You’re viewing a text-only version of this website that uses less data. View the main version of the website including all images and videos.
ਪਾਕਿਸਤਾਨੀ ਜੇਲ੍ਹ 'ਤੋਂ ਭੱਜਣ ਵਾਲੇ ਪਾਇਲਟਾਂ ਦੀ ਕਹਾਣੀ
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
ਵਿੰਗ ਕਮਾਂਡਰ ਧੀਰੇਂਦਰ ਐੱਸ ਜਾਫ਼ਾ ਦੀ ਕਿਤਾਬ 'ਡੈਥ ਵਾਜ਼ੰਟ ਪੇਨਫ਼ੁਲ' ਛਪੀ ਸੀ ਜਿਸ ਵਿੱਚ ਉਨ੍ਹਾਂ ਨੇ 1971 ਦੇ ਲੜਾਈ ਤੋਂ ਬਾਅਦ ਪਾਕਿਸਤਾਨੀ ਜੰਗਬੰਦੀ ਕੈਂਪ ਤੋਂ ਭਾਰਤੀ ਪਾਇਲਟਾਂ ਦੇ ਬਚ ਨਿਕਲਣ ਦੀ ਸ਼ਾਨਦਾਰ ਕਹਾਣੀ ਸੁਣਾਈ ਸੀ।
10 ਦਸੰਬਰ, 1971 ਨੂੰ ਜਦੋਂ ਫਲਾਈਟ ਲੈਫਟੀਨੈਂਟ ਦਿਲੀਪ ਪਾਰੂਲਕਰ ਦਾ ਲੜਾਕੂ ਜਹਾਜ਼ ਐਸਯੂ-7 ਜਹਾਜ ਮਾਰਿਆ ਸਿੱਟਿਆ ਗਿਆ ਤਾਂ ਉਨ੍ਹਾਂ ਨੇ ਇਸ ਹਾਦਸੇ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਮੁਹਿੰਮ ਬਣਾ ਲਿਆ।
13 ਅਗਸਤ, 1972 ਨੂੰ ਪਰੂਲਕਰ, ਮਾਲਵਿੰਦਰ ਸਿੰਘ ਗਰੇਵਾਲ ਅਤੇ ਹਰੀਸ਼ ਸਿੰਘ ਨਾਲ ਰਾਵਲਪਿੰਡੀ ਦੇ ਜੰਗੀ ਜੇਲ੍ਹ ਕੈਂਪ ਤੋਂ ਭੱਜ ਨਿਕਲੇ ਸਨ।
ਇਸ ਕਿਤਾਬ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਅਲੱਗ- ਅਲੱਗ ਰੈਂਕਾਂ ਦੇ 12 ਭਾਰਤੀ ਪਾਇਲਟਾਂ ਨੇ ਜੇਲ੍ਹ ਦੀ ਜ਼ਿੰਦਗੀ ਦੀਆਂ ਅਨਿਸ਼ਚਿੱਤਤਾਵਾਂ ਅਤੇ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਇਨ੍ਹਾਂ ਤਿੰਨਾਂ ਪਾਇਲਟਾਂ ਦੀ ਜੇਲ੍ਹ ਵਿੱਚੋਂ ਨਿਕਲਣ ਦੀ ਦੁਸਾਹਸੀ ਯੋਜਨਾ ਵਿੱਚ ਮਦੱਦ ਕੀਤੀ।
ਕਿਤਾਬ ਬਾਰੇ ਰੇਹਾਨ ਫਜ਼ਲ ਦੀ ਵਿਆਖਿਆ
'ਰੈੱਡ ਵਨ, ਯੂ ਆਰ ਔਨ ਫਾਇਰ' ... ਸਕੁਐਡਰਨ ਲੀਡਰ ਧੀਰੇਂਦਰ ਜਾਫ਼ਾ ਨੂੰ ਆਪਣੇ ਸਾਥੀ ਪਾਇਲਟ ਫਾਰਡੀ ਦੀ ਹੈੱਡਫੋਨ 'ਤੇ ਆਵਾਜ਼ ਸੁਣੀ ।
ਦੂਜੇ ਪਾਇਲਟ ਮੋਹਨ ਵੀ ਚੀਖੇ, ਔਨ ਫਾਇਰ ਰੈੱਡ ਵਨ ਬੇਲ ਆਊਟ'। ਤੀਜੇ ਪਾਇਲਟ ਜੱਗੂ ਸਕਲਾਨੀ ਦੀ ਆਵਾਜ਼ ਵੀ ਉਨੀਂ ਹੀ ਤੇਜ ਸੀ 'ਜੇਫ਼ ਸਰ ... ਯੂ ਆਰ.... ਔਨ ਫਾਇਰ ....ਗੈਟ ਆਊਟ .... ਫਾਰ ਗੋਡ ਸੇਕ .... 'ਬੇਲ ਆਊਟ..'
ਜਾਫ਼ਾ ਦੇ ਸੁਖੋਈ ਜਹਾਜ਼ ਵਿੱਚ ਅੱਗ ਦੀਆਂ ਲਾਟਾਂ ਉਨ੍ਹਾਂ ਦੇ ਕਾਕਪਿਟ ਤੱਕ ਪਹੁੰਚ ਰਹੀਆਂ ਸਨ।
ਜਹਾਜ਼ ਉਨ੍ਹਾਂ ਦੇ ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਉਨ੍ਹਾਂ ਨੇ ਸੀਟ ਬਾਹਰ ਕੱਢਣ ਵਾਲ਼ਾ ਬਟਨ ਦੱਬਿਆ, ਜਿਸ ਨੇ ਤੁਰੰਤ ਉਨ੍ਹਾਂ ਨੂੰ ਹਵਾ ਵਿੱਚ ਸੁੱਟ ਦਿੱਤਾ ਅਤੇ ਉਹ ਇੱਕ ਪੈਰਾਸ਼ੂਟ ਦੁਆਰਾ ਥੱਲੇ ਉੱਤਰਨ ਲੱਗੇ।
ਜਾਫ਼ਾ ਦੱਸਦੇ ਹਨ ਕਿ ਜਿਵੇਂ ਹੀ ਉਹ ਥੱਲੇ ਡਿੱਗੇ, ਨਾਰਾ-ਏ-ਤਕਬੀਰ ਅਤੇ ਅੱਲ੍ਹਾ ਹੂ ਅਕਬਰ ਦੇ ਨਾਅਰੇ ਲਾਉਂਦੀ ਪਿੰਡ ਵਾਲਿਆਂ ਦੀ ਭੀੜ ਉਨ੍ਹਾਂ ਵੱਲ ਦੌੜੀ।
ਲੋਕ ਉਨ੍ਹਾਂ ਨੂੰ ਦੇਖਦੇ ਹੀ ਉਨ੍ਹਾਂ ਦੇ ਕੱਪੜੇ ਪਾੜਨ ਲੱਗੇ। ਕਿਸੇ ਨੇ ਉਨ੍ਹਾਂ ਦੀ ਘੜੀ ਉੱਤੇ ਹੱਥ ਸਾਫ਼ ਕਰ ਦਿੱਤਾ, ਫਿਰ ਕਿਸੇ ਨੇ ਸਿਗਰਟ ਲਾਈਟਰ ਤੇ ਝਪੱਟ ਮਾਰ ਲਈ।
ਸਕਿੰਟਾਂ ਵਿੱਚ, ਉਨ੍ਹਾਂ ਦੇ ਦਸਤਾਨੇ, ਜੁੱਤੀਆਂ, 200 ਪਾਕਿਸਤਾਨੀ ਰੁਪਈਏ ਅਤੇ ਮਫ਼ਲਰ ਵੀ ਅਲੋਪ ਹੋ ਗਏ। ਤਦੇ ਹੀ ਜਾਫ਼ਾ ਨੇ ਦੇਖਿਆ ਕਿ ਕੁਝ ਪਾਕਿਸਤਾਨੀ ਫ਼ੌਜੀ ਉਨ੍ਹਾਂ ਨੂੰ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇੱਕ ਲੰਬੇ ਚੌੜੇ ਫ਼ੌਜੀ ਅਫ਼ਸਰ ਨੇ ਉਨ੍ਹਾਂ ਨੂੰ ਪੁੱਛਿਆ, 'ਕੀ ਤੁਹਾਡੇ ਕੋਲ ਕੋਈ ਹਥਿਆਰ ਹੈ?' ਜਾਫ਼ਾ ਨੇ ਕਿਹਾ, 'ਮੇਰੇ ਕੋਲ ਇੱਕ ਰਿਵਾਲਵਰ ਸੀ, ਸ਼ਾਇਦ ਭੀੜ ਨੇ ਚੁੱਕ ਲਈ। '
'ਕੀ ਜਖ਼ਮੀ ਹੋ ਗਏ ਹੋਂ ?'
'ਲੱਗਦਾ ਹੈ ਰੀੜ੍ਹ ਦੀ ਹੱਡੀ ਚਲੀ ਗਈ ਹੈ। ਮੈਂ ਆਪਣੇ ਸਰੀਰ ਦਾ ਕੋਈ ਹਿੱਸਾ ਹਿਲਾ ਨਹੀਂ ਸਕਦਾ।' ਜਾਫ਼ਾ ਨੇ ਕਰਹਾਉਂਦੇ ਹੋਏ ਜਵਾਬ ਦਿੱਤਾ।
ਅਫ਼ਸਰ ਨੇ ਪਸ਼ਤੋ ਵਿੱਚ ਕੁੱਝ ਹੁਕਮ ਦਿੱਤੇ ਅਤੇ ਦੋ ਸਿਪਾਹੀਆਂ ਨੇ ਜਾਫ਼ਾ ਨੂੰ ਚੁੱਕ ਕੇ ਤੰਬੂ ਵਿੱਚ ਪਹੁੰਚਾਇਆ।
ਪਾਕਿਸਤਾਨੀ ਅਫ਼ਸਰ ਨੇ ਆਪਣੇ ਅਧੀਨ ਜਵਾਨਾਂ ਨੂੰ ਕਿਹਾ, ਇਨ੍ਹਾਂ ਨੂੰ ਚਾਹ ਪਿਆਓ।
ਜਾਫ਼ਾ ਦੇ ਹੱਥ ਵਿੱਚ ਏਨੀ ਵੀ ਤਾਕਤ ਨਹੀਂ ਸੀ ਕਿ ਉਹ ਚਾਹ ਦਾ ਕੱਪ ਆਪਣੇ ਹੱਥਾਂ ਵਿੱਚ ਫੜ੍ਹ ਸਕਦੇ।
ਇੱਕ ਪਾਕਿਸਤਾਨੀ ਫ਼ੌਜੀ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ਼ ਚਮਚੇ ਨਾਲ਼ ਚਾਹ ਪਿਆਉਣ ਲੱਗਿਆ। ਜਾਫ਼ਾ ਦੀਆਂ ਅੱਖਾਂ ਸ਼ੁਕਰਗੁਜ਼ਾਰੀ ਨਾਲ ਨਮ ਹੋ ਗਈਆਂ।
ਪਾਕਿਸਤਾਨੀ ਜੇਲ੍ਹ ਵਿੱਚ ਭਾਰਤੀ ਰਾਸ਼ਟਰੀ ਗੀਤ
ਜਾਫ਼ਾ ਦੀ ਕਮਰ ਵਿੱਚ ਪਲਸਤਰ ਲਾ ਕੇ ਜੇਲ੍ਹ ਸੈਲ ਵਿੱਚ ਬੰਦ ਕਰ ਦਿੱਤਾ ਗਿਆ। ਹਰ ਰੋਜ਼ ਉਨ੍ਹਾਂ ਤੋਂ ਪੁੱਛ-ਦੱਸ ਹੁੰਦੀ।
ਜਦੋਂ ਉਨ੍ਹਾਂ ਨੂੰ ਟਾਇਲਟ ਜਾਣਾ ਹੁੰਦਾ ਤਾਂ ਉਨ੍ਹਾਂ ਦੇ ਮੂੰਹ 'ਤੇ ਸਿਰਹਾਣੇ ਦਾ ਗਿਲਾਫ਼ ਲਾ ਦਿੱਤਾ ਜਾਂਦਾ ਤਾਂ ਕਿ ਉਹ ਆਲੇ ਦੁਆਲੇ ਦੇਖ ਨਾ ਸਕਣ। ਇੱਕ ਦਿਨ ਉਨ੍ਹਾਂ ਨੂੰ ਉਸੇ ਇਮਾਰਤ ਦੇ ਇੱਕ ਹੋਰ ਕਮਰੇ ਵਿੱਚ ਲਿਜਾਇਆ ਗਿਆ।
ਜਾਫ਼ਾ ਦੀ ਕਮਰ ਵਿੱਚ ਪਲਸਤਰ ਲਾ ਕੇ ਜੇਲ੍ਹ ਸੈਲ ਵਿੱਚ ਬੰਦ ਕਰ ਦਿੱਤਾ ਗਿਆ। ਹਰ ਰੋਜ਼ ਉਨ੍ਹਾਂ ਤੋਂ ਪੁੱਛ-ਦੱਸ ਹੁੰਦੀ।
ਜਦੋਂ ਉਨ੍ਹਾਂ ਨੂੰ ਟਾਇਲਟ ਜਾਣਾ ਹੁੰਦਾ ਤਾਂ ਉਨ੍ਹਾਂ ਦੇ ਮੂੰਹ ਤੇ ਸਿਰਹਾਣੇ ਦਾ ਗਿਲਾਫ਼ ਲਾ ਦਿੱਤਾ ਜਾਂਦਾ ਤਾਂ ਕਿ ਉਹ ਆਲੇ ਦੁਆਲੇ ਦੇਖ ਨਾ ਸਕਣ। ਇੱਕ ਦਿਨ ਉਨ੍ਹਾਂ ਨੂੰ ਉਸੇ ਇਮਾਰਤ ਦੇ ਇੱਕ ਹੋਰ ਕਮਰੇ ਵਿੱਚ ਲਿਜਾਇਆ ਗਿਆ।
ਜਦੋਂ ਉਹ ਕਮਰੇ ਦੇ ਨੇੜੇ ਪਹੁੰਚੇ ਤਾਂ ਲੋਕਾਂ ਦੀਆਂ ਆਵਾਜ਼ਾਂ ਸੁਣਨ ਲੱਗਆਂ। ਜਿਵੇਂ ਹੀ ਉਹ ਅੰਦਰ ਗਏ, ਸਾਰੀਆਂ ਆਵਾਜ਼ਾਂ ਬੰਦ ਹੋ ਗਈਆਂ। ਅਚਾਨਕ, ਇੱਕ ਉੱਚੀ ਆਵਾਜ਼ ਆਈ, 'ਜੈਫ਼ ਸਰ!' ... ਅਤੇ ਫਲਾਈਟ ਲੈਫਟੀਨੈਂਟ ਦਿਲੀਪ ਪਰੂਲਕਰ ਉਨ੍ਹਾਂ ਨੂੰ ਗਲੇ ਲਾਉਣ ਲਈ ਤੇਜ਼ੀ ਨਾਲ ਵਧੇ।
ਉਨ੍ਹਾਂ ਨੂੰ ਦਿਖਿਆ ਹੀ ਨਹੀਂ ਕਿ ਜਾਫ਼ਾ ਦੀ ਢਿੱਲੀ ਜੈਕਟ ਦੇ ਅੰਦਰ ਪਲਸਤਰ ਲੱਗਿਆ ਹੋਇਆ ਸੀ। ਉੱਥੇ ਦਸ ਹੋਰ ਭਾਰਤੀ ਜੰਗ ਬੰਦੀ ਪਾਇਲਟ ਮੌਜੂਦ ਸਨ।
ਕ੍ਰਿਸਮਸ ਦੀਆਂ ਮੁਬਾਰਕਾਂ
ਏਨੇ ਦਿਨਾਂ ਬਾਅਦ, ਭਾਰਤੀ ਚਿਹਰੇ ਦੇਖ ਕੇ ਜਾਫ਼ਾ ਦੀਆਂ ਅੱਖਾਂ ਭਰ ਆਈਆਂ। ਇਸੇ ਦੌਰਾਨ, ਇੰਚਾਰਜ ਸਕੁਆਡਰਨ ਲੀਡਰ ਉਸਮਾਨ ਹਨੀਫ ਮੁਸਕਰਾਉਂਦੇ ਹੋਏ ਕਮਰੇ ਵਿੱਚ ਦਾਖ਼ਲ ਹੋਏ।
ਉਨ੍ਹਾਂ ਮਗਰ ਦੋ ਅਰਦਲੀ ਇੱਕ ਕੇਕ ਅਤੇ ਚਾਹ ਲਈ ਖੜੇ ਸਨ। ਉਸਮਾਨ ਨੇ ਕਿਹਾ, "ਮੈਂ ਸੋਚਿਆ ਕਿ ਤੁਹਾਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦੇ ਦਿਆਂ।"
ਉਹ ਇੱਕ ਯਾਦਗਾਰੀ ਸ਼ਾਮ ਸੀ। ਹਾਸੇ ਮਜਾਕ ਦੇ ਵਿੱਚ ਸਭ ਤੋਂ ਸੀਨੀਅਰ ਭਾਰਤੀ ਅਧਿਕਾਰੀ ਵਿੰਗ ਕਮਾਂਡਰ, ਬਨੀ ਕੋਏਲਹੋ ਨੇ ਕਿਹਾ ਕਿ ਅਸੀਂ ਆਪਣੇ ਮਾਰੇ ਗਏ ਸਾਥੀਆਂ ਲਈ ਦੋ ਮਿੰਟਾਂ ਦਾ ਮੌਨ ਰੱਖਾਂਗੇ ਅਤੇ ਇਸ ਤੋਂ ਬਾਅਦ ਅਸੀਂ ਸਾਰੇ ਕੌਮੀ ਗੀਤ ਗਾਵਾਂਗੇ।
ਜਾਫ਼ਾ ਦੱਸਦੇ ਹਨ ਕਿ 25 ਦਸੰਬਰ 1971 ਦੀ ਸ਼ਾਮ ਨੂੰ ਜਦੋਂ ਪਾਕਿਸਤਾਨੀ ਜੇਲਾਂ ਵਿਚ ਭਾਰਤ ਦੇ ਰਾਸ਼ਟਰੀ ਗੀਤ ਦੀ ਆਵਾਜ਼ ਗੂੰਜੀ ਤਾਂ ਉਨ੍ਹਾਂ ਦੀ ਛਾਤੀ ਬਹੁਤ ਚੌੜੀ ਹੋ ਗਈ ਸੀ।
ਜੇਲ੍ਹ ਦੀ ਕੰਧ ਵਿੱਚ ਪਾੜ
ਇਸੇ ਦੌਰਾਨ, ਭਾਰਤ ਦੀ ਨੀਤੀ ਯੋਜਨਾ ਕਮੇਟੀ ਦੇ ਪ੍ਰਧਾਨ ਡੀ. ਪੀ. ਧਰ ਪਾਕਿਸਤਾਨ ਆ ਕੇ ਪਰਤ ਗਏ ਪਰ ਇਨ੍ਹਾਂ ਕੈਦੀਆਂ ਦੇ ਭਵਿੱਖ ਦਾ ਫੈਸਲਾ ਨਹੀਂ ਹੋਇਆ।
ਉਨ੍ਹਾਂ ਦੇ ਮਨ ਵਿੱਚ ਨਿਰਾਸ਼ਾ ਘਰ ਕਰਨ ਲੱਗੀ। ਸਭ ਤੋਂ ਵੱਧ ਨਿਰਾਸ਼ ਫਲਾਈਟ ਲੈਫਟੀਨੈਂਟ ਦਿਲੀਪ ਪਰੂਲਕਰ ਅਤੇ ਮਾਲਵਿੰਦਰ ਸਿੰਘ ਗਰੇਵਾਲ ਸਨ।
1971 ਦੀ ਲੜਾਈ ਤੋਂ ਪਹਿਲਾਂ, ਇੱਕ ਵਾਰ ਪਰੁਲਕਰ ਨੇ ਆਪਣੇ ਸਾਥੀਆਂ ਨੂੰ ਕਿਹਾ ਸੀ ਕਿ ਜੇ ਉਨ੍ਹਾਂ ਦਾ ਜਹਾਜ਼ ਡਿੱਗਿਆ ਅਤੇ ਉਹ ਫੜੇ ਗਏ ਤਾਂ ਉਹ ਜੇਲ੍ਹ ਵਿੱਚ ਨਹੀਂ ਬੈਠਣਗੇ।
ਉਹ ਉੱਥੋਂ ਭੱਜਣ ਦੀ ਕੋਸ਼ਿਸ਼ ਕਰਨਗੇ ਅਤੇ ਇਹੀ ਉਨ੍ਹਾਂ ਨੇ ਕੀਤਾ।
ਭੱਜਣ ਦੀ ਇਸ ਯੋਜਨਾ ਵਿੱਚ ਉਨ੍ਹਾਂ ਦੇ ਸਾਥੀ - ਫਲਾਈਟ ਲੈਫਟੀਨੈਂਟ ਗਰੇਵਾਲ ਅਤੇ ਹਰੀਸ਼ ਸਿੰਘ ਜੀ ਸਨ।
ਹਰਾ ਪਠਾਣੀ ਸੂਟ
ਤੈਅ ਹੋਇਆ ਸੀ ਕਿ ਸੈਲ ਨੰਬਰ 5 ਦੀ ਕੰਧ ਵਿੱਚ 21 x 15 ਇੰਚ ਦਾ ਪਾੜ ਲਾਇਆ ਜਾਵੇ ਜੋ ਪਾਕਿਸਤਾਨੀ ਹਵਾਈ ਫੌਜ ਦੇ ਰੋਜ਼ਗਾਰ ਦਫਤਰ ਦੇ ਅਹਾਤੇ ਵਿਚ ਖੁੱਲ੍ਹੇਗਾ ਅਤੇ ਉਸ ਤੋਂ ਬਾਅਦ ਉਹ 6 ਫੁੱਟ ਦੀ ਕੰਧ ਟੱਪ ਕੇ ਅਤੇ ਮਾਲ ਰੋਡ ਉੱਤੇ ਚਲੇ ਜਾਣਗੇ।
ਇਸਦਾ ਮਤਲਬ ਸੀ ਕਿ ਕਰੀਬ 56 ਇੱਟਾਂ ਢਿੱਲੀਆਂ ਕਰਨਾ ਅਤੇ ਮਲਬਾ ਲਕੋਣਾ।
ਕੁਰੂਵਿਲਾ ਨੇ ਬਿਜਲੀ ਮਕੈਨਕ ਦਾ ਪੇਚਕਸ ਚੋਰੀ ਕੀਤਾ। ਗਰੇਵਾਲ ਨੇ ਕੋਕਾ ਕੋਲਾ ਦੀ ਬੋਤਲ ਦਾ ਘੇਰਾ ਕੱਟਣ ਵਾਲੇ ਸੰਦ ਦਾ ਪ੍ਰਬੰਧ ਕੀਤਾ।
ਰਾਤ ਨੂੰ ਦਿਲੀਪ ਪਰੂਲਕਰ ਅਤੇ ਗਰੇਵਾਲ ਦਸ ਵਜੇ ਦੇ ਬਾਅਦ ਪਲਸਤਰ ਨੂੰ ਰਗੜਨਾ ਸ਼ੁਰੂ ਕਰਦੇ ਅਤੇ ਹੈਰੀ ਅਤੇ ਚਾਟੀ ਨਿਗਰਾਨੀ ਕਰਦੇ ਕਿ ਕੋਈ ਚੌਕੀਦਾਰ ਤਾਂ ਨਹੀਂ ਆ ਰਿਹਾ । ਇਸ ਦੌਰਾਨ ਰੇਡੀਓ ਦੀ ਅਵਾਜ਼ ਵਧਾ ਦਿੱਤੀ ਜਾਂਦੀ ਸੀ।
ਜਿਨੇਵਾ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ, ਭਾਰਤੀ ਕੈਦੀਆਂ ਨੂੰ ਹਰ ਮਹੀਨੇ ਤਨਖਾਹ ਦੇ ਰੂਪ ਵਿੱਚ ਪੰਜਾਹ ਫਰੇਂਕ ਦੇ ਬਰਾਬਰ ਪਾਕਿਸਤਾਨੀ ਰੁਪਏ ਮਿਲਦੇ ਸਨ, ਜਿਸ ਨਾਲ ਉਹ ਆਪਣੀ ਜਰੂਰਤ ਦੀਆਂ ਚੀਜ਼ਾਂ ਖਰੀਦਦੇ ਸਨ ਅਤੇ ਕੁਝ ਪੈਸੇ ਬਚਾ ਵੀ ਲੈਂਦੇ ਸਨ।
ਇਸ ਸਮੇਂ ਦੌਰਾਨ, ਪਾਰੂਲਕਰ ਨੂੰ ਪਤਾ ਲੱਗਾ ਕਿ ਇੱਕ ਪਾਕਿਸਤਾਨੀ ਗਾਰਡ ਔਰੰਗਜ਼ੇਬ ਦਰਜੀ ਦਾ ਕੰਮ ਵੀ ਕਰਦਾ ਹੈ।
ਉਨ੍ਹਾਂ ਨੇ ਉਸ ਨੂੰ ਕਿਹਾ ਕਿ ਭਾਰਤ ਵਿੱਚ ਸਾਨੂੰ ਪਠਾਣੀ ਸੂਟ ਨਹੀਂ ਮਿਲਦੇ। ਕੀ ਤੁਸੀਂ ਸਾਡੇ ਲਈ ਕੋਈ ਸੂਟ ਬਣਾ ਸਕਦੇ ਹੋਂ?
ਔਰੰਗਜ਼ੇਬ ਨੇ ਪਰੂਲਕਰ ਲਈ ਇੱਕ ਹਰੇ ਰੰਗ ਦਾ ਪਠਾਣੀ ਸੂਟ ਸਿਉਂਤਾ। ਕਾਮਤ ਨੇ ਤਾਰ ਅਤੇ ਬੈਟਰੀ ਦੀ ਮਦਦ ਨਾਲ ਸੂਈ ਨੂੰ ਚੁੰਬਕ ਬਣਾ ਕੇ ਇੱਕ ਕੰਮ ਚਲਾਊ ਕੰਪਾਸ ਬਣਾਇਆ ਜੋ ਕਿ ਫਾਊਂਟਨ ਪੈੱਨ ਅੰਦਰ ਲੁਕਾਇਆ ਜਾ ਸਕਦਾ ਸੀ।
ਨੇਰ੍ਹੀ ਅਤੇ ਤੂਫਾਨ ਵਿੱਚ ਜੇਲ੍ਹੋਂ ਨਿਕਲੇ
14 ਅਗਸਤ ਨੂੰ, ਪਾਕਿਸਤਾਨ ਦਾ ਆਜ਼ਾਦੀ ਦਿਵਸ ਸੀ। ਪਰੂਲਕਰ ਨੇ ਇਹ ਅੰਦਾਜ਼ਾ ਲਾਇਆ ਕਿ ਗਾਰਡ ਛੁੱਟੀ ਦੇ ਮੂਡ ਵਿਚ ਹੋਣਗੇ ਅਤੇ ਘੱਟ ਸੁਚੇਤ ਹੋਣਗੇ।
12 ਅਗਸਤ ਦੀ ਰਾਤ, ਉਨ੍ਹਾਂ ਨੂੰ ਬਿਜਲੀ ਕੜਕਣ ਦਾ ਰੌਲਾ ਸੁਣਿਆ ਅਤੇ ਉਸੇ ਵੇਲੇ ਪਲਸਤਰ ਦੀ ਆਖਰੀ ਪਰਤ ਵੀ ਛਿੱਲੀ ਗਈ।
ਤਿੰਨ੍ਹੇ ਜਣੇ ਇੱਕ ਛੋਟੀ ਜਿਹੀ ਮੋਰੀ ਤੋਂ ਬਾਹਰ ਆਏ ਅਤੇ ਕੰਧ ਦੇ ਕੋਲ ਉਡੀਕ ਕਰਨ ਲੱਗੇ। ਧੂੜ ਭਰੀ ਨੇਰ੍ਹੀ ਦੇ ਥਪੇੜੇ ਉਨ੍ਹਾਂ ਦੇ ਮੂੰਹ 'ਤੇ ਪੈਣੇ ਸ਼ੁਰੂ ਹੋ ਗਏ।
ਇੱਕ ਚੌਕੀਦਾਰ ਮੰਜੇ 'ਤੇ ਬੈਠਾ ਸੀ, ਪਰ ਜਦੋਂ ਉਨ੍ਹਾਂ ਨੇ ਉਸ ਵੱਲ ਧਿਆਨ ਨਾਲ ਵੇਖਿਆ ਤਾਂ ਦੇਖਿਆ ਕਿ ਉਸ ਨੇ ਧੂੜ ਤੋਂ ਬਚਣ ਲਈ ਸਿਰ 'ਤੇ ਕੰਬਲ ਲਿਆ ਹੋਇਆ ਸੀ।
ਕੈਦੀਆਂ ਨੇ ਬਾਹਰਲੀ ਕੰਧ ਤੋਂ ਸੜਕ ਵੱਲ ਵੇਖਿਆ। ਉਨ੍ਹਾਂ ਨੂੰ ਸੜਕ 'ਤੇ ਕਾਫ਼ੀ ਹਲ ਚਲ ਦਿਖੀ। ਉਸੇ ਸਮੇਂ ਰਾਤ ਦਾ ਸ਼ੋ ਨੂੰ ਸਮਾਪਤ ਹੋਇਆ ਸੀ।
'ਆਜ਼ਾਦੀ!'
ਤਦ ਨੇਰ੍ਹੀ ਨਾਲ ਬਾਰਿਸ਼ ਸ਼ੁਰੂ ਹੋ ਗਈ। ਚੌਕੀਦਾਰ ਨੇ ਆਪਣੇ ਚਿਹਰੇ ਉੱਤੋਂ ਕੰਬਲ ਚੁੱਕਿਆ ਅਤੇ ਹਵਾਈ ਫੌਜ ਦੇ ਰੋਜ਼ਗਾਰ ਦਫਤਰ ਦੇ ਵਰਾਂਡੇ ਵੱਲ ਭੱਜ ਲਿਆ।
ਜਿਉਂ ਹੀ ਉਸ ਨੇ ਦੁਬਾਰਾ ਆਪਣੇ ਸਿਰ ਤੇ ਕੰਬਲ ਲਿਆ, ਤਿੰਨੋਂ ਕੈਦੀ ਜੇਲ੍ਹ ਦੀ ਬਾਹਰਲੀ ਕੰਧ ਟੱਪ ਗਏ। ਕਾਹਲ਼ੀ ਨਾਲ ਤੁਰਦੇ ਹੋਏ, ਉਹ ਮਾਲ ਰੋਡ 'ਤੇ ਖੱਬੇ ਮੁੜੇ ਅਤੇ ਸਿਨੇਮਾ ਦੇਖ ਕੇ ਵਾਪਸ ਆ ਰਹੇ ਲੋਕਾਂ ਦੀ ਭੀੜ ਗੁਆਚ ਗਏ।
ਥੋੜ੍ਹੀ ਦੂਰ ਚਲਣ ਮਗਰੋਂ ਫਲਾਈਟ ਲੈਫਟੀਨੈਂਟ ਹਰੀਸ਼ ਸਿੰਘ ਨੂੰ ਅਹਿਸਾਸ ਹੋਇਆ ਕਿ ਉਹ ਪਾਕਿਸਤਾਨ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਵਿੱਚੋਂ ਬਾਹਰ ਆ ਗਏ ਹਨ ... ਉਹ ਉੱਚੀ ਆਵਾਜ਼ ਵਿਚ ਬੋਲੇ.. 'ਆਜ਼ਾਦੀ!'
ਫਲਾਈਟ ਲੈਫਟੀਨੈਂਟ ਮਾਲਵਿੰਦਰ ਸਿੰਘ ਗਰੇਵਾਲ ਦਾ ਜਵਾਬ ਸੀ, 'ਅਜੇ ਨਹੀਂ।'
ਇਸਾਈ ਨਾਮ
ਲੰਬੇ ਚੌੜੇ ਕੱਦ ਦੇ ਗਰੇਵਾਲ ਦੀ ਦਾੜ੍ਹੀ ਵਧੀ ਹੋਈ ਸੀ। ਉਸ ਦੇ ਸਿਰ 'ਤੇ ਬਹੁਤ ਵਾਲ ਘੱਟ ਸਨ ਅਤੇ ਉਹ ਪਠਾਣ ਦੀ ਤਰ੍ਹਾਂ ਦਿਖਣ ਦੀ ਕੋਸ਼ਿਸ਼ ਕਰ ਰਹੇ ਸਨ। ਫਲਾਈਂਗ ਲੈਫਟੀਨੈਂਟ ਦਿਲੀਪ ਪਰੂਲਕਰ ਉਨ੍ਹਾਂ ਦੇ ਨਾਲ਼ ਤੁਰ ਰਹੇ ਸਨ।
ਉਨ੍ਹਾਂ ਨੇ ਵੀ ਦਾੜ੍ਹੀ ਵਧਾਈ ਹੋਈ ਸੀ ਅਤੇ ਇਸ ਮੌਕੇ ਲਈ ਖਾਸ ਤੌਰ 'ਤੇ ਤਿਆਰ ਕੀਤਾ ਹਰਾ ਸੂਟ ਪਾਇਆ ਹੋਇਆ ਸੀ।
ਸਾਰਿਆਂ ਨੇ ਫੈਸਲਾ ਲਿਆ ਕਿ ਉਹ ਆਪਣੇ ਆਪ ਨੂੰ ਈਸਾਈ ਦੱਸਣਗੇ ਕਿਉਂਕਿ ਉਨ੍ਹਾਂ ਵਿੱਚੋਂ ਕੋਈ ਨਮਾਜ਼ ਨਹੀਂ ਪੜ੍ਹ ਸਕਦਾ।
ਉਹ ਸਾਰੇ ਈਸਾਈ ਸਕੂਲਾਂ ਵਿੱਚ ਪੜ੍ਹੇ ਸੀ।
ਉਹ ਇਹ ਵੀ ਜਾਣਦੇ ਸਨ ਕਿ ਬਹੁਤ ਸਾਰੇ ਇਸਾਈ ਪਾਕਿਸਤਾਨੀ ਹਵਾਈ ਸੈਨਾ ਵਿੱਚ ਕੰਮ ਕਰਦੇ ਸਨ। ਦਿਲੀਪ ਦਾ ਨਵਾਂ ਨਾਂ ਫਿਲਿਪ ਪੀਟਰ ਸੀ ਅਤੇ ਗਰੇਵਾਲ ਨੇ ਆਪਣਾ ਨਵਾਂ ਨਾਂ ਅਲੀ ਅਮੀਰ ਰੱਖਿਆ ਸੀ।
ਉਹ ਦੋਵੇਂ ਲਾਹੌਰ ਵਿਚ ਪੀਏਐਫ ਸਟੇਸ਼ਨ ਵਿਚ ਕੰਮ ਕਰ ਰਹੇ ਸਨ। ਸਿੰਘ ਦਾ ਨਵਾਂ ਨਾਂ ਹੈਰੋਲਡ ਜੈਕਬ ਸੀ, ਜੋ ਸਿੰਧ, ਹੈਦਰਾਬਾਦ ਵਿਚ ਪਾਕਿਸਤਾਨੀ ਹਵਾਈ ਫੌਜ ਵਿੱਚ ਇੱਕ ਢੋਲੀ ਦੇ ਤੌਰ 'ਤੇ ਕੰਮ ਕਰਦੇ ਸਨ।
ਪੁੱਛੇ ਜਾਣ 'ਤੇ ਉਨ੍ਹਾਂ ਨੇ ਦੱਸਣਾ ਸੀ ਕਿ ਉਹ ਲਾਹੌਰ ਦੇ ਲਾਬੇਲਾ ਹੋਟਲ ਵਿੱਚ ਮਿਲੇ ਸਨ।
ਪੇਸ਼ਾਵਰ ਦੀ ਬੱਸ
ਭਿੱਜਦੇ ਹੋਏ, ਉਹ ਕਾਹਲੇ ਕਦਮੀਂ ਬੱਸ ਅੱਡੇ ਤੇ ਪਹੁੰਚ ਗਏ। ਉੱਥੇ ਇੱਕ ਕੰਡਕਟਰ ਚੀਕ ਰਿਹਾ ਸੀ, 'ਕੀ ਪਿਸ਼ਾਵਰ ਜਾਣਾ ਹੈ ਭਾਈ? ਪੇਸ਼ਾਵਰ! ਪੇਸ਼ਾਵਰ! ਤਿੰਨੇਂ ਜਣੇ ਬੱਸ ਵਿੱਚ ਬੈਠ ਗਏ।
ਸਵੇਰੇ ਛੇ ਵਜਦੇ- ਵਜਦੇ ਉਹ ਪਿਸ਼ਾਵਰ ਪਹੁੰਚ ਗਏ। ਉੱਥੋਂ ਉਨ੍ਹਾਂ ਜਮਰੌਦ ਰੋਡ 'ਤੇ ਜਾਣ ਲਈ ਤਾਂਗਾ ਲੈ ਲਿਆ ਫੇਰ ਉਹ ਪੈਦਲ ਚੱਲਣ ਲੱਗ ਪਏ।
ਫਿਰ ਉਹ ਇੱਕ ਬੱਸ ਤੇ ਬੈਠ ਗਏ। ਉਸ ਵਿੱਚ ਕੋਈ ਥਾਂ ਨਹੀਂ ਸੀ ਤਾਂ ਕੰਡਕਟਰ ਨੇ ਉਨ੍ਹਾਂ ਨੂੰ ਬੱਸ ਦੀ ਛੱਤ 'ਤੇ ਬਿਠਾ ਦਿੱਤਾ । ਜਮਰੌਦ ਪਹੁੰਚ ਕੇ, ਉਹ ਸੜਕ ਦੇ ਇੱਕ ਗੇਟ 'ਤੇ ਪਹੁੰਚ ਗਏ।
ਬੋਰਡ 'ਤੇ ਲਿਖਿਆ ਹੋਇਆ ਸੀ, 'ਤੁਸੀਂ ਕਬਾਇਲੀ ਖੇਤਰ ਵਿੱਚ ਦਾਖਲ ਹੋ ਰਹੇ ਹੋ। ਸੈਲਾਨੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸੜਕ ਨਾ ਛੱਡਣ ਅਤੇ ਔਰਤਾਂ ਦੀਆਂ ਤਸਵੀਰਾਂ ਨਾ ਖਿੱਚਣ।
ਫਿਰ ਇੱਕ ਬੱਸ 'ਤੇ, ਉਹ 9.30 ਵਜੇ ਲੰਡੀ ਕੋਤਲ ਪਹੁੰਚ ਗਏ। ਅਫ਼ਗਾਨਿਸਤਾਨ ਉਥੋਂ ਸਿਰਫ 5 ਕਿਲੋਮੀਟਰ ਦੂਰ ਸੀ। ਉਹ ਇੱਕ ਚਾਹ ਦੀ ਦੁਕਾਨ ਤੇ ਪਹੁੰਚੇ।
ਭੇਸ ਬਦਲਿਆ
ਗਰੇਵਾਲ ਨੇ ਚਾਹ ਪੀ ਕੇ ਕੋਲ ਬੈਠੇ ਇੱਕ ਆਦਮੀ ਨੂੰ ਪੁੱਛਿਆ... ਇੱਥੋਂ ਲੰਡੀ ਕੋਤਲ ਕਿੰਨੀਂ ਦੂਰ ਹੈ ? ਉਸ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ।
ਦਿਲੀਪ ਨੇ ਨੋਟ ਕੀਤਾ ਕਿ ਸਥਾਨਕ ਲੋਕਾਂ ਨੇ ਆਪਣੇ ਸਿਰਾਂ 'ਤੇ ਕੁਝ ਨਾ ਕੁਝ ਪਾਇਆ ਹੋਇਆ ਸੀ। ਉਨ੍ਹਾਂ ਦੀ ਤਰ੍ਹਾਂ ਦਿਖਣ ਲਈ ਦਿਲੀਪ ਨੇ ਦੋ ਪੇਸ਼ਾਵਰੀ ਟੋਪੀਆਂ ਖ਼ਰੀਦੀਆਂ।
ਟੋਪੀ ਗਰੇਵਾਲ ਦੇ ਸਿਰ 'ਤੇ ਫਿੱਟ ਨਹੀਂ ਬੈਠ ਰਹੀ ਸੀ ਜਿਸ ਨੂੰ ਬਦਲਣ ਲਈ ਦਲੀਪ ਦੁਕਾਨ ਵਿੱਚ ਗਿਆ।
ਤਹਿਸੀਲਦਾਰ ਦੇ ਅਰਜੀ ਨਵੀਸ ਨੂੰ ਸ਼ੱਕ ਹੋਇਆ
ਜਦੋਂ ਉਹ ਵਾਪਸ ਪਰਤਿਆ ਤਾਂ ਚਾਹ ਦੇ ਸਟਾਲ ਵਾਲ਼ਾ ਮੁੰਡਾ ਉੱਚੀ ਦੇਣੀ ਬੋਲਿਆ ਕਿ ਟੈਕਸੀ ਨਾਲ਼ ਲੰਡੀ ਕੋਤਲ ਤੱਕ ਜਾਣ ਲਈ 25 ਰੁਪਈਏ ਲੱਗਣਗੇ। ਇਹ ਤਿੰਨੇ ਟੈਕਸੀ ਵੱਲ ਜਾ ਹੀ ਰਹੇ ਸਨ ਕਿ ਪਿੱਛੋਂ ਇੱਕ ਆਵਾਜ਼ ਸੁਣਾਈ ਦਿੱਤੀ।
ਇੱਕ ਬਾਲਗ ਉਨ੍ਹਾਂ ਨੂੰ ਪੁੱਛ ਰਿਹਾ ਸੀ ਕਿ ਕੀ ਤੁਸੀਂ ਲੰਡੀ ਕੋਤਲ ਜਾਣਾ ਚਾਹੁੰਦੇ ਹੋ? ਜਦੋਂ ਉਨ੍ਹਾਂ ਨੇ ਹਾਂ ਕਿਹਾ, ਤਾਂ ਉਸ ਨੇ ਪੁੱਛਿਆ ਕਿ ਉਹ ਤਿੰਨਾਂ ਕਿੱਥੋਂ ਆਏ ਹਨ?
ਬੰਗਾਲੀ ਲੋਕ ਸਮਝੇ ਗਏ
ਦਿਲੀਪ ਅਤੇ ਗੈਰੀ ਨੇ ਆਪਣੀ ਤਿਆਰ ਕੀਤੀ ਕਹਾਣੀ ਸੁਣਾ ਦਿੱਤੀ। ਆਦਮੀ ਦੀ ਆਵਾਜ਼ ਇੱਕਦਮ ਸਖ਼ਤ ਹੋ ਗਈ। ਉਸ ਨੇ ਕਿਹਾ, 'ਇੱਥੇ ਲੰਡੀ ਕੋਤਲ ਨਾਂ ਦੀ ਕੋਈ ਜਗ੍ਹਾ ਨਹੀਂ ਹੈ... ਉਹ ਤਾਂ ਅੰਗਰੇਜਾਂ ਦੇ ਨਾਲ ਹੀ ਖ਼ਤਮ ਹੋ ਗਈ।'
ਉਸ ਨੂੰ ਸ਼ੱਕ ਹੋਇਆ ਕਿ ਇਹ ਬੰਗਾਲੀ ਲੋਕ ਹਨ ਜੋ ਅਫਗਾਨਿਸਤਾਨ ਹੁੰਦੇ ਹੋਏ ਬੰਗਲਾਦੇਸ਼ ਜਾਣਾ ਚਾਹੁੰਦੇ ਹਨ। ਗਰੇਵਾਲ ਨੇ ਹੱਸਦੇ ਹੋਏ ਜਵਾਬ ਦਿੱਤਾ, 'ਕੀ ਅਸੀਂ ਤੁਹਾਨੂੰ ਬੰਗਾਲੀ ਦਿਖਦੇ ਹਾਂ? ਕੀ ਤੁਸੀਂ ਕਦੇ ਆਪਣੀ ਜ਼ਿੰਦਗੀ ਵਿੱਚ ਬੰਗਾਲੀ ਵੇਖੇ ਵੀ ਹਨ?'
ਪਰ ਤਹਿਸੀਲਦਾਰ ਦੇ ਅਰਜੀ ਨਵੀਸ ਨੇ ਉਨ੍ਹਾਂ ਦੀ ਗੱਲ ਨਾ ਸੁਣੀ। ਉਸ ਨੇ ਉਨ੍ਹਾਂ ਨੂੰ ਤਹਿਸੀਲਦਾਰ ਕੋਲ ਲੈ ਆਇਆ । ਤਹਿਸੀਲਦਾਰ ਵੀ ਉਨ੍ਹਾਂ ਦੀ ਗੱਲਬਾਤ ਤੋਂ ਸੰਤੁਸ਼ਟ ਨਹੀਂ ਹੋਇਆ ਅਤੇ ਉਸ ਨੇ ਕਿਹਾ ਕਿ ਤੁਹਾਨੂੰ ਜੇਲ੍ਹ ਵਿੱਚ ਰੱਖਣਾ ਪਵੇਗਾ।
ਏਡੀਸੀ ਉਸਮਾਨ ਨੂੰ ਫ਼ੋਨ ਕਰਨਾ
ਅਚਾਨਕ, ਦਲੀਪ ਨੇ ਕਿਹਾ ਕਿ ਉਹ ਪਾਕਿਸਤਾਨੀ ਹਵਾਈ ਸੈਨਾ ਦੇ ਮੁਖੀ ਏਡੀਸੀ ਸਕੁਆਰਡਰਨ ਲੀਡਰ ਉਸਮਾਨ ਨਾਲ ਗੱਲ ਕਰਨਾ ਚਾਹੁੰਦੇ ਹਨ।
ਇਹ ਉਸਮਾਨ ਸਨ ਜੋ ਰਾਵਲਪਿੰਡੀ ਜੇਲ੍ਹ ਦੇ ਇੰਚਾਰਜ ਸਨ ਅਤੇ ਭਾਰਤੀ ਜੰਗ ਬੰਦੀਆਂ ਲਈ ਕ੍ਰਿਸਮਸ ਕੇਕ ਲਿਆਏ ਸਨ। ਉਸਮਾਨ ਲਾਈਨ 'ਤੇ ਆਏ।
ਦਿਲੀਪ ਨੇ ਕਿਹਾ, 'ਸਰ, ਤੁਸੀਂ ਇਸ ਖ਼ਬਰ ਨੂੰ ਸੁਣਿਆ ਹੋਵੇਗਾ। ਅਸੀਂ ਸਾਰੇ ਲੰਡੀ ਕੋਤਲ ਵਿੱਚ ਹਾਂ। ਸਾਨੂੰ ਤਹਿਸੀਲਦਾਰ ਨੇ ਫੜ੍ਹਿਆ ਹੋਇਆ ਹੈ। ਕੀ ਤੁਸੀਂ ਆਪਣੇ ਬੰਦੇ ਨੂੰ ਭੇਜ ਸਕਦੇ ਹੋ?'
ਉਸਮਾਨ ਨੇ ਫੋਨ 'ਤੇ ਕਿਹਾ ਕਿ ਤਹਿਸੀਲਦਾਰ ਨੂੰ ਫ਼ੋਨ ਦਿਓ। ਉਨ੍ਹਾਂ ਨੇ ਕਿਹਾ ਕਿ ਇਹ ਤਿੰਨੇ ਸਾਡੇ ਬੰਦੇ ਹਨ। ਉਨ੍ਹਾਂ ਨੂੰ ਬੰਦ ਰੱਖੋ, ਸੁਰਖਿਅਤ ਰੱਖੋ ਪਰ ਕੁਟਿਓ ਨਾ।
ਦਿਲੀਪ ਪਰੂਲਕਰ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਨੂੰ ਇਹ ਵਿਚਾਰ ਪਲਾਂ ਵਿੱਚ ਹੀ ਆਇਆ ਸੀ। ਉਨ੍ਹਾਂ ਨੇ ਸੋਚਿਆ ਕਿ ਉਹ ਇਸ ਦਾ ਅਧਿਕਾਰ ਖੇਤਰ ਇਨ੍ਹਾਂ ਉੱਚਾ ਪਹੁੰਚਾ ਦੇਵੇਗਾ ਕਿ ਤਹਿਸੀਲਦਾਰ ਕੁਝ ਵੀ ਨਹੀਂ ਕਰ ਸਕੇਗਾ।
ਰਾਵਲਪਿੰਡੀ ਜੇਲ੍ਹ ਵਿੱਚ ਅਫ਼ਰਾ ਤਫ਼ਰੀ
ਰਾਵਲਪਿੰਡੀ ਜੇਲ੍ਹ ਵਿੱਚ ਸਵੇਰੇ 11 ਵਜੇ ਅਫ਼ਰਾ ਤਫ਼ਰੀ ਫੈਲ ਗਈ। ਜੱਫ਼ਾ ਦੇ ਕਮਰਾ ਦੇ ਨੇੜੇ ਗਾਰਡ ਨੇੜੇ ਫੋਨ ਦੀ ਘੰਟੀ ਸੁਣੀ ਗਈ।
ਫ਼ੋਨ ਸੁਣਦਿਆਂ ਹੀ ਇੱਕ ਦਮ ਹਿੱਲ ਜੁੱਲ ਮੱਚ ਗਈ। ਗਾਰਡ ਭੱਜਣ ਲੱਗੇ। ਬਾਕੀ ਬਚੇ ਸੱਤ ਕੈਦੀਆਂ ਨੂੰ ਵੱਖ ਕਰ ਦਿੱਤਾ ਗਿਆ ਅਤੇ ਕਾਲ ਕੋੜਠੀਆਂ ਵਿੱਚ ਬੰਦ ਕਰ ਦਿੱਤਾ ਗਿਆ।
ਇੱਕ ਗਾਰਡ ਨੇ ਕਿਹਾ, 'ਇਹ ਸਾਰਾ ਜਾਫ਼ੇ ਦਾ ਕੀਤਾ ਕਰਿਆ ਹੈ। ਇਸ ਨੂੰ ਇਸ ਸੰਨ੍ਹ ਸਾਹਮਣੇ ਰੱਖੋ ਅਤੇ ਗੋਲੀ ਮਾਰੋ, ਅਸੀਂ ਕਹਿ ਦੇਵਾਂਗੇ ਕਿ ਇਹ ਵੀ ਉਨ੍ਹਾਂ ਤਿੰਨਾਂ ਦੇ ਨਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਜੇਲ੍ਹ ਦੇ ਉੱਪ ਨਿਰਦੇਸ਼ਕ ਰਿਜ਼ਵੀ ਨੇ ਕਿਹਾ ਕਿ ਦੁਸ਼ਮਣ ਅਖ਼ੀਰੀ ਦੁਸ਼ਮਣ ਹੀ ਰਹੇਗਾ। ਅਸੀਂ ਤੁਹਾਡੇ 'ਤੇ ਯਕੀਨ ਕੀਤਾ ਅਤੇ ਤੁਸੀਂ ਸਾਨੂੰ ਬਦਲੇ ਵਿੱਚ ਕੀ ਦਿੱਤਾ।'
ਰਿਹਾਈ ਅਤੇ ਘਰ ਵਾਪਸੀ
ਫਿਰ ਸਾਰੇ ਜੰਗੀ ਕੈਦੀਆਂ ਨੂੰ ਲਾਇਲਪੁਰ ਜੇਲ੍ਹ ਲਿਜਾਇਆ ਗਿਆ। ਜਿੱਥੇ ਭਾਰਤੀ ਥਲ ਸੈਨਾ ਦੇ ਹੋਰ ਵੀ ਜੰਗੀ ਕੈਦੀ ਸਨ।
ਇੱਕ ਦਿਨ ਅਚਾਨਕ, ਉੱਥੇ ਪਾਕਿਸਤਾਨ ਦੇ ਰਾਸ਼ਟਰਪਤੀ ਜੁਲਫਿਕਾਰ ਅਲੀ ਭੁੱਟੋ ਪਹੁੰਚੇ।
ਉਨ੍ਹਾਂ ਨੇ ਭਾਸ਼ਣ ਦਿੱਤਾ, 'ਤੁਹਾਡੀ ਸਰਕਾਰ ਤੁਹਾਡੇ ਬਾਰੇ ਫਿਕਰਮੰਦ ਨਹੀਂ ਹੈ ਪਰ ਮੈਂ ਤੁਹਾਨੂੰ ਆਪਣੇ ਵੱਲੋਂ ਰਿਹਾ ਕਰਨ ਦਾ ਫ਼ੈਸਲਾ ਕੀਤਾ ਹੈ।'
1 ਦਸੰਬਰ, 1 972 ਨੂੰ ਸਾਰੇ ਜੰਗੀ ਕੈਦੀਆਂ ਨੇ ਵਾਹਗਾ ਸਰਹੱਦ ਪਾਰ ਕੀਤੀ। ਉਨ੍ਹਾਂ ਦੇ ਮਨ ਵਿਚ ਅਸੰਤੋਸ਼ ਸੀ ਕਿ ਉਨ੍ਹਾਂ ਦੀ ਸਰਕਾਰ ਨੇ ਉਨ੍ਹਾਂ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ।
ਉਨ੍ਹਾਂ ਨੂੰ ਭੁੱਟੋ ਦੀ ਉਦਾਰਤਾ ਨਾਲ ਰਿਹਾਈ ਮਿਲੀ ਹੈ।
ਜਿਵੇਂ ਹੀ ਉਨ੍ਹਾਂ ਨੇ ਭਾਰਤੀ ਸਰਹੱਦ ਵਿੱਚ ਕਦਮ ਰੱਖੇ ਉੱਥੇ ਮੌਜੂਦ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੇ ਗਲੇ ਵਿੱਚ ਹਾਰ ਪਾਏ ਅਤੇ ਉਨ੍ਹਾਂ ਦਾ ਸਵਾਗਤ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ੍ਹ ਸਿੰਘ ਖੁਦ ਉੱਥੇ ਮੌਜੂਦ ਸਨ।
ਵਾਹਗੇ ਤੋਂ ਅੰਮ੍ਰਿਤਸਰ ਤੱਕ 22 ਕਿਲੋਮੀਟਰ ਦੇ ਰਾਹ 'ਤੇ ਸੈਂਕੜੇ ਸਵਾਗਤੀ ਦਵਾਰ ਬਣਾਏ ਗਏ ਸਨ।
ਲੋਕਾਂ ਦੇ ਪਿਆਰ ਨੂੰ ਦੇਖਦੇ ਹੋਏ, ਜੰਗੀ ਕੈਦੀਆਂ ਦਾ ਗੁੱਸਾ ਕਫੂਰ ਹੋ ਗਿਆ।
ਅਗਲੇ ਦਿਨ, ਉਨ੍ਹਾਂ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਜਨਤਕ ਸਵਾਗਤ ਕੀਤਾ ਗਿਆ।
ਵਿਆਹ ਦੀ ਮਿੱਠੀ ਕੈਦ
ਗਰੇਵਾਲ ਬਰੇਲੀ ਵਿੱਚ ਤਾਇਨਾਤ ਸਨ। ਤਨਖਾਹ ਵਿੱਚੋਂ ਉਨ੍ਹਾਂ ਨੇ 2,400 ਰੁਪਏ ਦੀ ਇੱਕ ਫੀਏਟ ਕਾਰ ਖਰੀਦੀ।
ਦਲੀਪ ਨੇ ਏਅਰ ਫੋਰਸ ਦੇ ਮੁਖੀ ਪੀਸੀ ਲਾਲ ਨੂੰ ਫਾਊਂਟਨ ਪੈੱਨ ਭੇਂਟ ਕੀਤਾ, ਜੋ ਅਸਲ ਵਿੱਚ ਇੱਕ ਕੰਪਾਸ ਸੀ ਜੋ ਉਸਦੇ ਸਾਥੀਆਂ ਨੇ ਜੇਲ ਤੋਂ ਭੱਜਣ ਲਈ ਤਿਆਰ ਸੀ।
ਦਿਲੀਪ ਦੇ ਮਾਤਾ-ਪਿਤਾ ਨੇ ਉਨ੍ਹਾਂ ਦੇ ਵਿਆਹ ਦਾ ਤੁਰੰਤ ਪ੍ਰਬੰਧ ਕੀਤਾ।
ਭਾਰਤ ਵਾਪਸ ਆਉਣ ਦੇ ਪੰਜ ਮਹੀਨੇ ਮਗਰੋਂ ਉਨ੍ਹਾਂ ਦੇ ਵਿਆਹ 'ਤੇ ਉਸ ਨੂੰ ਪਾਕਿਸਤਾਨੀ ਜੇਲ੍ਹ ਦੇ ਆਪਣੇ ਸਾਥੀ ਸਕੁਆਰਡਨ ਲੀਡਰ ਏਵੀ ਕਾਮਥ ਦੀ ਤਾਰ ਮਿਲੀ,' ਇਸ ਮਿੱਠੀ ਗ਼ੁਲਾਮੀ ਤੋਂ ਕੋਈ ਛੁਟਕਾਰਾ ਨਹੀਂ! '
ਧੀਰੇਂਦਰ ਜਾਫ਼ਾ ਦੀ ਪਿਛਲੇ ਦਿਨੀਂ ਫੈਜ਼ਾਬਾਦ ਵਿੱਚ ਮੌਤ ਹੋ ਗਈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)