ਇੰਟਰਨੈੱਟ ਉੱਤੇ ਲਾਈਵ ਸਟ੍ਰੀਮਿੰਗ ਨਾਲ ਕਮਾਈ, ਪਰ ਇਹ ਖਤਰਨਾਕ ਵੀ ਹੋ ਸਕਦੀ ਹੈ

ਲਾਈਵ ਸਟ੍ਰੀਮਿੰਗ (ਸਿੱਧੇ ਪ੍ਰਸਾਰਣ) ਦੀ ਨਿੱਜੀ ਵਰਤੋਂ ਹੁਣ ਇੱਕ ਵੱਡਾ ਕਾਰੋਬਾਰ ਬਣਦੀ ਜਾ ਰਹੀ ਹੈ।

ਆਪਣੀ ਜ਼ਿੰਦਗੀ ਦੀ ਹਰ ਛੋਟੀ-ਵੱਡੀ ਗੱਲ ਲਾਈਵ ਵਿਖਾਕੇ ਦਰਸ਼ਕਾਂ ਨੂੰ ਪ੍ਰਸ਼ੰਸਕ ਬਣਾਉਣ ਦਾ ਕੰਮ ਬੇਹੱਦ ਮੁਨਾਫ਼ਾ ਖੱਟ ਰਿਹਾ ਹੈ।

ਪਰ ਸਵਾਲ ਇਹ ਹੈ ਕਿ ਕੀ ਇਹ ਸੁਰੱਖਿਅਤ ਹੈ ?

ਸ਼ੌਕ ਬਣ ਗਿਆ ਕਿੱਤਾ

21 ਸਾਲਾਂ ਦੀ ਕੁੜੀ ਸਮੈਂਥਾ ਫਰਥ ਸ਼ਿਕਾਗੋ ਦੀ ਰਹਿਣ ਵਾਲੀ ਹੈ। ਉਹ ਆਪਣੀ ਦੋਸਤ ਨਾਲ ਸਬਵੇਅ ਜਾ ਰਹੀ ਹੈ। ਰਾਹ ਦੇ 15 ਮਿੰਟ ਉਹ ਲਾਈਵ ਪ੍ਰਸਾਰਿਤ ਕਰਦੀ ਹੈ।

ਪ੍ਰਸ਼ੰਸਕਾਂ ਦਾ ਹੁੰਗਾਰਾ ਵੇਖ ਸਮੈਂਥਾ ਨੇ ਕਿਹਾ, 'ਆਈ ਲਵ ਯੂ, ਯੂ ਗਾਇਜ਼ ਆਰ ਦ ਬੈਸਟ'।

ਅੱਠ ਮਹੀਨੇ ਪਹਿਲਾਂ ਸਮੈਂਥਾ ਲਾਇਵ ਸਟ੍ਰੀਮਿੰਗ ਵੈੱਬਸਾਈਟ 'ਲਾਇਵ ਡੌਟ ਮੀ' ਨਾਲ ਜੁੜੀ ਸੀ।

ਹੁਣ ਉਸਦੇ 3,50,000 ਪ੍ਰਸ਼ੰਸਕ ਹਨ ਜੋ ਉਸਨੂੰ ਹਰ ਮਹੀਨੇ ਵਰਚੁਅਲ ਗਿਫਟ ਭੇਜਦੇ ਹਨ। ਇਹਨਾਂ ਤੌਹਫ਼ਿਆਂ ਦੀ ਕੀਮਤ 16,300 ਪਾਉਂਡਜ਼ ਹੈ।

ਪਰ ਸਮੈਂਥਾ ਤਾਂ ਸਿਰਫ਼ ਦੋਸਤ ਬਣਾਉਣ ਲਈ 'ਲਾਇਵ ਡੌਟ ਮੀ' ਨਾਲ ਜੁੜੀ ਸੀ।

ਉਹਨੇ ਕਿਹਾ, 'ਸਿਡਨੀ ਤੋਂ ਸ਼ਿਕਾਗੋ ਸ਼ਿਫਟ ਕਰਨ ਤੋਂ ਬਾਅਦ ਮੈਂ ਨਵੇਂ ਦੋਸਤ ਭਾਲ ਰਹੀ ਸੀ, 'ਲਾਈਵ ਡੌਟ ਮੀ' ਨੇ ਮੇਰੀ ਮਦਦ ਕੀਤੀ।

ਹੁਣ ਮੈਂ ਜ਼ਿਆਦਾਤਰ ਸਮਾਂ ਇੱਥੇ ਹੀ ਬਿਤਾਉਂਦੀ ਹਾਂ।'

ਸਮੈਂਥਾ ਵਰਗੇ ਕਈ ਹੋਰ ਨੌਜਵਾਨ ਲਾਈਵ ਸਟ੍ਰੀਮਿੰਗ ਕਰਕੇ ਮਸ਼ਹੂਰ ਹੋ ਰਹੇ ਹਨ ਅਤੇ ਨਾਲ ਹੀ ਮੋਟਾ ਪੈਸਾ ਕਮਾ ਰਹੇ ਹਨ। ਫੇਸਬੁੱਕ, ਯੂ-ਟਿਊਬ, ਪੈਰੀਸਕੋਪ ਵਰਗੇ ਲਾਈਵ ਪਲੇਟਮਫੌਰਮ ਨੇ ਉਹਨਾਂ ਨੂੰ ਇਹ ਮੌਕਾ ਦਿੱਤਾ ਹੈ।

ਯੂਬੀਐੱਸ ਐਵੀਡੈਂਸ ਲੈਬ ਮੁਤਾਬਕ ਅਮਰੀਕਾ 'ਚ 18 ਤੋਂ 34 ਸਾਲ ਦੀ ਉਮਰ ਦੇ 63% ਲੋਕ ਲਾਈਵ ਕਨਟੈਂਟ ਵੇਖ ਰਹੇ ਹਨ ਅਤੇ 42% ਆਪ ਬਣਾ ਰਹੇ ਹਨ।

ਕਰੀਅਰ ਨੂੰ ਬੂਸਟ

ਲੋਕ ਲਾਇਵ ਸਟ੍ਰੀਮਿੰਗ ਜ਼ਰੀਏ 2,00,000 ਪਾਉਂਡ ਤੱਕ ਵੀ ਕਮਾ ਰਹੇ ਹਨ।

ਗਾਇਕਾ ਐਮਾ ਮੈਕਗੈਨ ਉਹਨਾਂ ਚੋਂ ਇੱਕ ਹੈ। 26 ਸਾਲਾਂ ਦੀ ਐਮਾ ਰੋਜ਼ਾਨਾ ਆਪਣੇ ਸਟੂਡਿਓ ਤੋਂ 3-6 ਘੰਟਿਆ ਲਈ ਲਾਇਵ ਹੁੰਦੀ ਹੈ।

ਉਸਦਾ ਕਹਿਣਾ ਹੈ ਕਿ ਉਸਨੂੰ ਰੋਜ਼ 5,000-10,000 ਲੋਕ ਦੇਖਦੇ ਹਨ।

ਨਾ ਹੀ ਸਿਰਫ਼ ਚੰਗੀ ਤਨਖ਼ਾਹ ਬਲਕਿ ਨਾਲ ਹੀ ਐਮੀ ਨੂੰ ਉਸਦੇ ਸੰਗੀਤਕ ਕਰੀਅਰ ਵਿੱਚ ਵੀ ਫ਼ਾਇਦਾ ਮਿਲਿਆ ਹੈ।

ਫ਼ਾਇਦੇ ਨਾਲ ਨੁਕਸਾਨ ਵੀ

ਕੁਝ ਮਾਹਰਾਂ ਦਾ ਕਹਿਣਾ ਹੈ ਕਿ ਸਾਲ 2021 ਤੱਕ ਲਾਇਵ ਸਟ੍ਰੀਮਿੰਗ ਦਾ ਕਾਰੋਬਾਰ 70 ਅਰਬ ਪਾਉਂਡ ਤੱਕ ਪਹੁੰਚ ਜਾਏਗਾ। ਪਰ ਲਾਈਵ ਸਟ੍ਰਿਮਿੰਗ ਦਾ ਜਿੰਨਾ ਫਾਇਦਾ ਹੈ, ਓਨਾ ਹੀ ਨੁਕਸਾਨ ਵੀ ਹੋ ਸਕਦਾ ਹੈ।

12 ਸਾਲਾਂ ਦੀ ਕੈਟੇਲਿਨ ਨਿਕੋਲ ਡੇਵਿਸ ਨੇ ਲਾਈਵ ਸਟ੍ਰੀਮਿੰਗ 'ਤੇ ਆਤਮਹੱਤਿਆ ਕਰ ਲਈ ਸੀ।

'ਨੈਸ਼ਨਲ ਸੋਸਾਈਟੀ ਫਾਰ ਦ ਪ੍ਰੀਵੈਨਸ਼ਨ ਆਫ ਕਰੂਐਲਟੀ ਟੂ ਚਿਲ਼ਡਰਨ' ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਕਿਵੇਂ ਬੱਚਿਆਂ ਲਈ ਘਾਤਕ ਹੋ ਸਕਦਾ ਹੈ।

ਉਹਨਾਂ ਕਿਹਾ, 'ਲਾਇਵ ਸਟ੍ਰੀਮਿੰਗ ਐਪਸ ਅਤੇ ਸਾਈਟਸ ਉੱਤੇ ਬੱਚੇ ਗ਼ਲਤ ਅਤੇ ਗੁੰਮਰਾਹਕੁੰਨ ਕਨਟੈਂਟ ਵੇਖ ਸਕਦੇ ਹਨ। ਜਿਸ ਕਾਰਨ ਉਹਨਾਂ ਦਾ ਔਨਲਾਇਨ ਸ਼ੋਸ਼ਣ ਹੋ ਸਕਦਾ ਹੈ।

ਬੱਚੇ ਕਿਵੇਂ ਬਚਣ ?

ਹਾਲਾਂਕਿ ਕੰਪਨੀਆਂ ਦਾ ਕਹਿਣਾ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਖਾਸ ਇੰਤਜ਼ਾਮ ਕੀਤੇ ਜਾਂਦੇ ਹਨ।

'ਲਾਈਵ ਡੌਟ ਮੀ' ਤੋਂ ਖਦੂਰ ਅਨੂਸ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਟੂਲ ਹੈ ਜੋ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਾਈਟ 'ਤੇ ਬੈਨ ਕਰ ਦਿੰਦਾ ਹੈ'।

ਉਹਨਾਂ ਕਿਹਾ, 'ਹਰ ਵਰਤੋਂ ਕਰਨ ਵਾਲਾ ਕੋਈ ਵੀ ਸ਼ੱਕੀ ਹਰਕਤ ਰਿਪੋਰਟ ਕਰ ਸਕਦਾ ਹੈ। ਆਪਣੀ ਕਮਿਊਨਿਟੀ ਦੀ ਸੁਰੱਖਿਆ ਲਈ ਅਸੀਂ ਐਫਬੀਆਈ ਅਤੇ ਹੋਰ ਸੁਰੱਖਿਆ ਏਜੰਸੀਆਂ ਨਾਲ ਵੀ ਕੰਮ ਕਰਦੇ ਹਨ'।

ਨਕਾਰਾਤਮਕ ਪੱਖ

ਇਸ ਤੋਂ ਇਲਾਵਾ ਲਾਈਵ ਸਟ੍ਰੀਮਿੰਗ ਦੇ ਨਕਾਰਾਤਮਕ ਪੱਖ ਵੀ ਹਨ।

ਕਲੀਨਿਕਲ ਸਾਈਕੌਲਜਿਸਟ ਲਿੰਡਾ ਬਲੇਅਰ ਸੋਚਦੀ ਹਨ ਕਿ ਜਵਾਨ ਲੋਕਾਂ ਦਾ ਲਾਈਵ ਸਟ੍ਰੀਮਿੰਗ ਕਰਨਾ ਬੇਹਦ ਦੁਖਦ ਹੈ।

ਉਹਨਾਂ ਕਿਹਾ, ਇਹ ਇਕੱਲੇਪਣ ਦਾ ਸੂਚਕ ਹੈ। ਥੋੜੀ ਦੇਰ ਲਈ ਉਹਨਾਂ ਨੂੰ ਚੰਗਾ ਲੱਗ ਸਕਦਾ ਹੈ ਪਰ ਇਹ ਸਿਰਫ਼ ਇਕੱਲੇਪਣ ਤੋਂ ਭੱਜਣ ਦਾ ਤਰੀਕਾ ਹੈ।

ਇਹਨਾਂ ਸਾਰੇ ਕਾਰਨਾਂ ਦੇ ਬਾਵਜੂਦ ਲਾਈਵ ਸਟ੍ਰੀਮਿੰਗ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ।

ਈ ਮਾਰਕੀਟ ਦੇ ਮਾਹਰ ਪੌਲ ਵਰਨਾ ਮੁਤਾਬਕ ਸੋਸ਼ਲ ਮੀਡੀਆ ਵਾਂਗ ਹੀ ਲਾਈਵ ਸਟ੍ਰੀਮਿੰਗ ਮਕਬੂਲੀਅਤ ਬਟੋਰੇਗਾ।

ਨਿੱਜੀ ਕਾਰਨਾਂ ਤੋਂ ਇਸਦੀ ਸ਼ੁਰੂਆਤ ਹੋਈ ਅਤੇ ਹੁਣ ਇਹ ਪ੍ਰੋਫੈਸ਼ਨਲ ਕੰਮਾਂ ਲਈ ਵਰਤਿਆ ਜਾਵੇਗਾ ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)