You’re viewing a text-only version of this website that uses less data. View the main version of the website including all images and videos.
ਕੈਂਸਰ ਨਾਲ ਲੜਿਆ, ਇੱਕ ਲੱਤ ਨਾਲ ਬਣਿਆ ਬੌਡੀ ਬਿਲਡਰ
- ਲੇਖਕ, ਸੱਤ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਸੋਨੀਪਤ ਦਾ ਰਹਿਣ ਵਾਲਾ 22 ਸਾਲਾ ਮੋਹਿਤ ਕੁਮਾਰ ਹਾਲੇ 16 ਸਾਲ ਦਾ ਹੀ ਸੀ ਜਦੋਂ ਬੋਨ ਕੈਂਸਰ ਕਾਰਨ ਉਸ ਦੀ ਸੱਜੀ ਲੱਤ ਕੱਟਣੀ ਪਈ। ਪਰ ਇੱਕ ਲੱਤ 'ਤੇ ਮਜਬੂਤੀ ਨਾਲ ਖੜ੍ਹਾ ਰਹਿ ਕੇ ਹੀ ਮੋਹਿਤ ਨੇ ਬੌਡੀ ਬਿਲਡਿੰਗ ਦੇ ਖੇਤਰ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ।
ਕਰੜੀ ਮਿਹਨਤ ਤੋਂ ਬਾਅਦ ਮੋਹਿਤ ਇਸ ਪੀੜ ਅਤੇ ਝਟਕੇ ਤੋਂ ਬਾਹਰ ਤਾਂ ਆ ਗਿਆ ਹੈ ਪਰ ਉਸ ਨੇ ਆਪਣੀ 'ਡਿਸਏਬਲਡ' ਜ਼ਿੰਦਗੀ ਨੂੰ ਕਾਮਯਾਬੀ ਦੇ ਮੁਕਾਮ 'ਤੇ ਪਹੁੰਚਾ ਦਿੱਤਾ ਹੈ। ਉਸ ਨੇ ਆਪਣੇ ਸਰੀਰ ਨੂੰ ਇੰਨਾ ਤਰਾਸ਼ ਲਿਆ ਹੈ ਕਿ ਉਹ ਹੁਣ ਇੱਕ ਸਿਤਾਰਾ ਬਣ ਗਿਆ ਹੈ।
ਪੂਣੇ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਅਮਰੀਕੀ ਬਾਡੀ ਬਿਲਡਰ ਕਾਈ ਗ੍ਰੀਨ ਨੇ ਉਸ ਦੀ ਕਾਫ਼ੀ ਸ਼ਲਾਘਾ ਕੀਤੀ ਸੀ। ਇੱਥੋਂ ਤੱਕ ਕਿ ਗ੍ਰੀਨ ਨੇ ਉਸ ਨੂੰ ਕੌਮੀ ਮੁਕਾਬਲੇ ਵਿੱਚ ਅਮਰੀਕਾ ਦੀ ਨੁਮਾਇੰਦਗੀ ਕਰਨ ਦਾ ਮੌਕਾ ਵੀ ਦਿੱਤਾ ਜਿਸ ਨੂੰ ਉਸ ਨੇ ਨਕਾਰ ਦਿੱਤਾ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਮੋਹਿਤ ਨੇ ਕਿਹਾ ਕਿ ਉਹ ਭਾਰਤ ਵਿੱਚ ਹੀ ਆਪਣੇ ਮਾਪਿਆਂ ਅਤੇ ਭਰਾ ਨਾਲ ਵੱਸਣਾ ਚਾਹੁੰਦਾ ਹੈ, ਜਿਨ੍ਹਾਂ ਉਸ 'ਤੇ ਭਰੋਸਾ ਕੀਤਾ ਅਤੇ ਹਰ ਵੇਲੇ ਉਸ ਨਾਲ ਖੜ੍ਹੇ ਹੋਏ।
ਮੈਡਲ ਮਿਲੇ ਪਰ ਪੈਸੇ ਘੱਟ ਸਨ!
ਮੋਹਿਤ ਦਾ ਕਹਿਣਾ ਹੈ ਕਿ ਉਸ ਨੇ ਇੱਕ ਲੱਤ ਦੇ ਸਹਾਰੇ ਚੱਲਣਾ ਅਤੇ ਆਮ ਕੰਮਕਾਜ ਕਰਨੇ ਸਿੱਖ ਲਏ ਹਨ ਪਰ ਉਹ ਬਾਹਰ ਨਿਕਲਣ ਵੇਲੇ ਆਰਟੀਫਿਸ਼ਲ ਲੱਤ ਦੀ ਵਰਤੋਂ ਕਰਦਾ ਹੈ।
ਮੋਹਿਤ ਦਾ ਕਹਿਣਾ ਹੈ, "ਬਾਕੀ ਲੋਕ ਜੋ ਦੋ ਲੱਤਾਂ 'ਤੇ ਕਰਦੇ ਹਨ ਉਹ ਮੈਂ ਸਿਰਫ਼ ਇੱਕ ਲੱਤ 'ਤੇ ਕਰ ਸਕਦਾ ਹਾਂ ਅਤੇ ਉਹ ਵੀ ਪੂਰੇ ਸੰਤੁਲਨ ਨਾਲ। ਇਹ ਸੌਖਾ ਨਹੀਂ ਸੀ ਪਰ ਹਾਸਿਲ ਕਰਨਾ ਨਾਮੁਮਕਿਨ ਵੀ ਨਹੀਂ ਸੀ।"
ਮੋਹਿਤ ਨੇ ਦੱਸਿਆ ਕਿ ਹਾਲਾਂਕਿ ਉਸ ਨੇ ਕਈ ਮੈਡਲ ਜਿੱਤੇ ਹਨ ਪਰ ਇਨ੍ਹਾਂ ਮੁਕਾਬਲਿਆਂ ਵਿੱਚ ਮਿਲਣ ਵਾਲਾ ਨਕਦ ਪੈਸਾ ਘੱਟ ਹੀ ਹੁੰਦਾ ਹੈ। ਉਸ ਨੂੰ ਆਪਣੇ ਖਾਣ-ਪੀਣ ਅਤੇ ਸਫ਼ਰ ਕਰਨ ਲਈ ਲੋੜੀਂਦੇ ਖਰਚੇ ਲਈ ਕੋਈ ਮਦਦ ਨਹੀਂ ਮਿਲ ਰਹੀ ਸੀ।
ਮੋਹਿਤ ਨੇ ਦੱਸਿਆ, "ਇੱਕ ਬਾਡੀ ਬਿਲਡਰ ਨੂੰ ਆਪਣੇ ਸਰੀਰ ਨੂੰ ਬਣਾਈ ਰੱਖਣ ਲਈ 15-20 ਹਜ਼ਾਰ ਤੱਕ ਦਾ ਖਰਚ ਕਰਨਾ ਪੈਂਦਾ ਹੈ। ਜਦੋਂ ਮੁੰਬਈ ਜਾਂ ਪੁਣੇ ਵਰਗੀਆਂ ਥਾਵਾਂ 'ਤੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਜਾਣਾ ਪੈਂਦਾ ਹੈ ਤਾਂ ਇਹ ਖਰਚਾ ਵੱਧ ਕੇ 35000 ਤੋਂ 40,000 ਹੋ ਜਾਂਦਾ ਹੈ।"
ਮੋਹਿਤ ਦੇ ਪਿਤਾ ਮਹਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਹ ਰੇਲਵੇ ਵਿੱਚ ਕੰਮ ਕਰਦੇ ਹਨ ਅਤੇ ਉਨ੍ਹਾਂ ਦਾ ਵੱਡਾ ਪੁੱਤਰ ਰੋਹਿਤ ਨੋਇਡਾ ਵਿੱਚ ਇੱਕ ਕੰਪਨੀ ਵਿੱਚ ਕੰਮ ਕਰਦਾ ਹੈ। ਇਹ ਦੋਵੇਂ ਹੀ ਪਰਿਵਾਰ ਦਾ ਪਾਲਨ-ਪੋਸ਼ਣ ਕਰਦੇ ਸਨ।
"ਅਸੀਂ ਜਿੰਨਾ ਕਰ ਸਕਦੇ ਹਾਂ ਉਨ੍ਹਾਂ ਸਮਰਥਨ ਦੇ ਰਹੇ ਹਾਂ ਪਰ ਮੋਹਿਤ ਆਪਣੇ ਜਜ਼ਬੇ ਅਤੇ ਮਿਹਨਤ ਨੂੰ ਜਾਰੀ ਰੱਖ ਸਕੇ ਇਸ ਲਈ ਉਸ ਨੂੰ ਕਿਸੇ ਸਪੋਂਸਰ ਜਾਂ ਸਰਕਾਰੀ ਨੌਕਰੀ ਦੀ ਲੋੜ ਹੈ।"
ਮੋਹਿਤ ਵੱਲੋਂ ਹਾਸਿਲ ਕੀਤੀ ਕਾਮਯਾਬੀ
ਪਿਛਲੇ ਇੱਕ ਸਾਲ ਵਿੱਚ ਮੋਹਿਤ ਨੇ ਜ਼ਿਲ੍ਹਾ, ਸੂਬਾਈ ਅਤੇ ਕੌਮੀ ਪੱਧਰ 'ਤੇ ਕਈ ਮੈਡਲ ਜਿੱਤੇ ਹਨ।
• ਅਪ੍ਰੈਲ, 2018 ਵਿੱਚ ਡਿਸਏਬਲਡ ਲੋਕਾਂ ਲਈ ਹੋਏ ਓਪਨ ਮਿਸਟਰ ਇੰਡੀਆ ਮੁਕਾਬਲੇ ਵਿੱਚ ਮੋਹਿਤ ਨੇ ਸੋਨੇ ਦਾ ਮੈਡਲ ਹਾਸਿਲ ਕੀਤਾ।
• ਜਨਵਰੀ ਵਿੱਚ ਬਾਡੀ ਪਾਵਰ ਵੱਲੋਂ ਹੋਏ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਜਿੱਤਿਆ।
• ਇਸੇ ਤਰ੍ਹਾਂ 6 ਸੋਨੇ, 2 ਚਾਂਦੀ ਅਤੇ ਤਿੰਨ ਕਾਂਸੇ ਦੇ ਮੈਡਲ ਜਿੱਤੇ।
• ਇਸ ਸਭ ਲਈ ਮੋਹਿਤ ਨੇ ਕਿਸੇ ਸਹੂਲਤਾਂ ਨਾਲ ਲੈਸ ਜਿਮ ਜਾਂ ਟਰੇਨਰ ਤੋਂ ਸਿਖਲਾਈ ਨਹੀਂ ਲਈ ਸਗੋਂ ਆਪਣੇ ਘਰ ਨੇੜੇ ਹੀ ਇੱਕ ਸਥਾਨਕ ਜਿਮ ਵਿੱਚ ਮਿਹਨਤ ਕੀਤੀ।
ਜਦੋਂ ਬੀਮਾਰੀ ਦਾ ਪਤਾ ਲੱਗਿਆ
ਮੋਹਿਤ ਨੇ ਦੱਸਿਆ ਕਿ ਸਾਲ 2010 ਵਿੱਚ ਜਦੋਂ ਉਹ ਖੇਡਣ ਗਿਆ ਸੀ ਤਾਂ ਉਸ ਨੇ ਪਹਿਲੀ ਵਾਰੀ ਆਪਣੀ ਸੱਜੀ ਲੱਤ ਵਿੱਚ ਪੀੜ ਮਹਿਸੂਸ ਕੀਤੀ।
ਉਸ ਦੇ ਪਿਤਾ ਨੂੰ ਲੱਗਿਆ ਕਿ ਉਹ ਸਕੂਲ ਨਾ ਜਾਣ ਦਾ ਬਹਾਨਾ ਬਣਾ ਰਿਹਾ ਹੈ ਪਰ ਜਦੋਂ ਤਕਲੀਫ਼ ਵਧ ਗਈ ਤਾਂ ਉਹ ਡਾਕਟਰ ਕੋਲ ਗਏ। ਡਾਕਟਰ ਨੇ ਸਿਰਫ਼ ਦਰਦ ਭਜਾਉਣ ਦੀ ਦਵਾਈ ਦੇ ਦਿੱਤੀ ਅਤੇ ਇਸ ਨੂੰ ਇੱਕ ਛੋਟੀ ਜਿਹੀ ਤਕਲੀਫ਼ ਹੀ ਕਿਹਾ।
ਪਰ ਜਦੋਂ ਪੀੜ ਨਾ ਹਟੀ ਤਾਂ ਉਹ ਹੱਡੀਆਂ ਦੇ ਮਾਹਿਰ ਕੋਲ ਪਹੁੰਚੇ ਜਿੰਨ੍ਹਾਂ ਨੇ ਲੱਤ ਦਾ ਐਕਸ-ਰੇਅ ਕੀਤਾ। ਉਨ੍ਹਾਂ ਕਿਹਾ ਮੋਹਿਤ ਨੂੰ ਤੁਰੰਤ ਇਲਾਜ ਦੀ ਲੋੜ ਹੈ ਕਿਉਂਕਿ ਉਸ ਨੂੰ ਬੋਨ ਕੈਂਸਰ ਹੈ।
ਪਰਿਵਾਰ ਨੂੰ ਝਟਕਾ ਲੱਗਿਆ ਅਤੇ ਤਸੱਲੀ ਲਈ ਉਨ੍ਹਾਂ ਰੋਹਤਕ ਵਿੱਚ ਪੀਜੀਆਈ ਵਿੱਚ ਦਿਖਾਇਆ ਜਿਨ੍ਹਾਂ ਨੇ ਬੋਨ ਕੈਂਸਰ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਪਰਿਵਾਰ ਨੂੰ ਇਸ ਦੇ ਇਲਾਜ ਲਈ ਵੱਡੇ ਖਰਚੇ ਲਈ ਤਿਆਰ ਰਹਿਣ ਨੂੰ ਕਿਹਾ।
ਦਰਦ ਭਰੀ ਕੀਮੋਥੈਰਪੀ ਅਤੇ ਪੰਜ ਸਾਲਾਂ ਦੇ ਲੰਬੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਸੱਜੀ ਲੱਤ ਕੱਟਣੀ ਪਏਗੀ ਤਾਂ ਕਿ ਇਹ ਇਨਫੈਕਸ਼ਨ ਸਰੀਰ ਦੇ ਹੋਰ ਹਿੱਸਿਆਂ ਵਿੱਚ ਨਾ ਫੈਲ ਸਕੇ।
"ਮੈਂ ਜਦੋਂ ਇਹ ਪਹਿਲੀ ਵਾਰੀ ਸੁਣਿਆ ਤਾਂ ਸੁੰਨ ਹੋ ਗਿਆ ਪਰ ਆਪਣੇ ਪਿਤਾ ਦਾ ਬੇਵੱਸ ਚਿਹਰਾ ਦੇਖ ਕੇ ਮੈਂ ਖੁਦ ਨੂੰ ਤਿਆਰ ਕਰ ਲਿਆ। 2015 ਵਿੱਚ ਮੇਰੀ ਸੱਜੀ ਲੱਤ ਕੱਟ ਦਿੱਤੀ ਗਈ ਅਤੇ ਮੈਂ ਹਮੇਸ਼ਾਂ ਲਈ ਅਪਹਾਜ ਹੋ ਗਿਆ।"
''ਗੁਆਂਢੀ ਅਤੇ ਰਿਸ਼ਤੇਦਾਰ ਘਰ ਪਤਾ ਲੈਣ ਆਏ ਅਤੇ ਹਮਦਰਦੀ ਜਤਾਉਣੀ ਸ਼ੁਰੂ ਕੀਤੀ।''
ਮੋਹਿਤ ਨੇ ਅੱਗੇ ਕਿਹਾ, "ਮੈਂ ਇਸ ਸਭ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ ਅਤੇ 2017 ਵਿੱਚ ਮੈਂ ਸਥਾਨਕ ਜਿਮ ਵਿੱਚ ਗਿਆ ਅਤੇ ਆਪਣੇ ਸਰੀਰ ਨੂੰ ਤਕੜਾ ਕਰਕੇ ਸਾਰਿਆਂ ਦਾ ਮੂੰਹ ਬੰਦ ਕਰਨ ਨੂੰ ਆਪਣਾ ਮਿਸ਼ਨ ਬਣਾ ਲਿਆ।"
ਜਿਮ ਟਰੇਨਰ ਅਨਿਲ ਕੁਮਾਰ ਦਾ ਕਹਿਣਾ ਹੈ ਕਿ ਮੋਹਿਤ ਜਿਮ ਲਈ ਅਣਮੋਲ ਹੈ ਅਤੇ ਬ੍ਰੈਂਡ ਐਂਬੇਸਡਰ ਹੈ ਜਿੱਥੇ 150 ਲੋਕ ਹਰ ਰੋਜ਼ ਕਸਰਤ ਕਰਨ ਲਈ ਆਉਂਦੇ ਹਨ।
ਅਨਿਲ ਨੇ ਕਿਹਾ, "ਮੈਂ ਸਭ ਨੂੰ ਮੋਹਿਤ ਦਾ ਉਦਾਹਰਨ ਦਿੰਦਾ ਹਾਂ ਜੋ ਕਿ ਹਰ ਰੋਜ਼ ਸਵੇਰੇ ਅਤੇ ਸ਼ਾਮ ਤਿੰਨ-ਤਿੰਨ ਘੰਟੇ ਕਸਰਤ ਕਰਨ ਆਉਂਦਾ ਹੈ ਅਤੇ ਉਸਨੇ ਆਪਣੀ ਮਿਹਨਤ ਨਾਲ ਕਈ ਮੈਡਲ ਜਿੱਤੇ ਹਨ।"
ਸੰਦੀਪ ਕੁਮਾਰ ਅਤੇ ਪੰਕਜ ਕੁਮਾਰ ਮੋਹਿਤ ਤੋਂ ਇੰਨੇ ਪ੍ਰਭਾਵਿਤ ਹਨ ਕਿ ਦੋਹਾਂ ਨੇ ਬਾਡੀ ਬਿਲਡਿੰਗ ਨੂੰ ਆਪਣਾ ਕਰੀਅਰ ਚੁਣ ਲਿਆ ਹੈ।
ਪਹਿਲੇ ਮੁਕਾਬਲੇ ਵਿੱਚ ਬਣੇ ਮਜ਼ਾਕ ਦਾ ਪਾਤਰ
ਮੋਹਿਤ ਦੇ ਵੱਡੇ ਭਰਾ ਰੋਹਿਤ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਪਿਤਾ ਪਹਿਲੀ ਵਾਰੀ ਉਸ ਨੂੰ ਦਿੱਲੀ ਵਿੱਚ ਬਾਡੀ ਬਿਲਡਿੰਗ ਮੁਕਾਬਲੇ ਵਿੱਚ ਲੈ ਕੇ ਗਏ ਤਾਂ ਹੋਰਨਾਂ ਭਾਗੀਦਾਰਾਂ ਨੇ ਉਨ੍ਹਾਂ ਦਾ ਮਜ਼ਾਕ ਬਣਾਇਆ।
ਰੋਹਿਤ ਦਾ ਕਹਿਣਾ ਹੈ, "ਜਦੋਂ ਉਹ ਮੰਚ 'ਤੇ ਇੱਕ ਲੱਤ ਨਾਲ ਤੁਰਿਆ ਅਤੇ ਆਪਣਾ ਸਰੀਰ ਦਿਖਾਇਆ ਤਾਂ ਹਰ ਕੋਈ ਦੇਖ ਕੇ ਹੈਰਾਨ ਸੀ। ਇਸ ਮੁਕਾਬਲੇ ਵਿੱਚ ਮੋਹਿਤ ਨੇ ਸੋਨੇ ਦੇ ਮੈਡਲ 'ਤੇ ਕਬਜ਼ਾ ਕੀਤਾ।"
ਮੋਹਿਤ ਅੱਜ ਖੁਸ਼ ਹੈ ਕਿਉਂਕਿ ਲੋਕ ਉਸ ਨੂੰ ਤਰਸ ਨਾਲ ਨਹੀਂ ਦੇਖਦੇ ਪਰ ਹਾਲੇ ਵੀ ਉਸ ਦਾ ਇੱਕ ਸੁਫ਼ਨਾ ਬਾਕੀ ਹੈ ਅਤੇ ਉਹ ਹੈ ਮਿਸਟਰ ਯੂਨੀਵਰਸ ਦਾ ਖਿਤਾਬ ਜਿੱਤਣਾ।