14 ਬੱਚਿਆਂ ਦੀ ਮਾਂ ਦੀ ਕਰੋੜਪਤੀ ਬਣਨ ਦੀ ਕਹਾਣੀ?

ਵਰਜੀਨੀਆ ਦੀ ਰਹਿਣ ਵਾਲੀ, ਤੱਮੀ ਦਾ 1.7 ਕਰੋੜ ਦਾ ਕੁਦਰਤੀ ਕਾਸਮੈਟਿਕਸ ਦਾ ਵਪਾਰ ਹੈ। ਇਹ ਉਸ ਨੇ ਬਿਨਾਂ ਕਿਸੇ ਵੀ ਬੈਂਕ ਕਰਜ਼ੇ ਅਤੇ ਨਿਵੇਸ਼ਕ ਦੀ ਮਦਦ ਤੋਂ ਖੜ੍ਹਾ ਕੀਤਾ ਹੈ।

ਤੱਮੀ ਆਪਣੇ ਪਤੀ ਅਤੇ 14 ਬੱਚਿਆਂ ਦੇ ਨਾਲ ਰਹਿੰਦੀ ਹੈ। ਉਸ ਦਾ ਪਤੀ ਇਕ ਪਾਕਿਸਤਾਨੀ ਡਾਕਟਰ ਹੈ ਅਤੇ ਉਨ੍ਹਾਂ ਨੇ ਟੈਲੀਵਿਜ਼ਨ ਤੱਕ ਨਹੀਂ ਰੱਖਿਆ ਹੋਇਆ ਹੈ।

ਤੱਮੀ ਨੇ ਆਪਣੇ ਸਾਰੇ ਬੱਚਿਆਂ ਨੂੰ ਸਕੂਲ ਭੇਜਣ ਦੀ ਬਜਾਏ ਘਰ ਵਿੱਚ ਹੀ ਪੜ੍ਹਾਇਆ। ਉਸ ਦੇ ਚਾਰ ਬੱਚੇ ਹੁਣ ਕਾਲਜ ਵਿਚ ਮੈਡੀਕਲ, ਇੰਜੀਨੀਅਰਿੰਗ ਅਤੇ ਸਾਈਬਰ ਸੁਰੱਖਿਆ ਦੀ ਪੜ੍ਹਾਈ ਕਰ ਰਹੇ ਹਨ। ਬਾਕੀ ਬੱਚੇ ਹਾਲੇ ਘਰ ਹੀ ਰਹਿ ਕੇ ਪੜ੍ਹਾਈ ਕਰਦੇ ਹਨ।

ਤੱਮੀ ਆਪਣੇ ਕਾਰੋਬਾਰ ਨੂੰ ਵਧਾਉਣ ਅਤੇ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਇਕੱਠਿਆਂ ਹੀ ਕਰਦੀ ਹੈ। ਵਪਾਰ ਦੇ ਸਿਲਸਿਲੇ ਵਿਚ ਉਸ ਨੂੰ ਕਈ ਦੇਸ਼ਾਂ ਦੀ ਯਾਤਰਾ ਵੀ ਕਰਨੀ ਪੈਂਦੀ ਹੈ।

ਵੱਖ-ਵੱਖ ਥਾਵਾਂ ਦੀਆਂ ਕੁਦਰਤੀ ਚੀਜ਼ਾਂ ਨੂੰ ਸਮਝਣ ਅਤੇ ਉਨ੍ਹਾਂ ਤੋਂ ਆਪਣਾ ਉਤਪਾਦ ਬਣਾਉਣ ਲਈ ਤੱਮੀ ਨੂੰ ਘੁੰਮਣਾ ਪੈਂਦਾ ਹੈ।

ਆਪਣੀ ਯਾਤਰਾ 'ਤੇ ਉਹ ਅਕਸਰ ਆਪਣੇ ਬੱਚਿਆਂ ਨੂੰ ਨਾਲ ਲੈ ਜਾਂਦੀ ਹੈ। ਤੱਮੀਦਾ ਮੰਨਣਾ ਹੈ ਕਿ ਵੱਖ-ਵੱਖ ਥਾਵਾਂ ਦਾ ਤਜ਼ਰਬਾ ਵੀ ਬੱਚਿਆਂ ਦੀ ਸਿੱਖਿਆ ਦਾ ਇੱਕ ਹਿੱਸਾ ਹੈ।

ਕੁਦਰਤੀ ਸੁੰਦਰਤਾ ਉਤਪਾਦਾਂ ਦਾ ਵਪਾਰ

ਤੱਮੀ ਮੁਤਾਬਿਕ ਉਹ ਆਪਣੇ ਕਾਰੋਬਾਰ ਨੂੰ ਪੁਰਾਣੇ ਤਰੀਕੇ ਨਾਲ ਚਲਾਉਣਾ ਚਾਹੁੰਦੀ ਸੀ, ਜਿਸ ਵਿਚ ਪਹਿਲਾਂ ਪੈਸੇ ਦੀ ਕਮਾਈ ਕਰੋ ਫਿਰ ਕਮਾਈ ਨੂੰ ਦੁਬਾਰਾ ਨਿਵੇਸ਼ ਕਰ ਦਿਓ।

ਤੱਮੀ ਨੇ ਸਭ ਤੋਂ ਪਹਿਲਾਂ ਕੱਪੜੇ ਦੀ ਕੰਪਨੀ ਸ਼ੁਰੂ ਕੀਤੀ, ਪਰ ਸਫ਼ਲਤਾ ਹਾਸਿਲ ਨਹੀਂ ਹੋਈ। ਤੱਮੀ ਨੇ ਇਸ ਤੋਂ ਬਾਅਦ ਇੱਕ ਹੋਰ ਪ੍ਰੋਜੈਕਟ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ 'ਸ਼ੀਆ ਟੈਰਾ ਆਰਗੈਨਿਕ' ਕੰਪਨੀ ਦੀ ਸ਼ੁਰੂਆਤ ਹੋਈ। ਇਹ ਕੁਦਰਤੀ ਬਾਡੀ ਉਤਪਾਦਾਂ ਦੀ ਇੱਕ ਕੰਪਨੀ ਹੈ, ਜੋ ਮਿਸਰ, ਮੋਰੱਕੋ, ਨਾਮੀਬੀਆ ਜਾਂ ਤਨਜ਼ਾਨੀਆ ਵਰਗੇ ਦੇਸ਼ਾਂ ਦੇ ਛੋਟੇ ਤੇ ਕਬਾਇਲੀ ਸਮੂਹਾਂ ਤੋਂ ਕੱਚਾ ਮਾਲ ਮੰਗਵਾਉਂਦੀ ਹੈ।

ਇਹ ਕੰਪਨੀ 17 ਸਾਲ ਪਹਿਲਾਂ ਸ਼ੁਰੂ ਹੋਈ ਸੀ ਅਤੇ ਇਸ ਨੇ ਪੱਛਮੀ ਦੇਸ਼ਾਂ ਨੂੰ ਅਜਿਹੀਆਂ ਚੀਜ਼ਾਂ ਨਾਲ ਰੂਬਰੂ ਕਰਵਾਇਆ ਜਿਨ੍ਹਾਂ ਬਾਰੇ ਉਹ ਲੋਕ ਜਾਣਦੇ ਨਹੀਂ ਸਨ।

ਕਈ ਪਿੰਡਾਂ ਦਾ ਦੌਰਾ

ਤੱਮੀ ਨੇ ਆਪਣਾ ਕਾਰੋਬਾਰ ਫੈਲਾਉਣ ਲਈ ਪਿੰਡਾਂ ਦੇ ਦੌਰੇ ਕਰਨੇ ਸ਼ੁਰੂ ਕੀਤੇ ਜਿੱਥੇ ਹੁਣ ਵੀ ਚਮੜੀ ਦੇ ਇਲਾਜ ਲਈ ਦੇਸੀ ਸਮੱਗਰੀ ਵਰਤੀ ਜਾਂਦੀ ਹੈ।

ਤੱਮੀ ਕਹਿੰਦੀ ਹੈ, "ਮੈਂ ਉਨ੍ਹਾਂ ਥਾਵਾਂ'ਤੇ ਨੌਕਰੀਆਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਜ਼ਿੰਦਗੀ ਬਹੁਤ ਔਖੀ ਸੀ, ਮੈਨੂੰ ਪਤਾ ਸੀ ਕਿ ਇਹਨਾਂ ਥਾਵਾਂ 'ਤੇ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਕੁਦਰਤ ਦੇ ਬਹੁਤ ਨੇੜੇ ਹਨ ਪਰ ਬਾਜ਼ਾਰ ਦੀ ਪਹੁੰਚ ਤੋਂ ਬਹੁਤ ਦੂਰ ਹਨ।"

ਤੱਮੀ ਦੀ ਕੰਪਨੀ ਅਮਰੀਕਾ ਦੇ ਵਰਜੀਨੀਆ ਵਿੱਚ ਸਥਿਤ ਹੈ ਅਤੇ ਆਪਣੇ ਉਤਪਾਦ ਔਨਲਾਈਨ ਵੇਚਦੀ ਹੈ। ਇਸ ਦੇ ਦੇਸ਼ ਭਰ ਵਿੱਚ 700 ਸਟੋਰ ਹਨ।

ਨਕਲੀ ਉਤਪਾਦਾਂ ਵੱਲੋਂ ਚੁਣੌਤੀ

ਤੱਮੀ ਪਿਛਲੇ ਕੁੱਝ ਸਾਲਾਂ ਤੋਂ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਕਈ ਜਾਅਲੀ ਉਤਪਾਦਾਂ ਨੂੰ ਕੁਦਰਤੀ ਉਤਪਾਦਾਂ ਦੇ ਨਾਂ 'ਤੇ ਮਾਰਕੀਟ ਵਿੱਚ ਵੇਚਿਆ ਜਾ ਰਿਹਾ ਹੈ।

ਇਸ ਕਰ ਕੇ, ਗਾਹਕ ਇਹ ਫ਼ੈਸਲਾ ਨਹੀਂ ਕਰ ਪਾ ਰਹੇ ਕਿ ਕਿਹੜੇ ਉਤਪਾਦ ਸਹੀ ਹਨ ਅਤੇ ਕਿਹੜੇ ਗ਼ਲਤ ਹਨ।

ਤੱਮੀ ਕਹਿੰਦੀ ਹੈ ਕਿ ਮਾਰਕਿਟ ਦੀਮੁਕਾਬਲੇਬਾਜ਼ੀ ਵਿਚ ਅੱਗੇ ਬਣੇ ਰਹਿਣਾ ਬਹੁਤ ਮੁਸ਼ਕਲ ਹੈ, ਪਰ ਇਹ ਆਪਣੇ ਉਤਪਾਦ ਦੀ ਗੁਣਵੱਤਾ ਨਾਲ ਸਮਝੌਤਾ ਨਹੀਂ ਕਰ ਸਕਦੀ।