਣ ਦੀ ਸਿਰਫ਼ ਸ਼ੁਰੂਆਤ ਹੈ।"
"ਇਹ ਨਹੀਂ ਕਰਨਾ ਚਾਹੀਦਾ, ਸਿਰਫ਼ ਕਹਿਣ ਨਾਲ ਕੁਝ ਨਹੀਂ ਹੁੰਦਾ, ਇਹ ਤਾਂ ਸਪਸ਼ਟ ਹੈ। ਘੱਟ ਕੈਲੋਰੀ ਵਾਲਾ ਖਾਣਾ ਖਾਨ ਅਤੇ ਪੌਸ਼ਟਿਕ ਖੁਰਾਕ ਲਈ ਜ਼ਿਆਦਾ ਅਮਲ ਕਰਨ ਦੀ ਲੋੜ ਹੈ।"