ਜਗਤਾਰ ਜੌਹਲ ਨੂੰ 30 ਨਵੰਬਰ ਤੱਕ ਅਦਾਲਤੀ ਹਿਰਾਸਤ ਵਿੱਚ ਜੇਲ੍ਹ ਭੇਜਿਆ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੰਜਾਬੀ, ਬਾਘਾ ਪੁਰਾਣਾ

ਤੀਹ ਸਾਲ ਦੇ ਸਕੌਟਿਸ਼ ਸਿੱਖ ਜਗਤਾਰ ਸਿੰਘ ਜੌਹਲ ਨੂੰ 30 ਨਵੰਬਰ 2017 ਤੱਕ ਅਦਾਲਤੀ ਹਿਰਾਸਤ ਵਿੱਚ ਜੇਲ੍ਹ ਭੇਜਿਆ ਗਿਆ ਹੈ।

ਸਖ਼ਤ ਸੁਰੱਖਿਆ ਦੇ ਪਹਿਰੇ ਹੇਠ ਜਗਤਾਰ ਸਿੰਘ ਜੌਹਲ ਨੂੰ ਪੰਜਾਬ ਦੇ ਮੋਗੇ ਜ਼ਿਲ੍ਹੇ ਦੀ ਬਾਘਾ ਪੁਰਾਣਾ ਦੀ ਹੇਠਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਇਸਤਗਾਸਾ ਨੇ ਜੌਹਲ ਦੀ ਪੁਲਿਸ ਹਿਰਾਸਤ ਨੂੰ ਵਧਾਉਣ ਦੀ ਮੰਗ ਨਹੀਂ ਕੀਤੀ।

ਜੌਹਲ ਦੇ ਵਕੀਲ ਦੇ ਦਾਅਵੇ ਕਿ ਉਨ੍ਹਾਂ ਦੇ ਮੁਵੱਕਿਲ ਉੱਤੇ ਪੁਲਿਸ ਹਿਰਾਸਤ ਵਿੱਚ ਤਸ਼ੱਦਦ ਕੀਤਾ ਗਿਆ ਸੀ, ਦਾ ਵੀ ਅਦਾਲਤ ਨੇ ਨੋਟਿਸ ਲਿਆ।

ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਤਸ਼ੱਦਦ ਕਰਨ ਦੇ ਦੋਸ਼ਾਂ ਰੱਦ ਕਰਕੇ ਆਪਣੀ ਸਫ਼ਾਈ ਦਿੱਤੀ।

ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀ ਵੀ ਦਿੱਲੀ ਤੋਂ ਅਦਾਲਤ ਵਿੱਚ ਪਹੁੰਚੇ ਹਨ। ਬ੍ਰਿਟਿਸ਼ ਹਾਈ ਕਮਿਸ਼ਨ ਦੀ ਇਕ ਅਧਿਕਾਰੀ ਨਾਲ ਵੀ ਕਥਿਤ ਮੁਲਜ਼ਮ ਨੂੰ ਅਦਾਲਤ ਵਿਚ ਵੀ ਮਿਲਵਾਇਆ ਗਿਆ।

ਜਗਤਾਰ ਸਿੰਘ ਦਾ ਸਹੁਰਾ ਪਰਿਵਾਰ ਵੀ ਅਦਾਲਤ ਵਿੱਚ ਪਹੁੰਚਿਆ ਹੋਇਆ ਸੀ।

ਅਦਾਲਤ ਨੇ ਜਗਤਾਰ ਸਿੰਘ ਦੀ ਸੱਸ ਅਤੇ ਸਹੁਰਾ ਨੂੰ ਥੋੜ੍ਹੀ ਦੇਰ ਲਈ ਉਸ ਨੂੰ ਮਿਲਣ ਦੀ ਇਜਾਜ਼ਤ ਦਿੱਤੀ। ਜੌਹਲ ਦੀ ਸੱਸ ਉਸ ਨਾਲ ਗੱਲ ਕਰਨ ਤੋਂ ਬਾਅਦ ਫੁੱਟ-ਫੁੱਟ ਕੇ ਰੋ ਪਈ।

ਪੰਜਾਬ ਪੁਲਿਸ ਨੇ ਜੌਹਲ ਉੱਤੇ ਪੰਜਾਬ ਵਿੱਚ ਹਿੰਦੂ ਆਗੂਆਂ ਨੂੰ ਮਾਰਨ ਲਈ ਵਰਤੇ ਜਾਣ ਵਾਲੇ ਹਥਿਆਰਾਂ ਦੀ ਖਰੀਦ ਲਈ ਪੈਸਾ ਦੇਣ ਦਾ ਦੋਸ਼ ਲਗਾਇਆ।

ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ 4 ਨਵੰਬਰ 2017 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਅਕਤੂਬਰ ਵਿੱਚ ਜਲੰਧਰ ਵਿੱਚ ਵਿਆਹ ਕਰਵਾਇਆ ਸੀ।

ਜਗਤਾਰ ਸਿੰਘ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਪਿਛਲੀ ਪੇਸ਼ੀ ਦੌਰਾਨ ਬੀਬੀਸੀ ਨੂੰ ਦੱਸਿਆ ਸੀ ਕਿ ਜਗਤਾਰ ਸਿੰਘ ਨੇ ਅਦਾਲਤ ਸਾਹਮਣੇ ਪੁਲਿਸ 'ਤੇ ਅਣਮਨੁੱਖੀ ਤਸ਼ਦੱਦ ਦਾ ਇਲਜ਼ਾਮ ਲਾਇਆ ਹੈ।

ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵੀ ਜਗਤਾਰ ਸਿੰਘ ਦੇ ਹੱਕ ਵਿੱਚ ਮੁਹਿੰਮ ਭਖ ਗਈ।

ਕਦੋਂ ਹੋਈ ਗ੍ਰਿਫ਼ਤਾਰੀ

4 ਨਵੰਬਰ ਨੂੰ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਜਲੰਧਰ ਦੇ ਰਾਮਾਮੰਡੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਗਤਾਰ ਆਪਣੇ ਵਿਆਹ ਲਈ ਭਾਰਤ ਆਇਆ ਸੀ।

ਮੋਗਾ ਦੇ ਬਾਘਾਪੁਰਾਣਾ ਥਾਣੇ 'ਚ ਸਾਲ 2016 'ਚ ਐੱਫਆਈਆਰ ਨੰਬਰ 193/16 ਦਰਜ ਹੋਈ। ਇਸ ਕੇਸ 'ਚ ਜਗਤਾਰ ਸਿੰਘ ਦਾ ਨਾਂ ਵੀ ਜੋੜ ਲਿਆ ਗਿਆ।

ਬ੍ਰਿਟਿਸ਼ ਸਿੱਖਾਂ ਨੇ ਜਗਤਾਰ ਜੌਹਲ ਦੀ ਮਦਦ ਲਈ ਬ੍ਰਿਟੇਨ ਸਰਕਾਰ ਨੂੰ ਗੁਹਾਰ ਲਾਈ ਤੇ ਫੌਰਨ ਆਫ਼ਿਸ ਦੇ ਬਾਹਰ ਮੁਜ਼ਾਹਰਾ ਕੀਤਾ।

ਫੌਰਨ ਆਫ਼ਿਸ ਦੇ ਸਪੋਕਸਮੈਨ ਨੇ ਦਾਅਵਾ ਕੀਤਾ ਕਿ ਉਹ ਜੌਹਲ ਦੇ ਪਰਿਵਾਰ ਨੂੰ ਮਿਲ ਚੁੱਕੇ ਹਨ ਅਤੇ ਹੁਣ ਭਾਰਤ ਵਿੱਚ ਉਸ ਕੋਲ ਵਕੀਲ ਹੈ।

ਪੁਲਿਸ 'ਤੇ ਅਣਮਨੁੱਖੀ ਤਸ਼ਦੱਦ ਦਾ ਇਲਜ਼ਾਮ

ਮੰਝਪੁਰ ਮੁਤਾਬਕ ਜਗਤਾਰ ਸਿੰਘ ਨੇ ਅਦਾਲਤ ਵਿੱਚ ਜੱਜ ਸਾਹਮਣੇ ਆਪਣੇ ਨਾਲ ਹੋਏ ਥਰਡ ਡਿਗਰੀ ਟਾਰਚਰ ਬਾਰੇ ਦੱਸਿਆ।

ਜਗਤਾਰ ਸਿੰਘ ਨੇ ਜੱਜ ਨੂੰ ਦੱਸਿਆ, 'ਪੁਲਿਸ ਨੇ ਮੇਰੇ ਕੰਨ੍ਹਾਂ ਹੇਠਾਂ, ਛਾਤੀ ਦੇ ਨਿੱਪਲਾਂ ਅਤੇ ਗੁਪਤ ਅੰਗਾਂ ਨੂੰ ਕਰੰਟ ਲਾਇਆ ਹੈ ਅਤੇ ਮੇਰੀਆਂ ਲੱਤਾਂ ਖਿੱਚੀਆਂ ਹਨ।'

ਜਗਤਾਰ ਸਿੰਘ ਜੌਹਲ ਦੇ ਵਕੀਲ ਨੇ ਇਸ ਅਣਮਨੁੱਖੀ ਤਸ਼ੱਦਦ 'ਤੇ ਤਿੰਨ ਡਾਕਟਰਾਂ ਦੇ ਬੋਰਡ ਕੋਲੋ ਮੈਡੀਕਲ ਜਾਂਚ ਕਰਵਾਉਣ ਲਈ ਜੱਜ ਨੂੰ ਅਰਜ਼ੀ ਦਾਇਰ ਕਰ ਦਿੱਤੀ ਹੈ।

ਦੂਜੇ ਪਾਸੇ ਸਰਕਾਰੀ ਵਕੀਲ ਨੇ ਬੀਬੀਸੀ ਨਾਲ ਫੋਨ ਉੱਤੇ ਗੱਲ ਕਰਦਿਆਂ ਦੱਸਿਆ ਕਿ ਭਾਰਤੀ ਕਨੂੰਨ ਮੁਤਾਬਿਕ ਅਜਿਹਾ ਤਸ਼ੱਦਦ ਨਹੀਂ ਕੀਤਾ ਜਾ ਸਕਦਾ। ਇਸ ਕੇਸ ਵਿੱਚ ਵੀ ਅਜਿਹਾ ਕੁਝ ਨਹੀਂ ਕੀਤਾ ਗਿਆ ਹੈ, ਇਹ ਮਹਿਜ਼ ਇਲਜ਼ਾਮ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)