ਬਿਨਾਂ ਸਬੂਤ ਪੇਸ਼ ਕੀਤੇ ਵਾਰੰਟ ਵਧਾ ਕਰ ਰਹੀ ਹੈ ਪੁਲਿਸ: ਜੌਹਲ ਦੇ ਵਕੀਲ ਦਾ ਦਾਅਵਾ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੰਜਾਬੀ

ਲੁਧਿਆਣਾ ਦੀ ਅਦਾਲਤ ਨੇ ਮੰਗਲਵਾਰ ਨੂੰ ਬ੍ਰਿਟਿਸ਼ ਸਿੱਖ ਨਾਗਰਿਕ ਜਗਤਾਰ ਸਿੰਘ ਜੌਹਲ ਦਾ ਪੁਲਿਸ ਰਿਮਾਂਡ ਦੋ ਦਿਨ ਹੋਰ ਵਧਾ ਦਿੱਤਾ ਹੈ। ਅਦਾਲਤ ਹੁਣ ਵੀਰਵਾਰ ਨੂੰ ਕੇਸ ਸੁਣੇਗੀ।

ਪੁਲਿਸ ਰਿਮਾਂਡ ਦੇ ਵਾਧੇ ਦੀ ਮੰਗ ਕਰਦਿਆਂ, ਸਰਕਾਰੀ ਵਕੀਲਾਂ ਨੇ ਦਲੀਲ ਦਿੱਤੀ ਕਿ ਪੁਲਿਸ ਕੋਲ ਜੌਹਲ ਦੀ ਸ਼ਮੂਲੀਅਤ ਦਾ ਸਬੂਤ ਹੈ ਅਤੇ ਇਸ ਸਬੰਧੀ ਉਸ ਕੋਲ ਲਈ ਦਸਤਾਵੇਜ਼ੀ ਸਬੂਤ ਹਨ।

ਉਨ੍ਹਾਂ ਕਿਹਾ ਕਿ ਜੌਹਲ ਤੋਂ ਇਹ ਪਤਾ ਕਰਨ ਲਈ ਹੋਰ ਪੁੱਛਗਿੱਛ ਕਰਨ ਦੀ ਲੋੜ ਹੈ ਕਿ ਪੈਸਾ ਕਿਵੇਂ ਭੇਜਿਆ ਜਾ ਰਿਹਾ ਹੈ ਅਤੇ ਕੀ ਪਹਿਲਾਂ ਵੀ ਭੇਜਿਆ ਗਿਆ ਹੈ।

ਸਰਕਾਰੀ ਵਕੀਲ ਨੇ ਪਿਛਲੀ ਸੁਣਵਾਈ ਦੌਰਾਨ ਕਿਹਾ ਸੀ ਕਿ 30 ਸਾਲਾ ਜੌਹਲ ਦੇ ਪਾਕਿਸਤਾਨੀ ਖੁਫ਼ੀਆ ਏਜੰਸੀ, ਆਈਐਸਆਈ ਨਾਲ ਸਬੰਧ ਸਨ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਇਕ ਈਸਾਈ ਪਾਦਰੀ ਦੀ ਹੱਤਿਆ ਦਾ ਮੁੱਖ ਸਾਜ਼ਿਸ਼ਕਾਰ ਸੀ।

ਜੌਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਜ਼ੋਰ ਨਾਲ ਇਹ ਕਿਹਾ ਕਿ ਅਦਾਲਤ ਵਿੱਚ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ।

ਸੁਣਵਾਈ ਤੋਂ ਬਾਅਦ ਨਿਰਾਸ਼ ਵਕੀਲ ਨੇ ਬੀਬੀਸੀ ਨੂੰ ਕਿਹਾ ਕਿ, "ਨਾ ਹੀ ਵਸਤੂ ਅਤੇ ਨਾ ਹੀ ਕੋਈ ਸਬੂਤ ਮਿਲਿਆ ਹੈ ਪਰ ਪੁਲਿਸ ਰਿਮਾਂਡ ਦੀ ਮੰਗ ਕਰਦੀ ਜਾ ਰਹੀ ਹੈ। ਉਹ ਪਿਛਲੀ ਦੋ ਸੁਣਵਾਈਆਂ ਦੀ ਮੰਗ ਕਰ ਰਿਹਾ ਸੀ ਕਿ ਜੌਹਲ ਦੇ ਪੁਲਿਸ ਰਿਮਾਂਡ ਦੀ ਕੋਈ ਲੋੜ ਨਹੀਂ ਹੈ ਪਰ ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨਹੀਂ ਮੰਨੀਆਂ।''

ਜੌਹਲ ਦੇ ਵਕੀਲ ਨੇ ਪਹਿਲਾਂ ਪੁਲਿਸ 'ਤੇ ਆਪਣੇ ਮੁਵੱਕਿਲ 'ਤੇ ਤਸ਼ਦੱਦ ਕਰਨ ਦਾ ਇਲਜ਼ਾਮ ਲਗਾਇਆ ਸੀ। ਉਧਰ ਪੰਜਾਬ ਪੁਲਿਸ ਨੇ ਇਹ ਇਲਜ਼ਾਮ ਖਾਰਿਜ ਕੀਤਾ ਸੀ।

ਮੰਝਪੁਰ ਨੇ ਅਦਾਲਤ ਨੂੰ ਦੱਸਿਆ ਕਿ ਪਿਛਲੀ ਸੁਣਵਾਈ ਦੌਰਾਨ ਜੱਜ ਵੱਲੋਂ ਹੁਕਮ ਦਿੱਤੇ ਜਾਣ ਦੇ ਬਾਵਜੂਦ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੂੰ ਨਿੱਜੀ ਤੌਰ 'ਤੇ ਜੌਹਲ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਜਦੋਂ ਉਹ ਦੋਸ਼ੀ ਨੂੰ ਮਿਲੇ ਸਨ ਤਾਂ ਪੁਲਿਸ ਮੌਜੂਦ ਸੀ।

ਇਸ ਰਿਪੋਰਟ ਨੂੰ ਲਿਖੇ ਜਾਣ ਵੇਲੇ ਤੱਕ ਆਦੇਸ਼ ਉਪਲਬਧ ਨਹੀਂ ਕੀਤੇ ਗਏ ਸਨ।

ਇਸ ਦੌਰਾਨ, ਜੌਹਲ ਦਾ ਸਹੁਰਾ ਇਸ ਵਾਰ ਜੌਹਲ ਨੂੰ ਮਿਲ ਨਹੀਂ ਸਕੇ, ਕਿਉਂਕਿ ਪੁਲਿਸ ਸੁਣਵਾਈ ਤੋਂ ਬਾਅਦ ਜਲਦੀ ਹੀ ਉਸ ਨੂੰ ਲੈ ਗਈ।

ਜੌਹਲ ਦੇ ਸਹੁਰੇ ਬਲਵਿੰਦਰ ਸਿੰਘ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਅਦਾਲਤ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਉਧਰ ਸਰਕਾਰੀ ਵਕੀਲ ਨੇ ਇਹ ਦੋਸ਼ ਖਾਰਿਜ ਕੀਤਾ ਹੈ।

ਭਾਰਤ ਵਿਚ ਵਿਆਹ ਕਰਾਉਣ ਤੋਂ ਕੁਝ ਹਫਤਿਆਂ ਬਾਅਦ 4 ਨਵੰਬਰ ਨੂੰ ਗ੍ਰਿਫਤਾਰੀ ਤੋਂ ਬਾਅਦ ਜੌਹਲ ਦੇ ਸਹੁਰੇ ਉਸਦੀ ਸਾਰੀਆਂ ਸੁਣਵਾਈਆਂ ਵਿੱਚ ਆਉਂਦੇ ਰਹੇ ਹਨ।

ਪੰਜਾਬ ਪੁਲਿਸ ਨੇ ਉਸ 'ਤੇ ਸੱਜੇ-ਪੱਖੀ ਹਿੰਦੂ ਆਗੂਆਂ ਦੇ ਕਤਲ ਦੀ ਸਾਜਿਸ਼ ਦਾ ਦੋਸ਼ ਲਗਾਇਆ ਹੈ।

ਜੁਲਾਈ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਲੁਧਿਆਣਾ ਦੀ ਇੱਕ ਚਰਚ ਦੇ ਪਾਦਰੀ ਸੁਲਤਾਨ ਮਸੀਹ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਪੁਲਿਸ ਦਾ ਕਹਿਣਾ ਹੈ ਕਿ ਪਾਦਰੀ ਆਪਣੇ ਨਿਵਾਸ ਤੋਂ ਬਾਹਰ ਜਾ ਰਿਹਾ ਸੀ ਅਤੇ ਕਿਸੇ ਨਾਲ ਫੋਨ 'ਤੇ ਗੱਲਾਂ ਕਰ ਰਿਹਾ ਸੀ ਜਦੋਂ ਉਨ੍ਹਾਂ ਨੂੰ ਗੋਲੀਆਂ ਨਾਲ ਮਾਰ ਦਿੱਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)