ਇਮਰਾਨ ਖ਼ਾਨ ਨੇ ਵਿਰਾਟ ਕੋਹਲੀ ਨੂੰ ਵਧਾਈ ਦਿੰਦਿਆਂ ਆਸਟਰੇਲੀਆ ’ਚ ਜਿੱਤ ਦੀ ਅਹਿਮੀਅਤ ਦੱਸੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਸਟਰੇਲੀਆ ਵਿੱਚ ਸੀਰੀਜ਼ ਜਿੱਤਣ 'ਤੇ ਵਧਾਈ ਦਿੱਤੀ ਹੈ।

ਇਮਰਾਨ ਨੇ ਜਿੱਤ ਨੂੰ ਭਾਰਤੀ ਉਪ ਮਹਾਦੀਪ ਨਾਲ ਜੋੜਿਆ ਹੈ। ਉਨ੍ਹਾਂ ਕਿਹਾ, "ਪਹਿਲੀ ਵਾਰ ਕਿਸੇ ਉਪ ਮਹਾਂਦੀਪ ਦੀ ਟੀਮ ਨੇ ਆਸਟਰੇਲੀਆ ਵਿੱਚ ਟੈਸਟ ਸੀਰੀਜ਼ ਜਿੱਤੀ ਹੈ ਇਸ ਲਈ ਵਿਰਾਟ ਕੋਹਲੀ ਨੂੰ ਪੂਰੇ ਤਰੀਕੇ ਨਾਲ ਵਧਾਈ ਬਣਦੀ ਹੈ।''

ਹਾਲ ਵਿੱਚ ਆਸਟਰੇਲੀਆ ਵਿੱਚ ਹੋਈ ਟੈਸਟ ਸੀਰੀਜ਼ ਭਾਰਤ ਨੇ 2-1 ਨਾਲ ਜਿੱਤ ਲਈ ਹੈ। ਭਾਰਤ ਨੇ 1947-48 ਵਿੱਚ ਪਹਿਲੀ ਵਾਰ ਆਸਟਰੇਲੀਆ ਦਾ ਕ੍ਰਿਕਟ ਦੌਰਾ ਕੀਤਾ ਸੀ। ਉਸ ਤੋਂ ਬਾਅਦ ਹੁਣ ਤੱਕ ਭਾਰਤ ਇੱਕ ਵੀ ਟੈਸਟ ਸੀਰੀਜ਼ ਨਹੀਂ ਜਿੱਤ ਸਕਿਆ ਸੀ।

ਦਿਲਚਸਪ ਗੱਲ ਇਹ ਵੀ ਹੈ ਕਿ ਪਾਕਿਸਤਾਨ ਨੇ ਵੀ ਇਮਰਾਨ ਖ਼ਾਨ ਦੀ ਕਪਤਾਨੀ ਵਿੱਚ 1992 ਵਿੱਚ ਕ੍ਰਿਕਟ ਵਿਸ਼ਵ ਕੱਪ ਆਸਟਰੇਲੀਆ ਵਿੱਚ ਜਿੱਤਿਆ ਸੀ।

ਇਹ ਵੀ ਪੜ੍ਹੋ:

ਉਸ ਵਿਸ਼ਵ ਕੱਪ ਦੀ ਜੇਤੂ ਪਾਕਿਸਤਾਨੀ ਟੀਮ ਦਾ ਹਿੱਸਾ ਰਹੇ ਰਮੀਜ਼ ਰਾਜਾ ਨੇ ਵੀ ਭਾਰਤੀ ਟੀਮ ਦੇ ਖਿਡਾਰੀਆਂ ਦੇ ਹੁਨਰ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਖਿਡਾਰੀਆਂ ਨੂੰ ਵੀ ਕੁਲਦੀਪ ਯਾਦਵ ਤੇ ਪੁਜਾਰਾ ਤੋਂ ਸਿੱਖਣ ਦੀ ਲੋੜ ਹੈ।

ਪਾਕਿਸਤਾਨ ਵਿੱਚ ਇਮਰਾਨ ਖ਼ਾਨ ਵੱਲੋਂ ਦਿੱਤੀ ਗਈ ਵਧਾਈ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।

ਕਈ ਲੋਕ ਇਮਰਾਨ ਖ਼ਾਨ ਵੱਲੋਂ ਦਿੱਤੀ ਗਈ ਇਸ ਵਧਾਈ ਦੀ ਸ਼ਲਾਘਾ ਵੀ ਕਰ ਰਹੇ ਹਨ ਉੱਥੇ ਹੀ ਉਹ ਪਾਕਿਸਤਾਨੀ ਕ੍ਰਿਕਟ ਦੇ ਮਾੜੇ ਹਾਲਾਤ ਵੱਲ ਧਿਆਨ ਦੇਣ ਦੀ ਨਸੀਹਤ ਵੀ ਦੇ ਰਹੇ ਹਨ।

ਪਾਕਿਸਤਾਨ ਤੋਂ ਜ਼ੁਮਾਨ ਸ਼ਾਹ ਨੇ ਇਮਰਾਨ ਖ਼ਾਨ ਦੀ ਵਿਰਾਟ ਕੋਹਲੀ ਨੂੰ ਵਧਾਈ ਦੇਣ 'ਤੇ ਤਾਰੀਫ਼ ਕੀਤੀ ਹੈ।

ਪਾਕ ਸਰਜ਼ਮੀ ਪਾਰਟੀ ਦੇ ਰਜ਼ਾ ਹਰੂਨ ਨੇ ਕਿਹਾ ਹੈ ਕਿ ਇਮਰਾਨ ਖ਼ਾਨ ਨੂੰ ਪਾਕਿਸਤਾਨ ਨੂੰ ਦੱਖਣੀ ਅਫਰੀਕਾ ਤੇ ਨਿਊਜ਼ੀਲੈਂਡ ਤੋਂ ਮਿਲੀ ਹਾਰ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਭਾਰਤੀਆਂ ਵੱਲੋਂ ਵੀ ਇਮਰਾਨ ਖ਼ਾਨ ਵੱਲੋਂ ਦਿੱਤੀ ਵਧਾਈ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਨਿਵੇਦਿਤਾ ਰਾਏ ਨੇ ਇਮਰਾਨ ਖਾਨ ਨੂੰ ਭਾਰਤ ਵੱਲੋਂ ਢੇਰ ਸਾਰਾ ਪਿਆਰ ਭੇਜਿਆ ਹੈ।

ਬਲਵਿੰਦਰ ਨੇ ਵੀ ਇਮਰਾਨ ਖ਼ਾਨ ਦੀ ਤਾਰੀਫ਼ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ ਦਿਲ ਵਿੱਚ ਜੋ ਆਉਂਦਾ ਹੈ ਉਹ ਬੋਲ ਦਿੰਦੇ ਹਨ।

ਪਾਕਿਸਤਾਨ ਤੋਂ ਮੀਰ ਫਾਹਿਮ ਮੰਨਦੇ ਹਨ ਕਿ ਜੇ ਸਟੀਵਨ ਸਮਿਥ ਤੇ ਵਾਰਨਰ ਖੇਡ ਰਹੇ ਹੁੰਦੇ ਤਾਂ ਭਾਰਤ ਲਈ ਜਿੱਤਣਾ ਕਾਫੀ ਮੁਸ਼ਕਿਲ ਸੀ ਪਰ ਫਿਰ ਵੀ ਵਧਾਈ ਤਾਂ ਬਣਦੀ ਹੈ।

ਇਸ ਤੋਂ ਇਲਾਵਾ ਆਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਰਹੇ ਗਲੈਨ ਮੈਕ ਗ੍ਰਾਅ ਨੇ ਵੀ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੇ ਆਸਟਰੇਲੀਆ ਨੂੰ ਗੇਮ ਦੇ ਹਰ ਹਿੱਸੇ ਵਿੱਚ ਮਾਤ ਦਿੱਤੀ ਹੈ।

ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਵੀ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਸਾਰੀਆਂ ਟੀਮਾਂ ਨੂੰ ਇਸ ਸੀਰੀਜ਼ ਦੇ ਸਿਤਾਰੇ ਰਹੇ ਚੇਤੇਸ਼ਵਰ ਪੁਜਾਰਾ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ।

ਭਾਰਤ ਬਾਰੇ ਇਮਰਾਨ ਖ਼ਾਨ ਦੇ ਖਾਸ ਟਵੀਟ

ਇਮਰਾਨ ਖ਼ਾਨ ਅਕਸਰ ਭਾਰਤ ਬਾਰੇ ਟਵੀਟ ਕਰਦੇ ਰਹੇ ਹਨ। ਟਵਿੱਟਰ ’ਤੇ ਦਿੱਤੇ ਉਨ੍ਹਾਂ ਦੇ ਬਿਆਨ ਕਈ ਵਾਰ ਸੁਰਖੀਆਂ ਬਣੇ ਹਨ। ਪੇਸ਼ ਹਨ ਉਨ੍ਹਾਂ ਦੇ ਭਾਰਤ ਬਾਰੇ ਪੰਜ ਮੁੱਖ ਟਵੀਟ।

ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਤੇ ਭਾਰਤ ਨੂੰ ਸਲਾਹ

ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਜਾਣ ਤੋਂ ਪਹਿਲਾਂ ਅਤੇ ਫੇਰ ਉੱਥੇ ਪਾਈ ਪਾਕਿਸਤਾਨੀ ਫੌਜ ਦੇ ਮੁਖੀ ਜਰਨਲ ਬਾਜਵਾ ਨੂੰ ਪਾਈ ਜੱਫ਼ੀ ਕਾਰਨ ਭਾਰਤ ਵਿੱਚ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਇਮਰਾਨ ਖਾਨ ਨੇ ਆਪਣੇ ਦੋਸਤ ਦਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੂ ਦੀ ਆਲੋਚਨਾ ਕਰਨ ਵਾਲਿਆਂ ਦੇ ਚੂੰਢੀ ਵੀ ਵੱਢੀ।

ਉਨ੍ਹਾਂ ਕਿਹਾ ਸੀ, “ਜੋ ਲੋਕ ਭਾਰਤ ਵਿੱਚ ਉਨ੍ਹਾਂ (ਸਿੱਧੂ) ਦੀ ਆਲੋਚਨਾ ਕਰ ਰਹੇ ਹਨ ਉਹ ਉਪਮਹਾਂਦੀਪ ਵਿੱਚ ਸ਼ਾਂਤੀ ਨੂੰ ਨੁਕਸਾਨ ਪਹੁੰਚਾ ਰਹੇ ਹਨ— ਸ਼ਾਂਤੀ ਤੋਂ ਬਿਨਾਂ ਸਾਡੇ ਲੋਕ ਤਰਕੀ ਨਹੀਂ ਕਰ ਸਕਦੇ।”

ਇਸ ਤੋਂ ਬਾਅਦ ਇਮਰਾਨ ਨੇ ਇੱਕ ਹੋਰ ਟਵੀਟ ਕੀਤਾ:

ਉਨ੍ਹਾਂ ਲਿਖਿਆ, “ਅੱਗੇ ਵਧਣ ਲਈ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਕਸ਼ਮੀਰ ਸਮੇਤ ਸਾਰੇ ਮੁੱਦੇ ਸੁਲਝਾਉਣੇ ਚਾਹੀਦੇ ਹਨ। ਉੱਪ-ਮਹਾਂਦੀਪ ਦੇ ਲੋਕਾਂ ਦੀ ਗਰੀਬੀ ਦੇ ਖਾਤਮੇ ਲਈ ਸਾਨੂੰ ਆਪਣੇ ਮਸਲੇ ਗੱਲਬਾਤ ਨਾਲ ਸੁਲਝਾ ਕੇ ਵਪਾਰ ਸ਼ੁਰੂ ਕਰਨਾ ਪਵੇਗਾ।”

ਘੱਟ ਗਿਣਤੀਆਂ ਨਾਲ ਸਲੂਕ ਦੀ ਨਸੀਹਤ

ਬੀਤੇ ਸਾਲ ਕ੍ਰਿਸਮਸ ਮੌਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਸੀ ਕਿ ਨਵੇਂ ਪਾਕਿਸਤਾਨ ਵਿੱਚ ਇਹ ਧਿਆਨ ਰੱਖਿਆ ਜਾਵੇਗਾ ਕਿ ਘੱਟ-ਗਿਣਤੀਆਂ ਨੂੰ ਬਰਾਬਰੀ ਦੇ ਹੱਕ ਮਿਲਣ।

ਉਨ੍ਹਾਂ ਕਿਹਾ ਸੀ ਕਿ ਨਵੇਂ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਨਾਲ ਭਾਰਤ ਵਰਗਾ ਸਲੂਕ ਨਹੀਂ ਕੀਤਾ ਜਾਵੇਗਾ।

ਨਸੀਰੁਦੀਨ ਦੀ ਹਮਾਇਤ

ਫਿਲਮ ਅਦਾਕਾਰ ਨਸੀਰੂਦੀਨ ਸ਼ਾਹ ਨੇ ਯੂਪੀ ਦੇ ਬੁਲੰਦ ਸ਼ਹਿਰ ਵਿੱਚ ਮਾਰੇ ਗਏ ਪੁਲਿਸ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਬਾਰੇ ਕਿਹਾ ਸੀ ਕਿ ਇਸ ਦੇਸ ਵਿੱਚ ਪੁਲਿਸ ਇੰਸਪੈਕਟਰ ਨਾਲੋਂ ਗਊ ਦੀ ਕੀਮਤ ਜ਼ਿਆਦਾ ਹੈ।

ਇਸ ਬਾਰੇ ਇਮਰਾਨ ਖ਼ਾਨ ਨੇ ਕਿਹਾ ਸੀ, "ਜੋ ਨਸੀਰ ਭਾਰਤ ਵਿੱਚ ਹੁਣ ਮਹਿਸੂਸ ਕਰ ਰਹੇ ਹਨ ਉਹ ਮੁਹੰਮਦ ਅਲੀ ਜਿਨ੍ਹਾ ਨੇ ਪਹਿਲਾਂ ਹੀ ਮਹਿਸੂਸ ਕਰ ਲਿਆ ਸੀ ਅਤੇ ਇਸੇ ਕਾਰਨ ਉਨ੍ਹਾਂ ਨੇ ਪਾਕਿਸਤਾਨ ਦੀ ਮੰਗ ਕੀਤੀ ਸੀ।''

'ਛੋਟੇ ਦਿਲਾਂ ਵਾਲੇ ਵੱਡੇ ਬੰਦੇ'

ਇਮਰਾਨ ਖਾਨ ਨੇ 14 ਸਤੰਬਰ, 2018 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਨਿਊ ਯਾਰਕ ਵਿੱਚ ਹੋਣ ਜਾ ਰਹੀ ਸੰਯੁਕਤ ਰਾਸ਼ਟਰ ਦੀ ਜਰਨਲ ਅਸੈਂਬਲੀ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਰੱਖ ਲੈਣੀ ਚਾਹੀਦੀ ਹੈ।

ਹਾਲਾਂਕਿ ਪਹਿਲਾਂ ਭਾਰਤ ਇਸ ਗੱਲ ਲਈ ਸਹਿਮਤ ਹੋ ਗਿਆ ਪਰ ਚੌਵੀ ਘੰਟਿਆਂ ਦੇ ਅੰਦਰ ਹੀ ਇਸ ਤੋਂ ਪਿੱਛੇ ਹਟ ਗਿਆ। ਭਾਰਤ ਨੇ ਇਸ ਪਿੱਛੇ ਤਰਕ ਦਿੱਤਾ ਸੀ ਕਿ ਪਾਕਿਸਤਾਨ ਕਸ਼ਮੀਰ ਵਿੱਚ ਉਸਦੇ ਫੌਜੀ ਮਾਰ ਰਿਹਾ ਹੈ ਅਤੇ ਦਹਿਸ਼ਤਗਰਦੀ ਦੇ ਸੋਹਲੇ ਗਾ ਰਿਹਾ ਹੈ।

ਇਸ ਉੱਪਰ ਇਮਰਾਨ ਖਾਨ ਨੇ ਨਿਰਾਸ਼ਾ ਜ਼ਾਹਰ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਭਾਰਤ ਦੀ ਇਸ ਹੰਕਾਰ ਨਾਲ ਭਰੀ ਪ੍ਰਤੀਕਿਰਿਆ ਤੋਂ ਨਿਰਾਸ਼ ਹੋਏ ਹਨ।

ਉਨ੍ਹਾਂ ਕਿਹਾ ਸੀ, "ਹਾਲਾਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੇ ਛੋਟੇ ਲੋਕਾਂ ਨੂੰ ਮਿਲਿਆ ਹਾਂ ਜੋ ਵੱਡੇ ਅਹੁਦਿਆਂ 'ਤੇ ਹਨ ਪਰ ਉਨ੍ਹਾਂ ਕੋਲ ਸਮੁੱਚੀ ਤਸਵੀਰ ਨੂੰ ਦੇਖਣ ਦੀ ਨਜ਼ਰ ਨਹੀਂ ਹੁੰਦੀ।"

ਭਾਰਤ ਕਸ਼ੀਮੀਰੀਆਂ ਨੂੰ ਫੈਸਲੇ ਦਾ ਹੱਕ ਹੋਵੇ

16 ਦਸੰਬਰ, 2018 ਨੂੰ ਇਮਰਾਨ ਖਾਨ ਨੇ ਟਵੀਟ ਕਰਕੇ ਭਾਰਤੀ ਕਸ਼ਮੀਰ ਦੇ ਪੁਲਵਾਮਾ ਵਿੱਚ ਮਾਰੇ ਗਏ ਕਸ਼ਮੀਰੀਆਂ ਖਿਲਾਫ਼ ਰੋਸ ਪ੍ਰਗਟ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਹਿੰਸਾ ਨਾਲ ਨਹੀਂ ਸਗੋਂ ਗੱਲਬਾਤ ਨਾਲ ਹੀ ਤਣਾਅ ਦੂਰ ਹੋਵੇਗਾ।

ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਟਵੀਟ ਕੀਤਾ ਅਤੇ ਕਸ਼ਮੀਰ ਵਿੱਚ ਰਾਇਸ਼ੁਮਾਰੀ ਦੀ ਹਮਾਇਤ ਕਰਦਿਆਂ ਲਿਖਿਆ ਕਿ ਕਸ਼ਮੀਰੀਆਂ ਨੂੰ ਆਪਣੇ ਭਵਿੱਖ ਦਾ ਫੈਸਲਾ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ 22 ਅਕਤੂਬਰ ਨੂੰ ਉਨ੍ਹਾਂ ਨੇ ਕਸ਼ਮੀਰ ਵਿੱਚ ਲੋਕਾਂ ਦੇ ਮਾਰੇ ਜਾਣ ਦੀ ਨਿੰਦਾ ਕੀਤੀ ਅਤੇ ਨਾਲ ਹੀ ਨਸੀਹਤ ਵੀ ਦਿੱਤੀ ਕਿ ਭਾਰਤ ਨੂੰ ਸਮਝਣਾ ਚਾਹੀਦਾ ਹੈ ਕਿ ਕਸ਼ਮੀਰ ਦਾ ਮਸਲਾ ਸੰਯੁਕਤ ਰਾਸ਼ਟਰ ਸੁਰੱਖਿਆ ਕਾਊਂਸਲ ਦੇ ਮਤਿਆਂ ਅਤੇ ਕਸ਼ਮੀਰੀਆਂ ਦੀਆਂ ਖ਼ਾਹਿਸ਼ਾਂ ਮੁਤਾਬਕ ਹੀ ਹੋ ਸਕਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)