You’re viewing a text-only version of this website that uses less data. View the main version of the website including all images and videos.
ਬਲਾਗ: 2002 ਤੋਂ ਬਾਅਦ ਕਿੰਨਾ ਬਦਲਿਆ ਗੁਜਰਾਤ ਦਾ ਮੁਸਲਮਾਨ?
- ਲੇਖਕ, ਜ਼ੁਬੈਰ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਮੁਸਲਿਮ ਵੋਟਾਂ ਤੋਂ ਬਿਨਾਂ ਹੀ ਪਿਛਲੀਆਂ ਤਿੰਨ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਨਾ ਮੁਸਲਿਮ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਗਿਆ ਅਤੇ ਨਾ ਹੀ ਸਰਗਰਮੀ ਨਾਲ ਉਨ੍ਹਾਂ ਤੋਂ ਵੋਟ ਮੰਗੇ ਗਏ।
ਇਸੇ ਕਾਰਨ ਇੱਕ ਧਾਰਨਾ ਬਣੀ ਹੋਈ ਹੈ ਕਿ ਮੁਸਲਮਾਨਾਂ ਨੂੰ ਸੂਬੇ 'ਚ ਗ਼ੈਰ ਰਸਮੀ ਤੌਰ 'ਤੇ ਵੋਟ ਤੋਂ ਵਾਂਝੇ ਕਰ ਦਿੱਤਾ ਗਿਆ ਹੈ।
ਕਾਂਗਰਸ ਦੇ ਮੁੜ ਜੀਵੰਤ ਹੋਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਭਾਜਪਾ ਮੁਸਲਮਾਨ ਵੋਟਰਾਂ ਤੋਂ ਲਗਾਤਾਰ ਚੌਥੀ ਵਾਰ ਉਮੀਦ ਕਿਵੇਂ ਕਰ ਸਕਦੀ ਹੈ ?
ਹੁਣ ਸਵਾਲ ਇਹ ਹੈ, ਕੀ ਕੋਈ ਪਾਰਟੀ ਸੂਬੇ ਦੀ ਅਬਾਦੀ ਦੇ ਲਗਭਗ 10 ਫੀਸਦੀ ਵੋਟਰਾਂ ਨੂੰ ਨਜ਼ਰ ਅੰਦਾਜ਼ ਕਰ ਸਕਦੀ ਹੈ ?
ਮੁਸਲਿਮ ਸਾਖ਼ਰਤਾ 80 ਫੀਸਦ ਦੇ ਨੇੜੇ
ਇੰਨਾ ਤਾਂ ਸਾਫ਼ ਹੈ ਕਿ ਮੁਸਲਿਮ ਭਾਈਚਾਰਾ ਕਿਸੇ ਪਾਰਟੀ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਝੁਕੇਗਾ ਨਹੀਂ।
ਅਜਿਹਾ ਇਸ ਲਈ ਹੈ ਕਿ 2002 ਦੀ ਹਿੰਸਾ ਤੋਂ ਬਾਅਦ ਗੁਜਰਾਤੀ ਮੁਸਲਮਾਨਾਂ ਦਾ ਆਤਮਵਿਸ਼ਵਾਸ਼ ਵਧਿਆ ਹੈ। ਉਨ੍ਹਾਂ ਸਿੱਖਿਆ ਦੀ ਮਹੱਤਾ ਨੂੰ ਸਮਝਿਆ ਹੈ।
ਹੁਣ ਉਨ੍ਹਾਂ ਦੀ ਸਾਖ਼ਰਤਾ ਦਰ ਕਰੀਬ 80 ਫੀਸਦ ਤੱਕ ਪਹੁੰਚ ਗਈ।
ਬੇਸ਼ੱਕ ਇਹ ਮੰਨ ਲੈਣਾ ਗ਼ਲਤ ਹੋਵੇਗਾ ਕਿ ਉਹ ਦੰਗਿਆਂ ਤੋਂ ਉਭਰ ਚੁੱਕੇ ਹਨ ਅਤੇ ਪੀੜਤਾਂ ਪਰਿਵਾਰ ਨੇ ਨਿਆਂ ਮੰਗਣਾ ਬੰਦ ਕਰ ਦਿੱਤਾ ਹੈ। ਇਹ ਵੀ ਮੰਨਣਾ ਸਹੀ ਨਹੀਂ ਹੈ ਕਿ ਉਹ ਹੁਣ ਵੀ ਗੁੱਸੇ ਨਾਲ ਚੁੱਪ ਹਨ।
ਮੁਸਲਮਾਨਾਂ ਦੇ ਵੱਡੇ ਤਬਕੇ ਨੇ ਮੀਡੀਆ ਦੀ ਚਮਕ ਤੋਂ ਦੂਰ ਰਹਿੰਦੇ ਹੋਏ ਇੱਕ ਜਾਦੂਮਈ ਸ਼ਬਦ "ਸਿੱਖਿਆ" 'ਤੇ ਧਿਆਨ ਕੇਂਦਰਿਤ ਕਰਦੇ ਹੋਏ ਖ਼ੁਦ ਨੂੰ ਹਿੰਮਤੀ ਬਣਾਉਣ ਲਈ ਸੱਚਮੁਚ ਕਰੜੀ ਮਿਹਨਤ ਕੀਤੀ ਹੈ।
ਦਰਅਸਲ, ਮੈਂ 2002 ਦੇ ਦੰਗਿਆਂ ਤੋਂ ਬਾਅਦ ਗੁਜਰਾਤੀ ਮੁਲਮਾਨਾਂ ਦੀ ਕਹਾਣੀ ਹੌਲੀ ਹੌਲੀ ਬਦਲਦੀ ਦੇਖੀ ਹੈ।
ਇਹ ਭਾਈਚਾਰਾ ਜੋ ਵੱਖ ਵੱਖ ਹੋ ਗਿਆ ਸੀ ਅਤੇ ਮੈਂ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਰਾਸ਼ਟਰ ਦੀ ਮੁੱਖਧਾਰਾ ਤੋਂ ਬਾਹਰ ਕਰ ਦਿੱਤਾ ਗਿਆ ਹੈ।
ਚਾਰ ਗੁਣਾ ਵਧੀਆ ਮੁਸਲਿਮ ਸੰਚਾਲਿਤ ਸਿੱਖਿਅਕ ਸੰਸਥਾਵਾਂ
ਸਿੱਖਿਆ ਦੇ ਬਿਹਤਰ ਮੌਕਿਆਂ ਕਾਰਨ ਉਨ੍ਹਾਂ ਨੇ ਆਪਣੀ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ। ਨਿਰਾਸ਼ ਭਾਵਨਾ ਨਾਲ ਉਨ੍ਹਾਂ ਨੇ ਆਪਣੀ ਮਦਦ ਆਪ ਕਰਨ ਦਾ ਫ਼ੈਸਲਾ ਲਿਆ।
2002 ਦੀ ਹਿੰਸਾ ਵੇਲੇ ਮੁਸਲਮਾਨਾਂ ਵੱਲੋਂ ਚਲਾਈਆਂ ਜਾਣ ਵਾਲੀਆਂ ਸਿੱਖਿਅਕ ਸੰਸਥਾਵਾਂ ਦੀ ਸੰਖਿਆ 200 ਸੀ। ਜੋ 2017 ਵਿੱਚ ਵੱਧ ਕੇ 800 ਹੋ ਗਈ। ਇਨ੍ਹਾਂ ਸੰਸਥਾਵਾਂ ਦੇ ਵਿਦਿਆਰਥੀ ਜ਼ਿਆਦਾਤਰ 2002 ਦੇ ਦੰਗਿਆਂ ਤੋਂ ਬਾਅਦ ਵਧੇ।
ਮੇਰੀ ਮੁਲਾਕਾਤ ਹਿਜ਼ਾਬ ਪਾਏ 12 ਸਾਲਾ ਕੁੜੀ ਫ਼ਿਰਦੌਸ ਨਾਲ ਅਹਿਮਾਦਾਬਾਦ ਦੇ ਇੱਕ ਸਕੂਲ ਵਿੱਚ ਹੋਈ। ਜਿਸ ਨੇ ਬੜੇ ਆਤਮ ਵਿਸ਼ਵਾਸ਼ ਨਾਲ ਮੈਨੂੰ ਕਿਹਾ ਕਿ ਉਹ ਇੱਕ ਮੁਸਲਮਾਨ ਹੈ ਅਤੇ ਉਸ ਨੂੰ ਗੁਜਰਾਤੀ ਤੇ ਭਾਰਤੀ ਹੋਣ 'ਤੇ ਮਾਣ ਹੈ।
ਦੂਜੀਆਂ ਕੁੜੀਆਂ ਨੇ ਵੀ ਇਹੀ ਕਿਹਾ। ਅਹਿਮਦਾਬਾਦ ਦੇ ਸ਼ਾਹਪੁਰਾ ਇਲਾਕੇ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਸੰਚਾਲਿਤ ਕਈ ਸਕੂਲ ਸੈਂਕੜੇ ਮੁਸਲਮਾਨਾਂ ਕੁੜੀਆਂ ਨੂੰ ਧਰਮਨਿਰਪੱਖ ਸਿੱਖਿਆ ਦੇਣ ਵਿੱਚ ਸਫ਼ਲ ਰਹੇ ਹਨ।
ਫ਼ਿਰਦੌਸ ਦੇ ਸ਼ਬਦ ਕੋਈ ਸਾਧਾਰਣ ਬਿਆਨ ਨਹੀਂ ਸਨ। ਇਹ ਨਿਸ਼ਚਿਤ ਤੌਰ 'ਤੇ ਅਤੀਤ ਦੇ ਗੁੱਸੇ ਨੂੰ ਨਹੀਂ ਦਰਸਾਉਂਦਾ। ਇਸ ਦਾ ਮਤਲਬ ਇਹ ਹੈ ਕਿ ਦੰਗਾ ਪੀੜਤਾਂ ਨੇ ਨਵੀਂ ਪੀੜ੍ਹੀ ਨੂੰ ਸਕਾਰਾਤਮਕ ਸਿੱਖਿਆ ਦਿੱਤੀ ਸੀ।
ਕੁਝ ਵਿਦਿਆਰਥੀ ਡਾਕਟਰ ਬਣਨਾ ਚਾਹੁੰਦੇ ਸਨ ਤਾਂ ਕੁਝ ਆਈਟੀ ਪ੍ਰੋਫ਼ੈਸ਼ਨਲ। ਕੋਈ ਵੀ ਬਦਲਾ ਲੈਣ ਦੇ ਵਿਚਾਰ ਤੋਂ ਸਹਿਮਤ ਨਹੀਂ ਸਨ।
ਉਨ੍ਹਾਂ ਦੇ ਪ੍ਰਧਾਨ ਅਧਿਆਪਕ ਨੇ ਮੈਨੂੰ ਕਿਹਾ ਕਿ ਉਹ ਬੱਚਿਆਂ ਨੂੰ ਅਜਿਹੇ ਗਿਆਨ ਅਤੇ ਹੁਨਰ ਦੇ ਹਥਿਆਰਾਂ ਨਾਲ ਮਜ਼ਬੂਤ ਬਣਾ ਰਹੇ ਹਾਂ ਕਿ ਭਵਿੱਖ ਵਿੱਚ ਕੋਈ ਵੀ ਸਰਕਾਰ ਜਾਂ ਨਿਯੋਜਕ ਉਨ੍ਹਾਂ ਨੂੰ ਦਰਕਿਨਾਰ ਨਾ ਕਰ ਸਕੇ।
ਸਿਆਸੀ ਸਸ਼ਕਤੀਕਰਨ ਵੀ ਦੂਰ ਨਹੀਂ
ਨੌਕਰੀਆਂ ਉਨ੍ਹਾਂ ਕੋਲ ਆਉਣਗੀਆਂ। ਉਹ ਇਹ ਦੱਸਦੇ ਦਿਖੇ ਕਿ ਉਨ੍ਹਾਂ ਕੋਲ ਖੁਸ਼ਹਾਲੀ ਆਵੇਗੀ ਅਤੇ ਇੱਕ ਵਾਰ ਜਦੋਂ ਉਹ ਸਫ਼ਲ ਹੋਣਗੇ ਤਾਂ ਸਿਆਸੀ ਸ਼ਕਤੀਆਂ ਵੀ ਉਨ੍ਹਾਂ ਕੋਲ ਆਉਣਗੀਆਂ।
ਹਨੀਫ਼ ਲੱਕੜਵਾਲਾ ਅਹਿਮਦਾਬਾਦ ਦੇ ਮੁਸਲਮਾਨ ਭਾਈਚਾਰੇ ਦੇ ਇੱਕ ਮੁੱਖ ਸਮਾਜਕ ਵਰਕਰ ਹਨ। ਉਨ੍ਹਾਂ ਨੇ ਮੈਨੂੰ ਇੱਕ ਵਾਰ ਕਿਹਾ ਸੀ ਕਿ ਗੁਜਰਾਤ ਇੱਕ ਹਿੰਦੂ ਪ੍ਰਯੋਗਸ਼ਾਲਾ ਹੈ ਅਤੇ ਮੁਸਲਮਾਨਾਂ ਨੂੰ ਇਸ ਦਾ ਫ਼ਲ ਮਿਲਦਾ ਰਿਹਾ ਹੈ।
ਉਨ੍ਹਾਂ ਮੁਤਾਬਕ ਸਿੱਖਿਆ ਨੇ ਭਾਈਚਾਰੇ ਨੂੰ ਸਮਾਜਕ ਰੂਪ ਨਾਲ ਦ੍ਰਿੜ ਬਣਾਉਣ ਲਈ ਇੱਕ ਮੌਕਾ ਦਿੱਤਾ। ਉਹ ਕਹਿੰਦੇ ਹਨ ਕਿ ਹੁਣ ਪੜ੍ਹੇ ਲਿਖੇ ਮੁਸਲਮਾਨ ਆਪਣੀਆਂ ਬਸਤੀਆਂ ਤੋਂ ਬਾਹਰ ਨਿਕਲ ਕੇ ਹੋਰ ਭਾਈਚਾਰਿਆਂ ਵਿੱਚ ਵਿਚਰ ਰਹੇ ਹਨ।
ਵਡੋਦਰਾ 'ਚ ਮੇਰੀ ਮੁਲਾਕਾਤ ਇੱਕ ਨੌਜਵਾਨ ਵਿਆਹੁਤਾ ਨਾਲ ਹੋਈ। ਜਿਸ ਨੂੰ ਪਿੰਡ ਵਿੱਚ ਇੱਕ ਹਿੰਦੂ ਪਰੀਸ਼ਦ ਦੇ ਮੈਂਬਰਾਂ ਨੇ ਸਰਪੰਚ ਚੁਣਿਆ ਸੀ।
ਉਨ੍ਹਾਂ ਨੇ ਕਿਹਾ ਕਿ ਮੁਸਲਮਾਨ ਸਸ਼ਕਤੀਕਰਨ ਹੇਠਾਂ ਤੋਂ ਵੀ ਸ਼ੁਰੂ ਹੁੰਦਾ ਹੈ ਤਾਂ ਉਸ ਵਿੱਚ ਵੀ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ।
ਮੈਂ ਮੁਸਲਿਮ ਵਪਾਰੀਆਂ, ਕਾਰੋਬਾਰੀਆਂ ਅਤੇ ਰੈਸਟਰੋਰੈਂਟ ਮਾਲਕਾਂ ਨਾਲ ਮਿਲਿਆ। ਜਿਨ੍ਹਾਂ ਦੇ ਚਿਹਰੇ ਕੋਈ ਡਰ ਨਹੀਂ ਬਲਕਿ ਆਤਮਵਿਸ਼ਵਾਸ਼ ਟਪਕ ਰਿਹਾ ਸੀ।
ਅੱਜ ਗੁਜਰਾਤ 'ਚ ਵੱਡੀ ਦਾੜੀ, ਇਸਲਾਮਿਕ ਪਹਿਰਾਵੇ ਅਤੇ ਮਸਜਿਦਾਂ 'ਚ ਵੱਡੀ ਸੰਖਿਆ ਵਿੱਚ ਇਕੱਠੇ ਹੋਣਾ ਆਮ ਗੱਲ ਹੈ ਅਤੇ ਵੱਧ ਗਿਣਤੀ ਭਾਈਚਾਰਾ ਵੀ ਕੋਈ ਇਸ ਦੀ ਸ਼ਿਕਾਇਤ ਨਹੀਂ ਕਰ ਰਿਹਾ।
ਗੁਜਰਾਤ 'ਚ ਮੁਸਲਮਾਨਾਂ ਦੇ ਆਤਮ ਸਨਮਾਨ ਨੂੰ ਬਹਾਲ ਕੀਤਾ ਗਿਆ ਲੱਗਦਾ ਹੈ। ਹੁਣ ਉਨ੍ਹਾਂ ਦਾ ਸਿਆਸੀ ਸਸ਼ਕਤੀਕਰਨ ਵੀ ਬਹੁਤ ਦੂਰ ਨਹੀਂ ਦਿਖਦਾ।