You’re viewing a text-only version of this website that uses less data. View the main version of the website including all images and videos.
ਕੀ ਸੱਚਮੁੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੰਭ ਮੇਲੇ 'ਚ ਲਗਾਈ ਡੁਬਕੀ
- ਲੇਖਕ, ਫੈਕਟ ਚੈੱਕ ਟੀਮ
- ਰੋਲ, ਬੀਬੀਸੀ ਨਿਊਜ਼
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 4-5 ਪੁਰਾਣੀਆਂ ਤਸਵੀਰਾਂ ਇਸ ਦਾਅਵੇ ਦੇ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਕਿ 'ਪ੍ਰਧਾਨ ਮੰਤਰੀ ਮੋਦੀ ਨੇ ਕੁੰਭ ਮੇਲੇ 'ਚ ਲਗਾਈ ਡੁਬਕੀ।'
ਹਿੰਦੂਤਤਵ ਰੁਝਾਨ ਵਾਲੇ ਕਈ ਫੇਸਬੁੱਕ ਗਰੁਪਾਂ 'ਚ ਇਨ੍ਹਾਂ ਤਸਵੀਰਾਂ ਨੂੰ ਸੈਂਕੜੇ ਵਾਰ ਸ਼ੇਅਰ ਕੀਤਾ ਗਿਆ ਹੈ। ਇਹ ਤਸਵੀਰਾਂ ਟਵਿੱਟਰ 'ਤੇ ਵੀ ਪੋਸਟ ਕੀਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਨੂੰ 'ਹਿੰਦੂ ਸ਼ੇਰ' ਲਿਖਣ ਵਾਲੇ ਕਈ ਲੋਕਾਂ ਨੇ ਇਨ੍ਹਾਂ ਤਸਵੀਰਾਂ ਦੇ ਆਧਾਰ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਸੁਆਲ ਚੁੱਕੇ ਹਨ।
ਉਨ੍ਹਾਂ ਨੇ ਲਿਖਿਆ, "ਖ਼ੁਦ ਨੂੰ ਜਨੇਊਧਾਰੀ ਹਿੰਦੂ ਕਹਿਣ ਵਾਲੇ ਰਾਹੁਲ ਗਾਂਧੀ ਕਦੋਂ ਕੁੰਭ 'ਚ ਡੁਬਕੀ ਲਗਾਉਣਗੇ?"
ਇਹ ਵੀ ਪੜ੍ਹੋ-
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ (ਇਲਾਹਾਬਾਦ) 'ਚ 6 ਸਾਲ ਬਾਅਦ ਆਉਣ ਵਾਲੇ ਅਰਧ ਕੁੰਭ ਮੇਲੇ ਦੀ ਸ਼ੁਰੂਆਤ ਹੋ ਗਈ ਹੈ ਜਿਸ ਨੂੰ ਹਿੰਦੂਆਂ ਦਾ ਵੱਡਾ ਧਾਰਿਮਕ ਸਮਾਗਮ ਕਿਹਾ ਜਾਂਦਾ ਹੈ।
49 ਦਿਨ ਤੱਕ ਚੱਲਣ ਵਾਲੇ ਅਰਧ ਕੁੰਭ ਮੇਲੇ ਦਾ ਪਹਿਲਾ ਸ਼ਾਹੀ ਇਸਨਾਨ 15 ਜਨਵਰੀ (ਮੱਕਰ ਸੰਕ੍ਰਾਂਤੀ) ਨੂੰ ਸ਼ੁਰੂ ਹੋਇਆ ਸੀ। ਆਉਣ ਵਾਲੇ ਦਿਨਾਂ ਵਿੱਚ 6 ਮੁੱਖ ਤਿਉਹਾਰਾਂ 'ਤੇ ਸ਼ਾਹੀ ਇਸਨਾਨ ਹੋਣਗੇ।
ਪ੍ਰਧਾਨ ਮੰਤਰੀ ਮੋਦੀ 16 ਦਸੰਬਰ ਨੂੰ ਅਰਧ ਕੁੰਭ ਮੇਲੇ ਦੀ ਸ਼ੁਰੂਆਤ ਤੋਂ ਪਹਿਲਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪ੍ਰਯਾਗਰਾਜ (ਯੂਪੀ) ਗਏ ਜ਼ਰੂਰ ਸੀ।
ਪਰ ਇਸ ਗੱਲ ਦੀ ਕੋਈ ਅਧਿਕਾਰਤ ਸੂਚਨਾ ਨਹੀਂ ਹੈ ਕਿ ਉਨ੍ਹਾਂ ਨੇ ਇਸ ਕੁੰਭ ਮੇਲੇ 'ਚ ਅਜੇ ਤੱਕ ਇਸਨਾਨ ਨਹੀਂ ਕੀਤਾ ਹੈ।
2016 ਅਤੇ ਇਹੀ ਤਸਵੀਰਾਂ
ਰਿਵਰਸ ਇਮੇਜ ਸਰਚ ਤੋਂ ਪਤਾ ਲਗਦਾ ਹੈ ਕਿ ਪੀਐਮ ਮੋਦੀ ਦੀਆਂ ਜੋ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਉਨ੍ਹਾਂ ਨੂੰ ਸਾਲ 2016 'ਚ ਵੀ ਮੱਧ ਪ੍ਰਦੇਸ਼ ਦੇ ਉਜੈਨ ਕੁੰਭ ਦੌਰਾਨ ਸ਼ੇਅਰ ਕੀਤਾ ਗਿਆ ਸੀ।
ਸਾਲ 2016 'ਚ 22 ਅਪ੍ਰੈਲ ਤੋਂ ਲੈ ਕੇ 21 ਮਈ ਵਿਚਾਲੇ ਸਿਹੰਸਥ ਕੁੰਭ ਦਾ ਪ੍ਰਬੰਧ ਹੋਇਆ ਸੀ ਅਤੇ ਅੰਤਿਮ ਸ਼ਾਹੀ ਇਸਨਾਨ ਤੋਂ ਪਹਿਲਾਂ ਪੀਐਮ ਮੋਦੀ ਇਸ ਮੇਲੇ 'ਚ ਸ਼ਾਮਿਲ ਹੋਏ ਸਨ।
ਇਹ ਵੀ ਪੜ੍ਹੋ-
ਪੁਰਾਣੀਆਂ ਰਿਪੋਰਟਾਂ ਮੁਤਾਬਕ ਭਾਜਪਾ ਦੇ ਮਰਹੂਮ ਸੰਸਦ ਮੈਂਬਰ ਮਾਧਵ ਦਵੇ ਨੇ 2016 ਦੇ ਉਜੈਨ ਕੁੰਭ ਮੇਲੇ ਦੀ ਪ੍ਰਬੰਧ ਕਮੇਟੀ ਦੀ ਕਮਾਨ ਸੰਭਾਲੀ ਹੋਈ ਸੀ।
ਦਵੇ ਨੇ ਉਸ ਵੇਲੇ ਕਿਹਾ ਸੀ, "ਪ੍ਰਧਾਨ ਮੰਤਰੀ ਮੋਦੀ ਉਜੈਨ ਕੁੰਭ ਮੇਲੇ 'ਚ ਆਏ ਪਰ ਉਹ ਸ਼ਿਪਰਾ ਨਦੀ 'ਚ ਇਸਨਾਨ ਕਰਨ ਨਹੀਂ ਜਾਣਗੇ।" ਯਾਨਿ ਕਿ ਇਹ ਤਸਵੀਰਾਂ ਸਾਲ 2016 ਦੀਆਂ ਵੀ ਨਹੀਂ ਹਨ।
ਜਦੋਂ ਇਸਨਾਨ ਕਰਨ ਪਹੁੰਚੇ ਮੁੱਖ ਮੰਤਰੀ ਮੋਦੀ
ਆਪਣੀ ਜਾਂਚ 'ਚ ਸਾਨੂੰ ਪਤਾ ਲੱਗਿਆ ਕਿ ਵਾਇਰਲ ਹੋ ਰਹੀਆਂ ਨਰਿੰਦਰ ਮੋਦੀ ਦੀਆਂ ਤਸਵੀਰਾਂ ਸਾਲ 2004 ਦੀਆਂ ਹਨ।
ਨਰਿੰਦਰ ਮੋਦੀ ਉਸ ਵੇਲੇ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਉਜੈਨ 'ਚ ਮਹਾਕਾਲੇਸ਼ਵਰ ਜਿਓਤਿਲਿੰਗ ਦੇ ਦਰਸ਼ਨ ਕਰਨ ਪਹੁੰਚੇ ਸਨ।
ਪੁਰਾਣੀਆਂ ਰਿਪੋਰਟਾਂ ਮੁਤਾਬਕ ਮਈ 2004 'ਚ ਉਜੈਨ 'ਚ ਹੋਏ ਸਿਹੰਸਥ ਕੁੰਭ ਦੌਰਾਨ ਨਰਿੰਦਰ ਮੋਦੀ ਨੇ ਆਰਐਸਐਸ ਦੇ 'ਵੈਚਾਰਿਕ ਮਹਾਕੁੰਭ' 'ਚ ਹਿੱਸਾ ਲਿਆ ਸੀ ਅਤੇ ਸ਼ਿਪਰਾ ਨਦੀ 'ਚ ਇਸਨਾਨ ਵੀ ਕੀਤਾ ਸੀ।
ਇਨ੍ਹਾਂ ਰਿਪੋਰਟਾਂ ਮੁਤਾਬਕ ਸਾਲ 2004 ਦੀਆਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਰੁਕਣ ਤੋਂ ਬਾਅਦ ਨਰਿੰਦਰ ਮੋਦੀ ਨੇ ਉਜੈਨ ਦਾ ਦੌਰਾ ਕੀਤਾ ਸੀ।