You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਦੇ ਮੀਠੀ 'ਚ ਹਿੰਦੂ ਤੇ ਮੁਸਲਮਾਨਾਂ ‘ਚ ਅਮਨ-ਸ਼ਾਂਤੀ ਦੀ ਮਿਸਾਲ
- ਲੇਖਕ, ਫਰਾਨ ਰਫ਼ੀ
- ਰੋਲ, ਬੀਬੀਸੀ ਪੱਤਰਕਾਰ
ਮੀਠੀ ਪਾਕਿਸਤਾਨ ਦੇ ਥਾਰ ਰੇਗਿਸਤਾਨ ਵਿੱਚ ਸਥਿੱਤ ਇੱਕ ਵਿਲੱਖਣ ਸ਼ਹਿਰ ਹੈ।ਇੱਥੇ ਹਾਲਾਤ ਮੁਸ਼ਕਿਲ ਹਨ, ਪਰ ਰੇਗਿਸਤਾਨ ਦੇ ਇਸ ਸ਼ਹਿਰ ਦੀ ਆਪਣੀ ਖ਼ੂਬਸੂਰਤੀ ਹੈ।
ਸਿੰਧ ਸੂਬੇ ਵਿੱਚ ਥਾਰਪਾਰਕਰ ਜ਼ਿਲ੍ਹੇ ਦੇ ਇਸ ਸ਼ਹਿਰ ਦੀ ਸਭ ਤੋਂ ਖ਼ਾਸ ਗੱਲ ਹੈ, ਇੱਥੇ ਰਹਿਣ ਵਾਲੇ ਹਿੰਦੂਆਂ ਤੇ ਮੁਸਲਮਾਨਾਂ ਦਾ ਆਪਸੀ ਪਿਆਰ।
ਇਹ ਲੋਕ ਸਦੀਆਂ ਤੋਂ ਇੱਕਠੇ ਰਹਿ ਰਹੇ ਹਨ। ਤੇ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਬਾਹਰੀ ਦੁਨੀਆਂ ਦੀਆਂ ਘਟਨਾਵਾਂ ਇਨ੍ਹਾਂ ਦੀ ਧਾਰਮਿਕ ਇੱਕਸਾਰਤਾ ਨੂੰ ਖ਼ਰਾਬ ਨਾ ਕਰਨ।
ਸਾਰੇ ਤਿਓਹਾਰ ਸਾਂਝੇ ਹਨ
ਮੀਠੀ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਤੋਂ 280 ਕਿਲੋਮੀਟਰ ਦੀ ਦੂਰੀ 'ਤੇ ਸਥਿੱਤ ਹੈ।
ਇਹ ਪਾਕਿਸਤਾਨ ਦੀਆਂ ਉਨ੍ਹਾਂ ਚੋਣਵੀਆਂ ਥਾਵਾਂ ਵਿੱਚੋਂ ਹੈ, ਜਿੱਥੇ ਹਿੰਦੂਆਂ ਦੀ ਗਿਣਤੀ ਮੁਸਲਮਾਨਾਂ ਤੋਂ ਵੱਧ ਹੈ।
ਸਥਾਨਕ ਸਰਕਾਰ ਮੁਤਾਬਕ ਮਿੱਠੀ ਦੀ ਆਬਾਦੀ ਤਕਰੀਬਨ 87,000 ਹੈ, ਜਿਨ੍ਹਾਂ ਵਿੱਚ 70 ਫੀਸਦ ਹਿੰਦੂ ਹਨ।
ਸਾਬਕਾ ਸਕੂਲ ਅਧਿਆਪਕ ਤੇ ਥਿਏਟਰ ਪ੍ਰੋਡੀਊਸਰ ਹਾਜੀ ਮੁਹੰਮਦ ਦਲ ਦੱਸਦੇ ਹਨ, "ਅਸੀਂ ਸਾਰੇ ਧਾਰਮਿਕ ਤਿਓਹਾਰ ਤੇ ਸੱਭਿਆਚਾਰਕ ਮੇਲੇ ਮਿਲ ਕੇ ਮਨਾਉਂਦੇ ਹਾਂ। ਜਦੋਂ ਹਿੰਦੂ ਦੀਵਾਲੀ ਮਨਾਉਂਦੇ ਹਨ ਤਾਂ ਉਹ ਸਾਨੂੰ ਸੱਦਾ ਦਿੰਦੇ ਹਨ।''
"ਜਦੋਂ ਅਸੀਂ ਈਦ ਮਨਾਉਂਦੇ ਹਾਂ ਤਾਂ ਅਸੀਂ ਉਨ੍ਹਾਂ ਨੂੰ ਸੱਦਾ ਦਿੰਦੇ ਹਾਂ।''
ਉਨ੍ਹਾਂ ਦੱਸਿਆ ਕਿ ਹਿੰਦੂ ਭਾਈਚਾਰਾ ਮੁਹੱਰਮ ਦੇ ਜਲੂਸ ਵਿੱਚ ਵੀ ਹਿੱਸਾ ਲੈਂਦਾ ਹੈ ਅਤੇ ਕਈ ਵਾਰ ਮੁਸਲਿਮਾਂ ਨਾਲ ਰੋਜ਼ੇ ਵੀ ਰੱਖਦਾ ਹੈ।
ਏਕਤਾ ਦੀ ਅਨੋਖੀ ਮਿਸਾਲ
ਦਲ ਨੇ ਅੱਗੇ ਦੱਸਿਆ ਕਿ 1971 ਵਿੱਚ ਭਾਰਤੀ ਫੌਜਾਂ ਮੀਠੀ ਤੱਕ ਪਹੁੰਚ ਗਈਆਂ ਸੀ ਅਤੇ ਸਾਨੂੰ ਰਾਤੋ ਰਾਤ ਭੱਜਣਾ ਪਿਆ ਸੀ।
ਸਾਡੇ ਨਾਲ ਰਹਿਣ ਵਾਲੇ ਹਿੰਦੂ ਇਸ ਨਾਲ ਬਹੁਤ ਪਰੇਸ਼ਾਨ ਹੋਏ। ਉਨ੍ਹਾਂ ਨੇ ਸਾਨੂੰ ਵਾਪਸ ਆਉਣ ਵਾਸਤੇ ਮਨਾਇਆ।
2001 ਵਿੱਚ ਜਾਮੀਆ ਮਸਜਿਦ ਨੂੰ ਵੱਡਾ ਕਰਨ ਬਾਰੇ ਵਿਚਾਰ ਚੱਲ ਰਿਹਾ ਸੀ। ਇਸ ਲਈ ਮਸਜਿਦ ਦੇ ਨਾਲ ਦੀ ਜਾਇਦਾਦ ਦੀ ਲੋੜ ਸੀ।
ਦਲ ਯਾਦ ਕਰਦੇ ਹੋਏ ਦੱਸਦੇ ਹਨ, "ਉੱਥੇ ਇੱਕ ਹਿੰਦੂ ਔਰਤ ਰਹਿੰਦੀ ਸੀ। ਉਹ ਖੁਦ ਮੇਰੇ ਕੋਲ ਆਈ ਤੇ ਖੁਸ਼ੀ-ਖੁਸ਼ੀ ਆਪਣੀ ਜ਼ਮੀਨ ਮੁਫ਼ਤ ਵਿੱਚ ਮਸਜਿਦ ਵਾਸਤੇ ਦੇ ਦਿੱਤੀ।''
ਦੁੱਖ-ਸੁਖ ਵੀ ਸਾਂਝੇ
ਵਿਸ਼ਾਲ ਥਾਰੀ ਉਰਫ ਮਾਮਾ ਵਿਸ਼ਨ ਪੂਰੇ ਥਾਰਪਰਕਾਰ ਵਿੱਚ ਖ਼ੂਨ ਦਾਨੀਆਂ ਦਾ ਨੈੱਟਵਰਕ ਚਲਾਉਂਦੇ ਹਨ।
ਵਿਸ਼ਾਲ ਨੇ ਕਿਹਾ, ਮੁਸਲਿਮ ਲੋਕ ਮੇਰਾ ਬਹੁਤ ਸਤਿਕਾਰ ਕਰਦੇ ਹਨ। ਅਤੇ ਬਿਨਾਂ ਕਿਸੇ ਵਿਤਕਰੇ ਦੇ ਖ਼ੂਨ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਵਿਸ਼ਾਲ ਉਹ ਵਕਤ ਯਾਦ ਕਰਦੇ ਹਨ, ਜਦੋਂ ਮਸ਼ਹੂਰ ਸਿੰਧੀ ਗਾਇਕ ਸਾਦਿਕ ਫਕੀਰ ਦੀ 2015 ਵਿੱਚ ਮੌਤ ਹੋਈ ਸੀ।
ਉਨ੍ਹਾਂ ਦੱਸਿਆ, ਉਸ ਦਿਨ ਹੋਲੀ ਸੀ। ਪਰ ਕਿਸੇ ਨੇ ਵੀ ਤਿਓਹਾਰ ਨਹੀਂ ਮਨਾਇਆ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਪੂਰਾ ਮਿੱਠੀ ਸ਼ਹਿਰ ਸਦਮੇ ਵਿੱਚ ਹੈ।
ਬਜ਼ੁਰਗਾਂ ਦੀ ਅਹਿਮ ਭੁਮਿਕਾ
ਮੀਠੀ ਦੇ ਇੱਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਕਮਲਾ ਪੂਨਮ ਹੈਦਰਾਬਾਦ ਤੋਂ ਇੱਥੇ ਆ ਕੇ ਵਸੀ ਹਨ।
ਕਮਲਾ ਨੇ ਦੱਸਿਆ, "ਸ਼ੁਰੂਆਤ ਤੋਂ ਹੀ ਲੋਕ ਇੱਥੇ ਸ਼ਾਂਤੀ ਤੇ ਪਿਆਰ ਨਾਲ ਰਹਿ ਰਹੇ ਹਨ। ਬਜ਼ੁਰਗਾਂ ਨੇ ਅਮਨ ਦੀ ਰਵਾਇਤ ਨੂੰ ਸਹਿਜ ਕੇ ਰੱਖਿਆ ਹੋਇਆ ਹੈ।''
ਕਈ ਵਾਰ ਨੌਜਵਾਨ ਭਟਕ ਜਾਂਦੇ ਹਨ। ਪਰ ਦੋਹਾਂ ਧਰਮਾਂ ਦੇ ਬਜ਼ੁਰਗ ਉਨ੍ਹਾਂ ਨੂੰ ਸਿੱਧੇ ਰਾਹ 'ਤੇ ਲੈ ਆਉਂਦੇ ਹਨ।
ਹਮੇਸ਼ਾ ਤਣਾਅ ਵਿੱਚ ਰਹਿਣ ਵਾਲੇ ਖੇਤਰ ਲਈ ਮਿੱਠੀ ਇੱਕ ਚੰਗਾ ਉਦਾਹਰਨ ਹੈ।
ਹਾਜੀ ਮੁਹੰਮਦ ਦਾਲ ਮੁਤਾਬਕ, ਦੂਜਿਆਂ ਨੂੰ ਮਿੱਠੀ ਤੋਂ ਸਿੱਖਣਾ ਚਾਹੀਦਾ ਹੈ ਕਿ, ਕਿਵੇਂ ਪਿਆਰ ਫੈਲਾਉਣਾ ਚਾਹੀਦਾ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)