ਪਾਕਿਸਤਾਨ ਬਲਾਗ-'ਤਾਜਮਹਿਲ ਪਾਕਿਸਤਾਨ ਭੇਜ ਦਿਓ, ਚਾਰ ਪੈਸੇ ਅਸੀਂ ਵੀ ਕਮਾ ਲਈਏ'

    • ਲੇਖਕ, ਵੁਸਤੁੱਲਾਹ ਖ਼ਾਨ
    • ਰੋਲ, ਪਾਕਿਸਤਾਨ ਤੋਂ, ਬੀਬੀਸੀ ਹਿੰਦੀ ਲਈ

ਆਦਿਤਯਨਾਥ ਕਿਸੀ ਸ਼ਖ਼ਸੀਅਤ ਨੂੰ ਨਹੀਂ ਬਲਕਿ ਸ਼ਾਇਦ ਅਜਿਹੀ ਮਾਨਸਿਕਤਾ ਨੂੰ ਕਹਿੰਦੇ ਹਨ ਜੋ ਕਿਸੀ ਵੀ ਵਿਅਕਤੀ 'ਤੇ ਸਵਾਰ ਹੋ ਸਕਦੀ ਹੈ।

ਮਸਲਨ ਇੱਕ ਸਾਹਬ ਨੇ ਜੋ ਚੰਗੇ ਭਲੇ ਡਾਕਟਰ ਹਨ, ਇੱਕ ਦਿਨ ਫ਼ੋਨ ਕੀਤਾ- ਵੁਸਤ ਸਾਹਬ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।

ਮੈਂ ਬੌਖਲਾ ਕੇ ਕਿਹਾ,''ਕੀ ਉਮੀਦ ਨਹੀਂ ਸੀ?''। ਤਾਂ ਕਹਿਣ ਲੱਗੇ,'' ਪਹਿਲਾ ਤੁਸੀਂ ਇਹ ਦੱਸੋ ਕੀ ਤੁਸੀਂ ਮੁਸਲਮਾਨ ਹੋ?''

ਮੈਂ ਕਿਹਾ, "ਅਲਹਮਦੁਲਿੱਲਾਹ ਬਿਲਕੁਲ ਪੱਕਾ ਮੁਸਲਮਾਨ ਹਾਂ।"

ਫਿਰ ਪੁੱਛਿਆ, "ਕੀ ਤੁਸੀਂ ਪਾਕਿਸਤਾਨੀ ਹੋ?'' ਮੈਂ ਕਿਹਾ,'' ਇਸ ਵਿੱਚ ਕੀ ਸ਼ੱਕ ਹੈ।"

ਤਾਂ ਕਹਿਣ ਲੱਗੇ, "ਜੇਕਰ ਤੁਸੀਂ ਮੁਸਲਮਾਨ ਅਤੇ ਪਾਕਿਸਤਾਨੀ ਹੋ ਤਾਂ ਫਿਰ ਤੁਸੀਂ ਹਿੰਦੀ ਸਰਵਿਸ ਲਈ ਕਿਉਂ ਲਿਖਦੇ ਹੋ? ਹਿੰਦੀ ਤਾਂ ਹਿੰਦੂਆਂ ਦੀ ਜ਼ੁਬਾਨ ਹੈ। ਤੁਹਾਡੇ ਤੋਂ ਇਹ ਉਮੀਦ ਨਹੀਂ ਸੀ।"

ਅਸ਼ੋਕ ਨੂੰ ਨਹੀਂ ਜਾਣਦੇ ਸਾਡੇ ਬੱਚੇ

ਮੈਨੂੰ ਲੱਗਦਾ ਹੈ ਕਿ ਜੇਕਰ ਇਹ ਡਾਕਟਰ ਸਾਹਬ ਮੁਸਲਮਾਨ ਦੀ ਬਜਾਏ ਹਿੰਦੂ ਹੁੰਦੇ, ਤਾਂ ਵੀ ਅਜਿਹਾ ਹੀ ਹੁੰਦਾ।

ਹੁਣ ਦੇਖੋ ਤਾਜਮਹਲ 500 ਸਾਲ ਤੋਂ ਹਿੰਦੂਸਤਾਨ ਵਿੱਚ ਹੈ, ਪਰ ਇਤਿਹਾਸਕ ਮਾਨਸਿਕਤਾ ਨਾਲ ਇਸਦਾ ਕੋਈ ਲੈਣ-ਦੇਣ ਨਹੀਂ।

ਇਸ ਹਾਲਤ ਵਿੱਚ ਇਹ ਦਲੀਲ ਦੇਣਾ ਵੀ ਫ਼ਿਜ਼ੂਲ ਨਹੀਂ ਲੱਗਦਾ ਕਿ ਸ਼ਾਹਜਹਾਂ ਜਦੋਂ ਪੈਦਾ ਹੋਇਆ, ਤਾਂ ਉਸਦੇ ਹਥ ਵਿੱਚ ਕਿਸੇ ਰੋਹਿੰਗਿਆ ਦੀ ਤਰ੍ਹਾਂ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨ ਫਾਰ ਰੇਫ਼ਿਊਜੀਜ਼ ਦਾ ਸ਼ਰਨਾਰਥੀ ਆਧਾਰ ਕਾਰਡ ਨਹੀਂ ਸੀ।

ਬਲਕਿ ਸ਼ਾਹਜਹਾਂ ਪੰਜ ਪੀੜ੍ਹੀਆਂ ਤੋਂ ਹਿੰਦੂਸਤਾਨੀ ਸੀ। ਉਹ ਤਾਂ ਦਫ਼ਨ ਵੀ ਇਸੀ ਜ਼ਮੀਨ 'ਤੇ ਹਨ।

ਸ਼ਾਹਜਹਾਂ ਸ਼ਾਹੀ ਖਜ਼ਾਨੇ ਦਾ ਪੈਸਾ ਲੁੱਟ ਕੇ ਗ਼ਜ਼ਨੀ ਜਾਂ ਸਵਿਟਜ਼ਰਲੈਂਡ ਦੇ ਬੈਂਕਾਂ ਵਿੱਚ ਲੈ ਕੇ ਨਹੀਂ ਗਿਆ। ਬਲਕਿ ਹਿੰਦੂਸਤਾਨ ਵਿੱਚ ਹੀ ਉਸਨੂੰ ਖ਼ਰਚ ਕੀਤਾ।

ਆਗਰੇ ਵਿੱਚ ਉਸਦੀ ਪਤਨੀ ਦਾ ਤਾਜਮਹਲ ਨਾਮਕ ਮਜ਼ਾਰ ਕਿਸੀ ਆਈਐਮਐਫ਼ ਦੇ ਕਰਜ਼ੇ ਤੋਂ ਨਹੀਂ ਬਲਕਿ ਹਿੰਦੂਸਤਾਨ ਦੇ ਪੈਸੇ ਤੋਂ ਬਣਿਆ ਹੈ।

ਪਿਛੌਕੜ ਤੋਂ ਹੀ ਹਿੰਦੂਸਤਾਨੀ ਸੀ ਸ਼ਾਹਜਹਾਂ

ਰਹੀ ਇਹ ਗੱਲ ਇਸਦੀ ਕਿ ਮਹਾਰਾਸ਼ਟਰ ਦੀ ਸਕੂਲੀ ਕਿਤਾਬਾਂ ਵਿੱਚੋਂ ਮੁਗਲਾਂ ਨੂੰ ਕੱਢ ਦਿੱਤਾ ਗਿਆ ਹੈ। ਮੈਂ ਇਸਦੀ ਕਿਸ ਮੂੰਹ ਨਾਲ ਅਲੋਚਨਾ ਕਰਾਂ।

ਜਦਕਿ ਮੇਰਾ ਬੱਚਾ ਚੰਦਰਗੁਪਤ ਮੌਰਿਆ ਅਤੇ ਅਸ਼ੋਕ ਆਜ਼ਮ ਨੂੰ ਨਹੀਂ ਜਾਣਦਾ।

ਹਾਲਾਂਕਿ ਉਸਦਾ ਬਾਪ ਪਾਕਿਸਤਾਨ ਦੇ ਜਿਸ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ, ਉਸ ਵਿੱਚ ਮੌਰਿਆ ਰਾਜ ਅਤੇ ਅਸ਼ੋਕ-ਏ-ਆਜ਼ਮ ਦੇ ਕਾਰਨਾਮੇ ਪਾਕਿਸਤਾਨੀ ਇਤਿਹਾਸ ਦਾ ਹਿੱਸਾ ਸੀ।

ਹੁਣ ਸਿਰਫ਼ ਕਿਤਾਬਾਂ ਵਿੱਚ ਸਿਕੰਦਰ-ਏ-ਆਜ਼ਮ ਬਾਕੀ ਹੈ ਅਤੇ 90 ਫ਼ੀਸਦ ਬਾਲ ਜਗਤ ਸਿੰਕਦਰ-ਏ-ਆਜ਼ਮ ਨੂੰ ਮੁਸਲਮਾਨ ਸਮਝਦਾ ਹੈ।

ਜਿਸ ਤਰ੍ਹਾਂ ਅਸੀਂ ਆਪਣੇ ਪਸੰਦੀਦਾ ਸ਼ਾਇਰ ਅਤੇ ਕ੍ਰਿਟਿਕ ਫ਼ਿਰਾਕ ਗੋਰਖ਼ਪੁਰੀ ਨੂੰ ਮੁਸਲਮਾਨ ਸਮਝਦੇ ਹਾਂ।

ਜਦੋਂ ਪਤਾ ਲੱਗਿਆ ਕਿ ਉਸਦਾ ਨਾਮ ਤਾਂ ਰਘੂਪਤੀ ਸਹਾਏ ਹੈ, ਉਦੋਂ ਵੀ ਦਿਲ ਨੂੰ ਤਸੱਲੀ ਦਿੰਦੇ ਰਹੇ ਕਿ ਫ਼ਿਰਾਕ ਨਾਮ ਦਾ ਆਦਮੀ ਹਿੰਦੂ ਕਿਵੇਂ ਹੋ ਸਕਦਾ ਹੈ।

ਫ਼ਿਰਾਕ ਦੇ ਕਾਰਨ ਤਾਂ ਅੱਜ ਵੀ ਉਰਦੂ ਸਾਹਿਤਅਕ ਰਚਨਾ ਰਚੀ ਹੋਈ ਹੈ।

ਮੋਦੀ ਜੀ ਮਜ਼ਾਰ 'ਤੇ ਗਏ ਸੀ

ਉਂਝ ਮੰਨੀਏ ਤਾਂ ਅਸੀਂ ਇਸ ਖ਼ਬਰ 'ਤੇ ਬਹੁਤ ਖੁਸ਼ ਹਾਂ ਕਿ ਤਾਜਮਹਲ ਹੁਣ ਉੱਤਰ ਪ੍ਰਦੇਸ਼ ਦੀ ਸੱਭਿਆਚਾਰਕ ਵਿਰਾਸਤ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਭਗਵਾਨ ਯੋਗੀ ਜੀ ਦੀ ਸਰਕਾਰ ਕਾਇਮ ਰੱਖਣ ਤੇ ਉਨ੍ਹਾਂ ਨੂੰ ਲੰਬੀ ਉਮਰ ਦੇਣ।

ਜਦੋਂ ਉਹ ਕੱਲ੍ਹ ਤਾਜਮਹਲ ਦੀ ਥਾਂ ਤੇਜੋਮਾਲਿਆ ਮੰਦਰ ਦਾ ਨੀਂਹ ਪੱਥਰ ਰੱਖਣਗੇ ਤਾਂ ਤਾਜਮਹਲ ਪਾਕਿਸਤਾਨ ਭੇਜ ਦੇਣ।

ਉਨ੍ਹਾਂ ਦੇ ਸਿਰ ਤੋਂ ਇਹ ਵੀ ਬੋਝ ਖ਼ਤਮ ਹੋ ਜਾਵੇਗਾ ਤੇ ਇਸ ਬਹਾਨੇ ਚਾਰ ਪੈਸੇ ਅਸੀਂ ਵੀ ਕਮਾਂ ਲਵਾਂਗੇ।

ਪਤਾ ਨਹੀਂ ਯੋਗੀ ਜੀ ਨੇ ਮੋਦੀ ਜੀ ਤੋਂ ਪੁੱਛਿਆ ਕੇ ਨਹੀਂ । ਪਿਛਲੇ ਮਹੀਨੇ ਰੰਗੂਨ ਵਿੱਚ ਆਖ਼ਰੀ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ ਦੀ ਮਜ਼ਾਰ ਤੇ ਕਿਉਂ ਹਾਜ਼ਰੀ ਦਿੱਤੀ।

ਹੋ ਸਕਦਾ ਹੈ ਕਿਸੇ ਨੇ ਮੋਦੀ ਜੀ ਦੇ ਕੰਨ ਵਿੱਚ ਕਿਹਾ ਕਿ ਬਹਾਦੁਰ ਸ਼ਾਹ ਜ਼ਫ਼ਰ ਬਰਮਾ ਦੇ ਮਸ਼ਹੂਰ ਬਾਦਸ਼ਾਹ ਸੀ। ਤੁਸੀਂ ਉਨ੍ਹਾਂ ਦੀ ਕਬਰ 'ਤੇ ਜਾਓਗੇ ਤਾਂ ਬਰਮੀਆਂ ਨੂੰ ਚੰਗਾ ਲੱਗੇਗਾ।

ਖ਼ੈਰ ਸਿਆਸਤ ਵਿੱਚ ਸਭ ਚੱਲਦਾ ਹੈ, ਤਾਜਮਹਲ ਵੀ, ਬਹਾਦੁਰ ਸ਼ਾਹ ਜ਼ਫ਼ਰ ਵੀ ਤੇ ਯੋਗੀ ਜੀ ਵੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)