ਮਹਾਰਾਸ਼ਟਰ ਦੇ ਪਿੰਡਾਂ ਵਿਚ ਮਾਹਵਾਰੀ ਪੈਡ ਕਿਉਂ ਇਕੱਠੇ ਕੀਤੇ ਗਏ ?

    • ਲੇਖਕ, ਸ਼ਿਵਾ ਪਰਮੇਸ਼ਵਰਨ
    • ਰੋਲ, ਬੀਬੀਸੀ ਤਾਮਿਲ ਸਰਵਿਸ

ਮਾਹਵਾਰੀ ਨੂੰ ਭਾਰਤ ਵਿੱਚ ਇੱਕ ਵਰਜਿਤ ਵਿਸ਼ਾ ਸਮਝਿਆ ਜਾਂਦਾ ਹੈ। ਅਜਿਹੇ ਵਿੱਚ ਔਰਤਾਂ ਦੇ ਵਰਤੇ ਹੋਏ ਮਾਹਵਾਰੀ ਪੈਡਾਂ ਨੂੰ ਇਕੱਠੇ ਕਰਨ ਦੇ ਵਿਚਾਰ ਬਾਰੇ ਪ੍ਰਤੀ ਕਿਰਿਆ ਦੀ ਕਲਪਨਾ ਕਰੋ।

ਪੱਛਮੀ ਭਾਰਤ ਦੇ ਸੂਬੇ ਮਹਾਰਾਸ਼ਟਰ ਦੇ ਪਿੰਡਾਂ ਵਿਚ ਸਿਹਤ ਕਰਮਚਾਰੀਆਂ ਨੇ ਬੱਚੇ ਦਾਨੀ ਦੇ ਮੂੰਹ ਦੇ ਕੈਂਸਰ (ਸਰਵਾਈਕਲ ਕੈਂਸਰ) ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਅਜਿਹਾ ਹੀ ਕੀਤਾ।

ਸੰਸਾਰ ਦੇ ਸਰਵਾਈਕਲ ਕੈਂਸਰ ਦੇ ਮਰੀਜ਼ਾਂ ਵਿਚੋਂ ਇੱਕ ਚੌਥਾਈ ਤੋਂ ਵੱਧ ਭਾਰਤ ਵਿੱਚ ਹਨ

ਫਿਰ ਵੀ ਬਹੁਤ ਸਾਰੇ ਕਾਰਨਾਂ ਕਰ ਕੇ ਔਰਤਾਂ ਇਸ ਦੀ ਜਾਂਚ ਲਈ ਨਹੀਂ ਜਾਂਦੀਆਂ- ਅੰਦਰੂਨੀ ਜਾਂਚ ਦੇ ਅਸੁਖਾਵੇਂਪਣ ਸਮੇਤ

ਪੇਂਡੂ ਖੇਤਰਾਂ ਵਿਚ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੀ ਕਮੀ ਅਤੇ ਨਾਲ ਹੀ ਬੋਝਲ ਕੀਮਤਾਂ।

'ਯੂਰਪੀ ਜਰਨਲ ਆਫ਼ ਕੈਂਸਰ ਪ੍ਰੀਵੈਂਸ਼ਨ ' ਵਿਚ ਲਿਖਦਿਆਂ ਖੋਜਕਾਰਾਂ ਨੇ ਕਿਹਾ, "ਪੇਂਡੂ ਔਰਤਾਂ ਸ਼ਰਮੀਲੀਆਂ ਹੁੰਦੀਆਂ ਹਨ, ਟੈਸਟ ਤੋਂ ਡਰਦੀਆਂ ਹਨ ਅਤੇ ਇਸ ਨੂੰ ਬੇਲੋੜਾ ਸਮਝਦੀਆਂ ਹਨ।"

ਬਾਜ਼ਾਰੀ ਸੈਨੇਟਰੀ ਉਤਪਾਦਾਂ ਦੇ ਉਲਟ 90% ਤੋਂ ਵੱਧ ਭਾਰਤੀ ਪੇਂਡੂ ਔਰਤਾਂ ਮਾਹਵਾਰੀ ਪੈਡ ਦੇ ਰੂਪ ਵਿੱਚ ਘਰੇਲੂ ਕੱਪੜੇ ਦੀ ਵਰਤੋਂ ਕਰਦੀਆਂ ਹਨ।

'ਟਾਟਾ ਮੈਮੋਰੀਅਲ ਸੈਂਟਰ' ਅਤੇ ਭਾਰਤ ਪ੍ਰਜਨਣ ਸਿਹਤ ਬਾਰੇ ਕੌਮੀ ਖੋਜ ਸੰਸਥਾ (ਨੈਸ਼ਨਲ ਇੰਸਟੀਚਿਊਟ ਆਫ਼ ਰੀਸਰਚ ਇਨ ਰੀਪ੍ਰੋਡਕਟਿਵ ਹੈਲਥ)ਦੇ ਖੋਜਕਰਤਿਆਂ ਨੇ ਪਾਇਆ ਹੈ ਕਿ

ਇਨ੍ਹਾਂ ਵਰਤੇ ਹੋਏ ਕੱਪੜਿਆਂ ਦਾ ਵਿਸ਼ਲੇਸ਼ਣ ਕਰ ਕੇ ਉਹ ਹਿਊਮਨ ਪੈਪਿਲੋਮਾ ਵਾਇਰਸ (ਐਚਪੀਵੀ) ਦੀ ਮੌਜੂਦਗੀ ਦਾ ਪਤਾ ਲਾ ਸਕਦੇ ਹਨ, ਜੋ ਸਰਵਾਈਕਲ ਕੈਂਸਰ ਪੈਦਾ ਕਰ ਸਕਦਾ ਹੈ

ਕੇਂਦਰ ਦੇ ਮੁੱਖ ਖੋਜੀ ਡਾਕਟਰ ਅਤੁਲ ਬੁੱਦੁਖ਼ ਨੇ ਬੀਬੀਸੀ ਨੂੰ ਦੱਸਿਆ, "ਇਹ ਇੱਕ ਸੌਖਾ ਅਤੇ ਸੁਵਿਧਾਜਨਕ ਤਰੀਕਾ ਹੈ।" ਸਰਵਾਈਕਲ ਕੈਂਸਰ ਜਾਂਚ ਪਰੋਗਰਾਮ ਦੇ ਵੱਡੇ ਪੈਮਾਨੇ 'ਤੇ ਲਾਗੂ ਹੋਣ ਵਿੱਚ ਵੱਡੀ ਰੁਕਾਵਟ ਖ਼ਤਰੇ ਵਿਚਲੀਆਂ ਔਰਤਾਂ ਦੁਆਰਾ ਘੱਟ ਹਿੱਸੇਦਾਰੀ ਹੈ।"

ਡਾਕਟਰ ਕਹਿੰਦੇ ਹਨ ਕਿ ਨਤੀਜੇ ਵਜੋਂ, ਜ਼ਿਆਦਾਤਰ ਮਰੀਜ਼ਾਂ ਵਿੱਚ ਸਰਵਾਈਕਲ ਕੈਂਸਰ ਦਾ ਪਤਾ ਗੰਭੀਰ ਫੈਲਾਅ ਦੇ ਪੜਾਅ (ਐਡਵਾਂਸਡ ਮੈਟਾਸਟੈਟਿਕ ਸਟੇਜ) ਉੱਤੇ ਜਾਂ ਜਦੋਂ ਕਿਸੇ ਹੋਰ ਡਾਕਟਰੀ ਜਾਂਚ ਲਈ ਹਸਪਤਾਲ ਜਾਂਦੀਆਂ ਹਨ।

ਜੰਮਿਆ ਹੋਇਆ ਡੀਐਨਏ

30 ਅਤੇ 50 ਸਾਲਾਂ ਦੀਆਂ 500 ਤੋਂ ਵੱਧ ਔਰਤਾਂ ਜਿਨ੍ਹਾਂ ਦਾ ਪਹਿਲਾਂ ਕਿਸੇ ਵੀ ਕੈਂਸਰ ਦਾ ਕੋਈ ਇਤਿਹਾਸ ਨਹੀਂ ਸੀ, ਜੋ ਸਰੀਰਕ ਅਤੇ ਮਾਨਸਿਕ ਤੌਰ ਉੱਤੇ ਤੰਦਰੁਸਤ ਸਨ,

ਜਿਨ੍ਹਾਂ ਨੂੰ ਨਿਯਮਤ ਮਾਹਵਾਰੀ ਆ ਰਹੀ ਸੀ ਨੇ, ਖੋਜ ਦੇ ਦੋ ਸਾਲ ਦੇ ਸਮੇਂ ਦੌਰਾਨ ਆਪਣੇ ਪੈਡ ਮੁਹੱਈਆ ਕਰਵਾਏ।

ਇਨ੍ਹਾਂ ਔਰਤਾਂ ਨੂੰ ਆਪਣੀ ਮਾਹਵਾਰੀ ਦੇ ਪਹਿਲੇ ਦਿਨ ਦੇ ਕੱਪੜੇ ਇੱਕ ਸਾਧਾਰਨ ਜ਼ਿਪ ਲਾਕ ਲਿਫ਼ਾਫ਼ੇ ਵਿੱਚ ਰੱਖ ਕੇ ਨੇੜਲੇ ਸਿਹਤ ਕਰਮਚਾਰੀ ਨੂੰ ਦੇਣ ਲਈ ਕਿਹਾ ਗਿਆ ਸੀ

ਇਕੱਠੇ ਹੋਏ ਕੱਪੜਿਆਂ ਨੂੰ ਫਿਰ -20 ਸੈਲਸੀਅਸ ਤਾਪਮਾਨ ਉੱਤੇ ਸਾਂਭਿਆ ਜਾਂਦਾ ਸੀ ਅਤੇ ਫਿਰ ਇੱਕ ਸੁੱਕੀ ਬਰਫ਼ ਦੇ ਕਨਟੇਨਰ ਵਿੱਚ ਐਚਪੀਵੀ ਜਾਂਚ ਲਈ ਡਾਇਗਨੋਸਟਿਕ ਸੈਂਟਰ ਨੂੰ ਭੇਜਿਆ ਜਾਂਦਾ ਸੀ।

ਫੇਰ ਜੀਨੋਮਿਕ ਡੀਐਨਏ ਨੂੰ ਸੁੱਕੇ ਖ਼ੂਨ ਵਿੱਚੋਂ ਕੱਢਿਆ ਜਾਂਦਾ ਸੀ ਅਤੇ ਫੇਰ 'ਪੋਲੀਮੀਰੇਜ਼ ਚੇਨ ਰੀਐਕਸ਼ਨ ' (ਮੌਲੀਕਿਊਲਰ ਬਾਇਓਲੋਜੀ ਦੀ ਇੱਕ ਤਕਨੀਕ) ਨਾਲ ਅਧਿਐਨ ਜਾਂਦਾ ਸੀ।

ਡਾ. ਬੁੱਦੁਖ਼ ਨੇ ਕਿਹਾ ਕਿ ਜਾਂਚ ਦੌਰਾਨ ਚੌਵੀ ਔਰਤਾਂ ਦੀ ਐਚਪੀਵੀ ਲਈ ਤਸਦੀਕ ਕੀਤੀ ਗਈ ਅਤੇ ਵਧੇਰੇ ਇਲਾਜ ਲਈ ਪਛਾਣੀਆਂ ਗਈਆਂ ਸਨ।

ਇਸ ਵਿੱਚ ਕੋਲਪੋਸਕੋਪੀ (ਬੱਚੇਦਾਨੀ ਦਾ ਮੂੰਹ ਵੇਖਣ ਲਈ ਇੱਕ ਆਮ ਪ੍ਰਕਿਰਿਆ, ਯੋਨੀ ਦੇ ਉੱਪਰਲੇ ਹਿੱਸੇ ਵਿੱਚ ਬੱਚੇਦਾਨੀ ਦਾ ਹੇਠਲਾ ਹਿੱਸਾ) ਸ਼ਾਮਲ ਸੀ ।

ਇਹ ਪ੍ਰਕਿਰਿਆ ਇਸ ਗੱਲ ਦੀ ਤਸਦੀਕ ਕਰ ਸਕਦੀ ਹੈ ਕਿ ਕੀ ਬੱਚੇਦਾਨੀ ਦੇ ਮੂੰਹ ਵਿਚਲੇ ਸੈੱਲ ਪ੍ਰਭਾਵਿਤ ਹਨ ਅਤੇ ਇਲਾਜ ਦੀ ਜ਼ਰੂਰਤ ਹੈ

ਖੋਜਕਰਤਿਆਂ ਨੇ ਔਰਤਾਂ ਦੇ ਸਮਾਜਿਕ-ਜਨ ਸੰਖਿਅਕੀ( ਸੋਸ਼ਿਓ- ਡੈਮੋਗ੍ਰਾਫਿਕ) ਅਤੇ ਪ੍ਰਜਨਣ ਇਤਿਹਾਸ, ਉਨ੍ਹਾਂ ਦੇ ਪਾਖਾਨੇ ਦੀਆਂ ਸਹੂਲਤਾਂ ਅਤੇ ਮਾਹਵਾਰੀ ਦੌਰਾਨ ਵਰਤੇ ਜਾਂਦੇ ਸਾਧਨ (ਪੈਡ/ ਕੱਪੜੇ) ਵੀ ਨੋਟ ਕੀਤੇ।

ਗੁਪਤ ਅੰਗਾਂ ਦੀ ਸਫਾਈ

ਅਧਿਐਨ ਵਿੱਚ ਗੁਪਤ ਅੰਗਾਂ ਦੀ ਸਫ਼ਾਈ ਬਾਰੇ ਸਿਹਤ ਸਿੱਖਿਆ ਦੀ ਫ਼ੌਰੀ ਲੋੜ ਮਹਿਸੂਸ ਕੀਤੀ।

2011 ਦੀ ਮਰਦਮਸ਼ੁਮਾਰੀ ਅਨੁਸਾਰ, 41% ਤੋਂ ਜ਼ਿਆਦਾ ਪਰਿਵਾਰਾਂ ਕੋਲ ਪਾਖਾਨੇ ਨਹੀਂ ਹਨ ਅਤੇ ਜਿਨ੍ਹਾਂ ਕੋਲ ਹਨ ਉਨ੍ਹਾਂ ਵਿੱਚੋਂ 16% ਦੀ ਛੱਤ ਨਹੀਂ ਹੈ।

ਡਾ. ਬੁੱਦੁਖ਼ ਨੇ ਕਿਹਾ, "ਪਾਖਾਨੇ ਦੀਆਂ ਮਾੜੀਆਂ ਹਾਲਤਾਂ ਜਾਂ ਢੁਕਵੀਂ ਸਹੂਲਤਾਂ ਦੀ ਕਮੀ ਕਾਰਨ, ਪੇਂਡੂ ਔਰਤਾਂ ਕੋਲ ਆਪਣੇ ਜਣਨ ਅੰਗਾਂ ਨੂੰ ਧੋਣ ਦਾ ਇਕਾਂਤ ਨਹੀਂ ਹੈ।"

ਗੁਪਤ ਅੰਗਾਂ ਦੀ ਘੱਟ ਸਫ਼ਾਈ ਡਿਸਪਲੇਸੀਆ ਅਤੇ ਬੱਚੇਦਾਨੀ ਦੇ ਕੈਂਸਰ ਦੇ ਵਿਕਾਸ ਇੱਕ ਮਹੱਤਵਪੂਰਨ ਕਾਰਕ ਸਾਬਤ ਹੋਈ ਹੈ।

ਅਧਿਐਨਾਂ ਨੇ ਦਿਖਾਇਆ ਹੈ ਪੁਰਾਣੇ ਕੱਪੜੇ ਤੋਂ ਬਣਾਏ ਗਏ ਪੈਡਾਂ ਦੀ ਵਰਤੋਂ ਨਾਲ ਇਹ ਖ਼ਤਰਾ ਵੱਧ ਜਾਂਦਾ ਹੈ

ਖੋਜਕਰਤਿਆਂ ਨੇ ਕਿਹਾ ਕਿ (ਅੰਸ਼ਿਕ ਤੌਰ ਉੱਤੇ) ਪੇਂਡੂ ਲੋਕਾਂ ਵਿੱਚ ਮਾਹਵਾਰੀ ਨਾਲ ਜੁੜੀਆਂ ਮਿੱਥਾਂ ਅਤੇ ਅੰਧਵਿਸ਼ਵਾਸਾਂ ਕਰ ਕੇ ਨਮੂਨੇਇਕੱਠਾ ਕਰਨਾ ਇੱਕ ਚੁਨੌਤੀ ਸੀ

ਉਦਾਹਰਨ ਵਜੋਂ, ਮਾਹਵਾਰੀ ਆਉਣ 'ਤੇ ਰਸੋਈ ਵਿੱਚ ਦਾਖ਼ਲੇ ਤੋਂ, ਮੰਦਰ ਜਾਣ ਤੋਂ ਅਤੇ ਧਾਰਮਿਕ ਇਕੱਠਾਂ ਵਿੱਚ ਹਿੱਸਾ ਲੈਣ ਤੋਂ ਰੋਕਿਆ ਜਾਂਦਾ ਹੈ।

ਮਿੱਥਾਂ ਅਤੇ ਅੰਧਵਿਸ਼ਵਾਸ

ਇਸ ਨੇ ਸਿਹਤ ਕਰਮਚਾਰੀਆਂ ਲਈ ਖ਼ਾਸ ਕਰ ਕੇ ਸ਼ਾਮ ਸਮੇਂ ਪੈਡਾਂ ਨੂੰ ਇਕੱਠਾ ਕਰਨਾ ਮੁਸ਼ਕਲ ਬਣਾ ਦਿੱਤਾ, ਕਿਉਂਕਿ ਸੂਰਜ ਡੁੱਬਣ ਤੋਂ ਬਾਅਦ ਮਾਹਵਾਰੀ ਵਾਲੀਆਂ ਔਰਤਾਂ ਦੇ ਬਾਹਰ ਨਿਕਲਣ ਨੂੰ ਕੁਸ਼ਗਨਾਂ ਸਮਝਿਆ ਜਾਂਦਾ ਹੈ।

ਸਰਵਾਈਕਲ ਕੈਂਸਰ ਬਾਰੇ ਤੀਬਰ ਸਿਹਤ ਸਿੱਖਿਆ ਪ੍ਰੋਗਰਾਮ ਅਤੇ ਇਸ ਨੂੰ ਕਿਵੇਂ ਰੋਕਿਆ ਜਾਵੇ ਬਾਰੇ ਪਿੰਡ ਦੇ ਮੁਹਤਬਰਾਂ, ਸਮਾਜ ਸੇਵਕਾਂ ਅਤੇ ਹਿੱਸੇਦਾਰਾਂ (ਔਰਤਾਂ ਜੋ ਅਧਿਐਨ ਦੀਆਂ ਹਿੱਸਾ ਸਨ) ਦੇ ਪਰਿਵਾਰਕ ਮੈਂਬਰਾਂ ਲਈ ਚਲਾਇਆ ਗਿਆ।

ਉਨ੍ਹਾਂ ਨੂੰ ਮਾਹਵਾਰੀ ਨਾਲ ਜੁੜੇ ਮਿੱਥਾਂ ਅਤੇ ਅੰਧਵਿਸ਼ਵਾਸਾਂ ਬਾਰੇ ਵੀ ਸੂਚਿਤ ਕੀਤਾ ਗਿਆ ਸੀ।

ਅਧਿਐਨ ਦੀਆਂ ਕੁਝ ਸੀਮਾਵਾਂ ਸਨ- ਨਮੂਨਿਆਂ ਦੀ ਢੋਆ-ਢੁਆਈ ਬਹੁਤ ਮਹਿੰਗੀ ਸੀ ਅਤੇ ਖੋਜਕਰਤਿਆਂ ਨੇ ਦੱਸਿਆ ਕਿ ਡਾਕ ਰਾਹੀਂ

ਟੈਸਟ ਲਈ ਪੈਡ ਭੇਜਣ ਦੀ ਇਕ ਸਧਾਰਨ ਵਿਧੀ ਦਾ ਵਿਕਾਸ ਫ੍ਰੀਜ਼ਰ ਨਾਲੋਂ ਵਧੇਰੇ ਪ੍ਰਭਾਵੀ ਹੋਵੇਗਾ।

ਉਨ੍ਹਾਂ ਨੇ ਇਹ ਵੀ ਸਾਹਮਣੇ ਲਿਆਂਦਾ ਕਿ ਸਕਰੀਨਿੰਗ ਵਿਧੀ ਤੋਂ ਸਿਰਫ਼ ਮਾਹਵਾਰੀ ਵਾਲੀਆਂ ਔਰਤਾਂ ਹੀ ਫ਼ਾਇਦਾ ਲੈ ਸਕਦੀਆਂ ਹਨ।

ਡਾ. ਬੁੱਦੁਖ਼ ਅਤੇ ਉਨ੍ਹਾਂ ਦੀ ਟੀਮ ਦਾ ਕਹਿਣਾ ਹੈ ਕਿ ਟੈਸਟ ਲਈ ਮਾਹਵਾਰੀ ਪੈਡਾਂ ਨੂੰ ਇਕੱਠਾ ਕਰਨ ਅਤੇ ਭੇਜਣ ਲਈ ਇੱਕ ਬਿਹਤਰ ਪ੍ਰਣਾਲੀ ਅਤੇ ਵਧੀਆ ਸਿਹਤ ਸਿੱਖਿਆ ਨਾਲ ਇਹ ਸਰਵਾਈਕਲ ਕੈਂਸਰ ਇੱਕ ਅਸਰਦਾਰ ਸਕਰੀਨਿੰਗ ਸਾਧਨ ਬਣ ਸਕਦਾ ਹੈ।