ਜੇ ਟੈਸਟ ਟਿਊਬ ਨਾਲ ਕੌਰਵ ਪੈਦਾ ਹੋ ਸਕਦੇ ਹਨ ਫੇਰ ਤਾਂ ਜਿੰਨਾਂ ਤੋਂ ਬਿਜਲੀ ਵੀ ਬਣਾ ਸਕਦੇ ਨੇ -ਨਜ਼ਰੀਆ

    • ਲੇਖਕ, ਵੁਸਤੁੱਲਾਹ ਖ਼ਾਨ
    • ਰੋਲ, ਪਾਕਿਸਤਾਨ ਤੋਂ ਬੀਬੀਸੀ ਪੰਜਾਬੀ ਲਈ

ਪਿਛਲੇ ਪੰਜ ਦਿਨਾਂ ਤੋਂ ਮੈਂ ਆਪਣੇ ਬਚਪਨ ਦੇ ਦੋਸਤ ਅਸਲਮ ਉਸਤਾਦ ਨੂੰ ਬੁਰੀ ਤਰ੍ਹਾਂ ਯਾਦ ਕਰ ਰਿਹਾ ਹਾਂ।

ਅਸਲਮ ਦਾ ਇੰਤਕਾਲ ਇੱਕ ਸਾਲ ਪਹਿਲਾਂ ਹੀ ਹੋਇਆ ਸੀ। ਉਨ੍ਹਾਂ ਦਾ ਵਿਜ਼ਟਿੰਗ ਕਾਰਡ ਅੱਜ ਵੀ ਮੇਰੇ ਕੋਲ ਹੈ। ਜਿਸ 'ਤੇ ਲਿਖਿਆ ਹੈ- ਮੁਹੰਮਦ ਅਸਲਮ ਖ਼ਾਨ, ਐਮਐਸਸੀ (ਫਿਜ਼ਿਕਸ) ਗੋਲਡ ਮੈਡਲਿਸਟ।

ਅਸਲਮ ਉਸਤਾਦ 25 ਸਾਲ ਤੱਕ ਇੱਕ ਕਾਲਜ ਵਿੱਚ ਪੜ੍ਹਾਉਂਦੇ ਰਹੇ ਸਨ। ਫਿਰ ਇੱਕ ਦਿਨ ਪਤਾ ਨੌਕਰੀ ਛੱਡ ਕੇ ਦਾੜ੍ਹੀ ਵਧਾ ਲਈ ਅਤੇ ਕਲੀਨਿਕ ਖੋਲ੍ਹ ਲਿਆ।

ਇਸ ਕਲੀਨਿਕ ਵਿੱਚ ਉਹ ਸ਼ੂਗਰ ਅਤੇ ਕੈਂਸਰ ਦਾ ਇਲਾਜ ਬਿਨਾਂ ਦਵਾਈ ਦੇ ਸਿਰਫ਼ ਦੁਆ ਨਾਲ ਕਰਦੇ ਸਨ। ਪਰ ਮਰੀਜ਼ ਮੁੜ ਕੇ ਨਹੀਂ ਸਨ ਆਉਂਦੇ।

ਅਸਲਮ ਉਸਤਾਦ ਦਾ ਕਹਿਣਾ ਸੀ ਕਿ ਜੋ ਮਰੀਜ਼ ਠੀਕ ਹੋ ਜਾਂਦਾ ਹੈ ਉਹ ਕਿਉਂ ਆਵੇਗਾ।

ਅਸਲਮ ਉਸਤਾਦ ਨੇ ਘਰ ਵਿੱਚ ਹੀ ਇੱਕ ਪ੍ਰਯੋਗਸ਼ਾਲਾ ਵੀ ਬਣਾ ਲਈ ਸੀ ਜਿਸ ਵਿੱਚ ਉਹ ਜਿੰਨਾਂ ਤੋਂ ਬਿਜਲੀ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਸਨ।

ਇਹ ਵੀ ਪੜ੍ਹੋ:

ਉਨ੍ਹਾਂ ਦਾ ਸਿਧਾਂਤ ਸੀ ਕਿਉਂਕਿ ਜਿੰਨ ਊਰਜਾ ਦੇ ਬਣੇ ਹੁੰਦੇ ਹਨ ਤਾਂ ਜੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇ ਤਾਂ ਬਿਜਲੀ ਪੈਦਾ ਕਰਕੇ ਪਾਕਿਸਤਾਨ ਵਿੱਚ ਲੋਡ ਸ਼ੈਡਿੰਗ ਖ਼ਤਮ ਹੋ ਸਕਦੀ ਹੈ।

ਕਦੇ ਅਸਲਮ ਉਸਤਾਦ, ਸਾਡੇ ਵਰਗੇ ਜਾਹਿਲਾਂ ਨੂੰ ਤਫ਼ਸੀਲ ਵਿੱਚ ਸਮਝਾਉਂਦੇ ਸਨ ਕਿ ਇਸਲਾਮੀ ਕਿਤਾਬਾਂ ਵਿੱਚ, ਜਿਸ ਜੁਲਕਰੈਨਨ ਬਾਦਸ਼ਾਹ ਦਾ ਜ਼ਿਕਰ ਹੈ ਉਸ ਕੋਲ ਇੱਕ ਸ਼ੀਸ਼ੇ ਦਾ ਪਿਆਲਾ ਸੀ ਜਿਸ ਵਿੱਚ ਸਾਰੀ ਦੁਨੀਆ ਨਜ਼ਰ ਆਉਂਦੀ ਸੀ।

ਇਸ ਦਾ ਮਤਲਬ ਇਹ ਹੈ ਕਿ ਉਸ ਬਾਦਸ਼ਾਹ ਕੋਲ ਤਿੰਨ ਹਜ਼ਾਰ ਸਾਲ ਪਹਿਲਾਂ ਹੀ ਇੰਟਰਨੈੱਟ ਸੀ।

ਇੱਕ ਦਿਨ ਅਸਲਮ ਉਸਤਾਦ ਨੇ ਪੁੱਛਿਆ ਕਿ ਤੂੰ ਐਡਾ ਵੱਡਾ ਗਿਆਨੀ ਬਣਿਆ ਫਿਰਦਾ ਹੈਂ। ਇਹ ਦੱਸ ਕਿ ਇਸਲਾਮ ਦੇ ਦੂਸਰੇ ਖ਼ਲੀਫ਼ਾ ਹਜ਼ਰਤ ਉਮਰ ਬਿਨ ਖਤਾਬ 14 ਸੌ ਸਾਲ ਪਹਿਲਾਂ ਡੇਢ ਹਜ਼ਾਰ ਕਿਲੋਮੀਟਰ ਦੂਰ ਬੈਠ ਕੇ ਈਰਾਨੀਆਂ ਨਾਲ ਹੋ ਰਹੇ ਕਾਸੀਆ ਯੁੱਧ ਵਿੱਚ ਆਪਣੇ ਕਮਾਂਡਰ ਨੂੰ ਕਿਵੇਂ ਗਾਈਡ ਕਰ ਰਹੇ ਸਨ।

ਜ਼ਾਹਿਰ ਹੈ ਕਿ ਅਜਿਹਾ ਮੋਬਾਈਲ ਤੋਂ ਬਿਨਾਂ ਨਹੀਂ ਹੋ ਸਕਦਾ।

ਰਾਤੀਂ ਮੈਂ ਜਲੰਧਰ ਵਿੱਚ ਹੋ ਰਹੀ 106ਵੀਂ ਇੰਡੀਅਨ ਸਾਈਂਸ ਕਾਨਫਰੰਸ ਦਾ ਹਾਲ ਪੜ੍ਹ ਰਿਹਾ ਸੀ, ਜਿਸ ਵਿੱਚ ਆਂਧਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੀ ਨਾਗੇਸ਼ਵਰ ਰਾਓ ਨੇ ਆਪਣੇ ਪੇਪਰ ਵਿੱਚ ਸਾਬਿਤ ਕੀਤਾ ਕਿ ਵਿਸ਼ਣੂ ਭਗਵਾਨ ਕੋਲ ਜਿਹੜਾ ਸੁਦਰਸ਼ਨ ਚੱਕਰ ਸੀ ਉਹ ਆਪਣੇ ਟਾਰਗੇਟ ਨੂੰ ਤਬਾਹ ਕਰਕੇ ਵਾਪਸ ਆ ਜਾਂਦਾ ਸੀ। ਇਸ ਦਾ ਮਤਲਬ ਇਹ ਹੈ ਕਿ ਭਾਰਤ ਵਿੱਚ ਲੱਖਾਂ ਸਾਲ ਪਹਿਲਾਂ ਹੀ ਗਾਈਡਡ ਮਿਜ਼ਾਈਲ ਤਕਨੀਕ ਮੌਜੂਦ ਸੀ।

ਉਨ੍ਹਾਂ ਕਿਹਾ ਕਿ ਰਾਵਣ ਕੋਲ਼ ਮਹਿਜ਼ ਇੱਕ ਪੁਸ਼ਪਕ ਵਿਮਾਨ ਨਹੀਂ ਸੀ। ਸਗੋਂ 24 ਦੂਸਰੇ ਵਿਮਾਨ ਵੀ ਸਨ ਤੇ ਲੰਕਾ ਵਿੱਚ ਕਈ ਹਵਾਈ ਅੱਡੇ ਵੀ ਸਨ। ਅਤੇ ਗੰਧਾਰੀ ਨੇ ਸੈਂਕੜੇ ਕੌਰਵਾਂ ਨੂੰ ਜਨਮ ਦਿੱਤਾ ਸੀ।

ਜਿਸ ਦਾ ਮਤਲਬ ਹੈ ਕਿ ਕੌਰਵ-ਪਾਂਡਵਾਂ ਦੇ ਜ਼ਮਾਨੇ ਵਿੱਚ ਵੀ ਭਾਰਤ ਵਿੱਚ ਸਟੈਮ ਸੈੱਲ ਟੈਕਨੌਲੋਜੀ ਅਤੇ ਟੈਸਟ-ਟਿਊਬ ਬੇਬੀ ਦਾ ਤਰੀਕਾ ਵਰਤਿਆ ਜਾ ਰਿਹਾ ਸੀ। ਵਰਨਾ ਇੱਕ ਔਰਤ ਸੈਂਕੜੇ ਬੱਚਿਆਂ ਨੂੰ ਜਨਮ ਕਿਵੇਂ ਦੇ ਸਕਦੀ ਹੈ।

ਕਾਸ਼ ਉਸਤਾਦ ਅਸਲਮ ਜ਼ਿੰਦਾ ਹੁੰਦੇ ਤਾਂ ਉਹ ਵੀ ਕਿਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੁੰਦੇ ਅਤੇ ਵਿੱਚ ਆਂਧਰ ਯੂਨੀਵਰਸਿਟੀ ਦੇ ਨਾਗੇਸ਼ਵਰ ਰਾਓ ਵਾਂਗ ਵਾਹੋ-ਵਾਹੀ ਇਕੱਠੀ ਕਰ ਰਹੇ ਹੁੰਦੇ।

ਜਦੋਂ ਉਸਤਾਦ ਅਸਲਮ ਦੇ ਗਿਆਨ ਦੀ ਕਦਰ ਪੈਣ ਦਾ ਜ਼ਮਾਨਾ ਸ਼ੁਰੂ ਹੋਇਆ ਤਾਂ ਉਹ ਇਸ ਦੁਨੀਆ ਤੋਂ ਹੀ ਚਲੇ ਗਏ।

ਹਾਏ...ਹਾਏ।

ਵੁਸਤੁੱਲਾਹ ਖ਼ਾਨ ਦੇ ਹੋਰ ਦਿਲਚਸਪ ਬਲਾਗ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)