17 ਸਾਲ ਦਾ ਹੈ ਇਹ ਪਾਕਿਸਤਾਨੀ ਵਿਗਿਆਨੀ

    • ਲੇਖਕ, ਉਮਰ ਨਾਂਗਿਆਨਾ
    • ਰੋਲ, ਬੀਬੀਸੀ ਨਿਊਜ਼, ਲਹੌਰ

ਉਮਰ ਸਿਰਫ਼ 17 ਸਾਲ ਅਤੇ ਹੁਣੇ ਹੀ ਵਿਗਿਆਨੀ ਵਜੋਂ ਨਾਮਣਾ ਖੱਟ ਲਿਆ ਹੈ।

ਮੁਹੰਮਦ ਸ਼ਾਹਿਰ ਨਿਆਜ਼ੀ ਦੀ ਬਿਜਲੀ ਵਾਲੇ ਛੱਤੇ (ਇਲੈਕਟ੍ਰਿਕ ਹਨੀਕੌਂਬ) 'ਤੇ ਰਿਸਰਚ ਰੌਇਲ ਸੋਸਾਇਟੀ ਔਪਨ ਸਾਈਂਸ ਜਰਨਲ ਵਿੱਚ ਛਪੀ ਹੈ।

ਤੇਲ ਦੀ ਇੱਕ ਪਰਤ ਨੂੰ ਜਦੋਂ ਬਿਜਲੀ ਵਾਲੇ ਫੀਲਡ ਵਿੱਚ ਇੱਕ ਤਿੱਖੇ ਅਤੇ ਇੱਕ ਸਿੱਧੇ ਇਲੈਕਟ੍ਰੋਡ ਵਿਚਾਲੇ ਰੱਖਿਆ ਜਾਂਦਾ ਹੈ, ਫਿਰ ਤੇਲ ਦੀ ਪਰਤ 'ਤੇ ਜ਼ੋਰ ਪੈਂਦਾ ਹੈ, ਜਿਸ ਨਾਲ ਇੱਕ ਖੂਬਸੂਰਤ ਨਮੂਨਾ ਬਣਦਾ ਹੈ ਜੋ ਛੱਤੇ ਵਰਗਾ ਜਾਂ ਦਾਗੀ ਖਿੜਕੀ ਵਰਗੀ ਲਗਦਾ ਹੈ।

ਪਾਕਿਸਾਤਨ ਸਥਿਤ ਲਹੌਰ ਦੇ ਹਾਈ ਸਕੂਲ ਦੇ ਇੱਕ ਵਿਦਿਆਰਥੀ ਨੇ 'ਆਇਨ' ਦੀ ਹਿਲਜੁਲ ਨਾਲ ਬਣੇ ਨਮੂਨੇ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ਹੈ।

ਇਸ ਤੋਂ ਪਹਿਲਾਂ ਇਹ ਕਿਸੇ ਹੋਰ ਨੇ ਨਹੀਂ ਕੀਤਾ।

ਪਿਛਲੇ ਸਾਲ ਦਿੱਤਾ ਗਿਆ ਕੰਮ

ਰਸ਼ੀਆ ਦੇ 'ਇੰਟਰਨੈਸ਼ਨਲ ਯੰਗ ਫਿਜ਼ਿਸਟਸ ਟੂਰਨਾਮੈਂਟ' ਵਿੱਚ ਬਿਜਲੀ ਵਾਲੇ ਛੱਤੇ ਦਾ ਕੰਮ ਪਿਛਲੇ ਸਾਲ ਦਿੱਤਾ ਗਿਆ ਸੀ।

ਨਿਆਜ਼ੀ ਅਤੇ ਚਾਰ ਹੋਰ ਵਿਦਿਆਰਥੀਆਂ ਦੀ ਟੀਮ ਪਾਕਿਸਤਾਨ ਵੱਲੋਂ ਪਹਿਲੀ ਵਾਰੀ ਇਸ ਟੂਰਨਾਮੈਂਟ ਵਿੱਚ ਆਈ ਹੈ।

ਨਿਆਜ਼ੀ ਨੂੰ ਟੂਰਨਾਮੈਂਟ ਦਾ ਮਨਜ਼ੂਰੀ ਪੱਤਰ ਪਿਛਲੇ ਮਹੀਨੇ ਆਪਣੇ 17ਵੇਂ ਜਨਮ ਦਿਨ ਤੋਂ ਪਹਿਲਾਂ ਹੀ ਮਿਲਿਆ ਸੀ।

ਲਾਹੌਰ ਦੇ ਸੁਖ ਚਾਇਨ ਸੈਕਟਰ ਸਥਿਤ ਆਪਣੇ ਘਰ ਵਿੱਚ ਦਿੱਤੇ ਇੱਕ ਇੰਟਰਵਿਊ ਦੌਰਾਨ ਨਿਆਜ਼ੀ ਨੇ ਕਿਹਾ, "ਤੁਾਹਡੀ ਰਿਸਰਚ ਤੁਹਾਡੇ ਬੱਚੇ ਵਰਗੀ ਹੈ ਅਤੇ ਜਦੋਂ ਇਸ ਨੂੰ ਮਨਜ਼ੂਰੀ ਮਿਲ ਜਾਏ ਤਾਂ ਇਸ ਤੋਂ ਵਧੀਆ ਹੋਰ ਕੁਝ ਨਹੀਂ ਹੁੰਦਾ।"

ਬਿਜਲੀ ਵਾਲਾ ਛੱਤਾ ਕਿਵੇਂ ਬਣਾਇਆ ਜਾਂਦਾ ਹੈ?

ਨਿਆਜ਼ੀ ਨੇ ਦੱਸਿਆ, "ਬਿਜਲੀ ਵਾਲਾ ਛੱਤਾ ਗਵਾਹੀ ਦਿੰਦਾ ਹੈ ਕਿ ਬ੍ਰਹਿਮੰਡ ਵਿੱਚ ਹਰ ਇੱਕ ਚੀਜ਼ ਕਿਵੇਂ ਸੰਤੁਲਨ ਚਾਹੁੰਦੀ ਹੈ। ਇਸ ਦਾ ਛਟਕੋਣ ਅਕਾਰ ਸਭ ਤੋਂ ਸਥਿਰ ਹੈ।"

ਆਪਣੇ ਤਜੁਰਬੇ ਨੂੰ ਸਾਬਿਤ ਕਰਨ ਲਈ ਉਸਨੇ ਆਇਨਸ ਦੀ ਹਿਲਜੁਲ ਦੀਆਂ ਤਸਵੀਰਾਂ ਖਿੱਚੀਆਂ। ਇਸ ਹਲਚਲ ਦੌਰਾਨ ਪੈਦਾ ਹੋ ਰਹੀ ਗਰਮੀ ਨੂੰ ਵੀ ਉਸ ਨੇ ਰਿਕਾਰਡ ਕੀਤਾ।

ਉਸ ਨੇ ਦੱਸਿਆ ਕਿ ਉਹ ਸਿਰਫ਼ ਮਜ਼ੇ ਲਈ ਸ਼ੈਡੋਗ੍ਰਾਫ਼ੀ ਤਕਨੀਕ ਦਾ ਲੰਮੇ ਸਮੇਂ ਤੋਂ ਇਸਤੇਮਾਲ ਕਰਦਾ ਆਇਆ ਹੈ।

"ਮੈਂ ਸੋਚਿਆ ਕਿ ਜੇ ਮੈਂ ਇਸ ਤਕਨੀਕ ਨਾਲ ਆਪਣੀ ਰਿਸਰਚ ਦੇਖਾਂ ਤਾਂ ਮੈਂ ਕੁਝ ਨਵਾਂ ਹਾਸਿਲ ਕਰ ਸਕਦਾ ਹਾਂ। ਅਤੇ ਫਿਰ ਇਹ ਮੇਰੇ ਰਿਸਰਚ ਪੇਪਰ ਵਿੱਚ ਇੱਕ ਨਵੇਂ ਤਜੁਰਬੇ ਵਜੋਂ ਜੋੜ ਦਿੱਤਾ ਗਿਆ।"

ਨਿਆਜ਼ੀ ਨੇ ਦੱਸਿਆ ਕਿ ਇਸ ਤਕਨੀਕ ਜ਼ਰੀਏ ਤੇਲ ਦੀ ਬੂੰਦ ਨੂੰ ਹੱਥ ਲਾਏ ਬਿਨਾਂ ਵੀ ਬਦਲਾਅ ਕੀਤੇ ਜਾ ਸਕਦੇ ਹਨ।

ਇੰਜੀਨਿਅਰ ਇਸ ਦਿੱਖ ਦਾ ਇਸਤੇਮਾਲ ਅਜਿਹੀ ਤਕਨੀਕ ਬਣਾਉਣ ਲਈ ਕਰ ਸਕਦੇ ਹਨ, ਜੋ ਕਿ ਬਾਇਓਮੈਡੀਸੀਨ ਅਤੇ ਛਪਾਈ ਦੇ ਕੰਮ ਆ ਸਕਦੀ ਹੈ।

ਔਨਲਾਈਨ ਕੋਰਸ

ਨਿਆਜ਼ੀ ਲਈ ਕਲਾਸ ਦੀ ਪੜ੍ਹਾਈ ਬੋਰਿੰਗ ਹੋ ਰਹੀ ਸੀ। ਫਿਰ ਉਸ ਦਾ ਝੁਕਾਅ ਆਪਣੇ ਪਿਤਾ ਅਤੇ ਦਾਦਾ ਤੋਂ ਲਈਆਂ ਕਿਤਾਬਾਂ ਵੱਲ ਹੋ ਗਿਆ।

ਨਿਆਜ਼ੀ ਨੂੰ ਛੋਟੀ ਉਮਰ ਵਿੱਚ ਹੀ ਖੁਦ ਪੜ੍ਹਾਈ ਕਰਨ ਦੀ ਸਮਝ ਆ ਗਈ ਸੀ। ਉਹ ਸਿਰਫ਼ 11 ਸਾਲ ਦਾ ਹੀ ਸੀ ਜਦੋਂ ਔਨਲਾਈਨ ਕੋਰਸ ਕਰਨੇ ਸ਼ੁਰੂ ਕਰ ਦਿੱਤੇ ਸਨ।

ਉਸ ਨੇ ਕੋਰਸਸੇਰਾ ਨਾਮ ਦੇ ਇੱਕ ਵੈਬਪੋਰਟਲ ਤੋਂ 25 ਵੱਖ-ਵੱਖ ਕੋਰਸ ਕੀਤੇ ਹਨ। ਟੈਲੀਸਕੋਪ ਅਤੇ ਵਿਗਿਆਨਿਕ ਤਜੁਰਬਿਆਂ ਲਈ ਕਈ ਤਰ੍ਹਾਂ ਦੇ ਔਜ਼ਾਰ ਉਸ ਦੇ ਖਿਡੌਣੇ ਬਣੇ।

ਨਿਆਜ਼ੀ ਨੇ ਦੱਸਿਆ, "ਮੈਂ ਜਦੋਂ ਛੋਟਾ ਸੀ ਤਾਂ ਮੈਂ ਆਪਣੇ ਦਾਦਾ ਨਾਲ ਵਿਗਿਆਨਿਕ ਦਸਤਾਵੇਜੀ ਫਿਲਮਾਂ ਦੇਖਦਾ ਸੀ ਅਤੇ ਗਣਿਤ ਤੇ ਵਿਗਿਆਨ ਦੇ ਹੋਰਨਾਂ ਵਿਸ਼ਿਆਂ ਦੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ।"

ਨਿਆਜ਼ੀ ਦਾ ਜਿਗਿਆਸੂ ਸੁਭਾ ਹੈ। ਉਸ ਦੇ ਦਿਮਾਗ ਵਿੱਚ ਹਰ ਵੇਲੇ ਸਵਾਲ ਉੱਠਦੇ ਰਹਿੰਦੇ ਹਨ।

ਸੰਗੀਤ ਤੇ ਕਲਾ ਦਾ ਸ਼ੌਕੀਨ

ਉਸ ਦਾ ਸੰਗੀਤ ਅਤੇ ਕਲਾ ਵਿੱਚ ਖਾਸ ਸ਼ੌਕ ਹੈ। ਉਹ ਸ਼ਾਨਦਾਰ ਪੈਨਸਿਲ ਸਕੈੱਚ ਬਣਾਉਂਦਾ ਹੈ ਅਤੇ ਪਿਆਨੋ ਵੀ ਵਜਾਉਂਦਾ ਹੈ।

ਉਸ ਨੂੰ ਮਾਣ ਹੈ ਕਿ ਉਸ ਨੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਹ ਇੱਕ ਚੰਗੇ ਸਿੱਖਿਅਕ ਅਦਾਰੇ ਵਿੱਚ ਪੜ੍ਹਨਾ ਚਾਹੁੰਦਾ ਹੈ ਜਿੱਥੇ ਉਹ ਭੌਤਿਕ ਵਿੱਚ ਹੋਰ ਖੋਜ ਕਰ ਸਕੇ।

ਨਿਆਜ਼ੀ ਦੇ ਟੀਚੇ ਵੱਡੇ ਹਨ, "ਮੈਂ ਪਾਕਿਸਤਾਨ ਨੂੰ ਇੱਕ ਹੋਰ ਨੋਬਲ ਪ੍ਰਾਈਜ਼ ਦੇਣਾ ਚਾਹੁੰਦਾ ਹਾਂ। ਨਿਊਟਨ ਵੀ 17 ਸਾਲ ਦੇ ਹੀ ਸਨ, ਜਦੋਂ ਉਨ੍ਹਾਂ ਦਾ ਪਹਿਲਾ ਪੇਪਰ ਪਬਲਿਸ਼ ਹੋਇਆ ਸੀ। ਮੈਂ ਸਿਰਫ਼ 16 ਸਾਲ ਦਾ ਸੀ, ਜਦੋਂ ਮੈਨੂੰ ਮਨਜ਼ੂਰੀ ਪੱਤਰ ਮਿਲਿਆ।"

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)