#FREEJAGGINOW: 'ਸੱਤਾ ਦੀ ਦੁਰਵਰਤੋਂ ਵਧ ਗਈ ਹੈ'

4 ਨਵੰਬਰ ਨੂੰ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਜਲੰਧਰ ਦੇ ਰਾਮਾਮੰਡੀ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਹੁਣ ਇਹ ਮੁੱਦਾ ਸਿਆਸੀ ਗਲਿਆਰਿਆਂ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਸੋਸ਼ਲ ਮੀਡੀਆ 'ਤੇ ਜਗਤਾਰ ਸਿੰਘ ਜੌਹਲ ਦੀ ਰਿਹਾਈ ਨੂੰ ਲੈ ਕੇ #FREEJAGGINOW ਰਾਹੀਂ ਮੁਹਿੰਮ ਵੀ ਚੱਲ ਰਹੀ ਹੈ ਅਤੇ ਇਸ ਵਿੱਚ ਹਰ ਖ਼ੇਤਰ ਤੋਂ ਲੋਕ ਜਗਤਾਰ ਨੂੰ ਸਹਿਯੋਗ ਕਰਦੇ ਨਜ਼ਰ ਆ ਰਹੇ ਹਨ।

ਪੰਜਾਬੀ ਗਾਇਕ ਜੈਜ਼ੀ ਬੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਸਾਨੂੰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ।

ਇਸੇ ਤਰ੍ਹਾਂ ਰੈਪਰ ਤੇ ਗਾਇਕ ਰੈਕਸਟਰ ਟਵਿੱਟਰ 'ਤੇ ਲਿਖਦੇ ਹਨ ਕਿ ਮੇਰੇ ਪਰਿਵਾਰ ਦੇ ਮੈਂਬਰਾਂ ਨੂੰ ਪੰਜਾਬ ਵਿੱਚ ਗਲਤ ਤਰੀਕੇ ਨਾਲ ਜੇਲ੍ਹ ਹੋਈ ਸੀ। ਸੱਤਾ ਦੀ ਤਾਕਤ ਦੀ ਦੁਰਵਰਤੋਂ ਹੋ ਰਹੀ ਹੈ । ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਲੋਕਾਂ ਸ਼ਕਤੀ ਹੀ ਸਭ ਤੋਂ ਵੱਡੀ ਹੁੰਦੀ ਹੈ।

ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਵੀ ਟਵੀਟ ਕੀਤਾ ਕਿ ਜਗਤਾਰ ਸਿੰਘ ਜੌਹਲ ਦੇ ਕਨੂੰਨੀ ਸਲਾਹਕਾਰ ਵੱਲੋਂ ਪਤਾ ਲੱਗਣਾ ਨਿਰਾਸ਼ਾਜਨਕ ਹੈ ਕਿ @UKinIndia ਦੇ ਪ੍ਰਤੀਨਿਧੀ ਅਦਾਲਤ ਵਿੱਚ ਸੁਣਵਾਈ ਵਿੱਚ ਹਿੱਸਾ ਲੈਣ ਵਿੱਚ ਅਸਫ਼ਲ ਹੋਏ ਹਨ।

ਚੰਡੀਗੜ੍ਹ ਵਿੱਚ ਡਿਪਟੀ ਹਾਈ ਕਮਿਸ਼ਨਰ ਐਂਡਰਯੂਏਅਰ ਨੂੰ ਬ੍ਰਿਟਿਸ਼ ਨਾਗਰਿਕ ਦੀ ਤੰਦਰੁਸਤੀ ਲਈ ਦਖਲ ਦੇਣ ਲਈ ਬੇਨਤੀ ਕਰਦਾ ਹਾਂ।

ਇਲਿੰਗ ਸਾਊਥਹਾਲ ਤੋਂ ਸੰਸਦ ਮੈਂਬਰ ਵਿਰੇਂਦਰ ਸ਼ਰਮਾ ਨੇ ਵੀ ਟਵੀਟ ਰਾਹੀਂ ਇਸ ਮਸਲੇ 'ਤੇ ਲਿਖਿਆ ਕਿ ਮੈਂ ਇਸ ਸਬੰਧੀ ਭਾਰਤ ਸਰਕਾਰ ਅਤੇ ਵਿਦੇਸ਼ ਸਕੱਤਰ ਨੂੰ ਕਾਰਵਾਈ ਕਰਨ ਲਈ ਲਿਖਿਆ ਹੈ।

ਕਨੂੰਨੀ ਪ੍ਰਕਿਰਿਆਵਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਦੇਖਿਆ ਜਾਣਾ ਚਾਹੀਦਾ ਹੈ।

ਇਸੇ ਤਰ੍ਹਾਂ ਸਾਂਸਦ ਪ੍ਰੀਤ ਕੌਰ ਗਿੱਲ ਨੇ ਟਵੀਟ ਕੀਤਾ ਕਿ ਉਨ੍ਹਾਂ ਇਸ ਸਬੰਧੀ ਆਲ ਪਾਰਟੀ ਪਾਰਲੀਆਮੈਂਟਰੀ ਗਰੁੱਪ ਆਫ਼ ਬ੍ਰਿਟਿਸ਼ ਸਿੱਖ ਦੇ ਵੱਲੋਂ ਬੋਰਿਸ ਜੌਨਸਨ (ਵਿਦੇਸ਼ ਸਕੱਤਰ) ਨੂੰ ਲਿਖਿਆ ਹੈ।

ਇਸ ਸਬੰਧੀ ਆਪ ਪਾਰਟੀ ਦੇ ਆਗੂ ਕੰਵਰ ਸੰਧੂ ਨੇ ਆਪਣੇ ਫੇਸਬੁੱਕ 'ਤੇ ਲਿਖਿਆ ਕਿ ਜੱਗੀ ਕੇਸ ਵਿੱਚ ਪੜਤਾਲ ਦੀ ਲੋੜ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਨਿਸ਼ਾਨੇ ਤਹਿਤ ਹੋਏ ਕਤਲਾਂ ਰਾਹੀਂ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਪੰਜਾਬ ਪੁਲਿਸ ਤੇ ਕੇਸਾਂ ਦੇ ਹੱਲ ਲਈ ਬਹੁਤ ਦਬਾਅ ਸੀ।

ਇਹ ਠੀਕ ਹੈ ਹੈ ਕਿ ਉਨ੍ਹਾਂ ਨੇ ਕੁਝ ਰਾਹ ਬਣਾ ਦਿੱਤਾ ਹੈ, ਪਰ ਕਿਸੇ ਨਿਰਦੋਸ਼ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।

ਜਗਤਾਰ ਸਿੰਘ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਜਗਤਾਰ ਸਿੰਘ ਨੇ ਅਦਾਲਤ ਸਾਹਮਣੇ ਪੁਲਿਸ 'ਤੇ ਅਣਮਨੁੱਖੀ ਤਸ਼ਦੱਦ ਦਾ ਇਲਜ਼ਾਮ ਲਾਇਆ ਹੈ।

ਇਸ ਮਾਮਲੇ 'ਚ ਅਦਾਲਤ ਨੇ ਸਰਕਾਰ ਤੋਂ 17 ਨਵੰਬਰ ਤੱਕ ਜਵਾਬ ਮੰਗਿਆ ਹੈ।

ਜਗਤਾਰ ਸਿੰਘ ਦੇ ਵਕੀਲ ਮੁਤਾਬਕ ਉਨ੍ਹਾਂ ਦੀ ਅਰਜ਼ੀ 'ਤੇ ਜੱਜ ਨੇ ਪੰਜਾਬ ਸਰਕਾਰ ਤੋਂ ਤਿੰਨ ਦਿਨਾਂ 'ਚ ਜਵਾਬ ਮੰਗਿਆ ਹੈ।

ਵਕੀਲ ਮੁਤਾਬਕ ਬਾਘਾਪੁਰਾਣਾ ਥਾਣੇ ਵਿੱਚ ਦਰਜ ਐਫ਼.ਆਈ.ਆਰ ਨੰਬਰ 193/16 ਵਿੱਚ ਜਗਤਾਰ ਸਿੰਘ ਦਾ ਨਾਂਅ ਤੱਕ ਨਹੀਂ ਹੈ।

ਇਸ ਮਾਮਲੇ ਵਿੱਚ ਫੜੇ ਗਏ ਇੱਕ ਹੋਰ ਮੁਲਜ਼ਮ ਜਿੰਮੀ ਦੇ ਨਾਂ ਲੈਣ 'ਤੇ ਜਗਤਾਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ।

ਉਸ 'ਤੇ ਅਸਲ੍ਹਾ ਐਕਟ ਅਤੇ ਗੈਰ ਕਨੂੰਨੀ ਗਤੀਵਿਧੀਆਂ ਰੋਕੂ ਐਕਟ 1967 ਦੀਆਂ ਧਾਰਾਵਾਂ ਅਧੀਨ ਕੇਸ ਦਰਜ ਹੋਇਆ।

ਜਗਤਾਰ ਸਿੰਘ ਜੌਹਲ ਸਕੌਟਲੈਂਡ ਵਿੱਚ ਡਨਬਾਰਟਨਸ਼ਇਰ ਦੇ ਡੰਮਬਾਰਟਨ ਸ਼ਹਿਰ ਦਾ ਨਿਵਾਸੀ ਹੈ।

ਜਗਤਾਰ ਆਪਣੇ ਵਿਆਹ ਦੇ ਲਈ ਭਾਰਤ ਆਇਆ ਸੀ। ਜਲੰਧਰ ਦੇ ਪਿੰਡ ਜੰਡਿਆਲਾ ਮੰਜਕੀ ਵਿੱਚ ਜਗਤਾਰ ਦੀ ਦਾਦੀ ਰਹਿੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)