'ਭਾਜਪਾ ਕਾਰਕੁਨ ਦੀ ਗਊ ਮਾਸ ਤਸਕਰੀ ਦੇ ਇਲਜ਼ਾਮ 'ਚ ਗ੍ਰਿਫ਼ਤਾਰੀ' ਦਾ ਸੱਚ

    • ਲੇਖਕ, ਪਾਰਥ ਪਾਂਡਿਆ
    • ਰੋਲ, ਫੈਕਟ ਚੈੱਕ ਟੀਮ, ਬੀਬੀਸੀ ਨਿਊਜ਼

ਦਾਅਵਾ: ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੱਕ ਕਾਰਕੁਨ ਨੂੰ ਗਊ ਮਾਸ ਦੀ ਤਸਕਰੀ ਦੇ ਜੁਰਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸਦੀ ਕਾਰ ਪੁਲਿਸ ਨੇ ਜ਼ਬਤ ਕਰ ਲਈ ਹੈ।

ਇਸ ਦਾਅਵੇ ਦੇ ਨਾਲ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਕਈ ਫੇਸਬੁੱਕ ਪੰਨਿਆਂ ਅਤੇ ਗਰੁੱਪਾਂ ਵਿੱਚ ਸ਼ੇਅਰ ਕੀਤਾ ਗਿਆ ਹੈ।

ਫੇਸਬੁੱਕ ਸਰਚ ਮੁਤਾਬਕ ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਵੀਡੀਓ ਦੇ ਸ਼ੁਰੂਆਤੀ ਹਿੱਸੇ ਵਿੱਚ ਇੱਕ ਫੋਟੋ ਵਰਤੀ ਗਈ ਹੈ, ਜਿਸ ਵਿੱਚ ਇੱਕ ਸ਼ਖ਼ਸ ਸੜਕ 'ਤੇ ਬੈਠਾ ਵਿਖਾਈ ਦਿੰਦਾ ਹੈ ਅਤੇ ਇਸਦੇ ਆਲੇ-ਦੁਆਲੇ ਮਾਸ ਦੇ ਕੁਝ ਟੁੱਕੜੇ ਪਏ ਹੋਏ ਹਨ।

ਤਸਵੀਰ ਵਿੱਚ ਵਿਖਾਈ ਦਿੰਦਾ ਹੈ ਕਿ ਉਸ ਸ਼ਖ਼ਸ ਦੇ ਆਲੇ-ਦੁਆਲੇ ਖੜ੍ਹੇ ਲੋਕ ਉਸ ਨੂੰ ਘੂਰ ਰਹੇ ਸਨ।

ਇਹ ਵੀ ਪੜ੍ਹੋ:

ਵੀਡੀਓ ਦੇ ਦੂਜੇ ਹਿੱਸੇ ਵਿੱਚ ਦੋ ਹੋਰ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿੱਚ ਮੁਲਜ਼ਮ ਦੀ ਗੱਡੀ ਅਤੇ ਉਸ ਵਿੱਚ ਭਰੇ ਮਾਸ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਵੀਡੀਓ ਵਿੱਚ ਇਸ ਘਟਨਾ ਨੂੰ ਤਾਜ਼ਾ ਦੱਸਿਆ ਗਿਆ ਹੈ। ਪਰ ਜਦੋਂ ਅਸੀਂ ਇਸ ਵੀਡੀਓ ਦੀ ਪੜਤਾਲ ਕੀਤੀ ਤਾਂ ਇਨ੍ਹਾਂ ਸਾਰਿਆਂ ਦਾਅਵਿਆਂ ਨੂੰ ਫਰਜ਼ੀ ਪਾਇਆ ਗਿਆ।

'ਝਾਰਖੰਡ ਮੋਬ ਲਿਚਿੰਗ' ਦੀ ਫ਼ੋਟੋ

ਰਿਵਰਸ ਸਰਚ ਵਿੱਚ ਅਸੀਂ ਦੇਖਿਆ ਕਿ ਇਸ ਵੀਡੀਓ ਨੂੰ ਜਨਤਕ ਤੌਰ 'ਤੇ ਫੇਸਬੁੱਕ ਉੱਤੇ ਸਭ ਤੋਂ ਪਹਿਲਾਂ 'ਸਾਕਸ਼ੀ ਸ਼ਰਮਾ' ਨਾਮ ਦੀ ਪ੍ਰੋਫ਼ਾਈਲ ਨੇ ਪੋਸਟ ਕੀਤਾ ਸੀ।

ਇਸ ਪ੍ਰੋਫ਼ਾਈਲ ਪੇਜ ਤੋਂ ਬੀਤੇ ਤਿੰਨ ਮਹੀਨੇ ਵਿੱਚ ਕਰੀਬ 50 ਹਜ਼ਾਰ ਲੋਕਾਂ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।

ਤਸਵੀਰਾਂ ਦੀ ਜਾਂਚ ਵਿੱਚ ਸਾਨੂੰ ਪਤਾ ਲੱਗਿਆ ਕਿ ਪਹਿਲੀ ਤਸਵੀਰ 28 ਜੂਨ 2017 ਦੀ ਹੈ।

ਇਹ ਵੀ ਪੜ੍ਹੋ:

ਇਹ ਵਾਕਿਆ ਝਾਰਖੰਡ ਦੇ ਰਾਂਚੀ ਸ਼ਹਿਰ ਨਾਲ ਲੱਗਦੇ ਰਾਮਗੜ੍ਹ ਦਾ ਸੀ, ਜਿੱਥੇ ਮਾਸ ਲਿਜਾ ਰਹੇ ਅਲੀਮੂਦੀਨ ਨਾਮਕ ਇੱਕ ਨੌਜਵਾਨ ਦਾ ਭੀੜ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਸੀ।

ਅਲੀਮੂਦੀਨ ਦੇ ਕਤਲ ਤੋਂ ਬਾਅਦ ਗੁੱਸੇ ਨਾਲ ਭਰੇ ਲੋਕਾਂ ਨੇ ਉਨ੍ਹਾਂ ਦੀ ਗੱਡੀ ਵਿੱਚ ਅੱਗ ਲਗਾ ਦਿੱਤਾ ਸੀ। ਉਨ੍ਹਾਂ ਦੀ ਕਾਰ ਦਾ ਨੰਬਰ WB 02K 1791 ਸੀ।

ਅਲੀਮੂਦੀਨ ਦੀ ਪਤਨੀ ਨੇ ਬੀਬੀਸੀ ਨੂੰ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਦੇ ਪਤੀ ਪੇਸ਼ੇ ਤੋਂ ਡਰਾਈਵਰ ਸਨ ਅਤੇ ਕਿਸੇ ਸਿਆਸੀ ਪਾਰਟੀ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਸੀ।

ਜਦੋਂ ਇਹ ਘਟਨਾ ਹੋਈ ਸੀ, ਉਸ ਸਮੇਂ ਬੀਬੀਸੀ ਨੂੰ ਇੱਕ ਚਸ਼ਮਦੀਦ ਨੇ ਦੱਸਿਆ ਸੀ ਕਿ ਭੀੜ ਵਿੱਚ ਸ਼ਾਮਲ ਲੋਕ ਹੱਲਾ ਕਰ ਰਹੇ ਸਨ ਕਿ ਉਨ੍ਹਾਂ ਦੀ ਕਾਰ ਵਿੱਚ ਗਾਂ ਦਾ ਮਾਸ ਹੈ।

ਇਸ ਤੋਂ ਬਾਅਦ ਉੱਥੇ ਲੋਕਾਂ ਦੀ ਗਿਣਤੀ ਵਧਦੀ ਚਲੀ ਗਈ। ਸਾਰਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ ਅਤੇ ਹੇਠ ਲਾਹ ਕੇ ਮਾਰਨ ਲੱਗੇ। ਇਸ ਦੌਰਾਨ ਕੁਝ ਲੋਕਾਂ ਨੇ ਪੈਟਰੋਲ ਛਿੜਕ ਕੇ ਉਨ੍ਹਾਂ ਦੀ ਗੱਡੀ ਵਿੱਚ ਅੱਗ ਲਗਾ ਦਿੱਤੀ।

ਝਾਰਖੰਡ ਦੀ ਰਾਮਗੜ੍ਹ ਕੋਰਟ ਨੇ ਕਥਿਤ ਤੌਰ 'ਤੇ ਗਾਂ ਦਾ ਮਾਸ ਲਿਜਾ ਜਾ ਰਹੇ ਇੱਕ ਨੌਜਵਾਨ ਦੀ ਕੁੱਟ-ਕੁੱਟ ਕੇ ਹੱਤਿਆ ਦੇ ਮਾਮਲੇ ਵਿੱਚ 11 ਕਥਿਤ ਗਊ ਰੱਖਿਅਕਾਂ ਨੂੰ ਕਤਲ ਦਾ ਦੋਸ਼ੀ ਕਰਾਰ ਦਿੱਤਾ ਹੈ।

ਰਾਮਗੜ੍ਹ ਜ਼ਿਲ੍ਹੇ ਦੀ ਪੁਲਿਸ ਨੇ ਮੌਬ ਲੀਚਿੰਗ ਦੇ ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦੋ ਨੇਤਾਵਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਅਲੀਮੂਦੀਨ ਦੀ ਪਤਨੀ ਨੇ ਇਨ੍ਹਾਂ ਨੂੰ ਨਾਮਜ਼ਦ ਮੁਲਜ਼ਮ ਬਣਾਇਆ ਸੀ।

ਉੱਥੇ ਹੀ ਇਸ ਮਾਮਲੇ ਵਿੱਚ 11 ਕਥਿਤ ਗਊ ਰੱਖਿਅਕਾਂ ਨੂੰ ਰਾਮਗੜ੍ਹ ਕੋਰਟ ਨੇ ਹੱਤਿਆ ਦਾ ਦੋਸ਼ੀ ਕਰਾਰ ਦਿੱਤਾ ਸੀ।

ਇਹ ਵੀ ਪੜ੍ਹੋ:

ਵੀਡੀਓ ਦੇ ਦੂਜੇ ਹਿੱਸੇ ਵਿੱਚ ਗੁਜਰਾਤ ਦੇ ਅਹਿਮਦਾਬਾਦ ਦੀ ਨੰਬਰ ਪਲੇਟ ਵਾਲੀ ਇੱਕ ਚਿੱਟੀ ਕਾਰ ਦੀ ਫੋਟੋ ਵਰਤੀ ਗਈ ਹੈ ਅਤੇ ਤਸਵੀਰ 'ਤੇ ਭਾਰਤੀ ਜਨਤਾ ਪਾਰਟੀ ਦਾ ਚੋਣ ਚਿੰਨ੍ਹ 'ਕਮਲ ਦਾ ਫੁੱਲ' ਬਣਿਆ ਹੋਇਆ ਹੈ।

ਇਸਦੇ ਨਾਲ ਵਰਤੇ ਗਏ ਇੱਕ ਹੋਰ ਫੋਟੋ ਵਿੱਚ ਕੁਝ ਪੁਲਿਸ ਵਾਲੇ ਵੀ ਹਨ ਜਿਨ੍ਹਾਂ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੋਇਆ ਹੈ।

ਇਨ੍ਹਾਂ ਤਸਵੀਰਾਂ ਬਾਰੇ ਗੁਜਰਾਤ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਅਸੀਂ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਹਾ ਕਿ ਗਊ ਮਾਸ ਦੀ ਤਸਕਰੀ ਦੇ ਇਲਜ਼ਾਮ ਵਿੱਚ ਬੀਤੇ ਸਾਲਾਂ ਵਿੱਚ ਕਈ ਭਾਜਪਾ ਕਾਰਕੁਨ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਅਹਿਮਦਾਬਾਦ ਸ਼ਹਿਰ ਦੇ ਭਾਰਤੀ ਜਨਤਾ ਪਾਰਟੀ ਪ੍ਰਧਾਨ ਜਗਦੀਸ਼ ਪੰਚਾਲ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਆਪਣੇ ਕਿਸੇ ਕਾਰਕੁਨ ਦੇ ਗ੍ਰਿਫ਼ਤਾਰ ਹੋਣ ਦੀ ਖ਼ਬਰ ਨੂੰ ਫਰਜ਼ੀ ਦੱਸਿਆ।

ਉਨ੍ਹਾਂ ਕਿਹਾ, "ਪਿਛਲੇ ਕਾਫ਼ੀ ਸਮੇਂ ਤੋਂ ਭਾਜਪਾ ਦੇ ਕਿਸੇ ਵੀ ਸਰਗਰਮ ਕਾਰਕੁਨ 'ਤੇ ਅਹਿਮਦਾਬਾਦ ਵਿੱਚ ਗਊ ਮਾਸ ਦੀ ਤਸਕਰੀ ਦਾ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ।''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)