ਸਕੌਟਿਸ਼ ਸਾਂਸਦ ਨੇ ਜਗਤਾਰ ਦਾ ਮਾਮਲਾ ਬ੍ਰਿਟਿਸ਼ ਹਾਈ ਕਮਿਸ਼ਨ ਕੋਲ ਚੁੱਕਿਆ

ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਪੰਜਾਬ 'ਚ ਗ੍ਰਿਫ਼ਤਾਰੀ ਦਾ ਮਾਮਲਾ ਭਖ ਗਿਆ ਹੈ। ਪੱਛਮੀ ਡਨਬਾਰਟਨਸ਼ਇਰ ਦੇ ਸਾਂਸਦ ਮਾਰਟਿਨ ਡੋਖ਼ਰਟੀ ਹਿਊਜ਼ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਜਗਤਾਰ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

4 ਨਵੰਬਰ ਨੂੰ ਜਗਤਾਰ ਨੂੰ ਜਲੰਧਰ ਦੇ ਰਾਮਾਮੰਡੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਸੀ। ਮੋਗਾ ਦੀ ਅਦਾਲਤ ਨੇ 14 ਨਵੰਬਰ ਤੱਕ ਜਗਤਾਰ ਨੂੰ ਰਿਮਾਂਡ 'ਤੇ ਭੇਜ ਦਿੱਤਾ ਹੈ।

ਮੋਗਾ ਦੇ ਬਾਘਾਪੁਰਾਣਾ ਥਾਣੇ 'ਚ ਸਾਲ 2016 'ਚ ਐੱਫਆਈਆਰ ਨੰਬਰ 193/16 ਦਰਜ ਹੋਈ। ਇਸ ਕੇਸ 'ਚ ਜਗਤਾਰ ਸਿੰਘ ਦਾ ਨਾਂ ਵੀ ਜੋੜ ਲਿਆ ਗਿਆ। ਉਸ 'ਤੇ ਅਸਲ੍ਹਾ ਐਕਟ ਅਤੇ ਗੈਰ ਕਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਦੀਆਂ ਧਾਰਵਾਂ ਅਧੀਨ ਕੇਸ ਦਰਜ ਹੋਇਆ।

ਜਗਤਾਰ ਸਿੰਘ ਜੌਹਲ ਸਕੌਟਲੈਂਡ ਵਿੱਚ ਡਨਬਾਰਟਨਸ਼ਇਰ ਦੇ ਡੰਮਬਾਰਟਨ ਸ਼ਹਿਰ ਦਾ ਨਿਵਾਸੀ ਹੈ। ਜਗਤਾਰ ਆਪਣੇ ਵਿਆਹ ਦੇ ਲਈ ਭਾਰਤ ਆਇਆ ਸੀ। ਜਲੰਧਰ ਦੇ ਪਿੰਡ ਜੰਡਿਆਲਾ ਮੰਜਕੀ ਵਿੱਚ ਜਗਤਾਰ ਦੀ ਦਾਦੀ ਰਹਿੰਦੀ ਹੈ।

'ਪੁਲਿਸ ਜਾਣਕਾਰੀ ਨਹੀਂ ਦੇ ਰਹੀ'

ਜਗਤਾਰ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਜੌਹਲ ਨੇ ਦੱਸਿਆ ਕਿ ਉਨ੍ਹਾਂ ਨੇ ਜਗਤਾਰ ਦਾ ਪਾਸਪੋਰਟ ਦਿੱਲੀ ਵਿੱਚ ਬ੍ਰਿਟਿਸ਼ ਹਾਈਕਮਿਸ਼ਨ ਕੋਲ ਜਮ੍ਹਾ ਕਰਵਾ ਦਿੱਤਾ ਹੈ।

ਉਨ੍ਹਾਂ ਕਿਹਾ, ''ਬ੍ਰਿਟਿਸ਼ ਪ੍ਰਸ਼ਾਸਨ ਨੂੰ ਮਾਮਲੇ 'ਚ ਜਲਦ ਦਖ਼ਲ ਦੇਣਾ ਚਾਹੀਦਾ ਹੈ, ਜਾਂ ਜੋ ਜਗਤਾਰ ਦੇ ਮਾਮਲੇ ਦੀ ਨਿਰਪੱਖ ਸੁਣਵਾਈ ਹੋ ਸਕੇ।''

ਉੱਧਰ ਪੱਛਮੀ ਡਨਬਾਰਟਨਸ਼ਇਰ ਦੇ ਸਾਂਸਦ ਮਾਰਟਿਨ ਡੋਖ਼ਰਟੀ ਹਿਊਜ਼ ਨੇ ਕਿਹਾ ਹੈ ਕਿ ਉਹ ਜਗਤਾਰ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰ ਰਹੇ ਹਨ।

ਉਨ੍ਹਾਂ ਕਿਹਾ, "ਜਿਸ ਤਰੀਕੇ ਨਾਲ ਜਗਤਾਰ ਨੂੰ ਭਾਰਤ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਉਸ ਨਾਲ ਮੈਂ ਬਹੁਤ ਚਿੰਤਿਤ ਹਾਂ। ਇਸਦੇ ਨਾਲ ਹੀ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਜਗਤਾਰ ਬਾਰੇ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।''

ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਇਹ ਮਾਮਲਾ ਭਾਰਤ ਵਿੱਚ ਬ੍ਰਿਟਿਸ਼ ਸਫੀਰ ਅੱਗੇ ਵੀ ਚੁੱਕਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਵਿਦੇਸ਼ ਸਕੱਤਰ ਨਾਲ ਗੱਲਬਾਤ ਕਰਕੇ ਇਹ ਯਕੀਨੀ ਬਣਾਉਣਗੇ ਕਿ ਜਗਤਾਰ ਨੂੰ ਕਿਸੇ ਤਰੀਕੇ ਨਾਲ ਪਰੇਸ਼ਾਨ ਨਾ ਕੀਤਾ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)