ਸਰੀਰਕ ਸ਼ੋਸ਼ਣ ਨੂੰ ਬੇਪਰਦਾ ਕਰਦੀ ਫੋਟੋ ਪੱਤਰਕਾਰ

ਜੇ ਤੁਸੀਂ ਇੱਕ ਮਹਿਲਾ ਹੋ ਤਾਂ ਇਹ ਸ਼ਾਇਦ ਤੁਹਾਡੇ ਨਾਲ ਆਮ ਹੁੰਦਾ ਹੋਵੇਗਾ।

ਪਬਲਿਕ ਟਰਾਂਸਪੋਰਟ ਵਿੱਚ ਮਰਦਾਂ ਦਾ ਘੂਰਨਾ ਜਾਂ ਫਿਰ ਤੁਹਾਨੂੰ ਛੂਹਣ ਦੀ ਕੋਸ਼ਿਸ਼ ਕਰਨਾ।

ਪਲਟ ਕੇ ਤੁਸੀਂ ਸ਼ਾਇਦ ਹੀ ਕਦੇ ਜਵਾਬ ਦਿੱਤਾ ਹੋਵੇਗਾ ਜਾਂ ਫ਼ਿਰ ਚੁੱਪ ਵੱਟ ਲਈ ਹੋਏਗੀ।

ਪਰ ਲੰਡਨ ਦੀ ਇੱਕ ਮਹਿਲਾ ਫੋਟੋਗ੍ਰਾਫਰ ਨੇ ਇਸ ਖ਼ਿਲਾਫ਼ ਬੋਲਣ ਦਾ ਫੈਸਲਾ ਲਿਆ ਹੈ, ਉਹ ਵੀ ਤਸਵੀਰਾਂ ਰਾਹੀਂ।

ਏਲੀਸਾ ਹੈਚ ਇੱਕ ਫੋਟੋ ਪੱਤਰਕਾਰ ਹੈ। ਪਬਲਿਕ ਟਰਾਂਸਪੋਰਟ ਵਿੱਚ ਮਹਿਲਾਵਾਂ ਨਾਲ ਹੋ ਰਹੇ ਸ਼ੋਸ਼ਣ 'ਤੇ ਉਹਨਾਂ ਨੇ ਕਈ ਤਸਵੀਰਾਂ ਖਿੱਚੀਆਂ ਹਨ।

ਉਹ ਮਹਿਲਾਵਾਂ ਨੂੰ ਮਿਲ ਕੇ ਇਸ ਬਾਰੇ ਉਹਨਾਂ ਦੇ ਤਜ਼ਰਬੇ ਜਾਣਦੀ ਹੈ। ਤਸਵੀਰਾਂ ਨਾਲ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦੀ ਹੈ।

ਹਰ ਮਹਿਲਾ ਹੁੰਦੀ ਹੈ ਸ਼ੋਸ਼ਣ ਦਾ ਸ਼ਿਕਾਰ

ਏਲੀਜ਼ਾ 'ਚੀਅਰ ਅਪ ਲਵ ਡੌਟ ਕੌਮ' ਅਤੇ ਇੰਸਟਾਗ੍ਰਾਮ 'ਤੇ ਇਹ ਪ੍ਰੋਜੈਕਟ ਚਲਾ ਰਹੇ ਹਨ।

ਉਹਨਾਂ ਦੱਸਿਆ, ਇਸ ਫੋਟੋ ਪ੍ਰੋਜੈਕਟ ਦਾ ਖਿਆਲ ਆਪਣੇ ਕੁਝ ਦੋਸਤਾਂ ਨਾਲ ਗੱਲ ਕਰਦੇ ਕਰਦੇ ਆਇਆ।

ਉਹਨਾਂ ਨੂੰ ਰੋਜ਼ਾਨਾ ਇਨ੍ਹਾਂ ਤਕਲੀਫਾਂ ਚੋਂ ਗੁਜ਼ਰਨਾ ਪੈਂਦਾ ਹੈ।

ਏਲੀਜ਼ਾ ਨੂੰ ਲੱਗਦਾ ਹੈ ਕਿ ਲਗਭਗ ਹਰ ਮਹਿਲਾ ਇਸ ਦਾ ਸ਼ਿਕਾਰ ਹੋ ਚੁੱਕੀ ਹੈ।

ਉਹਨਾਂ ਕਿਹਾ, 'ਹਰ ਕਹਾਣੀ ਵਿੱਚ ਇਹੀ ਸਾਹਮਣੇ ਆਇਆ ਕਿ ਮਰਦ ਕਿਵੇਂ ਖੁੱਲੇਆਮ ਆਪਣੀ ਖਿਝ ਜ਼ਾਹਰ ਕਰਦੇ ਹਨ।

ਟਰੇਨ ਅਤੇ ਬੱਸ ਵਿੱਚ ਮਰਦ ਮਹਿਲਾਵਾਂ ਨੂੰ ਬੇਸ਼ਰਮੀ ਨਾਲ ਘੂਰਦੇ ਹਨ।

'ਸਭ ਤੋਂ ਵੱਧ ਹੈਰਾਨੀ ਇਹ ਜਾਣ ਕੇ ਹੋਈ ਕਿ ਘੱਟ ਉਮਰ ਦੀਆਂ ਕੁੜੀਆਂ ਵੀ ਇਸ ਨੂੰ ਝੱਲ ਰਹੀਆਂ ਹਨ।'

ਦਾਇਰਾ ਹੋਰ ਵਧਿਆ

ਹੌਲੀ ਹੌਲੀ ਹੋਰ ਵੀ ਕੁੜੀਆਂ ਇਸ ਨਾਲ ਜੁੜ ਗਈਆਂ। ਏਲੀਜ਼ਾ ਨੇ ਦੱਸਿਆ, ਸੋਸ਼ਲ ਮੀਡੀਆ ਤੇ ਅਣਜਾਣ ਕੁੜੀਆਂ ਦੇ ਮੈਸੇਜ ਆਏ।

ਉਹ ਚਾਹੁੰਦੀਆਂ ਸਨ ਕਿ ਮੈਂ ਉਹਨਾਂ ਨੂੰ ਮਿਲਾਂ ਅਤੇ ਉਹਨਾਂ ਦੀ ਵੀ ਕਹਾਣੀ ਸੁਣਾਂ। ਹੁਣ ਉਹ ਵੀ ਸਾਡੇ ਇਸ ਵਿਰੋਧ ਦਾ ਹਿੱਸਾ ਹਨ।

ਸਮਾਜ ਵਿੱਚ ਹੋ ਰਹੇ ਇਸ ਵਰਤਾਰੇ ਨੂੰ ਏਲੀਜਾ ਬਦਲਣਾ ਚਾਹੁੰਦੀ ਹੈ। 'ਮਹਿਲਾਵਾਂ ਹੁਣ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰਨਗੀਆਂ'।

ਉਹਨਾਂ ਮੁਤਾਬਕ ਹੁਣ ਸਹੀ ਸਮਾਂ ਹੈ ਕਿ ਲੋਕ ਇਸ ਦੇ ਖਿਲਾਫ ਖੁੱਲ੍ਹ ਕੇ ਬੋਲਣਾ ਸ਼ੁਰੂ ਕਰਨ।

(ਬੀਬੀਸੀ ਪੰਜਾਬੀ ਦੇ ਫੇਸ ਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)