ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਲਈ ਮੁਆਫ਼ੀ ਦੀ ਮੰਗ

ਬ੍ਰਿਟੇਨ ਦੇ ਇੱਕ ਸਾਂਸਦ ਨੇ ਇਹ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਟੈਰੀਜ਼ਾ ਮੇ 1919 'ਚ ਅੰਮ੍ਰਿਤਸਰ ਵਿੱਚ ਹੋਏ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਲਈ ਮੁਆਫ਼ੀ ਮੰਗਣ।

ਸਾਂਸਦ ਵਿਰੇਂਦਰ ਸ਼ਰਮਾ ਨੇ 'ਜਲ੍ਹਿਆਂਵਾਲਾ ਬਾਗ ਹੱਤਿਆਕਾਂਡ 1919' ਸਿਰਲੇਖ ਦਾ ਮਤਾ ਸੰਸਦ ਵਿੱਚ ਰੱਖਿਆ ਹੈ।

ਬੀਬੀਸੀ ਪੱਤਰਕਾਰ ਰਾਹੁਲ ਜੋਗਲੇਕਰ ਦੇ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ 100 ਸਾਲ ਹੋਣ ਜਾ ਰਹੇ ਹਨ।

ਉਨ੍ਹਾਂ ਕਿਹਾ, "ਡੇਵਿਡ ਕੈਮਰੂਨ ਨੇ ਇਸ ਨੂੰ ਇੱਕ ਸ਼ਰਮਨਾਕ ਘਟਨਾ ਕਿਹਾ ਸੀ। ਸੰਸਦ ਵਿੱਚ ਵੀ ਇਹ ਕਹਿਣਾ ਚਾਹੀਦਾ ਹੈ।"

ਸ਼ਰਮਾ ਨੇ ਅੱਗੇ ਰਿਹਾ, "ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਉਸ ਸਮੇਂ ਦੇ ਬ੍ਰਿਟਿਸ਼ ਹਕੂਮਤ ਰਵੱਈਆ 21ਵੀਂ ਸਦੀ ਦੇ ਮੁਤਾਬਕ ਨਹੀਂ ਸੀ। ਇਹ ਜਮਹੂਰੀਅਤ ਦੀਆਂ ਕਦਰਾਂ ਕੀਮਤਾਂ ਦੇ ਖ਼ਿਲਾਫ਼ ਸੀ।"

ਸ਼ਰਮਾ ਨੇ ਕਿਹਾ ਕਿ ਜੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸ ਬਾਰੇ ਪਤਾ ਹੋਵੇਗਾ ਤੇ ਅਜਿਹੇ ਹਾਲਾਤ ਦੁਬਾਰਾ ਨਹੀਂ ਹੋਣਗੇ।

ਉਨ੍ਹਾਂ ਕਿਹਾ, "ਜੋ ਗਲਤ ਹੋਇਆ ਹੈ ਉਸ ਲਈ ਮੁਆਫ਼ੀ ਮੰਗੀ ਜਾਏ ਤਾਂ ਉਸ ਵਿੱਚ ਕੋਈ ਹਰਜ਼ ਨਹੀਂ। ਮੈਂ ਸਾਂਸਦਾਂ ਵਿੱਚ ਇਸ ਬਾਰੇ ਜਾਗਰੁਕਤਾ ਪੈਦਾ ਕਰਨ ਲਈ ਇਹ ਮਤਾ ਪੇਸ਼ ਕੀਤਾ ਹੈ।"

ਪਹਿਲਾਂ ਵੀ ਉੱਠੀ ਸੀ ਮੰਗ

ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਲਈ ਮੁਆਫ਼ੀ ਦੀ ਮੰਗ ਪਹਿਲਾਂ ਵੀ ਕੀਤੀ ਗਈ ਹੈ।

ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਹੱਤਿਆਕਾਂਡ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੇ ਵੀ ਇਹ ਮੰਗ ਚੁੱਕੀ ਸੀ ਕਿ ਬ੍ਰਿਟੇਨ ਦੀ ਸਰਕਾਰ ਇਸ ਘਟਨਾ ਲਈ ਮੁਆਫ਼ੀ ਮੰਗੇ।

ਅਗਸਤ 1997 ਵਿੱਚ ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੈਥ ਅਤੇ ਐਡਿਨਬਰਾ ਦੇ ਡਿਊਕ ਪ੍ਰਿੰਸ ਫਿਲਿਪ ਭਾਰਤ ਆਏ।

ਦੌਰੇ ਦੌਰਾਨ ਪ੍ਰਿੰਸ ਫਿਲਿਪ ਨੇ ਇਸ ਹੱਤਿਆਕਾਂਡ ਵਿੱਚ ਲੋਕਾਂ ਦੀ ਮੌਤ ਦੇ ਅੰਕੜਿਆਂ 'ਤੇ ਸਵਾਲ ਚੁੱਕੇ ਸਨ। ਇਸ ਗੱਲ ਦੀ ਨਿਖੇਧੀ ਕੀਤੀ ਗਈ ਸੀ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ; ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ; ਅਤੇ ਇੱਥੇ ਕਲਿਕ ਕਰਕੇ ਟਵਿੱਟਰ ਤੇ ਸਾਡੇ ਨਾਲ ਜੁੜੋ।)