ਸਾਰਾਗੜ੍ਹੀ ਜੰਗ 'ਤੇ ਅਕਸ਼ੇ ਕੁਮਾਰ ਤੋਂ ਇਲਾਵਾ ਬਾਲੀਵੁੱਡ ਇਸ ਸਾਲ ਤੁਹਾਡੇ ਲਈ ਲਿਆ ਰਿਹਾ ਹੈ ਕਮਾਲ ਦੀਆਂ ਫਿਲਮਾਂ

2019 ਵਿੱਚ ਬੌਕਸ ਆਫ਼ਿਸ 'ਤੇ ਕਈ ਅਹਿਮ ਫ਼ਿਲਮਾਂ ਦੀ ਭਰਮਾਰ ਹੋਵੇਗੀ, ਕਈ ਬਾਇਓਪਿਕ ਫ਼ਿਲਮਾਂ ਵੀ ਬੌਕਸ ਆਫ਼ਿਸ 'ਤੇ ਦਸਤਕ ਦੇਣਗੀਆਂ। ਇਸ ਸਾਲ ਬਾਲੀਵੁੱਡ ਵਿੱਚ ਵੱਡੇ ਬਜਟ ਵਾਲੀਆਂ ਫ਼ਿਲਮਾਂ ਆਉਣ ਵਾਲੀਆਂ ਹਨ।

ਸਾਲ ਦੀ ਜ਼ਬਰਦਸਤ ਸ਼ੁਰੂਆਤ ਲੈ ਕੇ ਸਾਲ ਦਾ ਪਹਿਲਾ ਮਹੀਨਾ ਹਾਜ਼ਰ ਹੈ-

11 ਜਨਵਰੀ 2019 ਨੂੰ ਦੋ ਫ਼ਿਲਮਾਂ ਰਿਲੀਜ਼ ਹੋਣਗੀਆਂ।

ਉਰੀ- ਦਿ ਸਰਜੀਕਲ ਸਟ੍ਰਾਈਕ, ਇਸ ਫ਼ਿਲਮ ਵਿੱਚ ਤੁਹਾਨੂੰ ਵਿੱਕੀ ਕੌਸ਼ਲ, ਪਰੇਸ਼ ਰਾਵਲ ਅਤੇ ਯਾਮੀ ਗੌਤਮ ਨਜ਼ਰ ਆਉਣਗੇ। ਇਹ ਫ਼ਿਲਮ 2016 ਦੀ ਇੰਡੀਅਨ ਆਰਮੀ ਦੀ ਕਥਿਤ ਸਰਜੀਕਲ ਸਟ੍ਰਾਈਕ ਜਿਹੜੀ ਪਾਕਿਸਤਾਨ ਖ਼ਿਲਾਫ਼ ਹੋਈ ਸੀ ਉਸ 'ਤੇ ਆਧਾਰਿਤ ਹੈ।

ਦੂਜੇ ਪਾਸੇ ਹੈ 'ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ'- ਇਸ ਫ਼ਿਲਮ ਵਿੱਚ ਤੁਹਾਨੂੰ ਅਨੁਪਮ ਖੇਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦੇਣਗੇ।

ਇਹ ਫ਼ਿਲਮ ਸੰਜੇ ਬਾਰੂ ਦੀ ਕਿਤਾਬ 'ਤੇ ਆਧਾਰਿਤ ਹੈ। ਬਾਰੂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਸਨ। ਸੰਜੇ ਬਾਰੂ ਦੀ ਭੂਮਿਕਾ ਵਿੱਚ ਅਕਸ਼ੇ ਖੰਨਾ ਨਜ਼ਰ ਆਉਣਗੇ।

ਇਹ ਵੀ ਪੜ੍ਹੋ:

25 ਜਨਵਰੀ 2019 ਨੂੰ ਰਿਲੀਜ਼ ਹੋਣਗੀਆਂ ਦੋ ਬਾਇਓਪਿਕ ਫ਼ਿਲਮਾਂ

ਠਾਕਰੇ- ਇਹ ਫਿਲਮ ਦੋ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ ਮਰਾਠੀ ਅਤੇ ਹਿੰਦੀ। ਫ਼ਿਲਮ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੀ ਜ਼ਿੰਦਗੀ 'ਤੇ ਆਧਾਰਿਤ ਹੈ।

ਇਸ ਫ਼ਿਲਮ ਵਿੱਚ ਬਾਲ ਠਾਕਰੇ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਮੀਨਾ ਤਾਈ ਦੇ ਕਿਰਦਾਰ ਵਿੱਚ ਦਿਖੇਗੀ ਅਦਾਕਾਰਾ ਅਮ੍ਰਿਤਾ ਰਾਓ। ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਬਾਲ ਠਾਕਰੇ ਦੇ 93ਵੇਂ ਜਨਮ ਦਿਨ ਮੌਕੇ ਰਿਲੀਜ਼ ਹੋਵੇਗੀ।

ਇਸ ਸਾਲ ਦੋ ਫਿਲਮਾਂ ਲੈ ਕੇ ਆ ਰਹੀ ਹੈ ਕੰਗਨਾ ਰਨੌਤ।

ਮਣੀਕਰਨਿਕਾ-ਦਿ ਕਵੀਨ ਆਫ਼ ਝਾਂਸੀ। ਇਹ ਇੱਕ ਇਤਿਹਾਸਕ ਬਾਇਓਪਿਕ ਫਿਲਮ ਹੈ, ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦੀ ਜ਼ਿੰਦਗੀ 'ਤੇ ਆਧਾਰਿਤ।

ਇਸ ਫ਼ਿਲਮ ਵਿੱਚ ਝਾਂਸੀ ਦੀ ਰਾਣੀ ਦੀ ਭੂਮਿਕਾ ਨਿਭਾਉਂਦੇ ਹੋਈ ਤੁਹਾਨੂੰ ਕੰਗਨਾ ਰਨੌਤ ਨਜ਼ਰ ਆਵੇਗੀ ਅਤੇ ਉਨ੍ਹਾਂ ਨਾਲ ਇਸ ਫ਼ਿਲਮ ਵਿੱਚ ਅੰਕਿਤਾ ਲੋਖੰਡੇ ਵੀ ਹੈ।

ਕੰਗਨਾ ਰਨੌਤ ਦੀ ਦੂਜੀ ਫ਼ਿਲਮ ਰਾਜਕੁਮਾਰ ਰਾਓ ਦੇ ਨਾਲ 'ਮੈਂਟਲ ਹੈ ਕਿਆ' 29 ਮਾਰਚ ਨੂੰ ਰਿਲੀਜ਼ ਹੋਵੇਗੀ। ਇਹ ਫ਼ਿਲਮ ਆਪਣੇ ਦਰਸ਼ਕਾਂ ਲਈ ਅਡਲਟ ਕਾਮੇਡੀ ਲੈ ਕੇ ਆਵੇਗੀ।

ਫਰਵਰੀ ਮਹੀਨੇ ਵਿੱਚ ਲੰਬੇ ਸਮੇਂ ਤੋਂ ਬਾਅਦ ਵੱਡੇ ਪਰਦੇ 'ਤੇ ਨਜ਼ਰ ਆਵੇਗੀ ਜੂਹੀ ਚਾਵਲਾ, ਇੱਕ ਫਰਵਰੀ 2019 ਨੂੰ ਚਰਚਿਤ ਮੁੱਦੇ ਐਲਜੀਬੀਟੀ 'ਤੇ ਆਧਾਰਿਤ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਰਿਲੀਜ਼ ਹੋਵੇਗੀ ਜਿਸ ਵਿੱਚ ਜੂਹੀ ਚਾਵਲਾ ਦੇ ਨਾਲ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਵੇਗੀ ਸੋਨਮ ਕਪੂਰ ਅਤੇ ਉਨ੍ਹਾਂ ਦੇ ਪਿਤਾ ਅਨਿਲ ਕਪੂਰ।

ਸਾਲ 2018 ਜਨਵਰੀ ਦੇ ਮਹੀਨੇ ਆਈ ਪਦਮਾਵਤ ਦੇ ਖਿਲਜੀ ਰਣਵੀਰ ਸਿੰਘ ਨੇ ਪਿਛਲੇ ਸਾਲ ਆਪਣੀ ਫ਼ਿਲਮ 'ਗਲੀ ਬੁਆਏ' ਦੀ ਸ਼ੂਟਿੰਗ ਆਲੀਆ ਭੱਟ ਦੇ ਨਾਲ ਖ਼ਤਮ ਕੀਤੀ ਜਿਹੜੀ ਵੈਲੇਨਟਾਈਂਸ ਡੇਅ 'ਤੇ 14 ਫਰਵਰੀ ਨੂੰ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ:

ਪਿਆਰ ਦਾ ਮਹੀਨਾ ਮੰਨੇ ਜਾਣ ਵਾਲੇ ਫਰਵਰੀ ਤੋਂ ਬਾਅਦ 1 ਮਾਰਚ ਨੂੰ ਇੱਕ ਰੋਮਾਂਟਿਕ ਕਹਾਣੀ 'ਲੁਕਾ ਛੁਪੀ' ਲੈ ਕੇ ਆਉਣਗੇ ਕਾਰਤਿਕ ਆਰਿਅਨ ਅਤੇ ਕ੍ਰਿਤੀ ਸੈਨਨ।

ਇਸ ਤੋਂ ਬਾਅਦ ਲੰਬੇ ਸਮੇਂ ਤੋਂ ਆਪਣੇ ਫੈਂਸ ਨੂੰ ਉਡੀਕ ਕਰਵਾਉਣ ਵਾਲੇ ਅਕਸ਼ੇ ਕੁਮਾਰ ਲਿਆ ਰਹੇ ਹਨ ਦਿ ਮੋਸਟ ਅਵੇਟਡ ਧਰਮ ਪ੍ਰੋਡਕਸ਼ਨ ਵਿੱਚ ਬਣੀ ਫ਼ਿਲਮ 'ਕੇਸਰੀ'

ਇਹ ਕਹਾਣੀ ਹੈ ਹਵਲਦਾਰ ਈਸ਼ਰ ਸਿੰਘ ਦੀ ਹੈ, ਜਿਨ੍ਹਾਂ ਨੇ ਸਾਲ 1897 ਵਿੱਚ ਸਾਰਾਗੜ੍ਹੀ ਦੀ ਲੜਾਈ ਲੜੀ ਸੀ। ਜਿੱਥੇ 21 ਸਿੱਖ 10,000 ਅਫ਼ਗਾਨ ਲੋਕਾਂ ਨਾਲ ਭਿੜੇ ਸਨ।

ਇਹ ਫ਼ਿਲਮ 21 ਮਾਰਚ 2019 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ ਅਤੇ ਇਸ ਵਿੱਚ ਅਕਸ਼ੇ ਦੇ ਨਾਲ ਪਰੀਨੀਤੀ ਚੋਪੜਾ ਵੀ ਨਜ਼ਰ ਆਵੇਗੀ।

ਇਸ ਸਾਲ ਜਿਸ ਫ਼ਿਲਮ ਦੀ ਸਭ ਤੋਂ ਵੱਧ ਚਰਚਾ ਹੈ, ਉਹ ਹੈ 'ਕਲੰਕ'। ਇਸ ਫ਼ਿਲਮ ਦੇ ਜ਼ਰੀਏ ਮਾਧੁਰੀ ਦੀਕਸ਼ਤ ਅਤੇ ਸੰਜੇ ਦੱਤ ਸਾਲਾਂ ਬਾਅਦ ਵੱਡੇ ਪਰਦੇ 'ਤੇ ਨਾਲ ਆਉਣ ਜਾ ਰਹੇ ਹਨ।

ਮਾਧੁਰੀ ਅਤੇ ਸੰਜੇ ਤੋਂ ਇਲਾਵਾ ਫਿਲਮ ਵਿੱਚ ਆਲੀਆ ਭੱਟ, ਸੋਨਾਕਸ਼ੀ ਸਿਨਹਾ ਅਤੇ ਵਰੁਣ ਧਵਨ ਅਤੇ ਅਦਿੱਤਿਆ ਰਾਇ ਕਪੂਰ ਲੀਡ ਰੋਲ ਵਿੱਚ ਹਨ। ਫ਼ਿਲਮ ਇੱਕ ਪੀਰੀਅਡ ਡਰਾਮਾ ਹੈ। ਇਹ ਫ਼ਿਲਮ 19 ਅਪ੍ਰੈਲ 2019 ਨੂੰ ਰਿਲੀਜ਼ ਹੋਵੇਗੀ।

ਸਲਮਾਨ ਖ਼ਾਨ 2019 ਵਿੱਚ ਈਦ 'ਤੇ ਇੱਕ ਵਾਰ ਮੁ਼ੜ ਆਪਣੀ ਵੱਡੀ ਫ਼ਿਲਮ ਲੈ ਕੇ ਆ ਰਹੇ ਹਨ। ਕਟਰੀਨਾ ਕੈਫ਼ ਅਤੇ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' 5 ਜੂਨ 2019 ਨੂੰ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ:

ਅਕਸ਼ੇ ਕੁਮਾਰ ਅਤੇ ਰਿਤੇਸ਼ ਦੇਸ਼ਮੁਖ ਅਗਲੇ ਸਾਲ 'ਹਾਊਸਫੁਲ' ਸੀਰੀਜ਼ ਦਾ ਅਗਲਾ ਸਿਕਵਲ ਲੈ ਕੇ ਆ ਰਹੇ ਹਨ। 'ਹਾਊਸਫੁਲ 4' ਵਿੱਚ ਅਕਸ਼ੇ ਕੁਮਾਰ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨਨ, ਪੂਜਾ ਹੇਗੜੇ ਅਤੇ ਕ੍ਰਿਤੀ ਖਰਬੰਦਾ ਨਜ਼ਰ ਆਉਣਗੇ।

2018 ਵਿੱਚ ਜਾਨਵੀ ਕਪੂਰ ਅਤੇ ਸਾਰਾ ਅਲੀ ਖ਼ਾਨ ਦੇ ਡੈਬਿਊ ਕਰਨ ਤੋਂ ਬਾਅਦ 2019 'ਚ ਡੈਬਿਊ ਕਰਦੀ ਨਜ਼ਰ ਆਵੇਗੀ ਅਦਾਕਾਰ ਚੰਕੀ ਪਾਂਡੇ ਦੀ ਕੁੜੀ ਅਨਨਿਆ ਅਦਾਕਾਰ ਟਾਈਗਰ ਸ਼ਰਾਫ ਦੇ ਨਾਲ 'ਸਟੂਡੈਂਟ ਆਫ਼ ਦਿ ਈਅਰ 2'। ਇਸ ਫ਼ਿਲਮ ਵਿੱਚ ਅਨਨਿਆ ਪਾਂਡੇ ਦੇ ਨਾਲ ਤਾਰਾ ਸੁਤਾਰਿਆ ਵੀ ਹੋਵੇਗੀ।

1991 ਵਿੱਚ ਆਈ ਸੰਜੇ ਦੱਤ ਅਤੇ ਪੂਜਾ ਭੱਟ ਸਟਾਰਰ ਫ਼ਿਲਮ ਸੜਕ ਦਾ ਸੀਕਵਲ ਬਣਨ ਵਾਲਾ ਹੈ। ਖਾਸ ਗੱਲ ਇਹ ਹੈ ਕਿ ਸੜਕ-2 ਵਿੱਚ ਮਹੇਸ਼ ਭੱਟ ਦੀ ਕੁੜੀ ਆਲੀਆ ਭੱਟ ਲੀਡ ਰੋਲ ਵਿੱਚ ਹੈ। ਪਿਤਾ ਦੇ ਡਾਇਰੈਕਸ਼ਨ ਵਿੱਚ ਆਲੀਆ ਪਹਿਲੀ ਵਾਰ ਕੰਮ ਕਰੇਗੀ। ਫ਼ਿਲਮ ਵਿੱਚ ਆਲੀਆ ਤੋਂ ਇਲਾਵਾ ਪੂਜਾ ਭੱਟ, ਆਦਿਤਿਆ ਰਾਏ ਕਪੂਰ ਅਤੇ ਸੰਜੇ ਦੱਤ ਵੀ ਨਜ਼ਰ ਆਉਣਗੇ।

ਸਾਲ ਦੀ ਆਖ਼ਰੀ ਵੱਡੀ ਫ਼ਿਲਮ 'ਬ੍ਰਹਮਾਸਤਰ' ਜਿਸਦੀ ਉਡੀਕ ਇਸਦੇ ਐਲਾਨ ਤੋਂ ਬਾਅਦ ਹੀ ਕੀਤੀ ਜਾ ਰਹੀ ਹੈ, ਜਦੋਂ ਤੋਂ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਡੇਟ ਕਰਨਾ ਸ਼ੁਰੂ ਕੀਤਾ ਹੈ। ਇਹ ਫ਼ਿਲਮ 20 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਹ ਇੱਕ ਸੁਪਰਹੀਰੋ ਫ਼ਿਲਮ ਹੈ, ਜਿਸ ਵਿੱਚ ਰਣਬੀਰ ਕਪੂਰ, ਆਲੀਆ ਭੱਟ, ਅਮਿਤਾਭ ਬੱਚਨ, ਡਿੰਪਲ ਕਪਾੜੀਆ ਅਤੇ ਨਾਗਅਰਜੁਨ ਲੀਡ ਰੋਲ ਵਿੱਚ ਆਉਣਗੇ।

ਇਹ ਵੀਡੀਓ ਵੀ ਤਹਾਨੂੰ ਪਸੰਦ ਆਉਣਗੇ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)