ਅਜਿਹਾ ਟੀਚਰ ਜਿਸਨੇ ਸਾਰੀ ਜ਼ਿੰਦਗੀ ਉਰਦੂ ਲਈ ਲਾ ਦਿੱਤੀ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੰਜਾਬੀ

ਪੰਜਾਬ ਵਿੱਚ ਮਾਂ ਬੋਲੀ ਨੂੰ ਬਣਦਾ ਹੱਕ ਨਾ ਮਿਲਣ 'ਤੇ ਪੋਚਾ ਲਹਿਰ ਨੇ ਕੁੱਝ ਸਮਾਂ ਪਹਿਲਾਂ ਸਭ ਦਾ ਧਿਆਨ ਖਿੱਚਿਆ ਪਰ ਇੱਕ ਅਜਿਹਾ ਪੰਜਾਬੀ ਵੀ ਹੈ ਜਿਸ ਨੇ ਆਪਣੀ ਸਾਰੀ ਜ਼ਿੰਦਗੀ ਉਰਦੂ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਲੱਗਾ ਦਿੱਤੀ ।

80 ਸਾਲਾ ਡਾਕਟਰ ਹਰ ਕ੍ਰਿਸ਼ਨ ਲਾਲ ਦਾ ਜਨਮ ਪਾਕਿਸਤਾਨ ਦੇ ਪੱਤਨ ਜ਼ਿਲ੍ਹੇ ਵਿੱਚ 1937 ਨੂੰ ਹੋਇਆ। ਵੰਡ ਤੋਂ ਬਾਅਦ ਹਰ ਕ੍ਰਿਸ਼ਨ ਆਪਣੇ ਮਾਪਿਆਂ ਨਾਲ ਅਬੋਹਰ ਆ ਗਏ।

ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਐੱਚ ਕੇ ਲਾਲ ਚੰਡੀਗੜ੍ਹ ਆ ਗਏ ਅਤੇ ਫਿਰ ਉਰਦੂ ਲਈ ਇੱਥੋਂ ਦੇ ਹੀ ਹੋ ਕੇ ਰਹਿ ਗਏ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਉਰਦੂ ਭਾਸ਼ਾ 'ਚ ਪੀ ਐੱਚ ਡੀ ਕਰਨਾ ਵਾਲੇ ਡਾਕਟਰ ਹਰ ਕ੍ਰਿਸ਼ਨ ਲਾਲ ਪਹਿਲੇ ਵਿਦਿਆਰਥੀ ਹਨ।

ਭਾਸ਼ਾ ਨਾਲ ਇਸ਼ਕ

ਭਾਸ਼ਾ ਬਾਰੇ ਡਾਕਟਰ ਐੱਚ ਕੇ ਲਾਲ ਕਹਿੰਦੇ ਹਨ, " ਉਰਦੂ ਵਿੱਚ ਤਹਿਜ਼ੀਬ ਹੈ, ਇਹ ਭਾਸ਼ਾ ਹੋਣ ਦੇ ਨਾਲ ਇੱਕ ਸਭਿੱਅਤਾ ਵੀ ਹੈ।''

ਉਹ ਕਹਿੰਦੇ ਹਨ ਮੈਨੂੰ ਨਹੀਂ ਪਤਾ ਕਿ ਉਰਦੂ ਪ੍ਰਤੀ ਮੇਰਾ ਮੋਹ ਐਨਾ ਕਿਉਂ ਹੈ। ਇਸ ਤੋਂ ਬਿਨਾਂ ਮੈਨੂੰ ਆਪਣੀ ਜ਼ਿੰਦਗੀ ਅਧੂਰੀ ਲੱਗਦੀ ਹੈ।

ਐੱਚ ਕੇ ਲਾਲ ਇੱਕ ਕਿੱਸਾ ਮਾਣ ਨਾਲ ਦੱਸਦੇ ਹਨ ਕਿ ਮੇਰੇ ਪਿਤਾ ਦੀ ਸਿਹਤ ਕਾਫ਼ੀ ਨਾਜ਼ੁਕ ਸੀ ਅਤੇ ਉਹ ਆਪਣੇ ਆਖ਼ਰੀ ਦਿਨਾਂ ਵਿੱਚ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਭਰਤੀ ਸਨ।

ਮੇਰਾ ਵੱਡਾ ਭਰਾ ਅਤੇ ਮੈਂ ਉਨ੍ਹਾਂ ਦੀ ਦੇਖ-ਭਾਲ ਲਈ ਹਸਪਤਾਲ ਵਿੱਚ ਸੀ। ਪਿਤਾ ਜੀ ਨੇ ਸ਼ਾਮ ਨੂੰ ਘੜੀ ਵੱਲ ਦੇਖਿਆ ਤਾਂ ਉਸ ਵੇਲੇ ਪੰਜ ਵੱਜੇ ਸਨ। ਇਹ ਦੇਖ ਕੇ ਪਿਤਾ ਜੀ ਨੇ ਭਰਾ ਨੂੰ ਇਸ਼ਾਰਾ ਕੀਤਾ ਕਿ ਇਹ ਇਸ ਵੇਲੇ ਇੱਥੇ ਕੀ ਕਰ ਰਿਹਾ ਹੈ, ਇਸ ਨੂੰ ਉਰਦੂ ਦੀ ਕਲਾਸ ਲਈ ਭੇਜ ਦਿਓ।

ਪਿਤਾ ਜੀ ਨੂੰ ਪਤਾ ਸੀ ਕਿ ਮੈ ਉਰਦੂ ਤੋਂ ਬਿਨਾਂ ਨਹੀਂ ਰਹਿ ਸਕਦਾ ਅਤੇ ਮੈਂ ਕਲਾਸ ਵਿੱਚ ਆ ਗਿਆ।

'ਭਾਸ਼ਾ ਦਾ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ'

ਭਾਸ਼ਾ ਨੂੰ ਧਰਮ ਨਾਲ ਜੋੜਨ 'ਤੇ ਡਾਕਟਰ ਐੱਚ ਕੇ ਲਾਲ ਖ਼ਫ਼ਾ ਹੋ ਜਾਂਦੇ ਹਨ। ਉਹ ਕਹਿੰਦੇ ਹਨ ਕਿ ਹਿੰਦੀ ਨੂੰ ਹਿੰਦੂਆਂ ਨਾਲ,ਉਰਦੂ ਨੂੰ ਮੁਸਲਮਾਨਾਂ ਨਾਲ ਅਤੇ ਪੰਜਾਬੀ ਨੂੰ ਸਿੱਖਾਂ ਨਾਲ ਜੋੜਨਾ ਗ਼ਲਤ ਹੈ।

ਡਾਕਟਰ ਐੱਚ ਕੇ ਲਾਲ ਆਖਦੇ ਹਨ ਕਿ 'ਮੇਰੀ ਮਾਂ ਬੋਲੀ ਪੰਜਾਬੀ ਹੈ ਅਤੇ ਮੈਨੂੰ ਇਸ ਉੱਤੇ ਮਾਣ ਹੈ ਪਰ ਮੇਰਾ ਇਸ਼ਕ ਉਰਦੂ ਭਾਸ਼ਾ ਹੈ ਇਸ ਲਈ ਮੈਂ ਆਪਣੀ ਉਮਰ ਇਸਦੇ ਲੇਖੇ ਲਗਾ ਦਿੱਤੀ ਹੈ।''

ਪੰਜਾਬ ਵਿੱਚ ਸਾਈਨ ਬੋਰਡਾਂ ਉੱਤੇ ਪੰਜਾਬੀ ਨੂੰ ਤੀਜੇ ਸਥਾਨ ਉੱਤੇ ਲਿਖੇ ਜਾਣ ਦੇ ਵਿਰੋਧ ਵਿੱਚ ਹੋਏ ਪ੍ਰਦਰਸ਼ਨਾਂ ਨੂੰ ਵੀ ਡਾਕਟਰ ਐੱਚ ਕੇ ਲਾਲ ਗ਼ਲਤ ਦੱਸਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬੀ ਸਿਰਫ਼ ਸਿੱਖਾਂ ਦੀ ਭਾਸ਼ਾ ਨਹੀਂ ਹੈ ਇਸ ਲਈ ਪ੍ਰਦਰਸ਼ਨ ਛੋਟੀ ਸੋਚ ਦਾ ਨਜ਼ਰੀਆ ਹੈ।

1976 ਤੋਂ ਸਿਖਾ ਰਹੇ ਹਨ ਉਰਦੂ

ਪੰਜਾਬ ਸਰਕਾਰ ਵੱਲੋਂ ਉਰਦੂ ਭਾਸ਼ਾ ਸਿਖਾਉਣ ਦਾ ਜੋ ਕੋਰਸ ਕਰਵਾਇਆ ਜਾ ਰਿਹਾ ਹੈ ਉਸਦਾ ਜਿੰਮਾ ਡਾਕਟਰ ਐੱਚ ਕੇ ਲਾਲ ਨੂੰ ਦਿੱਤਾ ਗਿਆ ਹੈ।

ਭਾਸ਼ਾ ਲਈ ਛੇ ਮਹੀਨੇ ਦਾ ਕੋਰਸ ਚੰਡੀਗੜ ਦੇ ਸੈਕਟਰ 32 ਵਿੱਚ ਕਰਵਾਇਆ ਜਾਂਦਾ ਹੈ ਅਤੇ ਹਫ਼ਤੇ ਵਿੱਚ ਪੰਜ ਦਿਨ ਇੱਕ ਘੰਟੇ ਦੀ ਕਲਾਸ ਹੁੰਦੀ ਹੈ।

ਡਾਕਟਰ ਲਾਲ ਦੀ ਕਲਾਸ ਵਿੱਚ ਜਿੱਥੇ ਨੌਜਵਾਨ ਪੀੜੀ ਆਉਂਦੀ ਹੈ ਉੱਥੇ ਹੀ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੀ ਅਫਸਰਸ਼ਾਹੀ ਵੀ ਉਰਦੂ ਸਿੱਖਣ ਲਈ ਹਾਜ਼ਰੀ ਭਰਦੀ ਹੈ।

ਡਾਕਟਰ ਲਾਲ ਦੱਸਦੇ ਹਨ ਕਿ ਇਨ੍ਹਾਂ ਵਿੱਚੋਂ 30 ਫ਼ੀਸਦ ਲੋਕ ਹੀ ਪੂਰੀ ਭਾਸ਼ਾ ਸਿੱਖਣ ਆਉਂਦੇ ਹਨ। ਬਾਕੀ ਤਾਂ ਸਿਰਫ਼ ਸ਼ਾਇਰੀ ਕਰਨ ਦੇ ਇਰਾਦੇ ਨਾਲ ਜੁੜਦੇ ਹਨ।

ਉਹ ਗੱਲ ਵੱਖਰੀ ਹੈ ਕਿ ਡਾਕਟਰ ਲਾਲ ਦੀ ਕਲਾਸ ਵਿੱਚ ਸ਼ਾਇਰੀ ਕਾਫ਼ੀ ਹੁੰਦੀ ਹੈ। ਇੱਥੇ ਆਉਣ ਵਾਲੇ ਵਿਦਿਆਰਥੀ ਸ਼ਾਇਰੀ ਸਿੱਖਦੇ ਸਿੱਖਦੇ ਉਰਦੂ ਸਿੱਖ ਲੈਂਦੇ ਹਨ। ਪਰ ਉਨ੍ਹਾਂ ਲਈ ਲਾਲ ਇਹ ਸ਼ੇਰ ਜਰੂਰ ਕਹਿੰਦੇ ਹਨ--

ਨਹੀਂ ਖੇਲ ਐ ਦਾਗ਼ ਯਾਰੋਂ ਸੇ ਕਹਿਦੋ, ਕਿ ਆਤੀ ਹੈ ਉਰਦੂ ਜ਼ਬਾਨ ਆਤੇ ਆਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)