ਬਲਾਗ: ਔਰੰਗਜ਼ੇਬ ਲਈ ਹੁਣ ਇਸਲਾਮਾਬਾਦ ਲਾਹੇਵੰਦ!

    • ਲੇਖਕ, ਵੁਸਤੁੱਲਾਹ ਖ਼ਾਨ
    • ਰੋਲ, ਪਾਕਸਿਤਾਨ ਤੋਂ ਬੀਬੀਸੀ ਹਿੰਦੀ ਡਾਟ ਕਾਮ ਲਈ

18ਵੀਂ ਸਦੀ 'ਚ ਔਰੰਗਜ਼ੇਬ ਤੋਂ ਬਾਅਦ ਜਿਸ ਦਾ ਦਿਲ ਕਰਦਾ ਸੀ ਉਹ ਦਿੱਲੀ ਦਾ ਰੁਖ ਕਰ ਲੈਂਦਾ ਸੀ ਭਾਵੇਂ ਉਹ ਸਿੱਖ ਹੋਵੇ ਜਾਂ ਮਰਾਠਾ, ਨਾਦਿਰ ਸ਼ਾਹ ਹੋਵੇ ਜਾਂ ਅਹਿਮਦ ਸ਼ਾਬ ਅਬਦਾਲੀ। ਇਸੇ ਤਰ੍ਹਾਂ ਪਿਛਲੇ ਕੁਝ ਸਾਲਾਂ ਤੋਂ ਰਾਜਧਾਨੀ ਇਸਲਮਾਬਾਦ ਦਾ ਹਾਲ ਹੋ ਗਿਆ ਹੈ।

ਜਿਸਦਾ ਦਿੱਲ ਕਰਦਾ ਹੈ, ਹਜ਼ਾਰ ਦੋ ਹਜ਼ਾਰ ਬੰਦੇ ਇਕੱਠੇ ਕਰਕੇ ਇਸਲਾਮਾਬਾਦ ਵਿੱਚ ਧਰਨਾ ਦੇ ਦਿੰਦਾ ਹੈ ਅਤੇ ਫਿਰ ਸਰਕਾਰ ਨੂੰ ਕਦੀ ਠੋਡੀ 'ਚ ਹੱਥ ਦੇ ਕੇ, ਕਦੇ ਹੱਸ ਕੇ, ਕਦੇ ਅੱਖਾਂ 'ਚ ਹੰਝੂ ਭਰ ਕੇ, ਕਦੇ ਰੱਬ ਦਾ ਵਾਸਤਾ ਦੇ ਕੇ, ਤਾਂ ਕਦੀ ਕੁਝ ਮੰਗਾਂ ਸਵੀਕਾਰ ਕਰਕੇ ਅਤੇ ਸਾਰੇ ਪੁਲਿਸ ਪਰਚੇ ਵਾਪਿਸ ਲੈ ਕੇ ਧਰਨਾ ਖ਼ਤਮ ਕਰਵਾਉਣਾ ਪੈਂਦਾ ਹੈ।

ਮੌਲਾਨਾ ਤਾਹਿਰੂਲ ਕਾਦਰੀ ਦੇ 2013 ਅਤੇ ਇਮਰਾਨ ਖ਼ਾਨ ਦੇ 2014 ਦੇ ਧਰਨੇ ਤੋਂ ਬਾਅਦ ਹੁਣ ਹਾਜਰ ਹੈ, ਮੌਲਾਨਾ ਖਾਦਿਮ ਹੁਸੈਨ ਰਿਜ਼ਵੀ ਦਾ ਧਰਨਾ।

ਮੌਲਾਨਾ ਨੂੰ ਦੋ ਸਾਲ ਪਹਿਲਾਂ ਤੱਕ ਕੋਈ ਨਹੀਂ ਜਾਣਦਾ ਸੀ।

ਰਿਜ਼ਵੀ 'ਚ ਜਿਵੇਂ 'ਜਿਨ' ਆ ਗਿਆ

ਉਹ ਲਹੌਰ ਦੀ ਇੱਕ ਸਰਕਾਰੀ ਮਸਜਿਦ 'ਚ ਸਿਰਫ਼ ਨਮਾਜ਼ ਪੜਾਉਂਦੇ ਸੀ ਅਤੇ ਤਨਖ਼ਾਹ ਵਸੂਲ ਕਰਦੇ ਸੀ, ਪਰ ਜਦੋਂ ਗਵਰਨਰ ਪੰਜਾਬ ਸਲਮਾਨ ਤਾਸੀਰ ਨੂੰ ਕਤਲ ਕਰਨ ਵਾਲੇ ਮੁਮਤਾਜ਼ ਕਾਦਰੀ ਨੂੰ ਫਾਸੀ ਦਿੱਤੀ ਗਈ ਤਾਂ ਮੌਲਾਨਾ ਖ਼ਾਦਿਮ ਹੁਸੈਨ ਰਿਜ਼ਵੀ ਨੇ ਮੁਮਤਾਜ਼ ਕਾਦਰੀ ਦੇ ਮਿਸ਼ਨ ਦਾ ਬੀੜਾ ਚੁੱਕ ਲਿਆ।

ਕਾਦਰੀ ਦੇ ਘਰ ਵਾਲਿਆਂ ਨੂੰ ਅੱਜ ਕੋਈ ਨਹੀਂ ਜਾਣਦਾ ਪਰ ਖ਼ਾਦਿਮ ਹੁਸੈਨ ਰਿਜ਼ਵੀ ਨੂੰ ਰਾਸ਼ਟਰਪਤੀ ਤੋਂ ਲੈ ਕੇ ਮੇਰੇ ਮੋਹੱਲੇ ਦੇ ਅਬਦੁੱਲਾ ਪਾਨ ਵਾਲੇ ਤਕ ਸਾਰੇ ਜਾਣਦੇ ਹਨ।

ਪਨਾਮਾ ਕੇਸ ਦੇ ਕਾਰਨ ਜਦੋਂ ਨਵਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ ਅਤੇ ਖਾਲੀ ਸੀਟ 'ਤੇ ਉਨ੍ਹਾਂ ਦੀ ਪਤਨੀ ਕੁਲਸੁਮ ਨਵਾਜ਼ ਨੇ ਚੋਣ ਜਿੱਤੀ ਤਾਂ ਇਸ ਜਿੱਤ ਨੂੰ ਇਹ ਖ਼ਬਰ ਖਾ ਗਈ ਕਿ ਇੱਕ ਨਵੀਂ ਪਾਰਟੀ ਤਹਰੀਕ-ਏ-ਲੱਬੈਕ ਜਾਂ ਰਸੂਲ ਅੱਲਾ ਦੇ ਉਮੀਦਵਾਰ ਨੇ ਵੀ ਸੱਤ ਹਜਾਰ ਵੋਟਾਂ ਲਈਆਂ ਹਨ।

ਇਹ ਪਾਰਟੀ ਮੌਲਾਨਾ ਖਾਦਿਮ ਹੁਸੈਨ ਰਿਜ਼ਵੀ ਦੀ ਸੀ।

ਇਸ ਤੋਂ ਬਾਅਦ ਰਿਜ਼ਵੀ ਸਾਹਬ 'ਚ ਇੱਕ ਜਿਨ ਵਰਗੀ ਤਾਕਤ ਆ ਗਈ ਅਤੇ ਉਨ੍ਹਾਂ ਇਸਲਾਮਾਬਾਦ ਅਤੇ ਰਾਵਲਪਿੰਡੀ ਦੇ ਸੰਗਮ ਤੇ ਆਪਣੇ ਦੋ ਹਜ਼ਾਰ ਸਮਰਥਕ ਬਿਠਾ ਕੇ ਦੋਹਾਂ ਸ਼ਹਿਰਾਂ ਦੇ ਲੱਖਾਂ ਲੋਕਾਂ ਨੂੰ 21 ਦਿਨਾਂ ਤੋਂ ਬੰਦੀ ਬਣਾ ਰੱਖਿਆ ਹੈ।

ਇਸਲਾਮਾਬਾਦ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਸਰਕਾਰ ਨੇ ਬੀਤੇ ਦਿਨੀਂ ਗੈਰਤ 'ਚ ਆ ਕੇ ਡਾਂਗਾਂ, ਰਬੜ ਦੀਆਂ ਗੋਲੀਆਂ ਅਤੇ ਹੰਝੂ ਗੈਸ ਦੇ ਜ਼ੋਰ 'ਤੇ ਇਹ ਧਰਨਾ ਚੁੱਕਣ ਦੀ ਕੋਸ਼ਿਸ਼ ਕੀਤੀ।

ਪਰ ਖ਼ਾਦਿਮ ਰਿਜ਼ਵੀ ਸਾਹਿਬ ਦੇ ਪੱਥਰਾਂ ਅਤੇ ਗੁਲੇਲਾਂ ਨਾਲ ਲੈਸ ਸਮਰਥਕਾਂ ਨੇ ਇਹ ਕੋਸ਼ਿਸ਼ ਬੁਰੀ ਤਰਾਂ ਨਕਾਮ ਕਰ ਦਿੱਤੀ।

ਹੁਣ ਤਾਂ ਆਰਮੀ ਚੀਫ਼ ਜਨਰਲ ਬਾਜਵਾ ਵੀ ਕਹਿ ਰਹੇ ਹਨ ਕਿ ਮਾਰ ਨਾਲ ਨਹੀਂ, ਪਿਆਰ ਨਾਲ ਗੱਲਬਾਤ ਕੀਤੀ ਜਾਵੇ।

ਕੀ ਹੁਕਮ ਹੈ ਮੇਰੇ ਆਕਾ

ਇਸਲਾਮਾਬਾਦ ਔਰੰਗਜ਼ੇਬ ਦੇ ਬਾਅਦ ਦੀ ਦਿੱਲੀ ਮੁਫ਼ਤ 'ਚ ਨਹੀਂ ਬਣੀ। ਇਸ ਦੇ ਲਈ ਜਨਰਲ ਜਿਯਾ ਉਲ ਹਕ ਦੇ ਦੌਰ ਤੋਂ ਹੁਣ ਤਕ ਬਹੁਤ ਮਿਹਨਤ ਕੀਤੀ ਗਈ ਹੈ।

ਤੁਹਾਡੇ ਇੱਥੇ ਤਾਂ ਇੱਕ ਜਰਨੈਲ ਸਿੰਘ ਭਿੰਡਰਾਵਾਲਾ ਨੇ ਸਰਕਾਰ ਨੂੰ ਖ਼ਤਰੇ ਵਿੱਚ ਪਾ ਦਿੱਤਾ ਸੀ, ਸਾਡੇ ਹੱਥ ਜਦੋਂ ਅਲਾਦੀਨ ਦਾ ਚਿਰਾਗ ਆਇਆ ਤਾਂ ਉਸ ਨੂੰ ਰਗੜ-ਰਗੜ ਕੇ ਅਸੀਂ ਤਾਂ ਪੂਰੀ ਫੈਕਟਰੀ ਪਾ ਲਈ।

ਹਰ ਸਾਈਜ਼, ਹਰ ਮਾਡਲ, ਹਰ ਨਜ਼ਰੀਏ ਦਾ ਭਿੰਡਰਾਵਾਲਾ ਆਰਡਰ 'ਤੇ ਬਣਾਇਆ ਗਿਆ ਜਿਸ ਨੂੰ ਸਿਰਫ਼ ਇੱਕੋ ਹੀ ਜੁਮਲਾ ਸਿਖਾਇਆ ਗਿਆ, 'ਕੀ ਹੁਕਮ ਹੈ ਮੇਰੇ ਆਕਾ'?

ਪਰ ਹੁਣ ਮੁਸ਼ਕਿਲ ਇਹ ਹੈ ਕਿ ਅਲਾਦੀਨ ਦਾ ਇਹ ਚਿਰਾਗ ਰਗੜ-ਰਗੜ ਕੇ ਹਰ ਨਿੱਕਾ ਵੱਡਾ ਕੰਮ ਕਢਵਾ ਲਿਆ ਗਿਆ ਹੈ, ਹੁਣ ਕੋਈ ਖਾਸ ਕੰਮ ਹੀ ਨਹੀ ਬਚਿਆ ਤਾਂ ਜਿਨ ਕੀ ਕਰੇ ਇਸ ਲਈ ਚਿਰਾਗ ਜਿਨ ਦੇ ਹੱਥ 'ਚ ਹੈ ਅਤੇ ਇਹ ਕਹਿਣ ਦੀ ਵਾਰੀ ਅਲਾਦੀਨ ਦੀ ਹੈ, 'ਕਿਆ ਹੁਕਮ ਹੈ ਮੇਰੇ ਆਕਾ'?

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)